Sunday, April 19, 2009

ਆਖ਼ਰੀ ਪਹਿਰ – ਕਾਂਡ - 8

ਬਚਪਨ ਦੇ ਬੋਲ ਆਉਣ ਵਾਲੇ ਵਰ੍ਹਿਆਂ ਦੇ ਬੀਆਬਾਨਾਂ ਵਿੱਚ ਗੁੰਮ ਗਏ ।

ਹੁਣ ਤਾਂ ਸਿਰਫ਼ ਉਹ ਸੀ ।ਦਫ਼ਤਰ ਦੇ ਸਾਥੀ ਸਨ ਤੇ ਜਾਂ ਫਿਰ ਕਿਤਾਬਾਂ ਦਾ ਸਾਥ ਸੀ ਜਿਹੜੀਆਂ ਉਹ ਦਫਤਰ ਦੀ ਲਾਇਬ੍ਰੇਰੀ ਵਿੱਚੋਂ ਹੀ ਕਢਵਾਉਂਦਾ ਅਤੇ ਪੜ੍ਹ ਪੜ੍ਹ ਉਥੇ ਹੀ ਵਾਪਸ ਕਰਦਾ ਰਹਿੰਦਾ ।ਦਫ਼ਤਰ ਕਈ ਸਾਥੀ ਪੁੱਛਦੇ ਵੀ ਕਿ ਉਸਨੂੰ ਕਿਤਾਬਾਂ ਪੜ੍ਹਕੇ ਕੀ ਮਿਲਦਾ ਹੈ ।ਪਰ ਉਹ ਜਾਂ ਤਾਂ ਹੱਸ ਛੱਡਦਾ ਅਤੇ ਜਾਂ ਏਨਾਂ ਕਹਿ ਦਿੰਦਾ ਬਈ ਥੋਨੂੰ ਦਾਰੂ ਪੀ ਕੇ ਕੀ ਮਿਲਦਾ ਹੈ ।

ਹੱਸਦਿਆਂ ਖੇਡਦਿਆਂ ਦਫ਼ਤਰ ਵਿੱਚ ਦਿਨ ਬੀਤ ਜਾਂਦਾ ਅਤੇ ਉਹ ਦਫ਼ਤਰੋਂ ਬਾਅਦ ਸਿੱਧਾ ਆਪਣੇ ਕਮਰੇ ਵਿੱਚ ਆ ਜਾਂਦਾ।ਸ਼ਰਬਤੀ ਦੀ ਯਾਦ ਉਸਨੂੰ ਆ ਘੇਰਦੀ ਇੱਕ ਵਾਰ ਉਸਦਾ ਮਨ ਕਰਦਾ ਕਿ ਉਹ ਹੁਣੇ ਹੀ ਪਿੰਡ ਪਹੁੰਚ ਜਾਵੇ ਅਤੇ ਰੱਜ ਕੇ ਸ਼ਰਬਤੀ ਨਾਲ ਗੱਲਾਂ ਕਰੇ ।ਉਹ ਤੜਫ ਉੱਠਦਾ ਸ਼ਰਬਤੀ ਨੂੰ ਇੱਕ ਨਜ਼ਰ ਵੇਖਣ ਲਈ ਹੀ ।ਉਸਨੂੰ ਇਹ ਵੀ ਪਤਾ ਹੁੰਦਾ ਕਿ ਉਹ ਉਸ ਵਕਤ ਪਿੰਡ ਨਹੀਂ ਸੀ ਜਾ ਸਕਦਾ ।ਪਰ ਫਿਰ ਵੀ ਇੱਕ ਤੜਫਣਾ ਸੀ ਕਿ ਉਹ ਪਰਛਾਵੇਂ ਨੂੰ ਤਾਂ ਪਕੜਨਾ ਚਾਹੁੰਦਾ ਸੀ,ਪਰ ਆਪਣੇ ਹੀ ਹੱਥ ਹਨੇਰੇ ‘ਚੋਂ ਨਹੀਂ ਸੀ ਕੱਢ ਸਕਦਾ ।

----

ਐਵੇਂ ਐਵੇਂ ਵਿੱਚ ਹੀ ਉਹ ਸ਼ਰਬਤੀ ਨਾਲ ਕਿੰਨਾ ਜੁੜ ਗਿਆ ਸੀ। ਬਚਪਨ ਦੀਆਂ ਕੁੱਝ ਕੁ ਖੇਡਾਂ ਜਾਂ ਸ਼ਰਾਰਤਾਂ ਹੀ ਤਾਂ ਸਨ, ਜੋ ਹੁਣ ਕੀ ਦਾ ਕੀ ਬਣ ਗਈਆਂ ਸਨ ।ਉਂਝ ਇਹਨਾਂ ਨੂੰ ਵਿਸਾਰਿਆ ਵੀ ਤਾਂ ਜਾ ਸਕਦਾ ਸੀ ਪਰ ਉਹ ਵਿਸਾਰ ਨਹੀਂ ਸਨ ਸਕੇ। ਇਸ ਸ਼ਹਿਰ ਦੇ ਨਕਸ਼ੇ ਵਿੱਚ ਹੁਣ ਉਸਦੀਆਂ ਪੈੜਾਂ ਵੀ ਬਣ ਚੁੱਕੀਆਂ ਸਨ ।

ਇੱਕ ਦਿਨ ਦੇਵ ਆਇਆ ਉਹ ਦਫਤਰ ਹੀ ਬੈਠਾ ਸੀ ।ਚਾਹ ਪਾਣੀ ਪੀਤਾ ਤੇ ਰਸਮੀ ਗੱਲਾਂ ਕਰਦੇ ਰਹੇ।ਦੇਵ ਉਦਾਸ ਸੀ ਕਾਫੀ ਉਦਾਸ ।ਸੁੱਖੀ ਉਸਨੂੰ ਤਾੜਦਾ ਰਿਹਾ ਪਰ ਉਸਦੀ ਉਦਾਸੀ ਦਾ ਕਾਰਣ ਨਾ ਪੁੱਛ ਸਕਿਆ।ਅੱਖਾਂ ਹੀ ਅੱਖਾਂ ਨਾਲ ਉਸਦੇ ਚਿਹਰੇ ਨੂੰ ਪੜ੍ਹਦਾ ਰਿਹਾ ਤੇ ਉਸ ਨਾਲ ਗੱਲਾਂ ਕਰਦਾ ਰਿਹਾ ।

-‘ਕੀ ਗੱਲ ਅੱਜ ਬਾਹਲਾਂ ਈ ਚੁੱਪ ਜਾ ਲੱਗਦੈ।’ ਕਮਰੇ ‘ਚ ਆ ਕੇ ਸੁੱਖੀ ਨੇ ਦੁਪਹਿਰ ਦੀ ਬਣੀ ਅੱਖਾਂ ਦੀ ਖਾਮੋਸ਼ੀ ਭੰਗ ਕੀਤੀ।

-‘ ਨਹੀਂ-ਅਹੀ ਜੀ ਤਾਂ ਕੋਈ ਗੱਲ ਨੀ ।’ ਦੇਵ ਨੇ ਉਵੇਂ ਹੀ ਨੀਵੀਂ ਪਾ ਰੱਖੀ ਪਰ ਹਉਕਾ ਜਿਹਾ ਲੈ ਕੇ ਉਸਦੀ ਗੱਲ ਦਾ ਜੁਆਬ ਦਿੱਤਾ ।

-‘ਤੇਰੀ ਮਰਜ਼ੀ ਐ ਗੱਲ ਤਾਂ ਜਰੂਰ ਐ, ਊਂ ਤੂੰ ਮੈਥੋਂ ਲਕੋਣੀ ਐ ਲਕੋ ਲੈ ।’

-‘ ਹਾਂ- ਸੁੱਖੀ ਗੱਲ ਤਾਂ ਹੈ ।’

-‘ਮੈਂ ਵੀ ਤਾਂ ਹੀ ਪੁੱਛਦਾਂ ਬਈ ਗੱਲ ਦੱਸ ਕੀ ਐ ?’

-‘ਸੁੱਖੀ ਅੱਜ ਤੇਰੀ ਸ਼ਰਬਤੀ ਦੀ ਬਰਾਤ ਆਈ ਐ ।’

-‘ਫੇਰ ਇਹਦੇ ‘ਚ ਉਦਾਸ ਹੋਣ ਵਾਲੀ ਕਿਹੜੀ ਗੱਲ ਐ ।ਇਹ ਤਾਂ ਇੱਕ ਦਿਨ ਹੋਣਾ ਹੀ ਸੀ ।’ ਸੁੱਖੀ ਨੇ ਇਹ ਗੱਲ ਸੁਭਾਵਕ ਹੀ ਆਖੀ ।

----

ਦੇਵ ਨੇ ਬੜਾ ਹੀ ਗੰਭੀਰ ਹੋ ਕੇ ਉਸ ਵੱਲ ਦੇਖਿਆ ।ਸੁੱਖੀ ਨੇ ਇਹ ਗੱਲ ਇਉਂ ਆਖੀ ਸੀ ਜਿਵੇਂ ਉਹ ਸ਼ਰਬਤੀ ਨੂੰ ਬਿਲਕੁਲ ਹੀ ਭੁੱਲ ਚੁੱਕਿਆ ਹੋਵੇ ।

ਕਹਿਣ ਨੂੰ ਤਾਂ ਸੁੱਖੀ ਕਹਿ ਗਿਆ ਸੀ ।ਪਰ ਉਸੇ ਪਲ ਹੀ ਜਿਵੇਂ ਉਸ ਅੰਦਰ ਕੋਈ ਤੀਰ ਬਹੁਤ ਡੂੰਘਾ ਲਹਿ ਗਿਆ ਸੀ ।

ਬੇਸ਼ੱਕ ਉਸਨੂੰ ਪਤਾ ਸੀ ਕਿ ਇਹ ਗੱਲ ਉਵੇਂ ਹੋਈ ਹੈ ਜਿਵੇਂ ਇਹ ਹੋਣੀ ਚਾਹੀਦੀ ਸੀ ।ਪਰ ਫਿਰ ਵੀ ਜਿਵੇਂ ਦੇਵ ਨੇ ਆ ਕੇ ਉਸਦੀਆਂ ਸਾਰੀਆਂ ਮੁਸਕਾਨਾਂ ਦੀ ਹੱਤਿਆ ਕਰ ਦਿੱਤੀ ਸੀ ।

-‘ਯਾਰ ਤੂੰ ਸ਼ਰਬਤੀ ਨੂੰ ਪਿਆਰ ਨੀ ਸੀ ਕਰਦਾ ?’

-‘ ਕਰਦਾ ਸੀ ।’

-‘ਫੇਰ ਤੂੰ ਐਂ ਬੋਲਿਆ ਜਿਵੇਂ ਤੈਨੂੰ ਕੋਈ ਪ੍ਰਵਾਹ ਨਾ ਹੋਵੇ ।’

-‘ਹੋਰ ਕਿਵੇਂ ਬੋਲਦਾ ਉਹ ਤੂੰ ਦੱਸ ਦੇ ।’

-‘ਸੁੱਖੀ . . ਯਾਰ ਆਖਰ ਉਹਨੇ ਵੀ ਤਾਂ ਤੈਨੂੰ ਪਿਆਰ ਕੀਤੈ ।’

-‘ਹਾਂ ਕੀਤੈ ।’

-‘ਤੇ ਫਿਰ ਤੈਨੂੰ ਰੱਤੀ ਭਰ ਵੀ ਅਫਸੋਸ ਨਹੀਂ ?’

-‘ਦੇਵ ਬੇਵਕੂਫ ਨਾ ਬਣ ।ਅਸੀਂ ਇੱਕ ਪਿੰਡ ਦੇ ਰਹਿਣ ਵਾਲੇ ਗੁਆਂਢੀ ਸੀ ।ਹੁਣ ਤੂੰ ਹੀ ਦੱਸ ਕਿ ਜੇ ਇੰਝ ਨਾਂ ਹੁੰਦਾ ਤਾਂ ਕਿਵੇਂ ਹੁੰਦਾ ।ਨਾਲੇ ਇਹ ਜਰੂਰੀ ਤਾਂ ਨਹੀਂ ਬਈ ਬਚਪਨ ਦੀ ਮਹਿਕ ਨੂੰ ਜੁਆਨੀ ਦਾ ਗੀਤ ਬਣਾ ਕੇ ਗਾਇਆ ਜਾਵੇ ।’

ਦੇਵ ਨਿਰ ਉੱਤਰ ਸੀ ।

ਤੇ ਸੁੱਖੀ ਨੇ ਆਪਣੀ ਗੱਲ ਕਹਿ ਕੇ ਹਥੇਲੀਆਂ ਨਾਲ ਅੱਖਾਂ ਕੱਜ ਲਈਆਂ ।

ਦੋਨੋਂ ਤਰਫ ਖ਼ਾਮੋਸ਼ੀ ਸੀ ।

ਉਂਝ ਦੇਵ ਕਮਰੇ ‘ਚ ਪਏ ਮੈਗਜ਼ੀਨ ਫਰੋਲ ਰਿਹਾ ਸੀ ।ਅਤੇ ਸੁੱਖੀ ਆਪਣੀਆਂ ਅੱਖਾਂ ਕੱਜੀ ਕਿਤੇ ਡੂੰਘਾ ਉਤਰਿਆ ਹੋਇਆ ਸੀ।

ਕਮਰੇ ਦੀ ਖ਼ਾਮੋਸ਼ੀ ਕਿਸੇ ਨੂੰ ਕੀ ਕਹਿੰਦੀ ?

----

ਬੈਠੇ ਬੈਠੇ ਸੁੱਖੀ ਦੇ ਅੱਥਰੂ ਵਗ ਪਏ ਤੇ ਦੇਵ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਸੁੱਖੀ ਅੱਖਾਂ ਤੇ ਬਾਂਹ ਧਰਕੇ ਮੰਜੇ ਤੇ ਲੰਮਾ ਪੈ ਗਿਆ । ਦੇਵ ਉੱਠ ਕੇ ਉਸਦੇ ਮੰਜੇ ਦੀ ਬਾਹੀ ਤੇ ਹੀ ਆ ਕੇ ਬੈਠ ਗਿਆ ।ਉਹ ਸੁੱਖੀ ਦੇ ਮੋਢੇ ਫੜ ਫੜ ਝੰਜੋੜ ਰਿਹਾ ਸੀ, ਪਰ ਸੁੱਖੀ ਸੀ ਕਿ ਉਸਦਾ ਰੋਣ ਹਉਕਿਆਂ ਵਿੱਚ ਬਦਲ ਗਿਆ ।

ਅੱਜ ਅੰਦਰੋਂ ਕੋਈ ਤਾਰਾ ਟੁੱਟ ਕੇ ਉਸਦੀ ਛਾਤੀ ਵਿੱਚ ਆਣ ਵੱਜਾ ਸੀ । ਤੇ ਇਸ ਛਾਤੀ ਵਿੱਚ ਵੱਜੇ ਤਾਰੇ ਨੂੰ ਨਾ ਉਹ ਤੋੜ ਸਕਦਾ ਸੀ ਤੇ ਨਾ ਛਾਤੀ ਨਾਲ ਲਾ ਸਕਦਾ ਸੀ ।

ਟੁੱਟੇ ਖੰਭ ਜਿਹੇ ਮਨ ਉੱਤੇ ਹੋਏ ਜ਼ਖਮ ਨਾਲ ਉਸਦਾ ਕਈ ਕੁੱਝ ਤਿੜਕ ਗਿਆ ਸੀ ।

ਉਹ ਉਠਿਆ ਤੌਲੀਏ ਨਾਲ ਅੱਖਾਂ ਪੂੰਝੀਆਂ ਅਤੇ ਹੌਲੇ ਦੇਣੇ ਕਮਰੇ ‘ਚੋਂ ਰਿਸਕ ਗਿਆ ।ਅਤੇ ਮਿੰਟ ਕੁ ਬਾਅਦ ਹੀ ਵਾਪਸ ਪਰਤ ਆਇਆ ।ਉਸਨੇ ਦੇਵ ਨਾਲ ਹੋਰ ਕੋਈ ਗੱਲ ਨਾ ਕੀਤੀ ।ਉਸਨੂੰ ਇਉਂ ਸੀ ਬਈ ਦੇਵ ਆਪਣੇ ਆਪ ਹੀ ਕੁੱਝ ਦੱਸੇਗਾ ।ਪਰ ਦੇਵ ਸੀ ਕਿ ਉਹ ਵੀ ਪੂਰੀ ਤਰਾਂ ਖ਼ਾਮੋਸ਼ ਸੀ ।

-‘ਖਬਰੇ ਉਹ ਚੰਦਰੀ ਵੀ ਕਿੰਨੀ ਕੁ ਰੋਈ ਹੋਊ ।ਕਿੰਨਾ ਕੁ ਯਾਦ ਕੀਤਾ ਹੋਊ ਉਹਨੇ ਮੈਨੂੰ ।ਉਹ ਤਾਂ ਮੇਰਾ ਇੱਕ ਪਲ ਦਾ ਵਸਾਹ ਨੀ ਸੀ ਖਾਂਦੀ ।ਹਰ ਪਲ ਅੱਖਾਂ ਸਾਹਵੇ ਨੱਚਦੀ ਰਹਿੰਦੀ ਸੀ ।ਖਬਰੇ ਰੋ-ਰੋ ਕਿਹੋ ਜਿਹਾ ਹਾਲ ਕਰ ਲਿਆ ਹੋਣੈ ਉਹਨੇ ।’ ਸੁੱਖੀ ਸੋਚ ਰਿਹਾ ਸੀ ।ਉਸਦੀਆਂ ਅੱਖਾਂ ਵਿੱਚ ਫਿਰ ਅੱਥਰੂ ਤੈਰ ਆਏ ।

----

ਮਕਾਨ ਮਾਲਕਾਂ ਦੇ ਮੁੰਡੇ ਨੂੰ ਉਸਨੇ ਜਿਹੜੇ ਕੰਮ ਘੱਲਿਆ ਸੀ ਉਹ ਕੰਮ ਕਰਕੇ ਪਰਤ ਆਇਆ ਸੀ ।

ਕਿੰਨੀ ਦੇਰ ਬਾਅਦ ਅੱਜ ਉਹ ਪਹਿਲਾਂ ਵਾਲੀ ਸ਼ਰਾਬ, ਉਸਦੇ ਇਸ ਸ਼ਹਿਰ ਵਾਲੇ ਕਮਰੇ ਵਿੱਚ ਪਹਿਲੀ ਵਾਰ ਆਈ ।ਬਾਹਰ ਦਿਨ ਛਿਪ ਚੱਲਿਆ ਸੀ ।ਅਤੇ ਅੰਦਰ ਹਨੇਰਾ ਵੱਧ ਚੱਲਿਆ ਸੀ ।

ਉਹ ਬੈਠੇ ਪੀਂਦੇ ਰਹੇ ਪਰ ਖ਼ਾਮੋਸ਼ੀ ਪਹਿਲਾਂ ਦੀ ਤਰਾਂ ਹੀ ਬਰਕਰਾਰ ਸੀ ।

ਉਹ ਤਿਲ ਤਿਲ ਕਰਕੇ ਭੁਰ ਰਿਹਾ ਸੀ

ਪਰਬਤ ਬਣਨ ਦਾ ਸੁਪਨਾ ਉਸਦੇ ਪੋਟਿਆਂ ਤੇ ਜ਼ਖ਼ਮ ਕੁਰੇਦ ਕੇ ਤੁਰ ਗਿਆ ਸੀ ।

-‘ਪਹਿਲਾਂ ਜਦੋਂ ਸ਼ਰਬਤੀ ਬੀਮਾਰ ਸੀ ਤਾਂ ਉਸਨੇ ਮਾਂ ਹੱਥੀ ਸੁਨੇਹੇ ਘੱਲੇ ਸਨ ।ਪਰ ਇਸ ਵਾਰ ਕੋਈ ਵੀ ਸੁਨੇਹਾ ਨਾ ਆਇਆ। ਚੰਗਾ ਹੋਇਆ ।ਨਹੀਂ ਤਾਂ ਉਸਨੇ ਆਪਣੇ ਸੁਪਨੇ ਦੀ ਪਰਵਾਜ਼ ਨੂੰ ਅੱਖਾਂ ਸਾਹਵੇਂ ਰਾਖ ਹੁੰਦਿਆਂ ਤੱਕਣਾ ਸੀ।’ ਉਹ ਵਾਰ ਵਾਰ ਸੋਚ ਰਿਹਾ ਸੀ ।

----

ਉਂਝ ਇਹ ਜੋ ਕੁੱਝ ਵੀ ਹੋਇਆ ਸੀ ਸਭ ਕੁੱਝ ਸੱਚ ਸੀ। ਸੁੱਖੀ ਨੂੰ ਇਸ ਸੱਚ ਤੋਂ ਆਖਰ ਟੁੱਟਣਾ ਹੀ ਪੈਣਾਂ ਸੀ ।ਪਰ ਇਹ ਕੇਹਾ ਸੱਚ ਸੀ ਜੋ ਉਸਦੇ ਹੋਰ ਨੇੜੇ ਆ ਰਿਹਾ ਸੀ ।ਉਸਦੀ ਚੁੱਪ ਦੇ ਸੀਨੇ ‘ਚ ਵਾਰ ਵਾਰ ਖੰਜ਼ਰ ਖੁਭੋ ਰਿਹਾ ਸੀ ।

ਸਾਰੇ ਖੂਬਸੂਰਤ ਪਲ ਹਾਦਸਾ ਬਣ ਕੇ ਉਸਦੀ ਉਮਰ ਦੇ ਮੋਢੇ ਆ ਲੱਗੇ ਤੇ ਉਹ ਇਹਨਾਂ ਮੋਢੇ ਲੱਗੇ ਪਲਾਂ ਨੂੰ ਪਲੋਸ ਕੇ ਮਾਰੂਥਲ ਪਹਿਨਣ ਲੱਗ ਪਿਆ ।

ਸਾਰੇ ਦਫ਼ਤਰ ਦੇ ਲੋਕ ਹੈਰਾਨ ਸਨ ।

ਸਾਰੀ ਕਾਇਆ ਹੈਰਾਨ ਸੀ ।

ਤੇ ਇਸ ਸਭ ਕਾਸੇ ਤੋਂ ਵਧਕੇ ਉਦਾਸ ਸੀ ਤਾਂ ਉਸਦਾ ਉਹ ਕਮਰਾ ਹੈਰਾਨ ਸੀ ਜੋ ਪਹਿਲੀ ਹੀ ਨਜ਼ਰੇ ਉਸਦਾ ਮਹਿਬੂਬ ਬਣਿਆ ਸੀ ।

ਹਰ ਰੋਜ਼ ਸ਼ਰਾਬ ਪੀਣ ਦੀ ਇਸ ਅਚਾਨਕ ਆਈ ਤਬਦੀਲੀ ਨਾਲ,ਕਮਰੇ ਦੀਆਂ ਕੰਧਾਂ ਤੇ ਉੱਗੀਆਂ ਅੱਖਾਂ ਨੇ ਆਪਣੇ ਅੱਥਰੂ ਸੁੱਖੀ ਨੂੰ ਵਿਖਾਏ ।ਪਰ ਸੁੱਖੀ ਉਸ ਸਭ ਕਾਸੇ ਤੋਂ ਬੇਖਬਰ ਸ਼ਰਾਬ ਪੀਣ ਵਿੱਚ ਰੁੱਝਿਆ ਸੀ ।

ਇਹ ਇੱਕ ਦਿਨ ਦੀ ਗੱਲ ਨਹੀਂ ਹਰ ਰੋਜ਼ ਦੀ ਗੱਲ ਹੀ ਹੋ ਗਈ ।

ਕਮਰੇ ਦੀਆਂ ਅੱਖਾਂ ਵਿੱਚ ਲੰਮਾ ਬੀਆਬਾਨ ਪਸਰ ਗਿਆ ।ਪਰ ਸੁੱਖੀ ਨੂੰ ਕੀ ਸੀ ਉਹ ਤਾਂ ਆਪਣੇ ਅੱਥਰੂਆਂ ਦੀ ਨਦੀ ਵਿੱਚ ਅੱਧ ਮੋਇਆ ਪਿਆ ਸੀ ।

ਜਿਹੜੀਆਂ ਪੁਸਤਕਾਂ ਸੁੱਖੀ ਹਰ ਪਲ ਪੜ੍ਹਦਾ ਸੀ ।ਉਹ ਉਦਾਸ ਸਨ ।ਉਹਨਾਂ ਉੱਪਰ ਵੀ ਰੇਤ ਦੀਆਂ ਪਰਤਾ ਜੰਮਣੀਆਂ ਸ਼ੁਰੂ ਹੋ ਗਈਆਂ ।ਤੇ ਉਹ ਜੋ ਜਿਉਂਦੀਆਂ ਜਾਗਦੀਆਂ ਉਸ ਕੋਲ ਹਾਜ਼ਰ ਹੁੰਦੀਆਂ ਸਨ ।ਹੁਣ ਆਪਣੇ ਕਿਸੇ ਜਿਊਂਦੇ ਹੁੰਗਾਰੇ ਨੂੰ ਉਡੀਕਦੀਆਂ ਆਪਣੀਆਂ ਤਲੀਆਂ ਤੇ ਬੰਜਰ ਉਗਾਈ ਬੈਠੀਆਂ ਸਨ ।

ਫਿਰ ਇੱਕ ਦਿਨ ਸੁੱਖੀ ਨੇ ਕਵਿਤਾ ਲਿਖੀ . . ‘ਆਪਣੇ ਜ਼ਖ਼ਮ ਦੀ ਇਬਾਰਤ’

ਬੇਸ਼ੱਕ ਪਤਾ ਸੀ ।

ਤੂੰ ਇੰਝ ਹੀ

ਚਿੜੀਆਂ ਦੀ ਡਾਰ ਸੰਗ ਤੁਰ ਜਾਣਾ ਹੈ ।

ਫਿਰ ਵੀ ਪਤਾ ਨੀ ਕਿਉਂ ।

ਹਥੇਲੀਆਂ ਦੇ ਬੰਜਰ ਮੈਦਾਨਾਂ ਵਿੱਚ

ਸੂਹੇ ਫੁੱਲ ਲਗਾਉਂਦਾ ਰਿਹਾ ।

ਉਹਨਾਂ ਲਕੀਰਾਂ ‘ਚ ਸਾਡਾ ਨਾਮ ਲਿਖਕੇ ।

ਤੀਲੇ ਤੀਲੇ ਨਾਲ

ਆਲ੍ਹਣਾਂ ਸਜਾਉਂਦਾ ਰਿਹਾ ।

ਇਹ ਮੇਰੇ ਹਾਦਸੇ ਦਾ ਨਸੀਬ ਸੀ ।

ਕਿ ਉਹ

ਆਪਣੀਆਂ ਤਲੀਆਂ ‘ਤੇ

ਆਪਣੇ ਹੀ ਅੱਥਰੂ ਰੱਖ ਰੱਖ ਵੇਂਹਦਾ ਰਵ੍ਹੇ

ਰੇਗਿਸਤਾਨ ‘ਚ ਉਕਰੀਆਂ

ਆਪਣੀਆਂ ਹੀ ਪੈੜਾਂ ਦਾ ਕਤਲ ਕਰਦਾ ਰਵ੍ਹੇ ।

-ਅਤੇ

ਆਪਣੇ ਹੀ ਆਲ੍ਹਣੇ ਦੀ ਤੁਰਦੀ ਕਬਰ ਨੂੰ

ਆਪਣੇ ਹੀ ਖੰਡਰ ਦੀ

ਮਿੱਟੀ ਨਾਲ ਭਰਦਾ ਰਵ੍ਹੇ

ਬੇ ਸ਼ੱਕ ਪਤਾ ਸੀ

ਤੂੰ ਇੰਝ ਹੀ

ਚਿੜੀਆਂ ਦੀ

ਡਾਰ ਸੰਗ ਤੁਰ ਜਾਣਾ ਹੈ ।

ਉਸਨੇ ਕਵਿਤਾ ਲਿਖੀ ਵਾਰ ਵਾਰ ਪੜ੍ਹੀ ਅਤੇ ਹੌਲੇ ਜਿਹੇ ਕਿਸੇ ਕਿਤਾਬ ਦੀ ਕਬਰ ਵਿੱਚ ਦਫਨਾ ਦਿੱਤੀ ।

ਕਿਹੋ ਜਿਹਾ ਰੋਜ਼ਨਾਮਚਾ ਬਣ ਗਿਆ ਸੀ ਉਹਦਾ ।

----

ਮਾਂ ਪਿਉ ਦਾ ਘਰ ਜਾਂ ਆਪਣਾ ਪਿੰਡ ਤਾਂ ਉਸਨੂੰ ਭੁੱਲ ਹੀ ਗਿਆ ਸੀ ।ਕਿ ਉਸਦਾ ਵੀ ਕੋਈ ਪਿੰਡ ਹੈ ਉਹ ਵੀ ਕਿਤੇ ਜੰਮਿਆ ਹੈ ਜਾਂ ਉਸਨੇ ਵੀ ਕਿਤੇ ਬਚਪਨ ਹੰਢਾਇਆ ਹੈ ।ਉਸਨੇ ਵੀ ਦਾਈ ਦੁੱਕੜੇ ਖੇਡੇ ਹਨ ।ਜਾਂ ਉਸਨੇ ਵੀ ਕਿਤੇ ਟੁੱਟੀਆਂ ਚੂੜੀਆਂ ਦੀ ਖੇਡ ‘ਚੋਂ ਆਪਣੀ ਉਮਰ ਦਾ ਨਕਸ਼ਾ ਤੱਕਿਆ ਹੈ ।

ਮਾਂ ਦੇ ਕਈ ਵਾਰ ਸੁਨੇਹੇ ਦੇਣ ਤੋਂ ਬਾਅਦ ਉਹ ਪਿੰਡ ਗਿਆ ਤਾਂ ਉਹ ਜਿਵੇਂ ਕਿਸੇ ਹੋਰ ਪਿੰਡ ਹੀ ਆ ਵੜਿਆ ਹੋਵੇ ।ਪਿੰਡ ਦੀ ਜੂਹ ਹੀ ਉਸ ਵੱਲ ਅਜਨਬੀ ਨਜ਼ਰਾਂ ਨਾਲ ਤੱਕ ਰਹੀ ਸੀ ।

ਘਰ ਕੋਲ ਆਇਆ ਤਾਂ ਸ਼ਰਬਤੀ ਕੇ ਘਰ ਅਜੇ ਵੀ ਕੋਈ ਨਾਂ ਕੋਈ ਹਰੀ ਪੀਲੀ ਝੰਡੀ ਵਕਤ ਦੀਆਂ ਪੌਣਾਂ ‘ਚ ਫਾਹੇ ਲੱਗੀ ਸਾਹ ਵਰੋਲ ਰਹੀ ਸੀ

ਮਾਂ ਨੇ ਆਪਣੀ ਬੁੱਕਲ ਵਿੱਚ ਲੈ ਕੇ ਉਸਨੂੰ ਬਹੁਤ ਪਿਆਰ ਦਿੱਤਾ ।

-‘ਵੇ ਕਾਕਾ ਘਰੋਂ ਬਾਹਰ ਰਹਿ ਕੇ ਤਾਂ ਤੂੰ ਊਂਈ ਲਿੱਸਾ ਜਾ ਹੋ ਗਿਆ ।’

ਉਹ ਸਿਰਫ ਹੱਸਿਆ ਥੋੜ੍ਹਾ ਜਿਹਾ ।

ਬੜੀ ਦੇਰ ਬਾਅਦ ਇਸ ਸਲ੍ਹਾਬੇ ਹਾਸੇ ਦੀ ਪਰਤ ਖੁੱਲ੍ਹੀ ਸੀ ।

ਉਸਦੇ ਚਿਹਰੇ ਨੂੰ ਵੇਖਕੇ ਭਾਬੀਆਂ ਦੂਰੋਂ ਕਿਤੋਂ ਹੱਸੀਆਂ ਸਨ ।

----

ਰਾਤ ਨੂੰ ਮਾਂ ਉਸ ਕੋਲ ਬੈਠੀ ਗੱਲਾਂ ਕਰਦੀ ਰਹੀ ।ਵੱਡਾ ਭਰਾ ਵੀ ਕੋਲ ਹੀ ਆ ਗਿਆ ਸੀ ।ਫਿਰ ਗੱਲਾਂ ਗੱਲਾਂ ਵਿੱਚ ਮਾਂ ਨੇ ਕਿਹਾ ਸੀ ਬਈ ਤੇਰੇ ਤਾਏ ਨਿਹਾਲੇ ਨੇ ਹਸਨਪੁਰ ਤੋਂ ਕੁੜੀ ਦੀ ਦੱਸ ਪਾਈ ਐ ।

-‘ਹਾਂ ਤਾਇਆ ਮੇਰੇ ਕੋਲ ਵੀ ਕਹਿੰਦਾ ਸੀ ।ਬਈ ਕੁੜੀ ਦਸ ਪੜੀ ਹੋਈ ਐ ।ਨਾਲੇ ਘਰ ਦਾ ਸਾਰਾ ਕੰਮ ਕਰ ਲੈਂਦੀ ਐ ।ਨਾਲੇ ਸਟੈਨੋ ਦਾ ਕੋਰਸ ਕੀਤਾ ਹੋਇਐ ?

ਉਹ ਗੱਲ ਸੁਣ ਕੇ ਹੱਸਿਆ ਸੀ ।ਸਿਰਫ ਹੱਸਿਆ ਸੀ ਉਹੀ ਆਪਣਾ ਸਿਲ੍ਹਾਬਾ ਹਾਸਾ ।ਉਹੀ ਹਾਸਾ ਜਿਸ ‘ਚੋਂ ਹੁਣ ਬੰਜਰ ਵਿਲਕਦਾ ਸੀ ।ਉਹੀ ਹਾਸਾ ਜਿਸ’ਚੋਂ ਹੁਣ ਜਖ਼ਮਾਂ ਦੇ ਹਉਕੇ ਸੁਣਾਈ ਦਿੰਦੇ ਸਨ ।ਤੇ ਉਹੀ ਹਾਸਾ ਜਿਹੜਾ ਹੁਣ ਥਲਾਂ ਦੀ ਪਗਡੰਡੀ ‘ਚੋਂ ਗੁਜ਼ਰ ਰਿਹਾ ਸੀ ।

ਭਰਾ ਨੇ ਤਾਂ ਇੱਕ ਦੋ ਥਾਂ ਤੋਂ ਹੋਰ ਵੀ ਦੱਸ ਪਾਈ ਸੀ ।ਪਰ ਉਹ,-‘ਨਹੀਂ ਵੀਰ ਅਜੇ ਨੀ’ ਕਹਿ ਕੇ ਸਾਰੀ ਗੱਲ ਟਾਲ ਗਿਆ।ਤੇ ਅਗਲੇ ਦਿਨ ਫਿਰ ਤੋਂ ਆਪਣੇ ਦਫ਼ਤਰ ਆ ਗਿਆ ।

ਫਿਰ ਇੱਕ ਸਿਲਸਿਲਾ ਸੁਰੂ ਹੋਇਆ ।

ਰਿਸ਼ਤਿਆਂ ਦਾ, ਭਵਿੱਖ ਦੀ ਉਮਰ ਦਾ ।

ਉਹ ਹਰ ਵਾਰ ਹਰ ਆਮਦ ਨੂੰ ਨਕਾਰ ਦਿੰਦਾ ।

----

ਮਾਂ ਗੁੱਸੇ ਹੁੰਦੀ ।ਪਰ ਉਸਨੂੰ ਕੀ ਸੀ ।ਗੁੱਸੇ ਹੁੰਦੀ ਐ ਤਾਂ ਗੁੱਸੇ ਹੁੰਦੀ ਰਵ੍ਹੇ ।

ਭਰਾ ਗੁੱਸੇ ਹੁੰਦੇ ।

ਪਰ ਇੱਕ ਉਹ ਸੀ ਜੋ ਕਿਸੇ ਨਾਲ ਵੀ ਗੁੱਸੇ ਨਹੀਂ ਸੀ ਹੁੰਦਾ ।

ਮਾਂ ਕਲਪਦੀ ਸੀ ।ਕਿ ਜੇ ਉਥੇ ਜਾ ਕੇ ਵੀ ਸ਼ਰਾਬਾਂ ਹੀ ਡੱਫਣੀਆਂ ਸਨ ਤਾਂ ਇਹੋ ਜਿਹੀ ਨੌਕਰੀ ਨਾਲੋਂ ਤਾਂ ਘਰੇ ਹੀ ਚੰਗਾ ਸੀ ਖੇਤੀ ਦਾ ਕੰਮ ਕਰਦਾ ਸੀ ।ਵੇਲੇ ਸਿਰ ਨਹਾਉਂਦਾ, ਧੋਂਦਾ ਤਾਂ ਸੀ ।ਚੱਜ ਦੀ ਰੋਟੀ ਤਾਂ ਖਾਂਦਾ ਸੀ ਹੁਣ ਕਿਵੇਂ ਹੜਬਾਂ ਨਿਕਲੀਆਂ ਸਨ।

ਮਾਂ ਨੂੰ ਕੀ ਪਤਾ ਸੀ ਕਿ ਨਾਂ ਤਾਂ ਉਸਨੂੰ ਉੱਥੇ ਕੋਈ ਵੇਲੇ ਸਿਰ ਨਹਾਉਣੋਂ ਧੋਣੋਂ ਰੋਕਦਾ ਹੈ ਅਤੇ ਨਾ ਹੀ ਵੇਲੇ ਸਿਰ ਚੱਜ ਦੀ ਰੋਟੀ ਖਾਣੋ ਰੋਕਦਾ ਹੈ।ਪਰ ਮਾਂ ਕੀ ਜਾਣੇ ਉਹ ਤਾਂ ਆਪਣੇਂ ਹੀ ਹੱਸਦੇ ਪਰਛਾਵਿਆਂ ਨੇ ਮਧੋਲ ਰੱਖਿਆ ਹੈ ।

ਵਿਆਹ ਕਰਾਉਣ ਤੋਂ ਉਹ ਇਨਕਾਰੀ ਸੀ ।

ਪਰ ਮਾਂ ਸੀ ਸੋਚਦੀ ਸੀ ।ਕਿ ਉਸਦੇ ਵਿਹੜੇ ਵਿੱਚ ਇੱਕ ਹੋਰ ਨੂੰਹ ਪੈਲਾਂ ਪਾਵੇ ।

ਨਵੀਂ ਬਹੂ ਦਾ ਲਿਸ਼ਕਾਰਾ ਫਿਰ ਵਿਹੜੇ ਦਾ ਚਾਨਣ ਬਣੇ ।

ਪਰ ਇੱਕ ਉਹ ਸੀ ਜੋ ਹੁਣ ਆਪਣੀਆਂ ਹੀ ਪੈੜਾਂ ਦੀ ਹੋਂਦ ਤੋਂ ਇਨਕਾਰੀ ਸੀ।ਜਿਸ ਦੇ ਸਾਰੇ ਮੌਸਮ ਰੁੱਸ ਚੁੱਕੇ ਸਨ ।

***********

ਅੱਠਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ!

Sunday, April 12, 2009

ਆਖ਼ਰੀ ਪਹਿਰ - ਕਾਂਡ - 7

ਉਸ ਦਿਨ ਉਹ ਖੇਤ ਕੰਮ ਕਰਨ ਨਹੀਂ ਸੀ ਗਿਆ ।ਸਵੇਰੇ ਘਰੋਂ ਚਾਹ ਪੀ ਕੇ ਸੱਥ ਵਿੱਚ ਆਕੇ ਤਾਸ਼ ਖੇਡਣ ਬੈਠ ਗਿਆ ਸੀ ।ਵਾਰੋ-ਵਾਰੀ ਹੋਰ ਵੀ ਬਹੁਤ ਸਾਰੇ ਜਣੇ ਆ ਗਏ ਸਨ। ਤਾਸ਼ ਦੀਆਂ ਬਾਜੀਆਂ ਜ਼ੋਰ ਫੜ ਰਹੀਆਂ ਸਨ ।

ਸ਼ਰਬਤੀ ਆਪਣੀ ਇੱਕ ਸਹੇਲੀ ਨਾਲ ਆ ਰਹੀ ਸੀ ।ਉਹ ਕੁੜੀ ਆਪਣੇ ਛੋਟੇ ਜਿਹੇ ਭਤੀਜੇ ਨੂੰ ਸਕੂਲ ਛੱਡਣ ਜਾ ਰਹੀ ਸੀ, ਜਦੋਂ ਕਿ ਉਹ ਬਿਲਕੁਲ ਵੀ ਜਾਣ ਲਈ ਰਾਜ਼ੀ ਨਹੀਂ ਸੀ।ਰੋ ਰਿਹਾ ਸੀ।ਬਾਂਹ ਛੁਡਾ ਕੇ ਪਿਛਾਂਹ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।

- ‘ਨੀ ਛੱਡ ਪਰਾਂ ਜੇ ਨਹੀਂ ਜਾਂਦਾ ਨਾ ਜਾਣਦੇ ਇਹਨੇ ਕਿਹੜਾ ਪੜ੍ਹਕੇ ਅਫਸਰ ਲੱਗ ਜਾਣੈ।’

----

ਸ਼ਰਬਤੀ ਦੇ ਬੋਲ ਸੁੱਖੀ ਦੇ ਕੰਨੀ ਪਏ ਉਸ ਇੱਕ ਟੱਕ ਉੱਧਰ ਵੇਖਿਆ ਤਾਂ ਬੋਲਦੀ ਸ਼ਰਬਤੀ ਵੀ ਉਸ ਵੱਲ ਤੱਕ ਰਹੀ ਸੀ ।

-‘ਜਾ ਨੀ ਜਾ ਤੂੰ ਇਹਨੂੰ ਅਫਸਰ ਬਣਿਆਂ ਨੀ ਭਾਲ਼ਦੀ ।’

-‘ਲੈ ਦੱਸ ਮੈਂ ਕਿਉਂ ਨੀ ਭਾਲਦੀ ।ਮੈਂ ਤਾਂ ਆਹਨੀ ਆਂ, ਪੜ੍ਹਲੇ ਕੁੱਛ ਬਣਕੇ ਤਾਂ ਦਿਖਾਵੇ। ਕਿਤੇ ਐਤੇ ਖੁੰਢਾਂ ਤੇ ਬੈਠਣ ਜੋਗਾ ਈ ਨਾ ਰਹਿ ਜੇ ।’

ਸ਼ਰਬਤੀ ਹੁਣ ਵੀ ਸੁੱਖੀ ਵੱਲ ਤੱਕ ਰਹੀ ਸੀ ।

-‘ਕੀ ਸੋਚੀ ਜਾਨੈਂ ਚਲ ਸਿੱਟ ਯਾਰ ਹੁਣ ।’

-‘ਬੱਸ ਯਾਰ ? ਉਸਨੇ ਆਪਣੇ ਪੱਤੇ ਸੁੱਟੇ ਅਤੇ ਉੱਠਕੇ ਘਰ ਵੱਲ ਤੁਰ ਪਿਆ ।

ਭਰਜਾਈਆਂ ਕੱਪੜੇ ਧੋ ਰਹੀਆਂ ਸਨ ਮਾਂ ਦਾਲ ਚੁਗ ਰਹੀ ਸੀ ਅਤੇ ਉਹ ਚੁੱਪ ਕਰਕੇ ਕੋਠੇ ਚੜ੍ਹਕੇ ਮੰਜੇ ਤੇ ਪੈ ਗਿਆ ।

ਕਿੱਡਾ ਵੱਡਾ ਸੱਚ ਸ਼ਰਬਤੀ ਬੋਲ ਕੇ ਗਈ ਸੀ ।

ਉਸਨੂੰ ਹੁਣ ਸ਼ਰਬਤੀ ਦੀਆਂ ਕਹੀਆਂ ਗੱਲਾਂ ਠੀਕ ਲੱਗੀਆਂ ਸਨ । ਹਾਂ! ਜੇ ਉਹਨੇ ਕੁੱਝ ਬਣਨਾ ਹੀ ਨਹੀਂ ਸੀ ਤਾਂ ਫਿਰ ਪੜ੍ਹਿਆ ਕਾਹਦੇ ਲਈ ।ਸਿਰਫ ਸੱਥਾਂ ‘ਚ ਬੈਠਣ ਤੇ ਨਸ਼ੇ ਕਰਨ ਲਈ ਨਹੀਂ ! ਅੱਜ ਉਸਨੂੰ ਬਹੁਤ ਵੱਡਾ ਅਹਿਸਾਸ ਹੋਇਆ ਸੀ ਕਿ ਸ਼ਰਬਤੀ ਉਸ ਨਾਲ ਅੰਦਰੋਂ ਕਿੰਨੀ ਜੁੜੀ ਹੋਈ ਹੈ ।ਖਬਨੀਂ ਉਸਨੂੰ ਉਹ ਅੰਦਰੋਂ ਕਿੱਡਾ ਕੁ ਵੱਡਾ ਅਫ਼ਸਰ ਬਣਿਆ ਲੋਚਦੀ ਹੈ ।ਕੀ ਪਤੈ ਉਹ ਘਰ ਬੈਠੀ ਚੱਤੋ ਪਹਿਰ ਇਹੋ ਸੋਚਦੀ ਹੋਵੇ ।ਸੁੱਖਾਂ ਸੁੱਖਦੀ ਹੋਵੇ ਕਿ ਜੇ ਸੁੱਖੀ ਕੁੱਝ ਬਣ ਜਾਵੇ , ਕੋਈ ਨੌਕਰੀ ਕਰਨ ਲੱਗ ਜਾਵੇ ।

ਅੱਜ ਉਹ ਅੰਦਰੋਂ ਬੁਰੀ ਤਰਾਂ ਝੰਜੋੜਿਆ ਗਿਆ ਸੀ ।ਉਸਨੂੰ ਆਪਨੂੰ ਆਪਣੀਆਂ ਮਾੜੀਆਂ ਆਦਤਾਂ ਦਾ ਏਨਾਂ ਦੁੱਖ ਨਹੀਂ ਸੀ ਹੋਇਆ, ਜਿੰਨਾ ਇਹ ਹੋਇਆ ਸੀ ਸ਼ਰਬਤੀ ਅੰਦਰੋਂ ਕਿੰਨੀ ਦੁਖੀ ਹੈ।

ਉਹ ਤਾਂ ਬਚਪਨ ਵਿੱਚ ਕਾਰਾਂ ਉੱਤੇ ਚੜ੍ਹਨ ਦੀਆਂ ਗੱਲਾਂ ਕਰਦਾ ਹੁੰਦਾ ਸੀ।ਵੱਡਾ ਸਾਰਾ ਘਰ ਬਣਾਉਣ ਦੀਆਂ ਸੋਚਦਾ ਹੁੰਦਾ ਸੀ ਪਰ ਹੁਣ -----।

----

ਉਸਨੂੰ ਵੀ ਪਤਾ ਸੀ ਤੇ ਸ਼ਰਬਤੀ ਨੂੰ ਵੀ ਕਿ ਉਹ ਉਮਰ ਭਰ ਵੀ ਇੱਕ ਘਰ ਨਹੀਂ ਸਨ ਬਣਾ ਸਕਦੇ ।

ਉਹਨਾਂ ਨੂੰ ਪਤਾ ਸੀ ਕਿ ਇੱਕ ਛੱਤ ਦੀ ਛਾਂ ਦਾ ਸੁਪਨਾ ਲੈਣਾ ਹੁਣ ਉਹਨਾਂ ਲਈ ਵਰਜਿਤ ਹੋ ਗਿਆ ਹੈ। ਰੇਤ ਤੇ ਲਿਖੇ ਉਹਨਾਂ ਦੇ ਸਾਂਝੇ ਨਾਮ ਉਪਰੋਂ ਵਰੋਲਾ ਗੁਜ਼ਰ ਗਿਆ ਹੈ। ਪਰ ਫਿਰ ਵੀ ਇਹ ਤਾਂਘ ਕੇਹੀ ਸੀ ।ਕਿ ਉਹ ਅਜੇ ਵੀ ਇਸ ਧੁੰਦਲੇ ਰਿਸ਼ਤੇ ਲਈ ਗੂੜ੍ਹੇ ਰੰਗਾਂ ਦੀ ਤਲਾਸ਼ ਕਰ ਰਹੇ ਸਨ ।

ਉਸਨੇ ਸ਼ਰਬਤੀ ਦੇ ਬੋਲਾਂ ਦੇ ਹਉਕੇ ਨੂੰ ਬਹੁਤ ਹੀ ਡੂੰਘਿਆਂ ਮਹਿਸੂਸ ਕੀਤਾ ।

ਅਗਲੇ ਦਿਨ ਉਹ ਪਿੰਡੋਂ ਤਿਆਰ ਹੋ ਕੇ ਚਲਾ ਗਿਆ ਤੇ ਜਦ ਮਹੀਨੇ ਬਾਅਦ ਵਾਪਸ ਪਰਤਿਆ ਤਾਂ ਉਹ ਅਫਸਰ ਤਾਂ ਨਹੀਂ ਇੱਕ ਦਫ਼ਤਰ ਦਾ ਕਲਰਕ ਬਣਕੇ ਜ਼ਰੂਰ ਪਰਤਿਆ ਸੀ । ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ।

----

ਸ਼ਰਬਤੀ ਨੂੰ ਜਦ ਪਤਾ ਲੱਗਿਆ, ਤਾਂ ਉਹਨੀਂ ਪੈਰੀਂ ਹੀ ਉਹਨਾਂ ਦੇ ਘਰ ਆਈ ਅਤੇ ਤਾਈ ਨੂੰ ਮੂੰਹ ਮਿੱਠਾ ਕਰਾਉਣ ਲਈ ਕਹਿਣ ਲੱਗੀ ।

-‘ਨੀ ਮੈਥੋਂ ਤਾਂ ਜਦੋਂ ਮਰਜ਼ੀ ਕੁੱਝ ਖਾਲੀ ।ਪਹਿਲਾਂ ਉਹ ਤੋਂ ਤਾਂ ਮੰਗਲੈ।’

-‘ਨਾਂ ਨੀ ਤਾਈ ਉਹਦੇ ਨੀ ਆਪਾਂ ਮੱਥੇ ਲੱਗਣਾ ਤੂੰ ਜਿਹੜਾ ਕੁੱਝ ਖੁਵਾਉਣੈਂ ਖੁਆਦੇ।’ ਸ਼ਰਬਤੀ ਦੇ ਬੋਲਾਂ ਵਿੱਚ ਬਹੁਤ ਵੱਡਾ ਰੰਜ ਸੀ । ਜੀਹਨੂੰ ਮਾਂ ਤਾਂ ਸਮਝ ਨਾ ਸਕੀ ਤੇ ਜੀਹਨੇ ਸਮਝਣਾ ਸੀ ਉਹ ਉਹਨਾਂ ਰੰਜ ਵਾਲੇ ਬੋਲਾਂ ਨੂੰ ਸੁਣ ਨਾ ਸਕਿਆ ।

----

ਖੇਤੀ ਦੇ ਮਾਹੌਲ ਨੂੰ ਛੱਡ ਕੇ ਹੁਣ ਉਸਨੂੰ ਦਫਤਰ ਦੇ ਨਵੇਂ ਮਾਹੌਲ ਨਾਲ ਜੁੜਨਾ ਪਿਆ ।ਰੌਲਾ ਰੱਪਾ , ਟਾਈਪ ਮਸੀਨਾਂ ਦੀ ਖੜ-ਖੜ ਲੋਕਾਂ ਦੀ ਆਵਾਜਾਈ ।ਡਾਕ ਦੇ ਲੈਣ ਦੇਣ ਦਾ ਕੰਮ ਹਰ ਰੋਜ਼ ਨਵੇਂ ਲੋਕਾਂ ਨਾਲ ਜਾਣ ਪਛਾਣ ।ਬਿੰਦੇ ਝੱਟੇ ਚਾਹ ਦਾ ਕੱਪ ।ਡੀ.ਏ.ਦੀਆਂ ਕਿਸ਼ਤਾਂ ਬਾਰੇ ਵਿਚਾਰਾਂ , ਪੇ ਸਕੇਲਾਂ ਦੀਆਂ ਸੋਧਾਂ ਬਾਰੇ ਗੱਲਾਂ, ਕਰਜ਼ਾ ਲੈਣ ਆਏ ਲੋਕਾਂ ਦੇ ਫਾਰਮਾਂ, ਅਫਸਰਾਂ ਦੀਆਂ ਹਿੱਸਾ ਪੱਤੀ ਦੀਆਂ ਗੱਲਾਂ ।ਤੇ ਹੋਰ ਬਹੁਤ ਕੁੱਝ ।ਸਭ ਕੁੱਝ ਉਸਦੀ ਜਿੰਦਗੀ ਦੀ ਪਹਿਲੀ ਫਿਲਮ ਸੀ ਤੇ ਉਹ ਅਜੇ ਦਰਸ਼ਕ ਬਣਿਆ ਇਹ ਸਭ ਕੁੱਝ ਵੇਖ ਰਿਹਾ ਸੀ ।

ਸੁੱਖੀ ਸ਼ਨੀਵਾਰ ਨੂੰ ਜਦ ਪਿੰਡ ਗਿਆ ਤਾਂ ਮਾਂ ਨੇ ਜਾਂਦੇ ਨੂੰ ਹੀ ਉਲਾਂਭਾ ਦਿੱਤਾ ਸੀ ---‘ਭੈੜਿਆ ,ਸ਼ਰਬਤੀ ਤਾਂ ਮੈਨੂੰ ਨਿੱਤ ਪੁੱਛਦੀ ਸੀ ਬਈ ਸੁੱਖੀ ਨੂੰ ਨੌਕਰੀ ਕਦੋਂ ਮਿਲੂ ਤੇ ਹੁਣ ਤੂੰ ਉਹਦਾ ਮੂੰਹ ਮਿੱਠਾ ਕਰਾਕੇ ਵੀ ਨੀਂ ਗਿਆ ।’

-‘ਮਾਂ ਉਹਨੂੰ ਕਹੀਂ ਬਈ ਜਦੋਂ ਪਹਿਲੀ ਤਨਖਾਹ ਮਿਲਗੀ ਨਾਂ, ਸਾਰੀ ਉਹਨੂੰ ਲਿਆ ਕੇ ਫੜਾਦੂੰ ਜੋ ਕੁਝ ਮਰਜ਼ੀ ਕਰੇ’।ਕਹਿਕੇ ਉਹ ਦੇਵ ਦੇ ਘਰ ਵੱਲ ਤੁਰ ਗਿਆ ।

----

ਦਫਤਰ ਵਿੱਚ ਉਸਨੂੰ ਸ਼ਰਬਤੀ ਬਹੁਤ ਯਾਦ ਆਉਂਦੀ ।ਆਪਣੇ ਬਚਪਨ ਦੀਆਂ ਸਾਰੀਆਂ ਗੱਲਾਂ ਯਾਦ ਕਰਕੇ ਉਹ ਬਹੁਤ ਉਦਾਸ ਹੋ ਜਾਂਦਾ।ਉਸਨੂੰ ਇਹਨਾਂ ਜ਼ਮਾਨੇ ਦੇ ਖ਼ੁਦਾਵਾਂ ਤੇ ਬਹੁਤ ਗੁੱਸਾ ਆਉਂਦਾ ।ਅਖਿਰ ਇਹ ਵਰਜਿਤ ਕੰਧਾਂ ਕੱਢਣ ਦਾ ਹੱਕ ਉਹਨਾਂ ਨੂੰ ਹੀ ਕਿਉਂ ਦਿੱਤਾ ਗਿਐ ?

ਸਿਰ ਤੋਂ ਗੁਜਰੀਆਂ ਰੁੱਤਾਂ ਬਾਰੇ ਵੀ ਉਹ ਇਹੋ ਹੀ ਸੋਚਦਾ ।ਕਿ ਇਹੋ ਰੁੱਤਾਂ ਹੁੰਦੀਆਂ ਸਨ ।ਜੋ ਕਿ ਹਰ ਪਲ ਹੱਸਦੀਆਂ ਨੱਚਦੀਆਂ ਉਹਨਾਂ ਦੇ ਅੰਗ ਸੰਗ ਵਿਚਰਦੀਆਂ ਸਨ ਤੇ ਇਹੋ ਹੀ ਰੁੱਤਾਂ ਹਨ ਜੋ ਹੁਣ ਹਰ ਵੇਲੇ ਮੋਨ ਧਾਰੀ ਰੱਖਦੀਆਂ ਹਨ ।

ਬਚਪਨ ਦੇ ਪਾਣੀਆਂ ਦਾ ਅੱਥਰਾ ਸੰਗੀਤ ਇੱਥੇ ਤੀਕ ਪਹੁੰਚ ਕੇ ਕਿਉਂ ਖ਼ਾਮੋਸ਼ੀ ਦਾ ਸੂਚਕ ਬਣ ਜਾਂਦਾ ਹੈ।

----

ਦਫਤਰ ਦੇ ਲੋਕਾਂ ਵਿੱਚ ਉਸਦਾ ਮਾਣ ਸਤਿਕਾਰ ਬਹੁਤ ਵਧ ਗਿਆ ਸੀ । ਕੰਮ ਦੀ ਗੱਲ ਤੋਂ ਬਿਨਾਂ ਉਹ ਹੋਰ ਵਾਧੂ ਗੱਲਾਂ ਵਿੱਚ ਆਪਣਾ ਚੁੰਝ ਪੰਜਾ ਨਹੀਂ ਸੀ ਅੜਾਉਂਦਾ ।ਜਦੋਂ ਵੀ ਵਿਹਲਾ ਹੁੰਦਾ ਬੱਸ ਕਿਸੇ ਨਾਂ ਕਿਸੇ ਕਿਤਾਬ ਜਾਂ ਮੈਗਜ਼ੀਨ ਤੇ ਉਹ ਆਪਣੀਆਂ ਅੱਖਾਂ ਦੇ ਚਾਨਣ ਨੂੰ ਵਿਛਾ ਰਿਹਾ ਹੁੰਦਾ ।

ਬੇਗਾਨੇ ਪਰਛਾਵਿਆਂ ‘ਚੋਂ ਆਪਣੀ ਹੋਂਦ ਤੱਕਣਾ ਉਸਦੀ ਆਦਤ ਨਹੀਂ ਸੀ ।ਤੇ ਆਪਣੇ ਬੋਲਾਂ ਨੂੰ ਕਿਸੇ ਦੇ ਬੋਲਾਂ ਦਾ ਮਜਮਾਂ ਬਣਾਉਣ ਤੋਂ ਉਹ ਸਦਾ ਹੀ ਪਰਹੇਜ਼ ਕਰਦਾ ਆਇਆ ਸੀ ।

ਸ਼ਰਾਬੀ ਨਦੀਆਂ ਦੇ ਤਾਰੂਆਂ ਤੋਂ ਉਸਨੇ ਆਪਣੇ ਚੱਪੂਆਂ ਨੂੰ ਉਹਲੇ ਰੱਖਣ ਦੀ ਆਦਤ ਬਣਾ ਲਈ ਸੀ ।

ਬੜੀ ਹੀ ਗੰਭੀਰ ਮੁਦਰਾ ਨਾਲ ਉਸਦੀ ਆਪਣੀ ਬੀਨ ਦਾ ਸੰਗੀਤ ਉਸਦੇ ਆਪਣੇ ਅੰਦਰ ਕਿਰ ਰਿਹਾ ਸੀ।

----

ਇਹ ਸਾਰਾ ਕੁੱਝ ਸ਼ਰਬਤੀ ਕਰਕੇ ਹੀ ਸੀ ਕਿ ਉਸਦੇ ਨਿਹੋਰਿਆਂ ਭਰੇ ਬੋਲਾਂ ਨੇ ਸੁੱਖੀ ਨੂੰ ਆਪਣੇ ਸੂਰਜ ਦਾ ਚਿਹਰਾ ਸਿਰਜਣ ਲਈ ਤੋਰ ਦਿੱਤਾ ।

ਉਹ ਹਰ ਹਫਤੇ ਪਿੰਡ ਜਾਂਦਾ ।ਸ਼ਰਬਤੀ ਆਉਂਦੀ ਅਤੇ ਆਪਣੀਆਂ ਅੱਖਾਂ ਦੀ ਚੁੱਪ ਦਾ ਸ਼ੋਰ ਉਸਨੂੰ ਸੁਣਾਉਂਦੀ ਹੋਈ ਪਰਤ ਜਾਂਦੀ ।

ਮਾਂ ਦੱਸਦੀ ਸੀ ਕਿ ਉਸਦੀਆਂ ਭਰਜਾਈਆਂ ਹੁਣ ਸ਼ਰਬਤੀ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਪਈਆਂ ਹਨ।ਤੇ ਉਸਦੇ ਜਾਣ ਤੋਂ ਬਾਅਦ ਆਨੀਂ ਬਹਾਨੀਂ ਸੁਣਾਕੇ ਵੀ ਕਹਿੰਦੀਆਂ ਹਨ ।ਕਿ ਕੁੜੀ ਦੇ ਲੱਛਣ ਚੰਗੇ ਨਹੀਂ ।ਮਾਂ ਦੇ ਮੂੰਹੋਂ ਬੋਲ ਸੁਣਦਾ ਹੀ ਉਹ ਸਿੱਲ ਪੱਥਰ ਹੋ ਗਿਆ ਸੀ ।

----

ਮਾਂ –ਕਿ ਜਿਸਨੇ ਇਹੋ ਜਿਹਾ ਕੁੱਝ ਸੋਚਿਆ ਵੀ ਨਹੀਂ ਸੀ ਆਪਣੇ ਪੁੱਤ ਤੇ ਲੱਗੇ ਇਲਜ਼ਾਮ ਨੂੰ ਸਹਿ ਨਾ ਸਕੀ ।ਤੇ ਉਸਨੇ ਸੁੱਖੀ ਕੋਲ ਰੋ-ਰੋ ਕੇ ਉਹਨਾਂ ਦੀਆਂ ਗੱਲਾਂ ਦੱਸ ਦਿੱਤੀਆਂ ।

ਦੋਹਾਂ ਕਿਨਾਰਿਆਂ ਵਿਚਕਾਰਲੀ ਜ਼ਾਲਮ ਰੇਤ ਨੇ ਵੀ ਉਸ ਦਿਨ ਮਾਂ ਦੇ ਅੱਥਰੂਆਂ ਜਿੰਨਾਂ ਹੀ ਵਿਰਲਾਪ ਕੀਤਾ ਸੀ ।ਤੇ ਉਸ ਦਿਨ ਉੱਤਰਦੇ ਪਰਛਾਵਿਆਂ ਵਰਗੇ ਘਰ ਵਿੱਚ ਉਸਨੂੰ ਆਪਣਾ ਆਪ ਹਨੇਰੇ ‘ਚ ਖਲੋਤਾ ਪ੍ਰਤੀਤ ਹੋਇਆ ਸੀ ।

ਉਸਨੂੰ ਸਮਝ ਨਹੀਂ ਸੀ ਲੱਗੀ ।ਕਿ ਉਹਨਾਂ ਜਿਹੜਾ ਇੱਕ ਛੱਤ ਦਾ ਸੁਪਨਾ ਲਿਆ ਸੀ ਉਥੇ ਤਾਂ ਇਸ ਸਮਾਜ ਦੇ ਠੇਕੇਦਾਰਾਂ ਨੇ ਵਰਜਿਤ ਕੰਧਾਂ ਖੜ੍ਹੀਆਂ ਕਰ ਦਿੱਤੀਆਂ ਸਨ । ਫਿਰ ਵੀ ਉਹ ਸ਼ੱਕ ਦੀਆਂ ਪੌਣਾਂ ਮੈਲੀ ਜ਼ੁਬਾਨ ਨੂੰ ਕਿਉਂ ਕਰੋਦ ਰਹੀਆਂ ਸਨ ?

-‘ਮਾਂ –ਏਸ ਬਹਾਨੇ ਕਿਤੇ ਇਹ ਇਉਂ ਤਾਂ ਨਹੀਂ ਸੋਚਦੀਆਂ ਬਈ ਇਹ ਹਫਤੇ ਬਾਅਦ ਕਿਉਂ ਆ ਜਾਂਦੈ। ਜੇ ਇਹ ਗੱਲ ਐਂ ਤਾਂ ਮੈਂ ਆਉਣਾ ਈ ਬੰਦ ਕਰ ਦਿੰਨਾਂ।’

-‘ਲੈ ਇਹ ਕੌਣ ਹੁੰਦੀਆਂ ਨੇ ਰੋਕਣ ਆਲੀਆਂ ਤੂੰ ਆਵਦੇ ਘਰੇ ਆਉਂਨੈਂ ।’ ਮਾਂ ਦੇ ਬੋਲਾਂ ‘ਚ ਘੁਲਿਆ ਹਉਕਾ ਉਸਦਿਆਂ ਬੋਲਾਂ ਦੀ ਤਰਜ਼ਮਾਨੀ ਕਰ ਰਿਹਾ ਸੀ ।

ਦਫਤਰ ਦਿਆਂ ਕੰਮਾਂ ‘ਚ ਤੁਰਦਾ ਤੁਰਦਾ ਉਹ ਆਪਣੇ ਸਫਰ ਦੀਆਂ ਪੈੜਾਂ ਤੇ ਜ਼ਖਮ ਸਜਾਉਣ ਲੱਗ ਪਿਆ ।

ਇਹ ਵਰਜਿਤ ਵਰ੍ਹੇ ਸਨ ਤੇ ਉਹਨਾਂ ਵਰਜਿਤ ਵਰ੍ਹਿਆਂ ਦੇ ਧੂੰਏ ਨੇ ਉਸਨੂੰ ਅੱਥਰੂਆਂ ਦੀ ਸਲਤਨਤ ਬਖਸ਼ੀ ।ਸਾਜ਼ਾਂ ਦੀ ਗੱਲ ਤਾਂ ਉਹ ਕਰ ਸਕਦਾ ਸੀ ਪਰ ਸਾਜ਼ਿੰਦਾ ਨਹੀਂ ਸੀ ਬਣ ਸਕਦਾ ।

ਆਪਣੇ ਸੂਰਜ ਦੇ ਚਿਹਰੇ ਤੇ ਜਦ ਉਸ ਆਪਾਂ ਹੀ ਵਰਤਮਾਨ ਖੁਣਿਆ ਵੇਖਿਆ ।

ਤਾਂ ਉਸਨੂੰ ਪਹਿਲੀ ਬਾਰ ਮਹਿਸੂਸ ਹੋਇਆ ਸੀ ਕਿ ਆਪਣਾ ਸੂਰਜ ਅਜਨਬੀ ਕਦੋਂ ਹੁੰਦੈ ਤੇ ਬਰਫ ਕਦੋਂ ਬਣਦੈ ?

ਦਫਤਰ ਦਾ ਰੋਜ਼ਨਾਮਚਾ ਉਸਦੇ ਵਰਤਮਾਨ ਦਾ ਪਟਵਾਰੀ ਬਣਿਆ ਹੋਇਆ ਸੀ ਤੇ ਉਹ ਉਸ ਪਟਵਾਰੀ ਦੀਆਂ ਫਾਈਲਾਂ ਵਿੱਚ ਆਪਣੇ ਹੀ ਚਿਹਰੇ ਦਾ ਨਕਸ਼ਾ ਬਣਾਉਣ ਲਈ ਰੁੱਝ ਗਿਆ ।

*****************

ਸੱਤਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ।


Sunday, April 5, 2009

ਆਖ਼ਰੀ ਪਹਿਰ - ਕਾਂਡ - 6

ਕਾਲ਼ੀ ਰਾਤ ਆਪਣੇ ਸਫ਼ਰ ਨੂੰ ਮਿਣਦੀ ਤੁਰ ਰਹੀ ਸੀ ।

ਉਹ ਉਵੇਂ ਹੀ ਆਪਣੇ ਅੱਥਰੂ ਝਾੜਦਾ ਹੋਇਆ ਝੜ ਰਿਹਾ ਸੀ ।

ਦਾਰੂ ਅਜੇ ਬਹੁਤ ਪਈ ਸੀ ਉਸਨੇ ਪੈੱਗ ਬਣਾ ਕੇ ਪੀਤਾ ਅਤੇ ਸਿਗਰਟ ਸੁਲ਼ਗਾਕੇ ਫਿਰ ਤੋਂ ਰਜਾਈ ਵਿੱਚ ਦੁਬਕ ਗਿਆ ।

ਕਿਸੇ ਦੀ ਉਡੀਕ ਨਹੀਂ ਸੀ ਅੱਜ ਉਸਨੂੰ ।ਉਹ ਤਾਂ ਇਕੱਲਾ ਹੀ ਸਾਰੀ ਰਾਤ ਨਾਲ਼ ਗੁਫ਼ਤਗੂ ਕਰਨਾ ਚਾਹੁੰਦਾ ਸੀ ।

ਰਾਤ ਕਾਲ਼ੀ ਸੀ ਪਰ ਕਮਰੇ ਅੰਦਰ ਚਾਨਣ ਸੀ ।ਤੇ ਉਸਨੂੰ ਚਾਨਣ ਵੀ ਰਾਤ ਦਾ ਇੱਕ ਹਿੱਸਾ ਜਾਪਿਆ ।

ਤੁਰਦੀ ਰਾਤ ਵਿੱਚ ਚਾਨਣ ਖ਼ਾਮੋਸ਼ ਖੜ੍ਹਾ ਸੀ ।

ਤਲੀ ਤੇ ਡਿੱਗੇ ਅੱਥਰੂਆਂ ਚੋਂ ਉਸ ਆਪਣਾ ਹੀ ਚਿਹਰਾ ਤੱਕਣਾ ਚਾਹਿਆ ।ਪਰ ਉਸਨੂੰ ਰੇਤ ਹੀ ਰੇਤ ਦਿਖਾਈ ਦਿੱਤੀ ।ਇੱਕ ਰੇਗਿਸਤਾਨ ਚਾਰੇ ਪਾਸੇ ਫੈਲਿਆ ਹੋਇਆ ਸੀ ।

ਤੇ ਉਹ ਇਸ ਰੇਗਿਸਤਾਨ ‘ਚ ਆਪਣੀਆਂ ਪਿਘਲੀਆਂ ਪੈੜਾਂ ਨੂੰ ਇਕੱਤਰ ਕਰਨ ਦੇ ਯਤਨ ਵਿੱਚ ਵਗਦੀ ‘ਵਾ ਦਾ ਚਿਹਰਾ ਪਲੋਸ ਰਿਹਾ ਸੀ ।

----

ਉਹ ਉਠ ਕੇ ਬੈਠਾ ਹੋਇਆ ਹੋਰ ਸਿਗਰਟ ਸੁਲਘਾਈ ਅਤੇ ਫਿਰ ਕੌਲ਼ੇ ਨਾਲ ਢੋਅ ਲਾਈ ਉਵੇਂ ਹੀ ਬੈਠਾ ਰਿਹਾ ।

ਆਪਣੇ ਕਮਰੇ ਦੇ ਜਿਸਮ ਦੀ ਮੀਨਾਕਾਰੀ ਤੱਕ ਕੇ ਉਸਦੀ ਹਾਸੀ ਨਿੱਕਲ ਗਈ।

ਤਿੰਨ ਮੰਜੇ ਤੇ ਮੰਜਿਆਂ ਦੇ ਵਿਚਕਾਰ ਖੜ੍ਹਾ ਮੋਟਰ ਸਾਈਕਲ । ਕਿਸੇ ਪਾਸੇ ਵੀ ਤੁਰਨ ਨੂੰ ਥਾਂ ਨਹੀਂ ਸੀ ਮੰਜਿਆਂ ਹੇਠ ਖਾਲੀ ਬੋਤਲਾਂ ਦੇ ਢੇਰ ਲੱਗੇ ਹੋਏ ਸਨ।ਤੇ ਮੰਜਿਆਂ ਤੋਂ ਬਾਹਰ ਸਿਗਰਟਾਂ ਦੀਆਂ ਖਾਲੀ ਡੱਬੀਆਂ ਦਾ ਤਮਾਸ਼ਾ ਸੀ ।ਕੋਈ ਪਤਾ ਨਹੀਂ ਸੀ ਕਿ ਮੈਲ਼ੇ ਕੱਪੜੇ ਕਿੱਥੇ ਹਨ ਅਤੇ ਧੋਤੇ ਹੋਏ ਕਿੱਥੇ ।ਗਰਮੀਆਂ ‘ਚ ਜਿਹੜਾ ਕੋਰਾ ਘੜਾ ਉਸ ਠੰਡੇ ਪਾਣੀ ਲਈ ਲਿਆ ਕੇ ਰੱਖਿਆ ਸੀ ।ਉਹ ਹੁਣ ਉਸੇ ਹੀ ਥਲ ਚੋਂ ਗੁਜ਼ਰ ਰਿਹਾ ਸੀ ਜਿਸ ਥਲ ਨੇ ਉਸਨੂੰ ਜਨਮ ਦਿੱਤਾ ਸੀ ।ਮਣ ਮਣ ਰੇਤ ਉਸ ਦੁਆਲੇ ਚਿਪਕਿਆ ਹੋਇਆ ਸੀ ਤੇ ਵਿੱਚ ਟੁੱਟੀ ਹੋਈ ਜੁੱਤੀ ਸੁੱਟੀ ਹੋਈ ਸੀ ।

ਉਸਦੀਆਂ ਕਿਤਾਬਾਂ ਮੰਜੇ ਤੇ ਖਿਲਰੀਆਂ ਹੋਈਆਂ ਉਸਦੇ ਹਉਕੇ ਤੱਕਦੀਆ ਖ਼ਾਮੋਸ਼ ਸਨ ।ਕੋਈ ਸਮਾਂ ਸੀ ਜਦੋਂ ਸੁੱਖੀ ਉਹਨਾਂ ਨੂੰ ਆਪਣੀ ਹਿੱਕ ਤੋਂ ਪਰ੍ਹਾਂ ਨਹੀਂ ਸੀ ਕਰਦਾ । ਸਵੇਰੇ ਉੱਠਕੇ ਧੂਫ਼ ਦਿੰਦਾ ਸੀ ।ਸਾਰੀਆਂ ਕਿਤਾਬਾਂ ਝਾੜਦਾ ਸੀ ਅਤੇ ਫਿਰ ਤਿਆਰ ਹੋ ਕੇ ਦਫਤਰ ਜਾਣ ਲੱਗਿਆ ਕਿਸੇ ਇੱਕ ਕਿਤਾਬ ਨੂੰ ਨਾਲ ਲੈ ਜਾਂਦਾ ਸੀ ਅਤੇ ਉਥੇ ਵਿਹਲੇ ਵੇਲੇ ਪੜ੍ਹਦਾ ਰਹਿੰਦਾ ਸੀ ।

----

ਪਰ ਹੁਣ ਸੀ ਕਿ ਉਸਨੂੰ ਇਹਨਾਂ ਆਪਣੀਆਂ ਕਿਤਾਬਾਂ ਦਾ ਕਦੀ ਚਿਹਰਾ ਤੱਕਣਾ ਨਸੀਬ ਨਹੀਂ ਸੀ ਹੋਇਆ ।

ਹੁਣ ਤਾਂ ਉਸਦੇ ਆਪਣੇ ਮਨ ‘ਚ ਖਿੜੇ ਸਾਰੇ ਗੁਲਾਬ ਰੇਤ ਨੇ ਢੱਕ ਲਏ ਸਨ।ਤੇ ਉਹ ਬੁੱਤ ਬਣਿਆ ਇਸ ਅੰਦਰ ਭਰਦੀ ਜਾਂਦੀ ਰੇਤ ਨੂੰ ਤੱਕ ਰਿਹਾ ਸੀ ।

ਅੱਜ ਦੀ ਰਾਤ ਤੁਰ ਰਹੀ ਸੀ ਅਤੇ ਚਾਨਣ ਉਸ ਕੋਲ ਖਲੋਤਾ ਸੀ ।ਹੁਣ ਉਹ ਇਸ ਰਾਤ ਨੂੰ ਮਹਿਬੂਬ ਕਹੇ ਜਾਂ ਦੁਸ਼ਮਣ ? ਉਸਦੀ ਸਮਝ ਤੋਂ ਬਾਹਰ ਸੀ ।

ਸ਼ਰਬਤੀ ਤਾਂ ਨਦੀ ਬਣੀ ਉਸ ਵੱਲ ਵਧਦੀ ਰਹੀ ਸੀ ।ਪਰ ਉਹ ਉਸਨੂੰ ਕਲਾਵੇ ‘ਚ ਸਮੋਣ ਦੀ ਤਾਂ ਪਤਾ ਨਹੀਂ ਕਿਉਂ ਦੂਰ ਦੂਰ ਹੱਟਦਾ ਰਿਹਾ ਸੀ ।

ਇਸ ਬਿਗਾਨੇ ਸ਼ਹਿਰ ‘ਚ ਜੇ ਕੋਈ ਉਸਦਾ ਆਪਣਾ ਸੀ ਤਾਂ ਹਉਕੇ ਹਨ ।ਬਾਕੀ ਸਭ ਉਸ ਲਈ ਅਜਨਬੀ ਸੀ ।

ਬੀਤੇ ਦੇ ਬੰਜਰ ਬੋਲਾਂ ਨੂੰ ਯਾਦ ਕਰਦਾ ਉਹ ਤਲਖ਼ ਹੋ ਗਿਆ ।

ਸ਼ਰਬਤੀ ਦੀ ਧੁੱਪ ਨੇ ਤਾਂ ਉਸ ਕੋਲ ਨਿਲਾਮ ਹੋਣ ਲਈ ਕੋਈ ਕਸਰ ਨਹੀਂ ਸੀ ਛੱਡੀ ਪਰ ਉਹ ਫਿਰ ਵੀ ਆਪਣੇ ਵਿਹੜੇ ਦੀ ਛਾਂ ‘ਚੋਂ ਬਾਹਰ ਨਹੀਂ ਸੀ ਆ ਸਕਿਆ ।

-----

ਖੁੱਲੀਆਂ ਅੱਖਾਂ ਸਾਹਵੇ ਸਿਰਫ ਕਮਰੇ ਦਾ ਖਿਲਾਅ ਸੀ ਤੇ ਉਹ ਉਸ ਖਿਲ਼ਾਅ ਤੇ ਆਪਣੀਆਂ ਅੱਖਾਂ ਨੂੰ ਤੋਰੀ ਜਾ ਰਿਹਾ ਸੀ ।

ਮੁਹੱਬਤ ਮਨ ਤੇ ਸ਼ਹਿਤੂਤ ਬਣਕੇ ਫੈਲੀ ਤਾਂ ਸੀ ਪਰ ਉਹ ਛਾਂ ਨਾ ਲੈ ਸਕਿਆ ।

ਆਪਣੇ ਰੇਗਿਸਤਾਨ ਦੀ ਕਿਸਮਤ ਤਾਂ ਉਸਨੇ ਆਪ ਲਿਖੀ ਸੀ ਫਿਰ ਆਪਣੇ ਚਿਹਰੇ ਨੂੰ ਇਹਨਾਂ ਵਰੋਲਿਆ ਤੋਂ ਬਚਣ ਲਈ ਇਹ ਜੱਦੋ-ਜਹਿਦ ਕਿਉਂ ?

ਮਨ ਦੇ ਪਾਣੀ ਦੇ ਰਾਹ ਹਉਕੇ ਅੱਥਰੂ ਬਣ ਕੇ ਕਿਰ ਰਹੇ ਸਨ ।ਤੇ ਉਹ ਆਪਣੀ ਗਿੱਲੀ ਚੁੱਪ ਦੇ ਵਿਰਲਾਪ ਨੂੰ ਬੁੱਲ੍ਹਾਂ ‘ਤੇ ਹੱਥ ਰੱਖਕੇ ਸਮੇਟ ਰਿਹਾ ਸੀ ।

ਜਿੰਨਾਂ ਕੁੱਝ ਉਸ ਕੋਲ਼ ਨਹੀਂ ਸੀ ਉਹ ਉਸਤੋਂ ਬਹੁਤਾ ਕੁੱਝ ਗੁਆ ਚੁੱਕਿਆ ਸੀ ਤੇ ਜਿੰਨਾਂ ਕੁੱਝ ਉਸ ਕੋਲ਼ ਸੀ ਉਸਦੀ ਰਾਖ ਉਹ ਆਪਣੀ ਹੀ ਰੂਹ ਤੇ ਛਿੜਕੀ ਫਿਰਦਾ ਸੀ ।

ਸਮਸ਼ਾਨ ਦਾ ਜੰਡ ਹੁਣ ਇਕੱਲਾ ਸੀ।

ਤੇ -----ਉਸ ਕੋਲ਼ ਬਲ਼ਦੇ ਅਤੀਤ ਦੇ ਸਿਵੇ ਬਹੁਤ ਸਾਰੇ ਸਨ ।

ਦਾਰੂ ਦਾ ਪੈੱਗ ਪੀ ਕੇ ਉਹ ਫਿਰ ਰਜਾਈ ਵਿੱਚ ਦੁਬਕ ਕੇ ਆਪਣੇ ਮਾਰੂਥਲ ਦੇ ਸਾਹਾਂ ਨੂੰ ਗਿਣਨ ਲੱਗ ਪਿਆ ।

****************

ਛੇਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ!