Sunday, May 17, 2009

ਦਰਵੇਸ਼ - ਨਾਵਲ ‘ਆਖ਼ਰੀ ਪਹਿਰ’ ਦੇ ਪਾਠਕਾਂ ਦੇ ਨਾਮ ਖ਼ਤ

ਮੇਰਾ ਇਹ ਛੋਟਾ ਜਿਹਾ ਨਾਵਲ ਜਿਸ ਰੂਹਦਾਰ ਆਤਮਾ ਨੂੰ ਸਮਰਪਿਤ ਹੈ....ਉਸਨੂੰ ਮਿੱਤਰਾਂ ਦੇ ਹਾਸਿਆਂ ਵਿਚ ਬਿਰਖ ਬਲਬੀਰ ਦੇ ਨਾਮ ਨਾਲ਼ ਜਾਣਿਆ ਜਾਂਦਾ ਸੀ....ਅਤੇ ਦੋਸਤ ਕੁੜੀਆਂ ਵਿਚ ਉਹ ਸਿਰਫ਼ ਬਲ, ਬਲਬੀਰ, ਸ਼ੈਦਾਈ ਕਰਕੇ ਹੀ ਚੇਤਿਆਂ ਵਿਚ ਰਹਿੰਦਾ ਸੀ। ਕਾਗ਼ਜ਼ਾਂ ਵਿਚ ਉਹ ਜਿਸ ਪਿੰਡ ਦੇ ਹਨੇਰੇ ਵਿਚ ਪੈਦਾ ਹੋਇਆ ਸੀ...ਮਾਂ ਮੁਤਾਬਕ...ਉਹ ਜਿਸ ਦਿਨ ਪਿੰਡੋਂ ਗਿਆ...ਉਸਤੋਂ ਬਾਅਦ ਉਹ ਆਪਣੇ ਪਿੰਡ ਨੂੰ ਜਾਣ ਵਾਲ਼ੇ ਰਸਤਿਆਂ ਦੀ ਪਹਿਚਾਣ ਭੁੱਲ ਗਿਆ ਸੀ!

---

ਬਿਰਖ ਨੇ ਸਾਰੀ ਉਮਰ ਇੱਕ ਡਾਇਰੀ ਦੀ ਸ਼ਹਿਨਸ਼ਾਹੀ ਹੀ ਭੋਗੀ ਹੈ....ਉਹ ਡਾਇਰੀ ਜਿਹੜੀ ਉਸਦੇ ਹੱਥਾਂ ਵਿਚ ਹੀ ਖੁੱਲ੍ਹੀ ਅਤੇ ਉਸਦੇ ਹੱਥਾਂ ਵਿਚ ਹੀ ਬੰਦ ਹੋ ਗਈ....ਉਹ ਬਲਬੀਰ.... ਜਿਸਨੇ ਜ਼ਿੰਦਗੀ ਨੂੰ ਹਮੇਸ਼ਾ ਆਪਣੀਆਂ ਬੰਦ ਅੱਖਾਂ ਨਾਲ਼ ਹੱਸਦੇ ਹੋਏ ਵੇਖਿਆ ਸੀ...ਅਤੇ ਉਸਦੀਆਂ ਖੁੱਲ੍ਹੀਆਂ ਅੱਖਾਂ ਦੂਰ ਤੱਕ ਕਿਸੇ ਸੁੰਨੇ ਰਾਹ ਉੱਪਰ ਦੋ ਪੈੜਾਂ ਨੂੰ ਪਰਤਦਿਆਂ ਵੇਖਣ ਦੀ ਖ਼ਾਤਿਰ .....ਉਹਨਾਂ ਰਾਹਾਂ ਦੀ ਮਿੱਟੀ ਵਿਚ ਹੀ ਦਫ਼ਨ ਹੋ ਗਈਆਂ.....ਅਤੇ ਅੱਜ....ਮੈਂ ਆਪਣੀਆਂ ਡੁੱਲ੍ਹਦੀਆਂ ਅੱਖਾਂ ਨਾਲ਼ ਉਹਨਾਂ ਅੱਖਾਂ ਨੂੰ ਧੋਣ ਅਤੇ ਸੁਲਾਉਂਣ ਦੀ ਕੋਸ਼ਿਸ਼ ਕੀਤੀ ਹੈ!

---

ਵੋਹ ਮਹਿਕੀ ਪਲਕੋਂ ਕੀ ਓਟ ਸੇ, ਕੋਈ ਤਾਰਾ ਚਮਕਾ ਥਾ ਰਾਤ ਮੇਂ।

ਮੇਰੀ ਬੰਦ ਮੁੱਠੀ ਨਾ ਖੋਲ੍ਹੀਏ ਵੋਹੀ ਕੋਹਿਨੂਰ ਹੈ ਹਾਥ ਮੇਂ।

..........

ਤੇਰੇ ਸਾਥ ਬਹੁਤ ਸੇ ਦਿਨ ਤੋ ਪਲਕ ਝਪਕਤੇ ਹੀ ਗੁਜ਼ਰ ਗਏ,

ਹੁਈ ਸ਼ਾਮ ਖੇਲ ਹੀ ਖੇਲ ਮੇਂ, ਗਈ ਰਾਤ ਬਾਤ ਹੀ ਬਾਤ ਮੇਂ।

ਦਰਵੇਸ਼

ਮਈ 17, 2009
Sunday, May 10, 2009

ਆਖ਼ਰੀ ਪਹਿਰ – ਕਾਂਡ – 11 (ਆਖ਼ਰੀ)

ਆਖ਼ਰੀ ਪਹਿਰ ਤੱਕ ਉਸਨੇ ਬੀਤੇ ਵਰ੍ਹਿਆਂ ਦੇ ਜਾਲਿਆਂ ਨੂੰ ਵਰਤਮਾਨ ਦੀ ਰੇਤ ਤੇ ਵਿਛਾ ਦਿੱਤਾ

ਵਰਤਮਾਨ ਦੀ ਰੇਤ ਬਹੁਤ ਤਪਦੀ ਸੀ ਪਰ ਏਨੀ ਤਪਦੀ ਨਹੀਂ ਸੀ ਕਿ ਬੀਤੇ ਦੇ ਨਕਸ਼ ਮਿਟਾ ਦਿੰਦੀ

ਇਹਨਾਂ ਡਿੱਗੇ ਪਏ ਜਾਲਿਆਂ ਵੱਲ ਤੱਕ ਕੇ ਉਹ ਬਹੁਤ ਉਦਾਸ ਹੋ ਗਿਆਕਿਹੋ ਜਿਹੇ ਲਵਾਰਸ ਪਲਾਂ ਚੋਂ ਗੁਜ਼ਰੇ ਸਨ ਉਹ

ਮੰਜੇ ਤੇ ਲੰਮਾ ਪਿਆ ਉਹ ਇੱਕ ਟੱਕ ਛੱਤ ਵੱਲ ਹੀ ਤੱਕ ਰਿਹਾ ਸੀ

----

ਇਸੇ ਕੜੀਆਂ ਬਾਲਿਆਂ ਦੀ ਛੱਤ ਦਾ ਹੀ ਤਾਂ ਸਾਰਾ ਰੌਲਾ ਸੀ ਬਚਪਨ ਤੋਂ ਹੀ ਇਹ ਛੱਤ ਉਸਦੇ ਮਗਰ ਪਈ ਹੋਈ ਸੀ

ਬਚਪਨ ਤੋਂ ਹੀ ਉਹ ਇਹਨਾਂ ਕੰਧਾਂ ਤੇ ਹੱਸਦਾ ਆਇਆ ਸੀ

ਤੇ ਅੱਜ ਉਸਨੇ ਆਪਣੇ ਵਰਤਮਾਨ ਦੀਆਂ ਤਲੀਆਂ ਤੇ ਭਵਿੱਖ ਦੀ ਇੱਕ ਲੀਕ ਵੀ ਵਾਹੁਣੀ ਸੀ ਦਰਿਆ ਵਰਗੀ ਲੀਕ ਇੱਕ ਟੁੱਟੇ ਤਾਰੇ ਦੀ ਲੀਕ ਵਰਗੀ ਲੀਕ

ਦਾਰੂ ਦਾ ਆਖਰੀ ਪੈੱਗ ਖ਼ਤਮ ਹੋ ਚੁੱਕਾ ਸੀ ਤੇ ਉਸਦੇ ਹੱਥ ਵਿੱਚੋਂ ਬੱਸ ਸਿਗਰਟ ਹੀ ਬਾਕੀ ਸੀ ਜਿਸ ਨਾਲੋਂ ਉਹ ਸਾਰੀ ਰਾਤ ਵਰ੍ਹਿਆਂ ਦੀ ਰਾਖ ਝਾੜਦਾ ਰਿਹਾ ਸੀ

----

ਸਾਰੀ ਰਾਤ ਸਰਾਪ ਬਣਕੇ ਉਸਦੇ ਦੁਆਲੇ ਚਿੰਬੜੀ ਰਹੀ ਸੀ ਤੇ ਉਹ ਇਸ ਸਰਾਪ ਦੀ ਪੈੜ ਬਣਿਆ ਆਪਣੇ ਹੀ ਜਿਸਮ ਦੇ ਸੇਕ ਨੂੰ ਮਿਣਦਾ ਰਿਹਾ ਸੀ

ਸਾਰੀ ਜਲੀ ਸਿਗਰਟ ਦਾ ਸੇਕ ਜਦ ਉਸਦੇ ਪੋਟੇ ਨੂੰ ਛੂਹਿਆ ਤਾਂ ਉਸਨੇ ਸਿਗਰਟ ਹੇਠਾਂ ਸੁੱਟ ਦਿੱਤੀ ਅਤੇ ਪੈੱਨ ਤੇ ਕਾਗਜ਼ ਲੈ ਕੇ ਬੈਠਾ ਗਿਆ

ਅੱਜ ਉਸਨੇ ਮਾਂ ਨੂੰ ਇੱਕ ਖ਼ਤ ਲਿਖਣਾ ਸੀ

ਆਪਣੇ ਚਿਹਰੇ ਤੇ ਜੰਮੀਆਂ ਉਦਾਸੀਆਂ ਦਾ ਇੱਕ ਨਕਸ਼ਾ ਭੇਜਣਾ ਸੀ

ਆਪਣੀਆਂ ਤਲੀਆਂ ਚ ਉੱਗੇ ਜ਼ਖਮ ਦੀ ਆਤਮ ਕਥਾ ਲਿਖਣੀ ਸੀ

ਆਪਣੇ ਸਿਲਾਬੇ ਹਾਸਿਆਂ ਦਾ ਹਿਸਾਬ ਕਿਤਾਬ ਕਰਨਾ ਸੀ

----

ਮਹੀਨਾਂ ਪਹਿਲਾਂ ਵੀ ਇਹੋ ਜਿਹੀ ਇੱਕ ਰਾਤ ਇਸ ਕਮਰੇ ਤੇ ਬੀਤੀ ਸੀ ਉਸ ਰਾਤ ਵੀ ਉਹ ਆਪਣੇ ਕਮਰੇ ਦੇ ਕਲਾਵੇ ਚ ਸਿਮਟਿਆ ਸੀ

ਤੇ ਮਹੀਨੇ ਬਾਅਦ ਅੱਜ ਸੀ ਕਿ ਉਹ ਮਾਂ ਨੂੰ ਆਪਣੀ ਉਮਰ ਦਾ ਹੀ ਇੱਕ ਖ਼ਤ ਲਿਖ ਰਿਹਾ ਸੀ

ਇਹ ਕਿਹੋ ਜਿਹੀ ਉਮਰ ਸੀ ਜੋ ਉਸਨੂੰ ਸਿਉਂਕ ਵਾਂਗ ਲੱਗੀ ਹੋਈ ਸੀ

ਇਹ ਕਿਹੋ ਜਿਹੀ ਉਮਰ ਸੀ ਜੋ ਉਸਦੀ ਰੋਜ਼ ਦੀ ਮਹਿਬੂਬ ਸੀ

ਉਹ ਸੋਚ ਰਿਹਾ ਸੀ

ਆਪਣੇ ਆਪ ਵਿੱਚ ਨਿਰ ਉੱਤਰ ਸੀ ਉਦਾਸ ਸੀ

----

ਮਾਂ ਜਦ ਖ਼ਤ ਪੜ੍ਹੇਗੀ ਪਤਾ ਨਹੀਂ ਉਸਦੇ ਵਰਤਮਾਨ ਤੇ ਕਿਹੋ ਜਿਹੀ ਬੀਤੇਗੀ ਉਦੋਂ ਤਾਂ ਉਹ ਮਾਂ ਦੀ ਭਰਾਵਾਂ ਦੀ ਹਰ ਗੱਲ ਨੂੰ ਇਨਕਾਰਦਾ ਰਿਹਾ ਸੀ ਜਦੋਂ ਉਹ ਤਰ੍ਹਾਂ ਤਰ੍ਹਾਂ ਦੇ ਵਧੀਆ ਘਰਾਂ ਦੇ ਰਿਸ਼ਤਿਆਂ ਬਾਰੇ ਉਸਨੂੰ ਦੱਸ ਪਾਉਂਦੇ ਹੁੰਦੇ ਸਨਸਾਰੇ ਆਖਦੇ ਸਨ ਮੁੰਡੇ ਦਾ ਨਖਰਾ ਵੱਡਾ ਹੈ, ਤਾਂ ਹੀ ਤਾਂ ਕੋਈ ਰਿਸ਼ਤਾ ਉਸਦੀ ਨੱਕ ਹੇਠ ਨੀਂ ਆਉਂਦਾ ਮਾਂ ਉਸ ਨਾਲ ਲੜ ਵੀ ਪੈਂਦੀ

ਭਰਾ ਤਾਂ ਆਖ ਆਖ ਥੱਕ ਗਏਪਰ ਮਾਂ ਸੀ ਕਿ ਉਹ ਕਿੱਥੇ ਥੱਕਦੀ ਉਸਦਾ ਤਾਂ ਪੁੱਤ ਸੀ ਉਹ ਤਾਂ ਹੋਰਾਂ ਪੁੱਤਰਾਂ ਵਾਂਗ ਆਪਣੇ ਇਸ ਪੁੱਤਰ ਦਾ ਵੀ ਘਰ ਵਸਿਆ ਵੇਖਣਾ ਚਾਹੁੰਦੀ ਸੀ ਆਪਣੇ ਇਸ ਪੁੱਤਰ ਦੇ ਘਰ ਵੀ ਪੋਤਰੇ ਖੇਡਦੇ ਵੇਖਣਾ ਚਾਹੁੰਦੀ ਸੀ ਪਰ ਇੱਕ ਉਹ ਸੀ ਜਿਸ ਹਰ ਰੋਜ਼ ਦੀ ਜਊਂ ਜਊਂ ਮੁਕਾਉਣ ਲਈ ਇੱਕ ਦਿਨ ਮਾਂ ਨੂੰ ਕਹਿ ਹੀ ਦਿੱਤਾ ਸੀ ‘-ਮਾਂ ਕਿਉਂ ਮੇਰੇ ਨਾਲ ਮੱਥਾ ਮਾਰਦੀ ਐਂ , ਮੈਂ ਜਦੋਂ ਵਿਆਹ ਈ ਨੀ ਕਰਾਉਣਾਤੇ ਉਹ ਮਾਂ ਦੇ ਅੱਗ ਦੇ ਅੱਥਰੂ ਵੇਖੇ ਬਿਨਾਂ ਹੀ ਸ਼ਹਿਰ ਪਰਤ ਆਇਆ ਸੀ

----

ਫਿਰ ਕਿੰਨੀ ਹੀ ਦੇਰ ਘਰ ਵਿੱਚ ਖ਼ਾਮੋਸ਼ੀ ਦੀ ਸਲਤਨਤ ਰਹੀ ਸੀ ਪਰ ਮਾਂ ਸੀ , ਉਹ ਆਪਣੇਂ ਬੈਠੇ ਬੈਠੇ ਆਪਣੇ ਪੁੱਤ ਨੂੰ ਕੁਆਰਾ ਬੈਠਾ ਕਿਵੇਂ ਦੇਖਦੀ

-ਊਂ ਯਾਰ ਉਹ ਵਿਆਹ ਕਰਾਉਂਦਾ ਕਿਉਂ ਨੀਂ ?’

-ਉਇ ਉਹਦੇ ਚ ਊਈਂ ਤੰਤ ਨੀਂ ਹੈਗਾਪਿੰਡ ਦਿਆਂ ਖੁੰਢਾਂ ਉੱਤੇ ਉਸ ਬਾਰੇ ਹੋਈਆਂ ਇਹ ਗੱਲਾਂ ਉਸਨੇ ਵੀ ਸੁਣੀਆਂ ਸਨਭਰਾਵਾਂ ਨੇ ਵੀ ਅਤੇ ਮਾਂ ਨੇ ਵੀ ,ਪਰ ਉਹ ਫਿਰ ਵੀ ਚੁੱਪ ਸੀ

ਤੇ ਹੁਣ ਉਸ ਵਿੱਚ ਅਚਾਨਕ ਹੀ ਇਹ ਤਬਦੀਲੀ ਆਈ ਸੀ

ਮਾਂ ਦੇ ਜਿਗਰ ਦੀ ਸੱਟ ਨੂੰ ਉਹ ਏਥੇ ਬੈਠਾ ਕਿਵੇਂ ਮਹਿਸੂਸ ਕਰਦਾ

ਉਹ ਦੁਬਿਧਾ ਵਿੱਚ ਸੀ

ਉਹ ਕੱਲ੍ਹ ਨੂੰ ਵਿਆਹ ਕਰਵਾਉਣ ਜਾ ਰਿਹਾ ਸੀ

----

ਮਹੀਨਾਂ ਪਹਿਲਾਂ ਉਸਨੇ ਵਕੀਲ ਨਾਲ ਸਾਰੀ ਗੱਲਬਾਤ ਮੁਕਾ ਲਈ ਸੀਤੇ ਕੱਲ੍ਹ ਨੂੰ ਅਦਾਲਤ ਨੇ ਇਹ ਸਾਰਾ ਫੈਸਲਾ ਕਰਨਾਂ ਸੀ

ਕੱਲ੍ਹ ਨੂੰ ਉਸਦਾ ਸ਼ਗਨਾਂ ਦਾ ਦਿਨ ਸੀਕੱਲ੍ਹ ਨੂੰ ਹੀ ਨਹੀਂ ਉਹ ਹੋਰ ਦੋ-ਚਹੁੰ ਘੰਟਿਆਂ ਤੱਕ ਅਗਲੀ ਪੌੜੀ ਉੱਪਰ ਪੈਰ ਧਰਨ ਜਾ ਰਿਹਾ ਸੀ

ਤੇ ਹੁਣ ਉਹ ਤਿਲ ਤਿਲ ਕਰਕੇ ਭੁਰ ਰਿਹਾ ਸੀ ਆਪਣੇ ਝੜ ਰਹੇ ਖੂਨ ਦਾ ਤੁਪਕਾ ਤੁਪਕਾ ਵੇਖ ਰਿਹਾ ਸੀ

ਖਤ ਸ਼ੁਰੂ ਕਰਨ ਤੋਂ ਪਹਿਲਾਂ ਉਸਦਾ ਮਨ ਕੀਤਾ ਕਿ ਉਹ ਸਵੇਰੇ ਲਾਲੀ ਨੂੰ ਕਹਿ ਦੇਵੇਗਾ. . ਨਹੀਂ ਲਾਲੀ , ਮੈਂ ਤੇਰੇ ਨਾਲ. . . ਨਹੀਂ ਸੋਚਦਿਆਂ ਹੀ ਉਸਦੀਆਂ ਅੱਖਾਂ ਭਰ ਆਈਆਂ

----

ਤੇ ਦੂਜੇ ਪਾਸੇ ਮਾਂ ਸੀਜਿਸਨੇ ਸੁੱਖਾਂ ਸੁਖੀਆਂ ਸਨ ਆਹ ਦਿਨ ਵੇਖਣ ਲਈਪਰ ਇਸੇ ਦਿਨ ਹੀ ਮਾਂ ਦੀ ਗੈਰਹਾਜ਼ਰੀ..ਇਹ ਵੀ ਅਜੀਬ ਹੀ ਦਸ਼ਾ ਸੀ ਉਸਦੀਉਂਝ ਵੀ ਲਾਲੀ ਨਾਲ ਜ਼ਿੰਦਗੀ ਤਾਂ ਉਸ ਨੇ ਹੀ ਬਿਤਾਉਣੀਂ ਹੈ ਮਾਂ ਨੇ ਨਹੀਂ।. . .ਫੇਰ ਉਹ ਸੋਚਦਾ ਉਹ ਵੀ ਤਾਂ ਮਾਂ ਹੈ ਜਿਸ ਸਾਹਮਣੇਂ ਹੁਣ ਤੱਕ ਉਹ ਮਨਆਈਆਂ ਕਰਦਾ ਰਿਹੈ

ਓ ਡਾਢਿਆ ਰੱਬਾ! ਮੈਂ ਕਿਹੋ ਜਿਹੇ ਇਮਤਿਹਾਨ ਵਿੱਚ ਬੈਠ ਗਿਆ ਹਾਂ ?

ਉਸ ਨੇ ਮੂੰਹ ਉੱਪਰ ਰਜਾਈ ਲਈ ਅਤੇ ਫੇਰ ਥੋੜ੍ਹੀ ਦੇਰ ਬਾਦ ਇੱਕੋ ਝਟਕੇ ਨਾਲ ਉੱਠਿਆ ਅਤੇ ਪਹਿਲਾਂ ਵਾਂਗ ਹੀ ਕਾਗਜ਼ ਪੈੱਨ ਲੈਕੇ ਬੈਠ ਗਿਆ

............................

ਮਾਂ,

ਅੱਜ ਮੈਂ ਤੁਹਾਡੀ ਉਸੇ ਗੱਲ ਨੂੰ ਪਾਣੀ ਦੇਕੇ ਹਰਾ ਕਰਨ ਜਾ ਰਿਹਾ ਹਾਂਪਿਛਲੇ ਪਹਿਰ ਤੱਕ ਇਹੋ ਸੋਚਦਾ ਰਿਹਾਂ ਕਿ ਤੈਨੂੰ ਖ਼ਤ ਲਿਖਾਂ ਜਾਂ ਨਾ ?ਹਾਂ ਮਾਂ! ਮੈਂ ਮਜ਼ਬੂਰ ਹਾਂਜਿਹੋ ਜਿਹੀਆਂ ਕੁੜੀਆਂ ਦੇ ਰਿਸ਼ਤਿਆਂ ਦੀ ਗੱਲ ਤੁਸੀਂ ਕਰਦੇ ਸੀ, ਇਹ ਵੀ ਉਹੋ ਜਿਹੀ ਹੀ ਸੋਹਣੀ ਕੁੜੀ ਹੈਤੇ ਇਸ ਨਾਲ ਮੈਂ ਕੱਲ੍ਹ ਨੂੰ ਇੱਕ ਘਰ ਵਸਾਉਣ ਜਾ ਰਿਹਾ ਹਾਂਕਿੰਨਾਂ ਚੰਗਾ ਹੁੰਦਾ ਜੇ ਕੱਲ੍ਹ ਨੂੰ ਤੂੰ ਮੇਰੇ ਕੋਲ ਹੁੰਦੀ, ਪਰ ਤੂੰ ਵੀ ਮਜ਼ਬੂਰ ਹੈਂ. . ਸੋ ਆਪਣੇ ਪੁੱਤ ਨੂੰ ਮੁਆਫ ਕਰ ਦੇਈਂ ਮਾਂ

ਤੇਰਾ ਪੁੱਤ

ਸੁੱਖੀ

ਜਿੰਨਾਂ ਲੰਬਾ ਉਹ ਸੋਚਦਾ ਸੀ ਉਸਤੋਂ ਓਨਾਂ ਲੰਬਾ ਖ਼ਤ ਨਾ ਲਿਖਿਆ ਗਿਆ ਤੇ ਉਸਨੇ ਕਾਹਲੀ ਕਾਹਲੀ ਉਹ ਖ਼ਤ ਲਿਫ਼ਾਫ਼ੇ ਵਿੱਚ ਬੰਦ ਕਰਕੇ ਕੋਲ ਪਈ ਕੁਰਸੀ ਉੱਪਰ ਰੱਖ ਦਿੱਤਾਅਤੇ ਲਾਈਟ ਆੱਫ ਕਰਕੇ ਰਜਾਈ ਵਿੱਚ ਮੂੰਹ ਦੇਕੇ ਲੰਮਾ ਪੈ ਗਿਆ ਪਰ. . . ਉਸ ਨੂੰ ਲੱਗਿਆ ਕਿ ਹੁਣੇ ਗੁਰਦੁਆਰੇ ਵਿੱਚ ਲੱਗੇ ਕੀਰਤਨ ਦੇ ਰਿਕਾਰਡ ਉਸਨੂੰ ਸੌਣ ਨਹੀਂ ਦੇਣਗੇ

**********

ਨਾਵਲ ਸਮਾਪਤ ਅਗਲੇ ਹਫ਼ਤੇ ਪੜ੍ਹੋ ਇਸ ਨਾਵਲ ਦੇ ਲੇਖਕ ਦਰਵੇਸ਼ ਜੀ ਦਾ ਪਾਠਕਾਂ ਦੇ ਨਾਮ ਖ਼ਾਸ ਖ਼ਤ


Sunday, May 3, 2009

ਆਖ਼ਰੀ ਪਹਿਰ - ਕਾਂਡ - 10

ਦਫ਼ਤਰ ਟਾਈਮ ਤੋਂ ਬਾਅਦ ਸੁੱਖੀ ਸਿੱਧਾ ਪਿੰਡ ਨੂੰ ਜਾਣ ਲਈ ਬੱਸ ਚੜ੍ਹ ਗਿਆ ਉਂਝ ਵੀ ਉਹ ਕਿੰਨੀ ਹੀ ਦੇਰ ਬਾਅਦ ਘਰ ਜਾ ਰਿਹਾ ਸੀ

ਅੱਜ ਰਹਿ ਰਹਿ ਕੇ ਸ਼ਰਬਤੀ ਦੀ ਯਾਦ ਉਸਦੇ ਮਨ ਨੂੰ ਉਦਾਸ ਕਰ ਰਹੀ ਸੀ

ਕਿੰਨਾ ਕੁੱਝ ਉਸਦਾ ਸ਼ਰਬਤੀ ਨਾਲ ਸਾਂਝਾ ਸੀ ਕਿੰਨਾ ਹੀ ਕੁਝ ਸੀ ਤੇ ਕਿੰਨੀਆਂ ਹੀ ਯਾਦਾਂ ਸਨ ਜੋ ਉਹਨਾਂ ਕੋਲ ਇਕੱਠੀਆਂ ਕੀਤੀਆਂ ਪਈਆਂ ਸਨ ਤੇ ਉਂਝ ਵੀ ਤਾਂ ਕਿੰਨੇ ਹੀ ਵਰ੍ਹੇ ਬੀਤ ਗਏ ਸਨਉਸਨੇ ਸ਼ਰਬਤੀ ਦਾ ਕਦੀ ਕਿਤੇ ਅਕਸ ਵੀ ਨਹੀਂ ਸੀ ਤੱਕਿਆ ਜਦ ਕਦੀ ਪਿੰਡ ਵੀ ਗਿਆ ਸੀਨਾ ਮਾਂ ਨੇ ਸ਼ਰਬਤੀ ਦੀ ਕੋਈ ਗੱਲ ਦੱਸੀ ਸੀ ਅਤੇ ਨਾ ਹੀ ਉਸਨੇ ਮਾਂ ਕੋਲ ਕਦੀ ਕੋਈ ਗੱਲ ਛੇੜੀ ਸੀ ਉਂਝ ਉਹ ਮਾਂ ਕੋਲ ਗੱਲ ਛੇੜਦਾ ਵੀ ਕਿਵੇਂ ? ਮਾਂ ਵੀ ਕੀ ਸੋਚੂਗੀ ਕਿ ਉਹ ਅਜੇ ਤੀਕ ਵੀ ਉਹਨੂੰ ਨਹੀਂ ਭੁੱਲਿਆ ਅਜੇ ਤੀਕ ਵੀ ਉਹਨੂੰ ਯਾਦ ਕਰਦਾ ਰਹਿੰਦਾ ਸ਼ਰਬਤੀ ਦੇ ਘਰ ਤਾਂ ਉਹ, ਉਸਦੇ ਵਿਆਹ ਤੋਂ ਪਹਿਲਾਂ ਦਾ ਗਿਆ ਸੀਪਿੰਡ ਜਾਂਦਾ ਤਾਂ ਉਸਦੇ ਮਾਂ-ਬਾਪ ਨੂੰ ਤਾਂ ਉਹ ਕਦੇ ਮਿਲਣ ਹੀ ਨਹੀਂ ਸੀ ਗਿਆ ਉਂਝ ਇੱਕ ਦਿਨ ਮਾਂ ਨੇ ਹੀ ਦੱਸਿਆ ਸੀ ਕਿ ਸ਼ਰਬਤੀ ਦਾ ਬਾਪ ਆਪਣੀ ਭੈਣ ਦੇ ਛੋਟੇ ਮੁੰਡੇ ਨੂੰ ਆਪਣੇ ਕੋਲ ਲੈ ਆਇਆ ਹੈਬਈ ਉਸਨੂੰ ਪੜ੍ਹਾਊ ਲਿਖਾਊਗਾ ਅਤੇ ਉਸਦਾ ਵਿਆਹ ਕਰੂਗਾ

----

ਸ਼ਰਬਤੀ ਵੀ ਤਾਂ ਪਤਾ ਨਹੀਂ ਹੁਣ ਕਿਹੋ ਜਿਹੀ ਹੋਣੀ ਐ ਕਿਵੇਂ ਉਸਦੀ ਜਿੰਦਗੀ ਬੀਤਦੀ ਹੋਊ ਕਿ ਉਂਝ ਉਹ ਆਪ ਵੀ ਤਾਂ ਦਾਰੂ ਪੀ ਪੀ ਕੇ ਅੱਧਾ ਰਹਿ ਗਿਆ ਸੀਦਾੜ੍ਹੀ ਨਾਲ ਮੂੰਹ ਭਰ ਆਇਆ ਸੀ ਅਤੇ ਉਸਨੇ ਕੇਸ ਵੀ ਕਟਾ ਦਿੱਤੇ ਸਨ

ਬੱਸ ਦੇ ਸਫਰ ਦੌਰਾਨ ਇਹੋ ਸੋਚ ਉਸਤੇ ਭਾਰੂ ਰਹੀ ਫਿਰ ਵੀ ਬਚਪਨ ਦਾ ਮੋਹ ਸੀ ,ਚੜ੍ਹਦੀ ਜੁਆਨੀ ਦਾ ਪਿਆਰ ਸੀ, ਸ਼ਰਬਤੀ ਉਸ ਬਿਨਾਂ ਇੱਕ ਪਲ ਵੀ ਨਹੀਂ ਸੀ ਸਾਰਦੀ ਸੋਚਦੇ ਦੀਆਂ ਉਸਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ‘-ਜਾਹ ਚੰਦਰੀਏ ਅਜੇ ਵੀ ਤੇਰੀ ਯਾਦ ਮਨ ਦੇ ਕਿਸੇ ਕੋਨੇ ਦਾ ਸਰਮਾਇਆ ਬਣੀ ਹੋਈ ਐ

ਬੱਸ ਅੱਡੇ ਤੇ ਰੁਕੀ ਤੇ ਉਹ ਉੱਤਰ ਗਿਆ ਉਸਨੇ ਆਸੇ ਪਾਸੇ ਦੇਖਿਆ, ਆਪਣੇ ਪਿੰਡ ਨੂੰ ਜਾਣ ਵਾਲੀ ਲੋਕਲ ਬੱਸ ਅਜੇ ਆਈ ਨਹੀਂ ਸੀ ਤੇ ਉਹ ਤੁਰਦਾ ਤੁਰਦਾ ਇੱਕ ਚਾਹ ਵਾਲੀ ਦੁਕਾਨ ਵਿੱਚ ਵੜ ਗਿਆ ਚਾਹ ਲਈ ਕਿਹਾ ਅਤੇ ਅੰਦਰ ਸਿਗਰਟ ਲਾ ਕੇ ਬੈਠ ਗਿਆ

ਕਿੰਨੇ ਛੋਟੇ ਛੋਟੇ ਹੁੰਦੇ ਸੀ ਉਹ ਕਿੰਨਾ ਖੇਡਦੇ ਸੀ ਤੇ ਆਪਸ ਵਿੱਚ ਕਿੰਨਾ ਹੀ ਲੜਦੇ ਹੁੰਦੇ ਸੀ, ਪਰ ਫੇਰ ਦੋ ਘੰਟਿਆਂ ਬਾਅਦ ਉਹੋ ਜੇ ਦੇ ਉਹੋ ਜੇਫਿਰ ਇਕੱਠਿਆਂ ਹੀ ਸਕੂਲ ਪੜ੍ਹੇ ਸੀ, ਪੰਜਵੀਂ ਚੋਂ ਵਿਛੜਨ ਵੇਲੇ ਕਿੰਨਾਂ ਰੋਏ ਸੀ ਤੇ ਫਿਰ ਅੱਠਵੀਂ ਤੋਂ ਬਾਅਦ. . .

----

ਚਾਹ ਨੇ ਉਸਦੀ ਸੋਚ ਉਖਾੜ ਦਿੱਤੀ ਤੇ ਉਹ ਬਚਦੀ ਸਿਗਰਟ ਬੁਝਾ ਕੇ ਚਾਹ ਪੀਣ ਲੱਗ ਪਿਆ ਅੱਡੇ ਚ ਅਜੇ ਵੀ ਕਾਫੀ ਭੀੜ ਸੀ ਲੋਕ ਮੂੰਗਫਲੀਆਂ ਚੱਬਦੇ, ਸਿਗਰਟਾਂ ਪੀਂਦੇ, ਇਸ਼ਤਿਹਾਰ ਪੜ੍ਹਦੇ ਇਧਰ ਉਧਰ ਤੁਰਦੇ ਫਿਰਦੇ ਸਨ ਬੱਸਾਂ ਇੱਕ ਦੂਜੇ ਪਾਸਿਓਂ ਆ ਜਾ ਰਹੀਆਂ ਸਨ

ਤੇ ……ਸਫ਼ਰ ਜਾਰੀ ਸੀ

ਉਹ ਉਠਿਆ ਪੈਸੇ ਦਿੱਤੇ ਅੱਡੇ ਵਿੱਚ ਆ ਕੇ ਘੁੰਮਣ ਫਿਰਨ ਲੱਗ ਪਿਆ

ਅਚਾਨਕ ਤੁਰਦੇ ਫਿਰਦੇ ਦੀ ਉਸਦੀ ਨਿਗਾਹ ਇੱਕ ਥਾਂ ਤੇ ਆ ਕੇ ਜੰਮ ਗਈ

----

ਸ਼ਰਬਤੀ ਖੜ੍ਹੀ ਸੀ ਕੋਲ ਕੱਪੜਿਆਂ ਵਾਲੇ ਝੋਲੇ ਪਏ ਸਨ ਇੱਕ ਜੁਆਕ ਗੋਦੀ ਚੁੱਕਿਆ ਹੋਇਆ ਸੀ ਅਤੇ ਦੋ ਕੋਲ ਖੜੇ ਸਨ

ਉਹ ਹੈਰਾਨ ਜਿਹਾ ਹੋ ਗਿਆ ਕਿੰਨੀ ਹੀ ਦੇਰ ਬਾਅਦ ਉਸਨੇ ਸ਼ਰਬਤੀ ਨੂੰ ਤੱਕਿਆ ਸੀ ਉਸਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਉਹੋ ਹੀ ਸ਼ਰਬਤੀ ਹੈ, ਜਿਸਦੀ ਯਾਦ ਨੇ ਅੱਜ ਵੀ ਉਸਨੂੰ ਬੁਰੀ ਤਰਾਂ ਘੇਰਿਆ ਹੋਇਆ ਸੀ ਜਿਸਦੀ ਯਾਦ ਨੇ ਅੱਜ ਵੀ ਉਸਨੂੰ ਸਾਰਾ ਅਤੀਤ ਯਾਦ ਕਰਵਾ ਦਿੱਤਾ ਸੀ

ਉਸਦਾ ਮਨ ਸ਼ਰਬਤੀ ਨੂੰ ਮਿਲਣ ਲਈ ਕਾਹਲਾ ਪੈ ਉਠਿੱਆ

ਅੱਜ ਉਸ ਵਿੱਚ ਕੋਈ ਝਿਜਕ ਨਹੀਂ ਸੀ ਜਿਵੇਂ ਕਿ ਪਹਿਲਾਂ ਸ਼ਰਬਤੀ ਨੂੰ ਮਿਲਣ ਵੇਲੇ ਹੁੰਦੀ ਸੀ ਉਹ ਚਾਹੁੰਦਾ ਸੀ ਕਿ ਅੱਜ ਉਹ ਸ਼ਰਬਤੀ ਨੂੰ ਹੱਸ ਹੱਸ ਦੱਸੇਗਾ ਬਈ ਮੈਂ ਤੇਰੇ ਕਹਿਣ ਤੇ ਨੌਕਰੀ ਕੀਤੀ ਸੀ

ਉਹ ਪੈਰ ਜਿਹਾ ਮਲਦਾ ਸ਼ਰਬਤੀ ਵਲੋਂ ਤੁਰ ਪਿਆ

----

ਜਿਉਂ ਉਹ ਨੇੜੇ ਜਾ ਰਿਹਾ ਸੀ ਸ਼ਰਬਤੀ ਦੇ ਨਕਸ਼ ਹੋਰ ਸਾਫ਼ ਹੁੰਦੇ ਜਾ ਰਹੇ ਸਨ

ਉਹ ਅੱਗੇ ਨਾਲੇ ਬਹੁਤ ਹੀ ਕਮਜ਼ੋਰ ਹੋ ਗਈ ਸੀ ਜਿਵੇਂ ਪਹਿਲਾਂ ਵਾਂਗ ਹੀ ਬਹੁਤ ਸਾਰੀ ਬੀਮਾਰ ਰਹੀ ਹੋਵੇਆਮ ਬੰਦੇ ਨੇ ਪਛਾਨਣੀ ਹੁੰਦੀ ਤਾਂ ਸ਼ਾਇਦ ਸ਼ਰਬਤੀ ਪਛਾਣ ਵਿੱਚ ਨਾਂ ਆਉਂਦੀਪਰ ਇਹ ਸੁੱਖੀ ਹੀ ਸੀ ਜੋ ਉਸਨੂੰ ਬਹੁਤ ਦੂਰ ਤੋਂ ਵੀ, ਕਿਸੇ ਉਹਲੇ ਤੋਂ ਵੀ ਪਛਾਣ ਸਕਦਾ ਸੀ

-ਤਕੜੀ ਐਂ ਸ਼ਰਬਤੀ , ਠੀਕ ਰਹਿਨੀ ਐਂ ਨਾਂ ਹੁਣ ਤਾਂ ?’ ਉਸਨੇ ਇੱਕੋ ਸਾਹੇ ਦੋ ਗੱਲਾਂ ਕਹੀਆਂ ਅਤੇ ਉਸਦੇ ਗੋਦੀ ਚੁੱਕੇ ਬਾਲ ਦੀਆਂ ਗੱਲਾਂ ਪਲੋਸਣ ਲੱਗ ਪਿਆ

-ਹਾਂ ਤਕੜੀ ਆਂ ਭਾਈ ਤੁੰ ਕੌਣ ਐਂ ਵੇ ਵੀਰਾ ਮੈਂ ਤਾਂ ਤੈਨੂੰ ਪਛਾਣਿਆਂ ਨੀਸ਼ਰਬਤੀ ਕੋਲ ਖੜੇ ਜਵਾਕਾਂ ਨੂੰ ਬਿਸਕੁਟ ਦਿੰਦੀ ਹੋਈ ਬੋਲੀ

-ਕੋਨੀ ਭਾਈ -------ਉਸਦੇ ਮੂੰਹੋਂ ਏਨੇ ਕੁ ਬੋਲ ਹੀ ਮਸਾਂ ਨਿਕਲੇ ਅਤੇ ਉਹ ਉਥੇ ਖੜ੍ਹਾ ਖੜ੍ਹਾ ਉਵੇਂ ਹੀ ਵਾਪਸ ਮੁੜ ਪਿਆ

ਜਿਵੇਂ ਕੋਈ ਰੇਤ ਦੀ ਭਰੀ ਬੋਰੀ ਘੜੀਸਕੇ ਲਿਜਾ ਰਿਹਾ ਹੋਵੇ, ਉਸਦੀਆਂ ਲੱਤਾਂ ਵਿੱਚ ਰਤਾ ਵੀ ਹਿੰਮਤ ਨਾ ਰਹੀਹੁਣ ਤਾਂ ਬੱਸ ਉਹ ਇੱਕ ਲਾਸ਼ ਬਣਿਆ ਤੁਰ ਰਿਹਾ ਸੀ

----

ਅਚਾਨਕ ਹੀ ਇਹ ਸਭ ਕੁੱਝ ਕੀ ਹੋ ਗਿਆ ਸੀ ਉਹ ਤਾਂ ਸ਼ਰਬਤੀ ਨੂੰ ਕਿਸੇ ਵੀ ਉਹਲੇ ਤੋਂ ਪਛਾਣ ਸਕਦਾ ਸੀ ਪਰ ਸ਼ਰਬਤੀ ਨੇ ਇਹ ਕੀ ਕੀਤਾ ਸ਼ਰਬਤੀ ਨੂੰ ਉਸਦੀ ਪਛਾਣ ਕਿਉਂ ਨਹੀਂ ਆਈ

ਬੀਤੇ ਵਰ੍ਹੇ ਚਿਹਰੇ ਤੇ ਹੋਰ ਗੂੜ੍ਹੇ ਹੋ ਕੇ ਉੱਘੜ ਆਏ

ਮਨ ਚ ਵਗਦਾ ਪਾਣੀ ਤੁਰੰਤ ਉੱਠੇ ਤੂਫ਼ਾਨ ਵਿੱਚ ਗੁੰਮ ਗਿਆ

ਉਹ ਤਿਣਕਾ ਤਿਣਕਾ ਬਿਖ਼ਰ ਗਿਆ

ਅੱਖਾਂ ਵਿੱਚ ਸਾਂਭ ਸਾਂਭ ਰੱਖੇ ਅਕਸ ਅੱਖਾਂ ਦੀਆਂ ਕਿਰਚਾਂ ਬਣ ਗਏ

ਬੀਤੇ ਵਿੱਚ ਲਿਖਿਆਂ ਸ਼ਿਲਾਲੇਖ ਪਲ ਵਿੱਚ ਤਿੜਕ ਗਿਆ

ਪਿੰਡ ਵਿੱਚ ਜਾਣ ਦੀ ਉਸ ਵਿੱਚ ਹਿੰਮਤ ਨਹੀਂ ਸੀ ਰਹੀ

ਜੇ ਪਲ ਭਰ ਬੱਸ ਹੋਰ ਨਾਂ ਆਉਂਦੀ ਤਾਂ ਉਹ ਸ਼ਾਇਦ ਉਥੇ ਹੀ ਖੜ੍ਹਾ ਖੜੋਤਾ ਥੇਹ ਹੋ ਜਾਂਦਾ

ਬੱਸ ਚੜ੍ਹਿਆ ਤੇ ਜਾ ਕੇ ਸੀਟ ਤੇ ਡਿੱਗ ਪਿਆ

ਆਪਣੇ ਲੇਖਾਂ ਦਾ ਮਰਸੀਆ ਲਿਖਣ ਦੀ ਵੀ ਉਸ ਵਿੱਚ ਹਿੰਮਤ ਨਹੀਂ ਸੀ

ਪੱਤਝੜ ਦੀ ਨੀਵੀਂ ਬਰਫ਼ਬਾਰੀ ਸਾਰੀ ਦੀ ਸਾਰੀ ਹੀ ਉਸ ਉਪਰ ਵਰ੍ਹ ਗਈ ਸੀ

ਤੇ ਉਹ ਆਪਣੇ ਉਸੇ ਹੀ ਸ਼ਹਿਰ ਪਰਤ ਆਇਆ ਸੀ ਜਿਥੇ ਉਸਦੀਆਂ ਪੈੜਾਂ ਨਾਲ ਇੱਕ ਹੋਰ ਨਾਮ ਜੁੜਿਆ ਹੋਇਆ ਸੀ

ਸਾਰੀ ਰਾਤ ਅੱਥਰੂਆਂ ਦੀ ਨਦੀ ਵਿੱਚ ਡੁੱਬਦਿਆਂ ਤਰਦਿਆਂ ਹੀ ਬਤੀਤ ਹੋਈ ਤੇ ਅਗਲੀਆਂ ਕੁੱਝ ਰਾਤਾਂ ਦਾ ਸ਼ਫਰ ਵੀ ਇਵੇਂ ਹੀ ਬੀਤਿਆ ਕੁੱਝ ਦਿਨਾਂ ਬਾਅਦ ਉਹ ਲਾਲੀ ਦੀ ਨੌਕਰੀ ਵਾਲੇ ਸ਼ਹਿਰ ਨੂੰ ਜਾਣ ਵਾਲੀ ਬੱਸ ਵਿੱਚ ਬੈਠਾ ਸੀ ।

*************

ਦਸਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ!


Sunday, April 26, 2009

ਆਖ਼ਰੀ ਪਹਿਰ – ਕਾਂਡ - 9

ਦਫ਼ਤਰ ਦੀਆਂ ਕੁੜੀਆਂ ਉਸ ਦੁਆਲੇ ਮੇਲਾ ਲਾਉਂਦੀਆਂ, ਉਸ ਦੀ ਖ਼ਾਮੋਸ਼ੀ ਦੀ ਭਾਸ਼ਾ ਪੜ੍ਹਨੀ ਉਹਨਾਂ ਦੇ ਵੱਸੋ ਬਾਹਰ ਸੀ।

ਉਸਦੀ ਦੋਸਤੀ ਦਾ ਘੇਰਾ ਕਾਫੀ ਵਧ ਚੁਕਿਆ ਸੀ ਦੋਸਤ ਮਿਲਣ ਆਉਂਦੇ ਤਾਂ ਦਫ਼ਤਰ ਵਾਲੇ ਉਸਦੇ ਦੋਸਤਾਂ ਨੂੰ ਹੱਥਾਂ ਤੇ ਚੁੱਕ ਲੈਂਦੇ ਅਤੇ ਪੂਰਾ ਮਾਣ ਕਰਦੇ

ਦਫ਼ਤਰ ਵਾਲੇ ਉਸਨੂੰ ਟੋਕਦੇ ਕਿ ਇੰਨੀਆਂ ਵਧੀਆ ਵਧੀਆ ਤੇ ਸਾਫ਼ ਪਾਣੀਆਂ ਵਾਲੀਆਂ ਨਦੀਆਂ ਉਸਦੇ ਦੁਆਲੇ ਵਗਦੀਆਂ ਹਨ, ਫਿਰ ਉਹ ਸਾਰੀਆਂ ਚੋਂ ਹੀ ਚੂਲੀ ਚੂਲੀ ਪਾਣੀ ਦੀ ਭਰਕੇ ਕਿਉਂ ਨਹੀਂ ਪੀ ਲੈਂਦਾ? ਕਿਉਂ ਨਹੀਂ ਇੱਕੋ ਸਾਹੇ ਡੀਕ ਲਾ ਕੇ ਉਹਨਾਂ ਨੂੰ ਖ਼ਤਮ ਕਰ ਦਿੰਦਾ? ਉਸਨੇ ਤਾਂ ਸ਼ਿਵਜੀ ਦੀ ਰਵਾਇਤ ਵੀ ਭੰਗ ਕਰਕੇ ਹੱਦ ਕਰ ਦਿੱਤੀ ਸੀ ਉਸਨੂੰ ਉਹ ਬਾਰ ਬਾਰ ਕਹਿੰਦੇ ਕਿ ਜੇ ਉਹਦੀ ਥਾਂ ਤੇ ਉਹ ਹੁੰਦੇ ਤਾਂ ਹੁਣ ਨੂੰ ਨਦੀਆਂ ਦੀ ਰੇਤ ਹੀ ਬਾਕੀ ਦਿਸਣੀ ਸੀ ਤੇ ਜਾਂ ਕਿਨਾਰਿਆਂ ਦੇ ਹਾਉਕੇ ਦਿਖਾਈ ਦੇਣੇ ਸਨ

ਪਰ ਇੱਕ ਉਹ ਸੀ ਜਿਸ ਤੇ ਇਹਨਾਂ ਸਾਰੀਆਂ ਗੱਲਾਂ ਦਾ ਕੋਈ ਅਸਰ ਨਹੀਂ ਸੀ ਉਹ ਤਾਂ ਆਪ ਹੀ ਸ਼ਾਂਤ ਪਾਣੀ ਸੀ ਬੱਸ ਹੌਲੇ ਹੌਲੇ ਆਪਣੀ ਹੀ ਰੇਤ ਦੇ ਨਿੱਘ ਵਿੱਚ ਵਗ ਰਿਹਾ ਸੀ ਉਹ ਕਿਸੇ ਦੀ ਜ਼ੁਬਾਨ ਵੀ ਤਾਂ ਨਹੀਂ ਸੀ ਫੜ ਸਕਦਾ ਕੋਈ ਕੁੱਝ ਵੀ ਤਾਂ ਕਹਿੰਦਾ ਰਵ੍ਹੇ ਉਹ ਸਭ ਦੀਆਂ ਸੁਣਦਾ ਤੇ ਹੱਸ ਛੱਡਦਾ ਨਾਲ਼ੇ ਉਹ ਮੂਹਰੋਂ ਬੋਲ ਕੇ ਕਿਸੇ ਨਾਲ ਕਿਉਂ ਮੈਲਾ ਪਵੇ ਕਹਿਣ ਵਾਲੇ ਉਂਝ ਤਾਂ ਠੀਕ ਹੀ ਕਹਿੰਦੇ ਹਨ ਕਿ ਉਹ ਜੁਆਨ ਹੈ ਹਰ ਪਾਸੇ ਤੋਂ ਪੂਰਾ ਹੈ ਫਿਰ ਇਹ ਪਾਸਾ ਵੱਟਣ ਵਾਲੀ ਗੱਲ ਕਿਉਂ ?

----

ਦਫ਼ਤਰ ਦੀਆਂ ਜਾਂ ਫੀਲਡ ਚ ਕੰਮ ਕਰਨ ਵਾਲੀਆ ਕੁੜੀਆਂ ਕਈ ਵਾਰ ਉਸਨੂੰ ਇਕੱਲਿਆਂ ਬੈਠਿਆਂ ਵੇਖਕੇ ਉਸ ਕੋਲ ਆ ਕੇ ਬੈਠੀਆਂ ਰਹਿੰਦੀਆਂ ਅਤੇ ਕਿੰਨੀ ਕਿੰਨੀ ਦੇਰ ਹੀ ਗੱਲਾਂ ਕਰਦੀਆਂ ਰਹਿੰਦੀਆਂ ਉਹ ਕਿਤਾਬਾਂ ਕਿਉਂ ਪੜ੍ਹਦਾ ਹੈ ? ਉਹ ਦਫ਼ਤਰੀ ਕਰਮਚਾਰੀਆਂ ਦੇ ਵੱਡੇ ਵੱਡੇ ਕਹਿਕਹਿਆਂ ਵਿੱਚ ਸ਼ਾਮਿਲ ਕਿਉਂ ਨਹੀਂ ਹੁੰਦਾ ਅਤੇ ਫਿਰ ਗੱਲਾਂ ਤੋਰ ਕੇ, ਬਹਾਨੇ ਸਿਰ ਉਹ ਉਸੇ ਗੱਲ ਤੇ ਆ ਖੜ੍ਹਦੀਆਂ, ਜੋ ਅਸਲ ਵਿੱਚ ਕਰਨੀ ਹੁੰਦੀ ਸੀ ਜਿਹੜੀ ਗੱਲ ਉਹਨਾਂ ਦੇ ਮਨ ਦੀ ਗੱਲ ਹੁੰਦੀ ਸੀ, ਜਿਹੜੀ ਗੱਲ ਨਾਲ ਉਹਨਾਂ ਦਾ ਹਾਉਕਾ ਰਲ਼ਿਆ ਹੁੰਦਾ ਸੀ ਬਈ ਉਹ ਵਿਆਹ ਕਿਉਂ ਨਹੀਂ ਕਰਾਉਂਦਾ ?ਉਸਦੀ ਵਿਆਹ ਦੀ ਉਮਰ ਹੈ ਉਸਦੇ ਹਾਣ-ਪ੍ਰਵਾਣ ਦੀਆਂ ਬਹੁਤ ਕੁੜੀਆਂ ਹਨ ਤੇ ਉਸਦੀ ਉਮਰ ਵੀ ਤਾਂ ਵਿਆਹ ਕਰਵਾਉਣ ਦੀ ਹੈ ? ਬੱਸ ਇਸ ਲੰਮੇ ਸਿਲਸਿਲੇ ਦਾ ਇੱਕੋ ਹੀ ਸੰਖੇਪ ਜਿਹਾ ਉੱਤਰ ਹੁੰਦਾ ਦਰ ਅਸਲ ਤਹਾਨੂੰ ਰਿਸ਼ਤਿਆਂ ਦੀ ਸਮਝ ਨ੍ਹੀਂ ਰਿਸ਼ਤਿਆਂ ਦਾ ਇੱਕ ਲੰਬਾ ਤੇ ਗੁੰਝਲਦਾਰ ਜੰਗਲ ਹੁੰਦਾ ਹੈ ਜਿਸ ਵਿੱਚੋਂ ਹਰ ਕੋਈ ਆਪਣੇ ਢੰਗ ਨਾਲ ਗੁਜ਼ਰਦਾ ਹੈ ਤੇ ਮੈਂ ਵੀ ਆਪਣੇ ਢੰਗ ਨਾਲ ਗੁਜ਼ਰ ਰਿਹਾ ਹਾਂ

-ਫਿਰ ਅਸੀਂ ਕਿਉਂ ਨਹੀਂ ਆਪਣੇ ਢੰਗ ਨਾਲ ਗੁਜ਼ਰ ਸਕਦੀਆਂ ਤੇ ਨਾਲੇ ਪਤਾ ਨਹੀਂ ਕੀ ਗੱਲ ਐ ਕਿ ਇਹ ਗੱਲਾਂ ਤੁਹਾਡੇ ਬਿਨਾਂ ਹੋਰ ਕਿਸੇ ਨਾਲ ਸਾਂਝੀਆਂ ਨੀ ਕਰ ਸਕਦੀਆਂ

-ਗੁਜ਼ਰ ਕਿਉਂ ਨੀ ਸਕਦੀਆਂ, ਬੜੀ ਚੰਗੀ ਤਰਾਂ ਗੁਜ਼ਰ ਸਕਦੀਆਂ ਹੋ ਬੱਸ ਬਾਗੀ ਤਬੀਅਤ ਬਣਾਉਣ ਦੀ ਜ਼ਰੂਰਤ ਹੈਪਰੰਪਰਾ ਨੂੰ ਤੋੜਨ ਦੀ ਜ਼ਰੂਰਤ ਹੈ ਜਿਸ ਨੂੰ ਤੋੜਨ ਲਈ ਸਾਨੂੰ ਪਹਿਲਾਂ ਸਾਡੇ ਪੁਰਖਿਆਂ ਦੇ ਸੰਸਕਾਰਾਂ ਤੇ ਸੱਟ ਮਾਰਨੀ ਪਵੇਗੀ ਤੇ ਉਹਨਾਂ ਦੇ ਬਲ ਨੂੰ ਪਰਖਣਾ ਪਵੇਗਾ ਬਾਕੀ ਇਹ ਕੋਈ ਵੱਡੀ ਗੱਲ ਨਹੀਂ ਕਿ ਤੁਸੀਂ ਮੇਰੇ ਬਿਨਾਂ ਕਿਸੇ ਹੋਰ ਨਾਲ ਇਹ ਗੱਲ ਸਾਂਝੀ ਨਹੀਂ ਕਰ ਸਕਦੀਆਂਕਿਸੇ ਨਾਲ ਵੀ ਕਰ ਸਕਦੀਆਂ ਹੋ ਹਰ ਕੋਈ ਤੁਹਾਨੂੰ ਆਪੋ ਆਪਣੇ ਢੰਗ ਦੱਸੇਗਾ

----

ਕੁੜੀਆਂ ਸੁਣਕੇ ਨਿਰ-ਉੱਤਰ ਹੋ ਜਾਂਦੀਆਂ ਇਹ ਮੱਛੀ ਕਿਵੇਂ ਵੀ ਉਹਨਾਂ ਦੇ ਜਾਲ਼ ਵਿੱਚ ਫਸ ਨਹੀਂ ਸੀ ਰਹੀ ਉਹ ਕੀ ਜਾਣਦੀਆਂ ਸਨ ਇਸ ਸਮੁੰਦਰ ਦੇ ਪਾਣੀ ਦਾ ਸਵਾਦ ਕਿਹੋ ਜਿਹਾ ਹੈ ?

ਬਦਲੀਆਂ ਦੇ ਸਿਲਸਿਲੇ ਵਿੱਚ ਉਹਦੀ ਇੱਕ ਦੋ ਥਾਂ ਬਦਲੀ ਵੀ ਹੋਈ ਹਰ ਥਾਂ ਉਹੀ ਰਾਗ ਤੇ ਉਹੀ ਬੰਸਰੀ ਹੁੰਦੀ ਰਤਾ ਭਰ ਵੀ ਕੁੱਝ ਤਬਦੀਲ ਨਹੀਂ ਸੀ ਹੋਇਆਆਖਰ ਉਹ ਵੀ ਅਖੀਰ ਵਿੱਚ ਕਹਿਣ ਲੱਗ ਪਿਆ ਸੀ –‘ਤਹਾਨੂੰ ਮੇਰੀ ਹੀ ਕਿਉਂ ਪਈ ਹੈਹੋਰ ਕਿਸੇ ਬਾਰੇ ਵੀ ਤਾਂ ਸੋਚਿਆ ਕਰੋ ਠੀਕ ਹੈ ਮੈਂ ਬੀਤ ਰਿਹਾ ਹਾਂਤੇ ਇਹ ਮੈਨੂੰ ਵੀ ਪਤਾ ਹੈ ਕਿ ਉਵੇਂ ਨਹੀਂ ਜਿਵੇਂ ਮੈਨੂੰ ਬੀਤਣਾ ਚਾਹੀਦੈ

ਸਭ ਚੁੱਪ ਹੋ ਜਾਂਦੀਆਂ

ਉਂਝ ਨੌਕਰੀ ਨੇ ਉਸਨੂੰ ਵਧੀਆ ਦੋਸਤ ਦਿੱਤੇ ਸਨ ਬਿਰਖਾਂ ਵਰਗੇ ਹਰੇ ਭਰੇ ਪੱਤਿਆਂ ਨਾਲ ਭਰਪੂਰ ਦੋਸਤ ਹਰ ਬ੍ਰਿਖ ਦੀ ਟਹਿਣੀਆਂ ਉਸ ਲਈ ਵਧੀਆ ਗਲਵੱਕੜੀ ਸਾਬਤ ਹੋ ਰਹੀ ਸੀ

ਹੁਣ ਤਕਰੀਬਨ ਉਹ ਗੱਲ ਖ਼ਤਮ ਹੋ ਚੁੱਕੀ ਸੀ ਆਪਣੀ ਗੰਭੀਰਤਾ ਸਦਕਾ ਹੀ ਉਹ ਵਧੀਆ ਦਾਇਰਿਆਂ ਚੋਂ ਗੁਜ਼ਰ ਰਿਹਾ ਸੀਕਿਤੇ ਉਸਦੇ ਵਧੀਆ ਵਧੀਆ ਸ਼ਿਅਰ ਮਹਿਫਲਾਂ ਦੀ ਪਹਿਲ ਕਦਮੀ ਕਰ ਰਹੇ ਕਰ ਰਹੇ ਹੁੰਦੇ ਤੇ ਕਿਤੇ ਉਸਦੀ ਕਵਿਤਾ ਸਭ ਦੀਆਂ ਅੱਖਾਂ ਚ ਨਮੀ ਉਤਾਰ ਰਹੀ ਹੁੰਦੀ

----

ਪੁਰਾਣੀਆਂ ਗੱਲਾਂ ਪੁਰਾਣੀਆਂ ਹੀ ਰਹੀਆਂ ਅਤੇ ਉਹ ਆਪਣੀ ਤੋਰੇ ਤੁਰਦਾ ਰਿਹਾ

ਫਿਰ ਉਸਦੇ ਦਫਤਰ ਵਿੱਚ ਲਾਲੀ ਦਾ ਆਗਮਨ ਹੋਇਆਸਾਢੇ ਪੰਜ ਫੁੱਟ ਲੰਮੀ, ਗੋਰੀ, ਨਾਇਕਾਵਾਂ ਵਰਗੀ ਕੁੜੀ ਉਸਦੇ ਦਫਤਰ ਵਿੱਚ ਸਟੈਨੋ ਬਣ ਕੇ ਆਈ ਕੁੜੀ ਕਾਹਦੀ ਸੀ ਬੱਸ ਸਾਰਾ ਦਫਤਰ ਹੀ ਹੈਰਾਨ ਹੋ ਗਿਆ ਪਟੱਕ ਪਟੱਕ ਗੱਲਾਂ ਮਾਰਦੀ ਉਸਦੀ ਪਤਲੀ ਜ਼ੁਬਾਨ ਜਦੋਂ ਵਰ੍ਹਦੀ ਤਾਂ ਹਰ ਇੱਕ ਦੇ ਦਿਲ ਨੂੰ ਭਿਉਂ ਜਾਂਦੀ

ਦਫਤਰ ਦਾ ਮਾਹੌਲ ਬਦਲ ਗਿਆ ਸੀ ਜਿਸ ਦਫਤਰ ਵਿੱਚ ਦਿਨੇ ਉਜਾੜ ਰਹਿੰਦੀ ਹੁਣ ਉਸ ਦਫਤਰ ਵਿੱਚ ਸਾਰਾ ਦਿਨ ਰੌਣਕ ਰਹਿੰਦੀ ਉਦਾਸੀ ਦਾ ਮਾਹੌਲ ਹੀ ਕਿਸੇ ਪਾਸੇ ਨਹੀਂ ਸੀ ਚਾਹ ਵਾਲੇ ਨੂੰ ਬਹੁਤ ਫਾਇਦਾ ਹੋ ਗਿਆਜਿਹੜਾ ਵੀ ਦੋ ਘੜੀ ਉਸ ਕੋਲ ਟਾਈਪ ਕਰਵਾਉਣ ਜਾਂਦਾ ਉਹੋ ਹੀ ਕੋਲ ਬੈਠਾ, ਗੱਲਾਂ ਮਾਰਦਾ ਟਾਈਪ ਕਰਵਾਉਣ ਦੇ ਬਹਾਨੇ ਚਾਹ ਮੰਗਵਾ ਲੈਂਦਾ ਬਹੁਤ ਸਾਰੀਆਂ ਗੱਲਾਂ ਨਾਲ ਕਾਵਾਂ ਰੌਲੀ ਮੱਚੀ ਰਹਿੰਦੀ ਤੇ ਉਹ ਲੰਮੀ ਕੁੜੀ ਵੀ ਸਭਦੀਆਂ ਗੱਲਾਂ ਦਾ ਪਟੱਕ ਪਟੱਕ ਜੁਆਬ ਦਿੰਦੀ ਪਰ ਇੱਕ ਉਹ ਵੀ ਸੀ ਜੋ ਇਸ ਸਾਰੇ ਰੌਲੇ ਵਿੱਚ ਖ਼ਾਮੋਸ਼ ਸੀ ਸਭ ਦੀ ਗੱਲਾਂ ਸੁਣਦਾ ਉਹ ਚੁਪਕੇ ਹੀ ਆਪਣੀ ਕੋਈ ਕਿਤਾਬ ਪੜ੍ਹਦਾ ਰਹਿੰਦਾ ਤੇ ਜਾਂ ਕਿਸੇ ਦੋਸਤ ਨੂੰ ਖ਼ਤ ਲਿਖਦਾ ਰਹਿੰਦਾਆਪਣੇ ਵਰਤਮਾਨ ਪਲਾਂ ਦਾ ਖ਼ਤ

----

ਵਰਤਮਾਨ ਪਲ, ਜੋ ਉਸ ਕੋਲੋਂ ਉਲਾਂਭੇ ਵਾਂਗ ਹੀ ਗੁਜ਼ਰ ਰਹੇ ਸਨ ਤੇ ਉਹ ਇਨ੍ਹਾਂ ਉਲਾਂਭਿਆਂ ਭਰੇ ਪਲਾਂ ਦੀ ਇਬਾਰਤ ਦੋਸਤਾਂ ਨੂੰ ਆਪਣੇ ਖ਼ਤਾਂ ਵਿੱਚ ਲਿਖਦਾ ਦੋਸਤਾਂ ਦੇ ਲੰਬੇ ਲੰਬੇ ਖ਼ਤ ਆਉਂਦੇ ਤਾਂ ਸੁੱਖੀ ਦੇ ਦਫਤਰ ਦੇ ਬੰਦੇ ਉਸ ਤੋਂ ਮੱਲੋ ਜ਼ੋਰੀ ਉਹ ਖ਼ਤ ਲੈ ਕੇ ਪੜ੍ਹ ਲੈਂਦੇ ਤੇ ਖ਼ਤਾਂ ਦੀ ਤਾਰੀਫ਼ ਕਰਦੇਵੈਸੇ ਉਹਨਾਂ ਫਾਈਲ਼ਾਂ ਵਿੱਚ ਨੱਥੀ ਹੋਏ ਬੰਦਿਆਂ ਕੋਲ ਤਾਰੀਫ਼ਾਂ ਤੋਂ ਬਿਨਾਂ ਸੀ ਵੀ ਕੀ ?

ਉਸਦੀ ਗੰਭੀਰਤਾ ਨੇ ਲਾਲੀ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਦਫਤਰ ਦੇ ਬੰਦਿਆਂ ਤੋਂ ਪੁੱਛਦੀ, ਬਈ ਇਹ ਇੰਨੇ ਉਦਾਸ ਕਿਉਂ ਰਹਿੰਦੇ ਨੇ ਹਰ ਵਕਤ ਕਿਤਾਬਾਂ ਜਿਹੀਆਂ ਕਿਉਂ ਪੜ੍ਹਦੇ ਨੇ ਤਾਂ ਉਹਨਾਂ ਕੋਲ ਇੱਕੋ ਇੱਕ ਘੜਿਆ-ਘੜਾਇਆ ਜੁਆਬ ਹੁੰਦਾ, ਬਈ ਏਹਨੂੰ ਨੌਕਰੀ ਕਰਦੇ ਨੂੰ ਐਨੇ ਸਾਲ ਹੋ ਗਏ ਨੇ ਇਹ ਜਿਵੇਂ ਆਇਆ ਸੀ ਉਵੇਂ ਦਾ ਉਵੇਂ ਈ ਐ ਊਂ ਇੱਕ ਗੱਲ ਇਹਦੇ ਨਾਲ ਦਾ ਵਧੀਆਂ ਬੰਦਾ ਅਜੇ ਤੀਕ ਸਾਡੇ ਦਫ਼ਤਰ 'ਚ ਨੀਂ ਆਇਆ

ਲਾਲੀ ਸੋਚਣ ਤੇ ਮਜਬੂਰ ਹੋ ਜਾਂਦੀ ਕਿ ਨਾਂ ਕਿਸੇ ਨਾਲ ਖੁੱਲ ਕੇ ਬੋਲਣਾ ਨਾ ਹੀ ਖੁੱਲ੍ਹਕੇ ਹੱਸਣਾ ਸਵਾਹ ਹੋਊ ਇਹ ਵਧੀਆ ਬੰਦਾ

ਫਾਈਲਾਂ ਵਿੱਚ ਨੱਥੀ ਮਨੁੱਖਾਂ ਨੇ ਫਿਰ ਪਹਿਲਾਂ ਵਾਲੀਆਂ ਪਰਤਾਂ ਉਧੇੜ ਲਈਆਂ ਉਹੀ ਗੱਲਾਂ ਉਹੀ ਸਿਲਸਿਲੇ ਬਈ ਲਾਲੀ ਵਾਰ ਵਾਰ ਉਹਨਾਂ ਕੋਲੋਂ ਉਹਦੇ ਬਾਰੇ ਪੁੱਛਦੀ ਰਹਿੰਦੀ ਹੈ ਉਸਦੀ ਗੰਭੀਰਤਾ ਬਾਰੇ ਪੁੱਛਦੀ ਹੈ

----

ਹੁਣ ਲਾਲੀ ਨੇ ਉਸ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ

ਹੁਣ ਲਾਲੀ ਨੇ ਆਪਣੇ ਵਰਤਮਾਨ ਪਲਾਂ ਵਿੱਚ ਉਹਦਾ ਨਾਮ ਵੀ ਲਿਖਣਾ ਸ਼ੁਰੂ ਕਰ ਦਿੱਤਾ

ਹੁਣ ਲਾਲੀ ਨੇ ਆਪਣੇ ਸੁਪਨਿਆਂ ਦੀ ਹੱਦ ਨੂੰ ਸੁੱਖੀ ਦੀ ਹੱਦ ਨਾਲ ਜੋੜਨਾ ਸ਼ੁਰੂ ਕਰ ਦਿੱਤਾ

ਤੇ ਜਦੋਂ ਲਾਲੀ ਨੇ ਉਸਦੀ ਚੁੱਪ ਦੀ ਬਾਤ ਦਾ ਸਿਰਲੇਖ ਉਣ ਲਿਆ ਤਾਂ ਉਹ ਵੀ ਵੇਲ ਬਣਕੇ ਉਹਦੇ ਮੋਢੇ ਲੱਗ ਗਿਆ

ਇਹ ਲਾਲੀ ਹੀ ਸੀ ਜਿਸਨੇ ਉਸਦੀ ਚੁੱਪ ਦੀ ਬਾਤ ਦਾ ਸਿਰਲੇਖ ਲਿਖਕੇ ਉਸਦੇ ਮਨ ਦੇ ਹਨੇਰੇ ਚ ਦੀਵਾ ਬਾਲਿਆ ਸੀ

ਲਾਲੀ ਦੀ ਸਾਧਨਾ ਪ੍ਰਾਪਤੀ ਬਣ ਗਈ

ਸੁੱਖੀ ਨੇ ਸ਼ਿਵਜੀ ਮਹਾਰਾਜ ਨਾਲ ਅੱਖਾਂ ਮਿਲਾਈਆਂ

ਸੁੱਖੀ ਦੇ ਪਤਝੜਾਂ ਵਿੱਚ ਵਗੀ ਪੌਣ ਦਾ ਚਿਹਰਾ ਜਿਸਨੇ ਵੀ ਵੇਖਿਆ ਉਸਨੇ ਹੀ ਉਸ ਨੂੰ ਮੁਬਾਰਕਾਂ ਦਿੱਤੀਆਂ, ਆਪਣੀ ਗਲਵੱਕੜੀ ਵਿੱਚ ਲਿਆ

----

ਸਾਰੀ ਕਾਇਨਾਤ ਹੈਰਾਨ ਸੀਉਸਦੇ ਸਾਰੇ ਦੋਸਤਾਂ ਨੇ ਆਪੋ-ਆਪਣੇ ਚਿਹਰੇ ਇੱਕ ਵਾਰੀ ਜਲਾਵਤਨ ਹੋਏ ਰੰਗਾਂ ਦੇ ਹਵਾਲੇ ਕਰ ਦਿੱਤੇ ਇਹ ਕੀ ਹੋ ਗਿਆ ਸੀ ਲਾਲੀ ਨੇ ਅਜਿਹੇ ਕਿੰਨਾਂ ਯੋਗੀਆਂ ਦੇ ਪੈਰ ਫੜੇ ਸਨ ਕਿ ਉਹ ਆਪਣੇ ਬੋਧੀ ਨੂੰ ਬੀਆਬਾਨਾਂ ਚੋਂ ਵਾਪਸ ਮੋੜ ਲਿਆਈ ਸੀ

ਉਹ ਹਰ ਦਿਨ ਹਰ ਪਲ ਨੇੜੇ ਹੋ ਰਹੇ ਸਨ

ਇੱਕ ਦੂਜੇ ਦੇ ਪਾਣੀਆਂ ਤੇ ਆਪਣਾ ਨਾਮ ਲਿਖਦੇ ਸਨ

ਇੱਕ ਦੂਜੇ ਦੇ ਸੰਗੀਤ ਨੂੰ ਅਰਥ ਦਿੰਦੇ ਸਨ

ਇੱਕ ਦੂਜੇ ਦੀ ਛਾਂ ਚ ਹਥੇਲੀਆਂ ਵਿਛਾਉਂਦੇ ਸਨ

ਤੇ ਇੱਕ ਦੂਜੇ ਦੇ ਅੰਬਰ ਚੋਂ ਤਾਰੇ ਤੋੜ ਕੇ ਲਿਆਉਂਦੇ ਸਨ

ਹੁਣ ਸੁੱਖੀ ਦਾ ਕਮਰਾ ਵੀ ਉਸਨੂੰ ਧਾਅ ਕੇ ਮਿਲਦਾ, ਉਸਦੇ ਬੀਤੇ ਦਿਨਾਂ ਦੀ ਦਾਸਤਾਨ ਸੁਣਦਾ ਤੇ ਫਿਰ ਚੁੱਪ-ਚਾਪ ਆਪਣੀ ਹੀ ਔਕਾਤ ਵਿੱਚ ਦੁੱਬਕ ਜਾਂਦਾ

-ਉਹ ਤਾਂ ਤਿੰਨ ਕੁ ਮਹੀਨਿਆਂ ਲਈ ਹੀ ਆਈ ਹੈ

-ਫਿਰ ਵਗਦੇ ਵਰੋਲਿਆਂ ਨਾਲ ਇਹਨਾਂ ਪਾਣੀਆਂ ਦਾ ਕੀ ਰਿਸ਼ਤਾ ?’ ਸੁੱਖੀ ਦੇ ਕਮਰੇ ਨੇ ਉਸਨੂੰ ਬਹੁਤ ਨੇੜੇ ਹੋ ਕੇ ਕਿਹਾ

ਸੱਚ ਮੁੱਚ ਹੀ ਕੋਈ ਰਿਸ਼ਤਾ ਨਹੀਂ ਸੀ

-ਚੰਦਰਿਆ ਕਾਹਦੇ ਲਈ ਤੂੰ ਆਪਣੀ ਉਦਾਸੀ ਨੂੰ ਭੰਗ ਕੀਤਾ ਆਪਣੀ ਉਦਾਸੀ ਦੇ ਵਿਰਲਾਪ ਦਾ ਆਪ ਹੀ ਕਾਤਲ ਬਣ ਗਿਆਨਹੀਂ ਸੁੱਖੀ ਤੂੰ ਕਿਸੇ ਦੀ ਵਫਾ ਨੂੰ ਬੇਵਫਾ ਦੇ ਅਰਥ ਨਾਂ ਦੇਹ ਆਪਣੇ ਹੀ ਕਮਰੇ ਚੋਂ ਆਈ ਆਵਾਜ਼ ਨਾਲ ਉਹ ਝੰਜੋੜਿਆ ਗਿਆ ਪਰ ਹੁਣ ਸ਼ਾਇਦ ਸੁੱਖੀ ਉਥੋਂ ਪਰਤ ਨਹੀਂ ਸੀ ਸਕਦਾ ਜਿੱਥੇ ਤੀਕ ਉਹ ਪੁੱਜ ਚੁੱਕਿਆ ਸੀ

----

ਚਰਚਾ ਵਿੱਚ ਤੁਰਦੇ ਉਸਦੇ ਨਾਮ ਨਾਲ ਇੱਕ ਨਾਮ ਹੋਰ ਜੁੜ ਗਿਆ ਸੀ

ਉਹ ਨਹੀਂ ਸੀ ਚਾਹੁੰਦਾ ਕਿ ਹੁਣ ਉਹ ਆਪਣੇ ਵਿਰਲਾਪ ਨੂੰ ਕੋਈ ਹੋਰ ਰੂਪ ਦੇ ਕੇ, ਉਹਨੂੰ ਨੀਲਾਮ ਹੋਣ ਲਈ ਛੱਡ ਦੇਵੇ

ਤੁਰਦੀਆਂ ਪੈੜਾਂ ਨੂੰ ਹੁਣ ਉਹ ਵਰਜਿਤ ਨਹੀਂ ਸਨ ਕਰਨਾ ਚਾਹੁੰਦੇ

ਲਾਲੀ ਦੀ ਥਾਂ ਤੇ ਕੋਈ ਹੋਰ ਪੱਕਾ ਕਰਮਚਾਰੀ ਆ ਗਿਆ ਤੇ ਉਹ ਇਸ ਟੁੱਟਦੇ ਬੰਨ੍ਹ ਨੂੰ ਰੋਕਣ ਲਈ ਸੂਬੇ ਦੀ ਰਾਜਧਾਨੀ ਜਾ ਬੈਠਾਰਾਜਧਾਨੀ ਦੀਆਂ ਸੜਕਾਂ ਅਤੇ ਦਫਤਰਾਂ ਵਿੱਚ ਹੁਣ ਉਸਦੀ ਅਵਾਰਗੀ ਦਾ ਦੌਰ ਸੀ ਤੇ ਉਹ ਆਪਣੇ ਇਸ ਦੌਰ ਨਾਲ ਬੁਰੀ ਤਰਾਂ ਜੁੜਿਆ ਹੋਇਆ ਸੀ ਆਪਣੇ ਦੋਸਤ ਦੇ ਘਰੋਂ ਉਹ ਸਵੇਰੇ ਹੀ ਦਫਤਰ ਚਲਿਆ ਜਾਂਦਾ ਅਤੇ ਸਾਰੇ ਦਿਨ ਦੀ ਭਟਕਣਾ, ਮੱਥੇ ਵਿੱਚ ਜਮ੍ਹਾਂ ਕਰਕੇ ਵਾਪਸ ਪਰਤ ਆਉਂਦਾਨਹਾਉਂਦਾ, ਤੌਲੀਏ ਨਾਲ ਜਿਸਮ ਪੂੰਝਦਾ ਪਰ ਭਟਕਣਾ, ਉਹ ਵੀ ਭਲਾ ਕਦੀ ਤੌਲੀਏ ਨਾਲ ਪੂੰਝੀ ਗਈ ਐ

-----

ਦੋ ਮਹੀਨਿਆਂ ਬਾਅਦ ਰਾਜਧਾਨੀ ਦਾ ਰਾਹਗੀਰ ਵਾਪਸ ਪਰਤ ਆਇਆ ਹੱਥ ਵਿੱਚ ਨਿਰਾਸ਼ਾ ਦੀਆਂ ਫਾਈਲ਼ਾਂ ਫੜੀ ਉਸਦੇ ਕੁੱਝ ਵੀ ਪੱਲੇ ਨਾ ਪਿਆ ਉਸਨੇ ਇੱਕ ਵਾਰ ਫਿਰ ਉਨ੍ਹਾਂ ਕੁੱਝ ਗਵਾਇਆ ਜਿੰਨਾਂ ਕੁੱਝ ਉਸਦੇ ਪੱਲੇ ਨਹੀਂ ਸੀ ਕਮਰੇ ਚ ਵੜਦੇ ਦਾ ਚਿਹਰਾ ਤੱਕਕੇ ਉਸਦੇ ਕਮਰੇ ਦੀ ਗਲਵੱਕੜੀ ਤ੍ਰਹਿ ਗਈ

ਦਫਤਰ ਵਿੱਚ ਗੈਰ ਹਾਜ਼ਰੀਆਂ ਦਾ ਸਿਲਸਿਲਾ ਜਾਰੀ ਸੀ ਤਨਖਾਹ ਦੇ ਸਾਰੇ ਰਸਤੇ ਬੰਦ ਸਨ ਅਤੇ ਦਫਤਰ ਵੜਦਿਆਂ ਹੀ ਐਕਸ ਪਲੇਨੇਸ਼ਨ ਕਾਲ ਦਾ ਥੱਬਾ ਉਸ ਅੱਗੇ ਆ ਖੜ੍ਹਿਆ ਉਸਦੇ ਲਈ ਇਹ ਸਭ ਕੁੱਝ ਫਾਲਤੂ ਸੀ ਬਕਵਾਸ ਸੀ ਤੇ ਉਹ ਇਹ ਕੁੱਝ ਵੀ ਨਹੀਂ ਸੀ ਕਰਨਾ ਚਾਹੁੰਦਾ ਉਸਨੂੰ ਤਾਂ ਬੱਸ ਵਕਤ ਚਾਹੀਦਾ ਸੀ ਕਿ ਉਹ ਇਕੱਲਾ ਬੈਠਕੇ ਕੁੱਝ ਸੋਚ ਸਕੇ

ਦੋਸਤਾਂ ਨੇ ਉਸਨੂੰ ਹੌਂਸਲਾ ਦਿੱਤਾ ਉਠਾਇਆ ਅਤੇ ਆਪਣੇ ਨਾਲ ਤੋਰ ਲਿਆ ਪਹਿਲਾਂ ਵਾਂਗ ਹੀ ਫਿਰ ਦਫ਼ਤਰਾਂ ਦੀਆਂ ਫੇਰੀਆਂ ਸ਼ੁਰੂ ਹੋ ਗਈਆਂ ਤੇ ਅਖੀਰ ਉਹਨਾਂ ਨੇ ਲਾਲੀ ਨੂੰ ਵੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਭਰਤੀ ਕਰਵਾ ਦਿੱਤਾ

----

ਸਭ ਲਈ ਖੁਸ਼ੀ ਦਾ ਦਿਨ ਸੀ ਸੋ ਪੀਤੀ ਗਈ ਜੋ ਉਂਝ ਵੀ ਤਾਂ ਪੀਤੀ ਹੀ ਜਾਣੀ ਸੀ

ਲਾਲੀ ਵਧੀਆ ਅਡਜਸਟ ਹੋ ਗਈ

ਤੇ ਸੁੱਖੀ ਫਿਰ ਤੋਂ ਆਪਣੇ ਦਫਤਰ ਰੈਗੂਲਰ ਹੋ ਗਿਆ

ਜ਼ਿੰਦਗੀ ਪਹਿਲਾਂ ਵਾਂਗ ਹੀ ਸਾਵੀਂ ਤੋਰ ਤੁਰਨ ਲੱਗੀ

ਉਹ ਹਰ ਸ਼ਨੀ, ਐਤਵਾਰ ਕਦੀ ਕਿਸੇ ਦੋਸਤ ਕੋਲ ਤੇ ਕਦੀ ਕਿਸੇ ਦੋਸਤ ਕੋਲ ਮਿਲਦੇ ਹਫਤੇ ਭਰ ਦੀਆਂ ਇਕੱਠੀਆਂ ਹੋਈਆਂ ਗੱਲਾਂ ਕਰਦੇ ਅਤੇ ਇੱਕ ਦੂਜੇ ਦੀਆਂ ਖੁਸ਼ੀਆਂ ਵਿੱਚ ਚਾਨਣ ਭਰਦੇ

ਲਾਲੀ ਹੁਣ ਇੱਕ ਛੱਤ ਦਾ ਸੁਪਨਾ ਵੀ ਲੈਣ ਲੱਗ ਪਈ ਕਿ ਉਹਨਾਂ ਦਾ ਆਪਣਾ ਇੱਕ ਸੰਯੁਕਤ ਘਰ ਹੋਵੇ ਜਿਸ ਵਿੱਚ ਸਾਰਾ ਕੁੱਝ ਹੀ ਉਹਨਾਂ ਦਾ ਹੋਵੇ ਉਹ ਦੋਵੇਂ ਹੋਣ ਤੇ ਜਾਂ ਉਹਨਾਂ ਦੇ ਦੋਸਤਾਂ ਦੀ ਆਮਦ ਹੋਵੇ ਪਰ ਲਾਲੀ ਦੇ ਇਸ ਸੁਪਨੇ ਨੂੰ ਸੁੱਖੀ ਨੇ ਠੁਕਰਾ ਦਿੱਤਾ

ਉਸ ਵੇਲੇ ਉਦਾਸ ਲਾਲੀ ਵੀ ਸੀ ਤੇ ਸੁੱਖੀ ਵੀ

ਬੇ ਸ਼ੱਕ ਲਾਲੀ ਵੀ ਸਮਝਦੀ ਸੀ ਕਿ ਉਹ ਜੱਟਾਂ ਦੀ ਕੁੜੀ ਹੈ ਤੇ ਸੁੱਖੀ ਮਿਸਤਰੀਆਂ ਦਾ ਮੁੰਡਾ ਇੱਕ ਛੱਤ ਦਾ ਸੁਪਨਾ ਲੈਣਾ ਉਹਨਾਂ ਲਈ ਵਰਜਿਤ ਹੈ ਦੋਨਾਂ ਅੰਦਰ ਇਹ ਖ਼ਿਆਲ ਵਾਰੋ ਵਾਰੀ ਆਉਂਦਾ ਕਿ ਆਖਰ ਅਜਿਹਾ ਕਿਉਂ ਹੈ ਕਿਉਂ ਨਹੀਂ ਅਸੀਂ ਇਕੱਠੇ ਹੋ ਸਕਦੇ

----

ਲਾਲੀ ਨੇ ਘਰ ਮਾਂ ਨਾਲ ਗੱਲ ਕੀਤੀ ਤਾਂ ਭਰਾਵਾਂ ਨੇ ਆਪਣੇ ਅੰਗੂਠਿਆਂ ਦਾ ਤਲ ਗੰਡਾਸਿਆਂ ਤੋਂ ਦੀ ਫੇਰਕੇ ਵਿਖਾ ਦਿੱਤਾ

ਸੁੱਖੀ ਨੇ ਮਾਂ ਕੋਲ ਗੱਲ ਕੀਤੀ ਤਾਂ ਮਾਂ ਨੇ ਆਪਣੇਂ ਚੀਰ ਵਿੱਚ ਹੱਥ ਫੇਰਿਆ ਅਤੇ ਆਪਣੇ ਧੌਲੀ ਉਮਰ ਦਾ ਵਾਸਤਾ ਪਾਇਆ

ਉਹ ਮਿਲਦੇ ਤਾਂ ਉਦਾਸ ਉਦਾਸ, ਵਿਛੜਦੇ ਤਾਂ ਉਦਾਸ-ਉਦਾਸ

ਅੱਖਾਂ ਵਿਚਲਾ ਚਾਨਣ ਹੁਣ ਹਰ ਪਲ ਗਿੱਲਾ-ਗਿੱਲਾ ਰਹਿਣ ਲੱਗ ਪਿਆ ਸੀ

**************

ਨੌਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।