ਸੱਥ’ਚ ਬਹਿਕੇ ਤਾਸ਼ ਖੇਡਣ ਅਤੇ ਜ਼ਰਦਾ ਲਾਉਣ ਵਾਲਿਆਂ ਦਾ ਪਿੰਡ ।
ਘਰ ਦੀ ਦਾਰੂ ਕੱਢਣ ਅਤੇ ਅਫੀਮ ਖਾਣ ਵਾਲਿਆਂ ਦਾ ਪਿੰਡ ।
ਤੇ ਇਹਨਾਂ ਸਾਰੀਆਂ ਬਹਿਬਤਾਂ ਦਾ ਉਹ ਹੁਣ ਇੱਕ ਹਿੱਸਾ ਬਣ ਗਿਆ ਸੀ ਜੋ ਸ਼ਾਇਦ ਆਪਣੇ ਪਿੰਡ ਦਾ ਪਹਿਲਾਂ ਗਰੈਜੂਏਟ ਸੀ ਜੋ ਹੁਣੇ ਹੁਣੇ ਬੀ.ਏ.ਕਰਕੇ ਘਰ ਪਰਤਿਆ ਸੀ । ਉਹ ਜਾਣੀ ਸੁੱਖੀ। ਮਿਸਤਰੀਆਂ ਦਾ ਸੁੱਖੀ। ਸ਼ਰਬਤੀ ਦਾ ਸੁੱਖੀ ।ਬਚਪਨ ਦੀਆਂ ਸ਼ਰਾਰਤਾਂ ਦਾ ਸੁੱਖੀ ।
ਮਾਮੇ ਦੇ ਘਰ ਉਸਤੋਂ ਰਹਿ ਨਾ ਹੋਇਆ ਅਤੇ ਪੇਪਰ ਖ਼ਤਮ ਹੋਣ ਤੋਂ ਬਾਅਦ ਹੀ ਉਹ ਪਿੰਡ ਪਰਤ ਆਇਆ ।ਆਪਣੀ ਮਾਂ ਦੇ ਚੁੱਲ੍ਹੇ ਦੀ ਰੋਟੀ ਖਾਣ ਲਈ । ਸ਼ਰਬਤੀ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ।
-----
ਬਚਪਨ ਦੇ ਬੇਲੀਆਂ ਨਾਲ ਫਿਰ ਸਾਂਝ ਵਧਣੀ ਸੁਰੂ ਹੋ ਗਈ ।ਸਾਰੇ ਪਹਿਲਾਂ ਵਰਗੇ ਹੀ ਸਨ । ਕੋਈ ਖੇਤੀ ਕਰਦਾ ਸੀ, ਕੋਈ ਸਾਈਕਲ ਤੇ ਫੇਰੀ ਲਾਉਂਦਾ ਸੀ ।ਕਿਸੇ ਨੇ ਹੱਟੀ ਪਾਈ ਹੋਈ ਸੀ ਤੇ ਕੋਈ ਪਿੰਡ ‘ਚ ਡਾਕਟਰ ਬਣਿਆ ਬੈਠਾ ਸੀ ਪਰ ਉਸਦੀ ਜਿਆਦਾ ਸਾਂਝ ਜਿੰਨਾਂ ਨਾਲ ਪਈ ।ਇਹਨਾਂ ‘ਚੋਂ ਉਹ ਕੋਈ ਵੀ ਨਹੀਂ ਸੀ।ਉਹ ਤਾਂ ਸਾਰੇ ਦੇ ਸਾਰੇ ਵਿਹਲੜ ਸਨ । ਟੇਢੀਆਂ ਪੱਗਾਂ, ਧੂਹਵਾਂ ਚਾਦਰਾ, ਮੂੰਹ ‘ਚ ਜ਼ਰਦਾ, ਹੱਥਾਂ ‘ਚ ਤਾਸ਼ ਦੀਆਂ ਡੱਬੀਆਂ ਤੇ ਸ਼ਾਮ ਨੂੰ ਸਭਨਾਂ ਦਾ ਠੇਕੇ ਤੇ ਅੱਡਾ ।ਪਹਿਲਾਂ ਉਹਦਾ ਰਿਜ਼ਲਟ ਆਇਆ ਤੇ ਉਹ ਆਪਣੇ ਮਿੱਤਰਾਂ ਨਾਲ ਦਾਰੂ ਤੋਂ ਸ਼ੁਰੂ ਹੋਇਆ ।ਸਿਰ ‘ਚ ਜਦੋਂ ਫੁਲਝੜੀਆਂ ਚਲਣ ਲੱਗਦੀਆਂ ।ਫਿਰ ਇੱਕ ਅੱਧੀ ਸਿਗਰਟ ਹੋ ਜਾਂਦੀ ।ਤੇ ਫਿਰ ਤਾਂ ਟਿਕਾਣਾ ਹੀ ਨਹੀਂ ਸੀ ਰਿਹਾ ।ਦਿਨੇ ਗੋਲੀਆਂ, ਤਾਸ਼, ਜੂਆ, ਅਫੀਮ ਸ਼ਾਮੀ ਫਿਰ ਤੋਂ ਉਹੋ ਹੀ ਲੱਛਣ ।ਉਹਨੇ ਵੀ ਪਿੰਡ ਦਿਆਂ ਉਹਨਾਂ ਵਿੱਚ ਨਾਂ ਕਰ ਲਿਆ ਸੀ ਜਿੰਨਾਂ ਦਾ ਨਾਂ ਪਿੰਡ ਦਿਆਂ ‘ਉਹਨਾਂ’ ਵਿੱਚ ਹੁੰਦਾ ਹੈ ।
----
ਪਿੰਡ ਦੇ ਲੋਕਾਂ ਦੇ ਬੁੱਲ ਫਰਕਣ ਲੱਗੇ ਤੇ ਇੱਕ ਦੂਜੇ ਦੇ ਕੰਨਾਂ ਕੋਲ ਪਹੁੰਚਣ ਲੱਗੇ । ਉਹ ਜਦੋਂ ਵੀ ਪਿੰਡ ‘ਚੋਂ ਗੁਜ਼ਰਦਾ ।ਪਿੰਡ ਦੇ ਬੁੱਲ ਹੱਸ ਰਹੇ ਹੁੰਦੇ ਸੀ ।ਪਿੰਡ ਦੀਆਂ ਨਜ਼ਰਾਂ ‘ਚ ਸ਼ਿਕਵਾ ਹੁੰਦਾ ਸੀ ।
ਫਿਰ ਇਹ ਬੋਲ ਹੌਲੀ ਹੌਲੀ ਉਸਦੀ ਮਾਂ ਦੇ ਕੰਨਾਂ ਤੀਕ ਵੀ ਪਹੁੰਚ ਗਏ ।ਭਰਾਵਾਂ ਦੇ ਕੰਨਾਂ ਤੀਕ ਵੀ ਪਹੁੰਚ ਗਏ ।ਭਰਾਵਾਂ ਨੇ ਉਸਨੂੰ ਤਾਂ ਕੀ ਕਹਿਣਾ ਸੀ ਉਹ ਮਾਂ ਕੋਲ ਗਿਲਾ ਕਰਦੇ ।ਤੇ ਮਾਂ ਉਸਨੂੰ ਸਵੇਰੇ ਘਰੋਂ ਨਿਕਲਦੇ ਨੂੰ ਵੇਖਕੇ ਮੱਥੇ ਉੱਤੇ ਹੱਥ ਧਰ ਲੈਂਦੀ ਅਤੇ ਸ਼ਾਮੀਂ ਘਰ ਪਰਤਦੇ ਨੂੰ ਵੇਖਕੇ ਆਪਣੇ ਮੱਥੇ ਤੋਂ ਚੁੱਕ ਲੈਂਦੀ ...ਲੋਕਾਂ ਦੀਆਂ ਗੱਲਾਂ ਵਧਦੀਆਂ ਗਈਆਂ। ਭਰਾਵਾਂ ਦੇ ਗਿਲੇ ਵਧਦੇ ਗਏ, ਤੇ ਜਿਸ ਦਿਨ ਉਸਨੇ ਮਾਂ ਦੇ ਅੱਥਰੂ ਵੇਖੇ ਉਹ ਸ਼ਰਾਬ ਨਾਲ ਡੱਕਿਆ ਘਰ ਵੜਿਆ ਸੀ ।ਪਰ ਉਸਨੂੰ ਇਹ ਸਮਝ ਨਹੀਂ ਸੀ ਪਈ ਕਿ ਇਹ ਅੱਥਰੂ ਕਿਸ ਲਈ ਆਏ ਹਨ ।
ਪਿੰਡ ਦੀ ਬੁਰੀ ਸੰਗਤ ‘ਚ ਉਹ ਬੁਰੀ ਤਰਾਂ ਫਸ ਗਿਆ ਸੀ ।ਯਾਰਾਂ ਨਾਲ ਸਰਾਬਾਂ ਕੱਢਣੀਆਂ ਅਤੇ ਉੱਥੇ ਹੀ ਤੱਤੀ ਤੱਤੀ ਪੀ ਕੇ ਪਿਆ ਰਹਿਣਾ ।ਸਿਗਰਟਾਂ ਪੀਂਦੇ ਰਹਿਣਾ, ਤਾਸ਼ ਖੇਡਦੇ ਰਹਿਣਾ ।ਪਿੰਡ ਦੀ ਜਾਂ ਘਰ ਦੀ ਕਿਸੇ ਚੜੀ ਲੱਥੀ ਦੀ ਪਰਵਾਹ ਨਹੀਂ ਸੀ ਉਸਨੂੰ।ਕਿਤੇ ਕੁੱਝ ਵੀ ਹੁੰਦਾ ਰਵ੍ਹੇ ਉਹ ਤਾਂ ਬੱਸ ਆਪਣੀ ਹੀ ਧੁਨ ਵਿੱਚ ਮਸਤ ਸੀ।
----
ਮਾਂ ਦੀਆਂ ਸਾਰੀਆਂ ਆਸਾਂ ਦੇ ਉਲਟ ਕੰਮ ਹੋ ਰਿਹਾ ਸੀ ।ਉਹ ਤਾਂ ਆਪਣੇ ਪੁੱਤ ਨੂੰ ਕੀ ਦਾ ਕੀ ਬਣਿਆ ਦੇਖਣਾ ਚਾਹੁੰਦੀ ਸੀ ।ਪਰ ਪੁੱਤ ਸੀ ਕਿ ਜਿਸਨੂੰ ਰੱਤੀ ਭਰ ਵੀ ਆਪਣੇ ਭਵਿੱਖ ਦਾ ਫ਼ਿਕਰ ਨਹੀਂ ਸੀ ।ਮੌਜ ਨਾਲ ਘਰੋਂ ਉਡਾ ਰਿਹਾ ਸੀ ।
ਕਦੀ ਕਦੀ ਮਾਂ ਸੋਚਦੀ ਕਿ ਇਸ ਮੁੰਡੇ ਨੇ ਇਹ ਸਾਰੀਆਂ ਬਹਿਬਤਾਂ ਕਾਲਜ ਵਿੱਚ ਹੀ ਸਿੱਖ ਲਈਆਂ ਹੋਣਗੀਆਂ ।ਇਹੋ ਸੋਚਕੇ ਉਸਨੂੰ ਆਪਣੇ ਭਰਾ ਤੇ ਹਰਖ ਆ ਜਾਂਦਾ ਕਿ ਉਸਨੇ ਵਰਜਕੇ ਕਿਉਂ ਨਹੀਂ ਰੱਖਿਆ ? ਪਰ ਫਿਰ ਨਾਲ ਹੀ ਉਸਨੂੰ ਆਪਣੇ ਭਰਾ ਦੇ ਜੀਣ ਢੰਗ ਬਾਰੇ ਖਿਆਲ ਆ ਜਾਂਦਾ ਤੇ ਉਹ ਸੋਚਦੀ ਕਿ ਜੇ ਉੱਥੇ ਅਜਿਹਾ ਹੋਇਆ ਵੀ ਹੁੰਦਾ ਤਾਂ ਉਹ ਜਰੂਰ ਸੁਨੇਹਾ ਭੇਜਦਾ।ਘੱਟੋ ਘੱਟ ਮੁੰਡੇ ਨੂੰ ਤਾਂ ਉਹ ਬੁਰੀ ਸੰਗਤ ਵਿੱਚ ਪੈਣ ਨਹੀਂ ਸੀ ਦਿੰਦਾ।
ਮਾਂ ਭਰਾ ਕੋਲ ਗਈ ਤੇ ਪੁੱਤ ਦੀਆਂ ਗੱਲਾਂ ਦੱਸਕੇ ਰੋ-ਰੋ ਆਪਣਾ ਮਨ ਹੌਲਾ ਕਰਨ ਲੱਗੀ ।ਸਾਰੇ ਹੈਰਾਨ ਸਨ ਕਿ ਸੁੱਖੀ ਵਿੱਚ ਅਚਾਨਕ ਹੀ ਇਹ ਤਬਦੀਲੀ ਕਿਵੇਂ ਆ ਗਈ। ਪੜ੍ਹਨ ਸਮੇਂ ਤਾਂ ਬਿਲਕੁਲ ਠੀਕ ਠਾਕ ਹੁੰਦਾ ਸੀ ।ਸਮੇਂ ਸਿਰ ਘਰ ਆਉਂਦਾ ਸੀ ਤੇ ਸਮੇਂ ਸਿਰ ਹੀ ਕਾਲਜ ਜਾਂਦਾ ਸੀ।
-----
ਮਾਂ ਕਹੇ ਵੀ ਤਾਂ ਉਸਨੂੰ ਕਿਵੇਂ ਕਹੇ ।ਸਵੇਰੇ ਉਹ ਚਾਹ ਪੀਂਦਾ ਹੀ ਘਰੋਂ ਨਿੱਕਲ ਜਾਂਦਾ ਸੀ ਅਤੇ ਸ਼ਾਮ ਨੂੰ ਡੱਕਿਆ ਹੋਇਆ ਘਰ ਪਰਤਦਾ ਸੀ ।ਮਾਂ ਦਾ ਖੂਨ ਘਟਣਾ ਸ਼ੁਰੂ ਹੋ ਗਿਆ ਸੀ ।ਉਹ ਚੱਤੋ ਪਹਿਰ ਇਹੋ ਸੋਚਦੀ ਕਿ ਇਹੋ ਇਕੱਲਾ ਤਾਂ ਸੀ ਜਿਸਤੇ ਸਾਰਾ ਘਰ ਮਾਣ ਕਰਦਾ ਸੀ।ਅਜਿਹਾ ਕਿਉਂ ਨਿਕਲਿਆ? ਕਿਉਂ ਉਹ ਲੋਕਾਂ ਦੀਆਂ ਗੱਲਾਂ ਘਰ ਤੀਕ ਪੁਚਾਉਣ ਲੱਗ ਪਿਆ ਸੀ ?
ਮਾਂ ਸੋਚਦੀ ‘ਅਹੀ ਜੀ ‘ਲਾਦ ਤੋਂ ਉਹਨੇ ਕੀ ਲ਼ੈਣਾ ਸੀ ।ਨਿੱਜ ਹੋਇਆ ਐਦੂੰ ਨਾ ਹੀ ਜੰਮਦਾ।ਕੀ ਲੈਣਾ ਸੀ ਅਹੀ ਜੀ ਉਲਾਦ ਤੋਂ ।ਜਿਹਨੂੰ ਘਰ ਦੀ ਚੜ੍ਹੀ ਦੀ ਨੀਂ ਲੱਥੀ ਦੀ ਨੀਂ।’
ਭੈਣ ਬੀਮਾਰ ਹੋਈ ਸੀ ਸਾਰਾ ਟੱਬਰ ਵਾਰੀ ਵਾਰੀ ਜਾ ਕੇ ਪਤਾ ਲੈ ਆਇਆ ਸੀ ਪਰ ਇੱਕ ਉਹ ਸੀ ਕਿ ਜਿਵੇਂ ਭੈਣ ਦੇ ਸਹੁਰਿਆ ਨੂੰ ਜਾਣ ਦਾ ਰਸਤਾ ਹੀ ਭੁੱਲ ਗਿਆ ਸੀ
ਮਾਮਾ ਢਿੱਲਾ ਹੋਇਆ ਸੀ ਤਾਂ ਉਸਨੂੰ ਜਿਵੇਂ ਪਤਾ ਹੀ ਨਹੀਂ ਸੀ ਕਿ ਉਸਦੇ ਵੀ ਨਾਨਕੇ ਹਨ।
----
ਆਖਰ ਇਹ ਵੀ ਕਿੰਨੀ ਕੁ ਦੇਰ ਤੱਕ ਬਰਦਾਸ਼ਤ ਹੋ ਸਕਦਾ ਸੀ ।ਮਾਂ ਨੇ ਇੱਕ ਦਿਨ ਕਹਿ ਦਿੱਤਾ ਕਿ ਉਹ ਆਪਣੀ ਨੌਕਰੀ ਦਾ ਕੋਈ ਵਸੀਲਾ ਕਰੇ ।ਉਸਨੂੰ ਇੰਝ ਘਰੇ ਵਿਹਲਾ ਰਹਿ ਕੇ ਮਾੜੀ ਸੰਗਤ ਵਿੱਚ ਪੈਣ ਨੂੰ ਨਹੀਂ ਸੀ ਪੜ੍ਹਾਇਆ।ਤੇ ਨਾਲੇ ਵਿਹਲਾ ਰਹਿ ਕੇ ਘਰੋਂ ਕਿੰਨੀ ਕੁ ਦੇਰ ਤੀਕ ਖਾ ਸਕਦਾ ਸੀ । ਨਾਲੇ ਮਾਂ ਨੇ ਇਹ ਵੀ ਦੱਸ ਦਿੱਤਾ ਸੀ ਕਿ ਵੱਡੇ ਉਸਦੀਆਂ ਇਹਨਾਂ ਗੱਲਾਂ ਦਾ ਬੁਰਾ ਮਨਾਉਂਦੇ ਹਨ ।ਮਾਂ ਰੋ ਪਈ ਸੀ ।
ਉਹ ਇੱਕ ਟੱਕ ਪੱਥਰ ਬਣਿਆ ਮਾਂ ਦੀਆਂ ਸਾਰੀਆਂ ਗੱਲਾਂ ਸੁਣਦਾ ਰਿਹਾ ।
ਮਾਂ ਦੀਆਂ ਅੱਖਾਂ ਦੀ ਉਦਾਸੀ ਉਸਦੀਆਂ ਆਪਣੀਆਂ ਅੱਖਾਂ ਅੰਦਰ ਲਹਿ ਗਈ ।
ਉਹ ਚੁੱਪ ਕੀਤਾ ਘਰੋਂ ਤੁਰ ਗਿਆ ।
ਰਾਤੀਂ ਵਾਪਸ ਪਰਤਿਆ ਤਾਂ ਉਸਦੀ ਪਹਿਲਾਂ ਨਾਲੋ ਘੱਟ ਪੀਤੀ ਹੋਈ ਸੀ । ਭਰਾਵਾਂ ਨਾਲ ਅੱਖ ਮਿਲਾਉਣ ਨੂੰ ਉਸਦਾ ਜੀਅ ਨਾਂ ਕੀਤਾ ।ਉਸਨੇ ਰੋਜ਼ ਵਾਂਗ ਭਾਬੀਆਂ ਨੂੰ ਰੋਟੀ ਪਾ ਕੇ ਲਿਆਉਣ ਲਈ ਨਹੀਂ ਕਿਹਾ। ਸਗੋਂ ਸਿੱਧਾ ਮਾਂ ਕੋਲ ਚੁੱਲ੍ਹੇ ਮੂਹਰੇ ਜਾ ਬੈਠਿਆ।ਤੇ ਉਥੇ ਹੀ ਬਹਿ ਕੇ ਰੋਟੀ ਖਾ ਕੇ ਆਪਣੇ ਮੰਜੇ ‘ਚ ਆ ਪਿਆ ।
ਉਸ ਦਿਨ ਤੋਂ ਉਸਨੇ ਲਾਗਲੇ ਸ਼ਹਿਰ ਜਾਣਾ ਸ਼ੁਰੂ ਕਰ ਦਿੱਤਾ, ਪਿੰਡ ‘ਚ ਉਹ ਫੌਜੀਆਂ ਦੇ ਘਰ ਅਖਬਾਰ ਪੜ੍ਹਦਾ ਅਤੇ ਜੇ ਕੋਈ ਆਸਾਮੀ ਨਿਕਲਦੀ ਤਾਂ ਫਾਰਮ ਭਰ ਕੇ ਭੇਜ ਦਿੰਦਾ ਤੇ ਆ ਕੇ ਮਾਂ ਨੂੰ ਦੱਸ ਦਿੰਦਾ ।
ਕਈ ਥਾਵਾਂ ਤੋਂ ਤਾਂ ਇੰਟਰਵਿਊ ਆਉਂਦੀ ਹੀ ਨਾ ਤੇ ਜਿੱਥੋਂ ਆਉਂਦੀ ਉੱਥੋਂ ਉਹ ਸੱਖਣੀਆਂ ਅੱਖਾਂ ਨਾਲ ਘਰ ਪਰਤਦਾ।
----
ਮਾਂ ਨੂੰ ਸਾਰਾ ਕੁੱਝ ਦੱਸਦਾ ਮਾਂ ਹੋਰ ਉਦਾਸ ਹੋ ਜਾਂਦੀ ।ਨਾ ਰੱਖਣ ਵਾਲਿਆਂ ਨੂੰ ਪੁੱਠਾ ਸਿੱਧਾ ਬੋਲਦੀ।ਪਰ ਉਹ ‘- ਮਾਂ ਉਹਨਾਂ ਨੂੰ ਬੋਲਕੇ ਕੀ ਫਾਇਦਾ ਜਦੋਂ ਕਿਸਮਤ ‘ਚ ਹੋਈ ਆਪੇ ਕੰਮ ਬਣਜੂ।’ ਕਹਿ ਕੇ ਚੁੱਪ ਕਰਾ ਦਿੰਦਾ।
ਪਰ ਇੰਝ ਵੀ ਭਲਾ ਭੈੜੀਆਂ ਬਹਿਬਤਾਂ ਛੁੱਟਦੀਆਂ ਨੇ।
ਉਸਨੇ ਮਿੱਤਰਾਂ ਦੇ ਦਰਬਾਰ ‘ਚ ਜਾਣਾ ਘਟਾਉਣਾ ਚਾਹਿਆ ਤਾਂ ਉਹ ਘਰੇ ਸੱਦਣ ਆਉਣ ਲੱਗ ਪਏ।ਪਹਿਲਾਂ ਤਾਂ ਠੀਕ ਸੀ ਕਿ ਸਵੇਰੇ ਚਾਹ ਪੀਂਦਾ ਹੀ ਉਹਨਾਂ ਕੋਲ ਜਾ ਹਾਜ਼ਰ ਹੁੰਦਾ।ਪਰ ਹੁਣ ਉਹ ਜਦੋਂ ਮਿਸ ਕਰਨ ਦੀ ਸੋਚਦਾ ਤਾਂ ਉਹ ਆਕੇ ਘਰੋਂ ਹਾਕ ਮਾਰ ਦਿੰਦੇ।
ਮਿੱਤਰਾਂ ਦੇ ਖੇਤਾਂ ਦੇ ਨਾਲ ਹੁਣ ਉਹਨਾਂ ਦਾ ਆਪਣਾ ਖੇਤ ਵੀ ਉਹਨਾਂ ਵਿੱਚ ਸ਼ਾਮਲ ਸੀ ।ਦਿਨੇ ਉਸਨੇ ਖੇਤੀ ਦਾ ਕੰਮ ਕਰਕੇ ਆਪਣਾ ਮਨ ਉੱਥੇ ਲਾਉਣਾ ਸ਼ੁਰੂ ਕਰ ਦਿੱਤਾ।
ਮਾਂ ਦੀ ਉਦਾਸੀ ਕੁੱਝ ਘੱਟ ਗਈ ਸੀ ਤੇ ਉਹ ਸੋਚਣ ਲੱਗ ਪਈ ਸੀ ਕਿ ਚਲੋ ਹੋਰ ਨਹੀਂ ਤਾਂ ਘਰ ਦਾ ਕੰਮ ਤਾਂ ਕਰਨ ਲੱਗ ਹੀ ਪਿਆ ।
ਭਰਾਵਾਂ ਦੀਆਂ ਤਿਊੜੀਆਂ ਵੀ ਕੁੱਝ ਮੱਠੀਆਂ ਪਈਆਂ ਸਨ।ਤੇ ਉਹ ਸੁੱਖੀ ਨਾਲ ਗੱਲ ਕਰਨ ਵਿੱਚ ਦਿਲਚਸਪੀ ਲੈਣ ਲੱਗ ਪਏ ਸਨ।
ਉਹ ਖੇਤੀ ਦੇ ਕੰਮਾਂ ਵਿੱਚ ਵਧੀਆ ਰੁੱਝ ਗਿਆ।
ਭਰਾ ਖ਼ੁਸ਼ ਸਨ।
ਮਾਂ ਖ਼ੁਸ਼ ਸੀ।
ਪਰ ਉਹ ਉਦਾਸ ਸੀ।ਪਹਿਲਾਂ ਵਾਂਗ ਉਹ ਦਾਰੂ ਪੀਤੀ ਦੇ ਲੋਰ ਵਿੱਚ ਘਰੇ ਹੱਸਦਾ ਖੇਡਦਾ ਨਾ ।ਸਗੋਂ ਖੇਤੋਂ ਆ ਕੇ ਮਾਂ ਕੋਲ ਬਹਿ ਜਾਂਦਾ ਤੇ ਰੋਟੀ ਖਾ ਕੇ ਆਪਣੇ ਬਿਸਤਰੇ ‘ਚ ਪੈ ਜਾਂਦਾ ।
ਗਰਮੀਆਂ ਦੇ ਦਿਨੀ ਤਾਂ ਉਹ ਫਿਰ ਤੋਂ ਸੱਥ ਵਿੱਚ ਬਹਿ ਜਾਂਦਾ ਸੀ ਤੇ ਸਿਗਰਟਾਂ ਫੂਕਦਾ, ਤਾਸ਼ ਖੇਡਦਾ ਵੱਡੀ ਰਾਤ ਤੀਕ ਬੈਠਾ ਰਹਿੰਦਾ ਸੀ ।
----
ਨੌਕਰੀ ਦੇ ਫਾਰਮ ਭੇਜਣੇ ਫਿਰ ਤੋਂ ਬੰਦ ਹੋ ਗਏ ਸਨ ।
ਪਰ ਸ਼ਰਬਤੀ ਨਾਲ ਬਿਤਾਏ ਪਲ ਅਜੇ ਵੀ ਕਿਧਰੇ ਉਸਦੇ ਪਰਛਾਵੇਂ ਦੇ ਰੰਗਾਂ ਨਾਲ ਨੱਚ ਰਹੇ ਸਨ ।
ਜਦੋਂ ਵੀ ਸ਼ਰਬਤੀ ਉਸਨੂੰ ਕਿਧਰੇ ਮਿਲਦੀ ਤਾਂ ਉਸਦੀਆਂ ਅੱਖਾਂ ਵਿੱਚ ਇੱਕ ਸ਼ਿਕਵਾ ਹੁੰਦਾ ।
ਉਸਤੋਂ ਸ਼ਰਬਤੀ ਦੀਆਂ ਅੱਖਾਂ ਵਿੱਚ ਤੱਕ ਨਾ ਹੁੰਦਾ ।
ਉਂਝ ਉਹ ਵੀ ਕਿੰਨਾ ਢੀਠ ਹੋ ਗਿਆ ਸੀ ।ਜਦੋਂ ਦਾ ਪਿੰਡ ਆਇਆ ਸੀ ਉਹ ਇੱਕ ਵਾਰ ਵੀ ਸ਼ਰਬਤੀ ਦੇ ਘਰ ਮਿਲਣ ਲਈ ਨਹੀਂ ਸੀ ਗਿਆ ।ਮਾਂ ਨੇ ਦੱਸ ਦਿੱਤਾ ਸੀ ਕਿ ਜਦੋਂ ਦਾ ਉਹ ਸ਼ਰਬਤੀ ਨੂੰ ਮਿਲ ਕੇ ਗਿਆ ਸੀ ਉਹ ਬਿਲਕੁਲ ਠੀਕ ਹੋ ਗਈ ਸੀ, ਤੇ ਹੁਣ ਘਰ ਦੇ ਸਾਰੇ ਕੰਮ ਉਹੀ ਹੀ ਕਰਦੀ ਸੀ ।
ਆਖਰ ਉਹਨਾਂ ਦਾ ਇਹ ਕਿਹੋ ਜਿਹਾ ਰਿਸ਼ਤਾ ਸੀ ਮਿਲਦੇ ਵੀ ਨਹੀਂ ਸਨ ।ਤੇ ਦੂਰ ਵੀ ਨਹੀਂ ਸਨ ਹੁੰਦੇ।ਬਚਪਨ ਦਾ ਮਿਲਨ ਤਾਂ ਹਾਸਿਆਂ ਦਾ ਮਿਲਨ ਸੀ ਲੜਾਈਆਂ ਦਾ ਮਿਲਨ ਸੀ ਤੇ ਹੁਣ ਦਾ. . ਹੁਣ ਮਿਲਨ ਉਦਾਸੀ ਦਾ ਮਿਲਨ ਸੀ ਸ਼ਿਕਵਿਆਂ ਦਾ ਮਿਲਨ ਸੀ ।
----
ਉਹਨਾਂ ਦੇ ਸੁਪਨਿਆ ਦੀ ਛਾਂ ਦੇ ਦੋ ਕਿਨਾਰੇ ਹੋ ਗਏ ਸਨ, ਤੇ ਕਿਨਾਰਿਆਂ ਵਿਚਕਾਰ ਦੀ ਰੇਤ ਸੀ ਕਿ ਉਹਨਾਂ ਦੇ ਬੋਲ ਤੁਰਦੇ ਤੁਰਦੇ ਹੀ ਉੱਥੇ ਹੀ ਦਮ ਤੋੜ ਦਿੰਦੇ ।
ਮਾਂ ਦੱਸਦੀ ਸੀ ਕਿ ਸ਼ਰਬਤੀ ਹਰ ਰੋਜ਼ ਹੀ ਆ ਕੇ ਉਸਨੂੰ ਪੁੱਛਦੀ ਹੈ ਕਿ ਬਈ ਸੁੱਖੀ ਨੂੰ ਨੌਕਰੀ ਕਦੋਂ ਮਿਲੂ ?
ਮਾਂ ਦੱਸਦੀ ਸੀ ਕਿ ਸੁੱਖੀ ਦੀਆਂ ਮਾੜੀਆਂ ਬਹਿਬਤਾਂ ਕਰਕੇ, ਇਸ ਵਾਰ ਤਾਂ ਸ਼ਰਬਤੀ ਉਸਦੀ ਹਿੱਕ ਵਿੱਚ ਸਿਰ ਦੇ ਕੇ ਰੋਈ ਸੀ ।
ਕੀ ਰਿਸ਼ਤਾ ਸੀ ਸ਼ਰਬਤੀ ਤੇ ਉਸਦਾ ?ਆਖਰ ਉਹ ਕਿਉਂ ਇੱਕ ਦੂਜੇ ਨੂੰ ਏਨਾ ਚਾਹੁੰਦੇ ਸਨ। ਗੁਲਾਬ ਤਾਂ ਦੋਹਾਂ ਦੇ ਮਨਾਂ ਵਿੱਚ ਖਿੜ ਚੁੱਕੇ ਸਨ ।ਪਰ ਆਪਣੀਆਂ ਅੱਖਾਂ ਵਿੱਚ ਰੰਗ ਕਿਸੇ ਤੋਂ ਵੀ ਭਰ ਨਹੀਂ ਸੀ ਹੋਇਆ ।
----
ਉਹ ਕਈ ਵਾਰ ਘਰ ਹੁੰਦਾ ।ਸ਼ਰਬਤੀ ਆਉਂਦੀ ਉਸ ਵੱਲ ਤੱਕਦੀ ਤੱਕਦੀ ਤਾਈ ਕੋਲ ਜਾਂਦੀ ਤੇ ਉਸ ਵੱਲ ਤੱਕਦੀ ਤੱਕਦੀ ਹੀ ਵਾਪਸ ਪਰਤ ਜਾਂਦੀ ।ਇਹ ਕਿਹੋ ਜਿਹੇ ਉਹਲਿਆਂ ਦਾ ਹਨੇਰਾ ਸੀ ਕਿ ਉਹਨਾਂ ਦੀ ਚੁੱਪ ਤਾਂ ਸਾਂਝੀ ਹੋ ਜਾਂਦੀ ਪਰ ਬੋਲਾਂ ਤੋਂ ਪਗਡੰਡੀ ਤੇ ਤੁਰ ਨਹੀਂ ਸੀ ਹੁੰਦਾ ।
ਦੋਨੋਂ ਹੀ ਆਪੋ ਆਪਣੇ ਹਨੇਰਿਆਂ ਦੀ ਹਿਰਾਸਤ ਵਿੱਚ ਸਨ।
ਬਚਪਨ ਵਿੱਚ ਤਾਂ ਉਹਨਾਂ ਨੇ ਬੜਾ ਕੁੱਝ ਸੋਚਿਆ ਸੀ ।ਪਰ ਉਦੋਂ ਵਾਲੇ ਮੋਹ ਦੇ ਬੋਲ ਹੁਣ ਕਿਉਂ ਅਜਨਬੀ ਹੋ ਗਏ ਸਨ?
ਉਂਝ ਉਸਨੂੰ ਪਤਾ ਸੀ ਕਿ ਉਹ ਕਦੋਂ ਵੀ ਸ਼ਰਬਤੀ ਦੇ ਘਰ ਜਾ ਕੇ ਉਸ ਨਾਲ ਬੈਠਾ ਘੰਟਿਆਂ ਬੱਧੀ ਗੱਲਾਂ ਮਾਰ ਸਕਦਾ ਹੈ ।ਉਹਨਾਂ ਦੇ ਘਰ ਰੋਟੀ ਖਾ ਸਕਦਾ ਹੈ , ਪਰ ਚਾਹੁੰਦੇ ਹੋਏ ਵੀ ਉਸਤੋਂ ਅਜਿਹਾ ਕੁੱਝ ਨਾ ਹੋਇਆ। ਉਹ ਉਦਾਸ ਹੁੰਦਾ ਤਾਂ ਆਪਣੀਆਂ ਹੀ ਹਥੇਲੀਆਂ ਦੀਆਂ ਲੀਕਾਂ ਉਸ ਕੱਲਰ ਦੀਆਂ ਪਗਡੰਡੀਆਂ ਵਾਂਗ ਲੱਗਦੀਆਂ ਜੋ ਕਿਤੇ ਵੀ ਮਿਲ਼ ਸਕਦੀਆਂ ਸਨ ਤੇ ਕਿਤੇ ਵੀ ਨਹੀਂ ਸਨ ਮਿਲ ਸਕਦੀਆਂ ।ਚਾਹੀਦਾ ਤਾਂ ਸੀ ਕਿ ਉਹ ਦਰਿਆ ਬਣਦੀਆਂ ਅਤੇ ਉਹ ਆਪਣੇ ਮੋਹ ਦੇ ਬੋਲਾਂ ਦੀ ਲੀਕ ਉਸਤੇ ਖਿੱਚਣ ਲਈ ਤੱਤਪਰ ਹੋ ਉੱਠਦੇ ।
ਸ਼ਰਬਤੀ ਦੇ ਹਉਕੇ ਤੇ ਸ਼ਿਕਵੇ ਉਸਦੇ ਵਰਤਮਾਨ ਦੇ ਕਿਸੇ ਚਿਹਰੇ ਤੇ ਚਿਪਕ ਗਏ ਸਨ ।
ਸੁੱਖੀ ਦੀ ਉਦਾਸੀ ਦੀ ਉਮਰ ਉਹ ਹਰ ਰੋਜ਼ ਆਪਣੀਆਂ ਅੱਖਾਂ ਵਿੱਚ ਬੰਦ ਕਰਕੇ ਸੌਂ ਜਾਂਦੀ ।
*********************
ਪੰਜਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ।