ਦਸਵੀਂ ਕਰਕੇ ਸ਼ਰਬਤੀ ਪਿੰਡ ਰਹਿਣ ਲੱਗ ਪਈ ਸੀ ।ਪਰ ਸੁੱਖੀ ਨੂੰ ਉਥੇ ਹੀ ਮਾਮੇ ਨੇ ਕਾਲਜ ਦਾਖਲ ਕਰਵਾ ਦਿੱਤਾ ਸੀ ।
ਬੇਸ਼ੱਕ ਇਥੇ ਸਾਰਾ ਹੀ ਮਾਹੌਲ ਵੱਖਰਾ ਸੀ ਪਰ ਫਿਰ ਵੀ ਸ਼ਰਬਤੀ ਦੀ ਯਾਦ ਹਰ ਪਲ ਉਸਦੇ ਅੰਗ ਸੰਗ ਰਹਿੰਦੀ ।ਉਹੀ ਬਚਪਨ ਦੀਆਂ ਤੋਤਲੀਆਂ ਆਵਾਜ਼ਾਂ, ਸ਼ਰਾਰਤਾਂ ਤੇ ਲੜਾਈਆਂ ।
----
ਦਸਵੀਂ ਤੋਂ ਬਾਅਦ ਇੱਕ ਵਾਰੀ ਜਦੋਂ ਉਹ ਆਪਣੇ ਪਿੰਡ ਗਿਆ ਸੀ ਤਾਂ ਉਸ ਅਤੇ ਸ਼ਰਬਤੀ ਵਿਚਕਾਰ ਇੱਕ ਝਿਜਕ ਸੀ, ਇੱਕ ਸ਼ਰਮ ਸੀ । ਇਸ ਵਾਰ ਸ਼ਰਬਤੀ ਹੀ ਉਹਨਾਂ ਦੇ ਘਰ ਆਈ ਸੀ, ਉਹ ਨਹੀਂ ਸੀ ਗਿਆ ਫਿਰ ਵੀ ਉਹ ਇੱਕ ਦੂਜੇ ਵੱਲ ਤੱਕੇ ਹੀ ਸਨ ਅੱਖਾਂ ਦੀ ਬੋਲੀ ਬੋਲੇ ਸਨ।ਪਰ ਜ਼ੁਬਾਨ ਦਾ ਕੋਈ ਵੀ ਲਫਜ਼ ਪੌੜੀ ਨਹੀਂ ਚੜ੍ਹਿਆ ਸੀ। ਉਹ ਨਵੀਂ ਟੈਰੀਕਾਟ ਦੀ ਪੈਂਟ, ਪੋਲਿਸਟਰ ਦਾ ਕਮੀਜ਼, ਹਰੀ ਪੱਗ ਅਤੇ ਪੈਰੀਂ ਬੂਟ ਪਾਈ ਸ਼ਰਬਤੀ ਨੂੰ ਆਉਂਦੀ ਨੂੰ ਵੀ ਅਤੇ ਜਾਂਦੀ ਨੂੰ ਵੀ ਤੱਕਦਾ ਰਿਹਾ ਸੀ, ਜੋ ਕਾਫੀ ਕਮਜ਼ੋਰ ਦਿੱਸਦੀ ਸੀ ।
ਸਾਫ ਗੁਲਾਬੀ ਸੂਟ,ਪੈਰੀ ਚੱਪਲਾਂ ਤੇ ਸਿਰ ਚੁੰਨੀਂ, ਵਾਲਾਂ ਵਿੱਚ ਸੂਈਆਂ ਲਾਈ ਸ਼ਰਬਤੀ ਚੁੱਪ-ਚਾਪ ਰਸੋਈ ‘ਚ ਬੈਠੀ ਉਸਦੀ ਮਾਂ ਕੋਲ ਆਈ ਅਤੇ ਉਹਨੀਂ ਪੈਰੀ ਹੀ ਉਸ ਵੱਲ ਤੱਕਦੀ ਵਾਪਸ ਚਲੀ ਗਈ ।
ਮਾਂ ਨੇ ਦੱਸਿਆ ਕਿ ਸ਼ਰਬਤੀ ਬੀਮਾਰ ਰਹਿਣ ਲੱਗ ਪਈ ਹੈ।ਤੇ ਆਪਣੀ ਮਾਂ ਹੱਥ ਜਾਂ ਜਦੋਂ ਉਹ ਉਸਦਾ ਪਤਾ ਲੈਣ ਜਾਂਦੀ ਹੈ, ਇਹੋ ਸੁਨੇਹਾ ਦਿੰਦੀ ਹੈ ਕਿ ਜਦੋਂ ਵੀ ਸੁੱਖੀ ਆਵੇ ਉਸਨੂੰ ਮਿਲੇ ਬਿਨਾ ਨਾ ਜਾਵੇ ।
----
ਉਸਤੋਂ ਇੱਕ ਪਲ ਵੀ ਵਿਹੜੇ ਵਿੱਚ ਬੈਠਿਆਂ ਨਾ ਗਿਆ ਅਤੇ ਉਹਨੀਂ ਪੈਰੀਂ ਕਾਹਲੀ ਕਾਹਲੀ ਪੌੜੀਆਂ ਚੜ੍ਹ ਕੇ ਚੁਬਾਰੇ ‘ਚ ਜਾਕੇ ਮੰਜੇ ਤੇ ਮੂਧਾ ਡਿੱਗਕੇ ਰੋਣ ਲੱਗ ਪਿਆ ।ਉਹ ਘਰ ਵੀ ਮਿਲਣ ਆਈ ਤੇ ਉਹ ਮੌਜ ਨਾਲ ਚੁੱਪ ਕੀਤਾ ਬੈਠਾ ਰਿਹਾ ।ਕਿਹੋ ਜਿਹੀ ਰੇਤ ਸੀ ਇਹ, ਨਾ ਅੱਖਾਂ ‘ਚੋਂ ਕਿਰਦੀ ਸੀ ਤੇ ਨਾ ਹੀ ਮੁੱਠੀਆਂ ‘ਚ ਭਰ ਹੁੰਦੀ ਸੀ ।
ਉਸਤੋਂ ਅਗਲੇ ਦਿਨ ਪਿੰਡ ਨਾ ਰਹਿ ਹੋਇਆ ।ਤੇ ਉਹ ਸਵੇਰੇ ਸਾਝਰੇ ਹੀ ਘਰੋਂ ਤਿਆਰ ਹੋ ਕੇ ਵਾਪਸ ਨਾਨਕਿਆਂ ਨੂੰ ਪਰਤ ਆਇਆ ।
ਸੁੱਖੀ ਦੇ ਅਹਿਸਾਸਾਂ ਦਾ ਇਹ ਪਹਿਲਾ ਚਾਨਣ ਸੀ ਜੋ ਉਸਦੀ ਮਾਂ ਨੇ ਉਸਨੂੰ ਬਹੁਤ ਹੀ ਨੇੜਿਓਂ ਹੋ ਕੇ ਦਿਖਾਇਆ ।
ਚਾਨਣ ਏਨਾ ਸਾਫ ਸੀ ਕਿ ਤੱਕਦੇ ਤੱਕਦੇ ਦੀਆਂ ਅੱਖਾਂ ‘ਚ ਇੱਕ ਚਿਹਰਾ ਬਣਕੇ ਉਲੀਕਿਆ ਗਿਆ ।
----
ਕਾਲਜ ਵਿੱਚ ਵੀ ਸੁੱਖੀ ਨੇ ਆਪਣਾ ਵੱਖਰਾ ਮਾਹੌਲ ਸਿਰਜਿਆ । ਇੱਕ ਦੋ ਦੋਸਤ ਸਨ ਉਸਦੇ, ਜਿਨ੍ਹਾਂ ਨਾਲ ਉਹ ਸਿਰਫ਼ ਚਾਹ ਹੀ ਸਾਂਝੀ ਕਰਦਾ ਸੀ ਤੇ ਜਾਂ ਪ੍ਰੌ:ਚਾਹਲ ਸੀ ਕਿ ਕਲਚਰਲ ਰੁਚੀਆਂ ਲਈ ਸੁੱਖੀ ਨੂੰ ਪ੍ਰੇਰਦਾ ਸੀ ।
ਪਹਿਲੇ ਸਾਲ ਦੀ ਕਾਲਜ ਮੈਗਜ਼ੀਨ ਵਿੱਚ ਉਸਦੀ ਕਵਿਤਾ ਛਪੀ ਤਾਂ ਰੂਪੀ ਨੇ ਉਸਨੂੰ ਵਧਾਈ ਦੇਣ ਵਿੱਚ ਵਿਸ਼ੇਸ ਦਿਲਚਸਪੀ ਵਿਖਾਈ ਅਤੇ ਆਪਣੀਆਂ ਸਹੇਲੀਆਂ ਸਮੇਤ ਆਟੋਗ੍ਰਾਫ ਲੈਣ ਲਈ ਉਸਨੂੰ ਘੇਰ ਕੇ ਖੜ੍ਹ ਗਈ ।
-‘ਕੀ ਫਾਇਦਾ ਮੈਡਮ, ਪਾਣੀ ਤੇ ਮਾਰੀ ਲਕੀਰ ਦੀ ਉਮਰ ਹੁੰਦੀ ਹੀ ਨਹੀਂ ।’ ਉਹ ਕਹਿ ਕੇ ਤੁਰ ਪਿਆ ।
-‘ਹੂੰ ……ਵੱਡਾ ਸ਼ਾਇਰ ।’ ਉਹ ਆਪਣੀ ਹੱਤਕ ਹੋਈ ਸਹਾਰ ਨਹੀਂ ਸੀ ਸਕਦੀ ਤੇ ਬੁੜ-ਬੁੜ ਕਰਦੀ ਆਪਣੀਆਂ ਸਹੇਲੀਆਂ ਨਾਲ ਤੁਰ ਗਈ ।
----
ਕਾਲਜ ਦੇ ਚਾਰੇ ਸਾਲ ਰੂਪੀ ਨੇ ਉਸ ਦੁਆਲੇ ਬਹੁਤ ਮਹਿਕਾਂ ਖਿਲੇਰਨੀਆਂ ਚਾਹੀਆਂ ਪਰ ਉਹ ਸੀ ਕਿ ਆਪਣੇ ਹੀ ਹਨੇਰੇ ਦੀ ਹਿਰਾਸਤ ‘ਚੋਂ ਬਾਹਰ ਨਹੀਂ ਸੀ ਆ ਸਕਿਆ ।
ਕਾਲਜ ਦੇ ਆਖਰੀ ਸਾਲ ਤੀਕ ਉਹ ਆਪਣੇ ਕਾਲਜ ਦਾ ਵਧੀਆ ਕਵੀ ਅਤੇ ਚੰਗਾ ਸਪੀਕਰ ਸਾਬਤ ਹੋਇਆ ਸੀ।
ਪਰ ਓਧਰ ਰੂਪੀ ਸੀ ਕਿ ਉਸ ਉਪਰ ਆਪਣਾ ਜਾਦੂ ਧੂੜਨ ਵਿੱਚ ਪੂਰੀ ਤਰਾਂ ਅਸਫਲ ਹੋਈ ਸੀ ਤੇ ਦਿਨੋ-ਦਿਨ ਉਸ ਉਪਰ ਕਰਿਝਦੀ ਰਹੀ ਸੀ ।
-‘ਪਰਬਤਾਂ ਦੇ ਝਰਨਿਆਂ ਦਾ ਪਾਣੀ ਕਿੰਨਾ ਵੀ ਰਾਹਾਂ ਤੋਂ ਗੁਜ਼ਰਦਾ ਰਵ੍ਹੇ ਪਰ ਪਾਣੀਂ ਨਾਲ ਤਰਾਸ਼ੇ ਪੱਥਰਾਂ ਦੇ ਨਕਸ਼ ਫਿਰ ਵੀ ਬੀਤੇ ਦੀ ਪ੍ਰਾਪਤੀ ਹੁੰਦੇ ਹਨ ।’ ਵਿਦਾਇਗੀ ਵੇਲੇ ਕਹੇ ਬੋਲਾਂ ਨਾਲ ਉਸਦੀਆਂ ਅੱਖਾਂ ਵਿੱਚ ਪਾਣੀ ਸਿੰਮ ਆਇਆ ਅਤੇ ਉਸਦੀਆਂ ਅੱਖਾਂ ਅੱਗੇ ਪੰਜਵੀਂ ਪਾਸ ਹੋਣ ਤੋਂ ਬਾਅਦ ਦਾ ਉਹ ਵੇਲਾ ਆ ਖੜ੍ਹਿਆ, ਜਦੋਂ ਸ਼ਰਬਤੀ ਆਪਣੀ ਮਾਂ ਦੀ ਪੇਟੀ ਹੇਠ ਚੂੜੀਆਂ ਤੇ ਸਿੱਪੀਆਂ ਲੁਕੋ ਰਹੀ ਸੀ ਅਤੇ ਉਹ ਵਿਹੜੇ ਵਿਚਲੀ ਨਿੰਮ ਦੀਆਂ ਜੜ੍ਹਾਂ ਵਿੱਚ ਸਰੀਂਹ ਅਤੇ ਇਮਲੀ ਦੇ ਬੀਜ ਦੱਬ ਰਿਹਾ ਸੀ ।
----
ਉਸਤੋਂ ਇੱਕ ਪਲ ਵੀ ਹੋਰ ਸਟੇਜ ਤੇ ਨਾ ਖਲੋਤਾ ਗਿਆ ਅਤੇ ਉਹ ਉਹਨੀਂ ਪੈਰੀਂ ਹੀ ਬਿਨਾ ਫੋਟੋ ਕਰਵਾਏ ਸਾਈਕਲ ਚੁੱਕ ਕੇ ਘਰ ਨੂੰ ਤੁਰ ਆਇਆ ।ਘਰ ਆਇਆ ਤਾਂ ਪਿੰਡੋਂ ਉਸਦੀ ਮਾਂ ਦੀ ਲਿਖਵਾਈ ਉਸਦੇ ਦੋਸਤ ਦੇਵ ਦੀ ਚਿੱਠੀ ਆਈ ਪਈ ਸੀ ।ਦੇਵ ਉਸਤੋਂ ਬਹੁਤ ਛੋਟਾ ਸੀ ਤੇ ਹੁਣ ਕਦੇ ਕਦਾਈ ਪਿੰਡ ਜਾਣ ਕਰਕੇ ਉਸਦੇ ਨੇੜੇ ਹੁੰਦਾ ਚਲਿਆ ਗਿਆ ਸੀ -ਲਿਖਿਆ ਸੀ ਕਿ ਸ਼ਰਬਤੀ ਬੀਮਾਰ ਹੈ ਅਤੇ ਤੈਨੂੰ ਉਡੀਕਦੀ ਹੈ ਉਸਦਾ ਮਿਲਣ ਨੂੰ ਬਹੁਤ ਹੀ ਚਿੱਤ ਕਰਦਾ ਹੈ ।
ਪੇਪਰਾਂ ‘ਚ ਅਜੇ ਬਹੁਤ ਦਿਨ ਸਨ ।ਉਹ ਅਗਲੀ ਸਵੇਰ ਹੀ ਪਿੰਡ ਨੂੰ ਬੱਸ ਚੜ੍ਹ ਗਿਆ ।ਅੱਡੇ ਤੇ ਉਤਰਿਆ ਹੀ ਸੀ ਕਿ ਸ਼ਰਬਤੀ ਦਾ ਪਿਉ ਸ਼ਹਿਰ ਨੂੰ ਜਾਣ ਲਈ ਤਿਆਰ ਖੜ੍ਹਾ ਸੀ ।
-‘ਚਾਚਾ ਹੁਣ ਕਿਵੇਂ ਆ ਸ਼ਰਬਤੀ ?’ ਉਸਨੇ ਕੋਲ ਜਾ ਕੇ ਬਿਨਾਂ ਝਿਜਕ ਦੇ ਪੁੱਛ ਲਿਆ ।
-‘ਢਿੱਲੀ ਓ ਈ ਐ ਭਤੀਜ ਹਲੇ ਤਾਂ, ਪਰ ਤੈਨੂੰ ਕਿਵੇਂ ਪਤਾ ਲੱਗਿਆ।’ ਸ਼ਰਬਤੀ ਦਾ ਪਿਉ ਉਸਦਾ ਮੋਢਾ ਪਲੋਸਦਾ ਬੋਲਿਆ ।
-‘ਮਾਂ ਦਾ ਸੁਨੇਹਾ ਗਿਆ ਸੀ ।’
-‘ਹਾਂ ……ਤੈਨੂੰ ਯਾਦ ਕਰਦੀ ਹੁੰਦੀ ਐ ।ਫੇਰ ਵੀ ਹੁਣ ਤਾਈਂ ਕੱਠੇ ਰਹੇ ਓਂ।’
ਸ਼ਰਬਤੀ ਦਾ ਬਾਪ ਗੀਝੇ ‘ਚ ਹੱਥ ਪਾਉਂਦਾ ਲਮਕਾ ਕੇ ਜਿਹੇ ਬੋਲਿਆ ਅਤੇ ਸੁੱਖੀ ਦੇ ਚਿਹਰੇ ਵੱਲ ਤੱਕਣ ਲੱਗ ਪਿਆ
ਸੁੱਖੀ ਨੂੰ ਵੀ ਉਹਨਾਂ ਦੀ ਹਾਲਤ ਦਾ ਪਤਾ ਸੀ ਕਿ ਉਹ ਕਿਹੋ ਜਿਹੇ ਹਨ ਤੇ ਉਂਝ ਉਸਨੇ ਜਿਵੇਂ ਉਸਦੇ ਚਿਹਰੇ ਤੇ ਕੋਈ ਮਜ਼ਬੂਰੀ ਜਿਹੀ ਪੜ੍ਹ ਲਈ ਸੀ ।
-‘ਲੈ ਚਾਚਾ, ਪੈਸੇ ਕੋਲ ਚੰਗੇ ਹੁੰਦੇ ਐੈ ਹੋਰ ਲੈ ਜਾ ।’ ਤੇ ਚਾਚੇ ਦੇ ਨਾਂਹ ਨਾਂਹ ਕਰਦਾ ਉਸਨੂੰ ਮੱਲੋ-ਮੱਲੀ ਵੀਹ ਰੁਪਏ ਫੜਾਕੇ ਸੁੱਖੀ ਘਰ ਵੱਲ ਨੂੰ ਤੁਰ ਪਿਆ ।
----
ਫਿਰ ਵੀ ਸੁੱਖੀ ਇਕੱਲਾ ਨਹੀਂ ਆਪਣੀ ਮਾਂ ਨੂੰ ਨਾਲ ਲੈ ਕੇ ਸ਼ਰਬਤੀ ਦਾ ਪਤਾ ਲੈਣ ਗਿਆ ।ਉਹ ਮੰਜੀ ਦੇ ਕੋਲ ਪਏ ਸਟੂਲ ਤੇ ਬੈਠ ਗਿਆ ਉਸਨੇ ਸ਼ਰਬਤੀ ਦੀਆਂ ਅੱਖਾਂ ਵਿੱਚ ਬਹੁਤ ਵੱਡਾ ਸ਼ਿਕਵਾ ਤੱਕਿਆ ।
ਸੁੱਖੀ ਨੇ ਉਸਦੇ ਚਿਹਰੇ ‘ਚੋਂ ਜਿਹੜਾ ਚਿਹਰਾ ਤਲਾਸ਼ ਕਰਨਾ ਚਾਹਿਆ ਸੀ ਇਹ ਉਹ ਚਿਹਰਾ ਨਹੀਂ ਸੀ।
ਉਸਨੇ ਇਹਨਾਂ ਅੱਖਾਂ ,ਚੋਂ ਜਿਹੜੀ ਝੀਲ ਤੱਕਣੀ ਚਾਹੀ ਸੀ ਇਹ ਉਹ ਝੀਲ ਵੀ ਨਹੀਂ ਸੀ ।
ਉਸ ਨੇ ਨੀਵੀਂ ਜਿਹੀ ਪਾ ਲਈ ।
ਸ਼ਰਬਤੀ ਨੇ ਪਾਸਾ ਪਰਤ ਕੇ ਉਸ ਵੱਲ ਮੂੰਹ ਕਰ ਲਿਆ ।
ਮਾਂ ਇਹ ਸੋਚਕੇ ਰਸੋਈ ਵਿੱਚ ਸ਼ਰਬਤੀ ਦੀ ਮਾਂ ਕੋਲ ਚਲੀ ਗਈ ਕਿ ਚਲੋ ਭੈਣ ਭਾਈ ਮਨ ਦਾ ਭਾਰ ਹੌਲਾ ਕਰ ਲੈਣਗੇ ਕੱਲਿਆ ਬੈਠਿਆਂ ਨੂੰ ਕਿਹੜਾ ਕੋਈ ਡਰ ਐ।
ਸੁੱਖੀ ਨੂੰ ਕੁੱਝ ਵੀ ਔੜ ਨਹੀਂ ਸੀ ਰਹੀ ਕਿ ਉਹ ਗੱਲ ਸ਼ੁਰੂ ਕਰੇਂ ਤਾਂ ਕਿਵੇਂ ਕਰੇ । ਉਹ ਕਿੰਨੀ ਵਾਰ ਪਿੰਡ ਆ ਕੇ ਮੁੜਿਆ ਸੀ ਦੇਵ ਨੂੰ ਮਿਲਕੇ ਜਾਂਦਾ ਰਿਹਾ ਸੀ ਪਰ ਇੱਕ ਉਹ, ਜਿਸਨੂੰ ਸੁਨੇਹੇ ਦੇਣ ਦੇ ਬਾਵਜੂਦ ਵੀ ਨਾ ਮਿਲ਼ ਕੇ ਗਿਆ ।
-‘ਸੁੱਖੀ ਤੂੰ ਠੀਕ ਠਾਕ ਰਹਿਨੈ ਨਾਂ ?’ਆਖਰ ਸ਼ਰਬਤੀ ਨੇ ਚੁੱਪ ਤੋੜੀ ।
-‘-------।’ਸੁੱਖੀ ਦੀਆਂ ਅੱਖਾਂ ਵਿਚਲੀ ਸੁੱਕੀ ਨਦੀ ‘ਚ ਅੱਥਰੂਆਂ ਦਾ ਹੜ੍ਹ ਆ ਗਿਆ ।
-‘ਸੁੱਖੀ ------।’ਸ਼ਰਬਤੀ ਰਜਾਈ ‘ਚੋਂ ਹੱਥ ਕੱਢਦੀ ਉਸਦਾ ਹੱਥ ਝੰਜੋੜਦੀ ਹੋਈ ਬੋਲੀ ।
-‘ਹਾਂ, ਸ਼ਰਬਤੀ ਮੈਨੂੰ ਮੁਆਫ਼ ਕਰਦੇ ।’ ਮੈਂ ਈ ਘਟੀਆ ਬੰਦਾਂ ਜਿਹੜਾ ਹਰ ਵਾਰ ਪਿੰਡ ਆ ਕੇ ਚੁੱਪ ਚੁਪੀਤਾ ਮੁੜਦਾ ਰਿਹਾ ਤੇ ------।’ ਸੁੱਖੀ ਨੇ ਸ਼ਰਬਤੀ ਦਾ ਹੱਥ ਘੁੱਟਕੇ ਫੜ ਲਿਆ ਜਿਸ ਨਾਲ ਉਸਨੇ ਸੁੱਖੀ ਨੂੰ ਝੰਜੋੜਿਆ ਸੀ ।
-‘ ਫੇਰ ਕੀ ਹੋਇਆ, ਹੁਣ ਤਾਂ ਆ ਗਿਐਂ ਨਾ ਤੂੰ, ਮੈਂ ਪਰਸੋਂ ਚੌਥੇ, ਤਾਈ ਨੂੰ ਕਿਹਾ ਸੀ ਬਈ ਸੁੱਖੀ ਨੂੰ ਮਿਲਾਦੇ ਮੈਨੂੰ ।’ ਸ਼ਰਬਤੀ ਨੇ ਆਪਣਾ ਹੱਥ ਖਿੱਚਿਆ ਨਹੀਂ ਸਗੋਂ ਸੁੱਖੀ ਨੇ ਆਪਣੇ ਆਪ ਈ ਛੱਡ ਦਿੱਤਾ ਅਤੇ ਆਪਣੀਆਂ ਅੱਖਾਂ ‘ਚੋਂ ਅੱਥਰੂ ਪੂੰਝਣ ਲੱਗ ਪਿਆ।
-‘ਕੋਨੀਂ ਪੁੱਤ ਰੋ ਨਾ, ਰੱਬ ਹੁਣ ਇਹਨੂੰ ਠੀਕ ਕਰਦੂਗਾ ।ਡਾਕਦਾਰ ਆਂਹਦਾ ਸੀ .. ਬਈ ਕੋਈ ਫਿਕਰ ਵਾਲੀ ਗੱਲ ਨੀ ।’ ਸ਼ਰਬਤੀ ਦੀ ਮਾਂ ਸੁੱਖੀ ਦੇ ਹੱਥ ਦੁੱਧ ਫੜਾਉਂਦੀ ਹੋਈ ਪਰਤ ਗਈ ।
ਪਰ ਉਹ ਕੀ ਜਾਣਦੀ ਸੀ ਕਿ ਇਹ ਅੱਖਾਂ ਖਬਰੇ ਕਿੰਨੀ ਹੀ ਦੇਰ ਤੋਂ ਉੱਛਲ ਉੱਛਲ ਕੇ ਆਪਣੇ ਹੀ ਕੰਢੇ ਖੋਰਨ ਲਈ ਉਤਾਵਲੀਆਂ ਹਨ।
-‘ਤਾਈ ਨੇ ਫੇਰ ਸੁਨੇਹਾ ਘੱਲਿਆ ਤੈਨੂੰ।’
-‘ਨਹੀਂ, ਲੱਧੜਾਂ ਦੇ ਦੇਵ ਤੋਂ ਚਿੱਠੀ ਪੁਆਈ ਸੀ ।’
-‘ਊਂ ਤਾਂ ਤੂੰ ਤਕੜਾ ਰਹਿਨੈਂ ਨਾ ।’
-‘--------।’ ਖ਼ਾਮੋਸ਼ੀ ਇਹ ਦੱਸ ਰਹੀ ਸੀ ਕਿ ਉਹ ਤਕੜੇ ਰਹਿਣ ਬਾਰੇ ਉਸ ਕੋਲੋਂ ਹੋਰ ਕੁੱਝ ਨਾਂ ਪੁੱਛੇ ।
-‘ਪੜ੍ਹਾਈ ਕਹੀ ਜੀ ਚਲਦੀ ਐ ਤੇਰੀ ?’
-‘ਵਧੀਆ ਚਲੀ ਜਾਂਦੀ ਐ ।’
-‘ਹੁਣ ਤਾਂ ਫੇਰ ਦੋ ਚਾਰ ਦਿਨ ਰਹਿਕੇ ਜਾਏਂਗਾ ਨਾ ?’
-‘ਨਹੀਂ ਸ਼ਰਬਤੀ ਪੇਪਰ ਸ਼ੁਰੂ ਹੋਣ ਆਲੇ ਐ।ਮੈਂ ਤਾਂ ਬੱਸ ਦੇਵ ਦੀ ਚਿੱਠੀ ਪੜ੍ਹਨ ਸਾਰ ਹੀ ਆ ਗਿਆ ਸੀ, ਬਈ ਪਤਾ ਲੈਂ ਆਵਾਂ। ਕੇਰਾਂ ਪੇਪਰ ਦੇ ਆਵਾਂ ਫੇਰ ਬੱਸ ਪਿੰਡ ਈ ਆਜੂੰ।
-‘ਊਂ ਸੁੱਖੀ ਉੱਥੇ ਜਾ ਕੇ ਤਾਂ ਤੂੰ ਮੈਨੂੰ ਜਮਾਂ ਈ ਭੁੱਲ ਗਿਆ ਹੋਮੇਂਗਾ।
----
ਸੁੱਖੀ ਨੇ ਸ਼ਰਬਤੀ ਦੇ ਮੂੰਹ ਤੇ ਹੱਥ ਰੱਖ ਦਿੱਤਾ ਹੋਵੇਗਾ ਅਤੇ ਆਪਣੇ ਦੰਦਾਂ ਵਿੱਚ ਬੁੱਲ੍ਹ ਘੁੱਟ ਕੇ ਚੁੱਪ ਚਾਪ ਉੱਠ ਕੇ ਘਰ ਨੂੰ ਤੁਰ ਪਿਆ ।
ਬੂਹੇ ਤੇ ਆਉਂਦਿਆਂ ਹੀ ਸ਼ਰਬਤੀ ਦੀਆਂ ਸਿਸਕੀਆਂ ਦੀ ਅਵਾਜ਼ ਉਸਦੇ ਕੰਨੀਂ ਪਈ ।ਤੇ ਉਹ ਕਾਹਲੇ ਕਦਮ ਪੁੱਟਦਾ ਆਪਣੇ ਘਰ ਆ ਗਿਆ।
-‘ਅੱਛਾ ਸ਼ਰਬਤੀ ਜਦੋਂ ਰਾਜ਼ੀ ਹੋ ਗਈ ਓਦਣ ਮੈਨੂੰ ਪਤਾ ਦੇਈਂ ।’ ਅਗਲੀ ਸਵੇਰ ਵਾਪਸ ਜਾਣ ਤੋਂ ਪਹਿਲਾਂ ਉਹ ਸ਼ਰਬਤੀ ਕੋਲ ਗਿਆ ।
ਉਹ ਅੱਗੇ ਤੋਂ ਠੀਕ ਜਾਪਦੀ ਸੀ।
ਉਸਨੇ ਅੱਖਾਂ ਰਾਹੀ ਹੱਸਕੇ ਹੀ ਉਸਦੀ ਗੱਲ ਦਾ ਜੁਆਬ ਦਿੱਤਾ।
ਤੇ ਸੁੱਖੀ ਅੱਖਾਂ ਵਿਚਲੇ ਸੁਪਨੇ ਨੂੰ ਅਗਲੇ ਮੌਸਮ ਦੀ ਧੁੱਪ-ਛਾਂ ਚੱਖਣ ਲਈ ਉਂਗਲੀ ਲਾ ਕੇ ਵਾਪਸ ਪਰਤ ਗਿਆ।
**********************************
ਚੌਥਾ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ!
No comments:
Post a Comment