Sunday, April 26, 2009

ਆਖ਼ਰੀ ਪਹਿਰ – ਕਾਂਡ - 9

ਦਫ਼ਤਰ ਦੀਆਂ ਕੁੜੀਆਂ ਉਸ ਦੁਆਲੇ ਮੇਲਾ ਲਾਉਂਦੀਆਂ, ਉਸ ਦੀ ਖ਼ਾਮੋਸ਼ੀ ਦੀ ਭਾਸ਼ਾ ਪੜ੍ਹਨੀ ਉਹਨਾਂ ਦੇ ਵੱਸੋ ਬਾਹਰ ਸੀ।

ਉਸਦੀ ਦੋਸਤੀ ਦਾ ਘੇਰਾ ਕਾਫੀ ਵਧ ਚੁਕਿਆ ਸੀ ।ਦੋਸਤ ਮਿਲਣ ਆਉਂਦੇ ਤਾਂ ਦਫ਼ਤਰ ਵਾਲੇ ਉਸਦੇ ਦੋਸਤਾਂ ਨੂੰ ਹੱਥਾਂ ਤੇ ਚੁੱਕ ਲੈਂਦੇ ਅਤੇ ਪੂਰਾ ਮਾਣ ਕਰਦੇ ।

ਦਫ਼ਤਰ ਵਾਲੇ ਉਸਨੂੰ ਟੋਕਦੇ ਕਿ ਇੰਨੀਆਂ ਵਧੀਆ ਵਧੀਆ ਤੇ ਸਾਫ਼ ਪਾਣੀਆਂ ਵਾਲੀਆਂ ਨਦੀਆਂ ਉਸਦੇ ਦੁਆਲੇ ਵਗਦੀਆਂ ਹਨ, ਫਿਰ ਉਹ ਸਾਰੀਆਂ ‘ਚੋਂ ਹੀ ਚੂਲੀ ਚੂਲੀ ਪਾਣੀ ਦੀ ਭਰਕੇ ਕਿਉਂ ਨਹੀਂ ਪੀ ਲੈਂਦਾ? ਕਿਉਂ ਨਹੀਂ ਇੱਕੋ ਸਾਹੇ ਡੀਕ ਲਾ ਕੇ ਉਹਨਾਂ ਨੂੰ ਖ਼ਤਮ ਕਰ ਦਿੰਦਾ? ਉਸਨੇ ਤਾਂ ਸ਼ਿਵਜੀ ਦੀ ਰਵਾਇਤ ਵੀ ਭੰਗ ਕਰਕੇ ਹੱਦ ਕਰ ਦਿੱਤੀ ਸੀ ।ਉਸਨੂੰ ਉਹ ਬਾਰ ਬਾਰ ਕਹਿੰਦੇ ਕਿ ਜੇ ਉਹਦੀ ਥਾਂ ਤੇ ਉਹ ਹੁੰਦੇ ਤਾਂ ਹੁਣ ਨੂੰ ਨਦੀਆਂ ਦੀ ਰੇਤ ਹੀ ਬਾਕੀ ਦਿਸਣੀ ਸੀ ਤੇ ਜਾਂ ਕਿਨਾਰਿਆਂ ਦੇ ਹਾਉਕੇ ਦਿਖਾਈ ਦੇਣੇ ਸਨ ।

ਪਰ ਇੱਕ ਉਹ ਸੀ ਜਿਸ ਤੇ ਇਹਨਾਂ ਸਾਰੀਆਂ ਗੱਲਾਂ ਦਾ ਕੋਈ ਅਸਰ ਨਹੀਂ ਸੀ ।ਉਹ ਤਾਂ ਆਪ ਹੀ ਸ਼ਾਂਤ ਪਾਣੀ ਸੀ ।ਬੱਸ ਹੌਲੇ ਹੌਲੇ ਆਪਣੀ ਹੀ ਰੇਤ ਦੇ ਨਿੱਘ ਵਿੱਚ ਵਗ ਰਿਹਾ ਸੀ ਉਹ ਕਿਸੇ ਦੀ ਜ਼ੁਬਾਨ ਵੀ ਤਾਂ ਨਹੀਂ ਸੀ ਫੜ ਸਕਦਾ ਕੋਈ ਕੁੱਝ ਵੀ ਤਾਂ ਕਹਿੰਦਾ ਰਵ੍ਹੇ ।ਉਹ ਸਭ ਦੀਆਂ ਸੁਣਦਾ ਤੇ ਹੱਸ ਛੱਡਦਾ ।ਨਾਲ਼ੇ ਉਹ ਮੂਹਰੋਂ ਬੋਲ ਕੇ ਕਿਸੇ ਨਾਲ ਕਿਉਂ ਮੈਲਾ ਪਵੇ । ਕਹਿਣ ਵਾਲੇ ਉਂਝ ਤਾਂ ਠੀਕ ਹੀ ਕਹਿੰਦੇ ਹਨ ।ਕਿ ਉਹ ਜੁਆਨ ਹੈ ਹਰ ਪਾਸੇ ਤੋਂ ਪੂਰਾ ਹੈ ।ਫਿਰ ਇਹ ਪਾਸਾ ਵੱਟਣ ਵਾਲੀ ਗੱਲ ਕਿਉਂ ?

----

ਦਫ਼ਤਰ ਦੀਆਂ ਜਾਂ ਫੀਲਡ ‘ਚ ਕੰਮ ਕਰਨ ਵਾਲੀਆ ਕੁੜੀਆਂ ਕਈ ਵਾਰ ਉਸਨੂੰ ਇਕੱਲਿਆਂ ਬੈਠਿਆਂ ਵੇਖਕੇ ਉਸ ਕੋਲ ਆ ਕੇ ਬੈਠੀਆਂ ਰਹਿੰਦੀਆਂ । ਅਤੇ ਕਿੰਨੀ ਕਿੰਨੀ ਦੇਰ ਹੀ ਗੱਲਾਂ ਕਰਦੀਆਂ ਰਹਿੰਦੀਆਂ । ਉਹ ਕਿਤਾਬਾਂ ਕਿਉਂ ਪੜ੍ਹਦਾ ਹੈ ? ਉਹ ਦਫ਼ਤਰੀ ਕਰਮਚਾਰੀਆਂ ਦੇ ਵੱਡੇ ਵੱਡੇ ਕਹਿਕਹਿਆਂ ਵਿੱਚ ਸ਼ਾਮਿਲ ਕਿਉਂ ਨਹੀਂ ਹੁੰਦਾ ।ਅਤੇ ਫਿਰ ਗੱਲਾਂ ਤੋਰ ਕੇ, ਬਹਾਨੇ ਸਿਰ ਉਹ ਉਸੇ ਗੱਲ ਤੇ ਆ ਖੜ੍ਹਦੀਆਂ, ਜੋ ਅਸਲ ਵਿੱਚ ਕਰਨੀ ਹੁੰਦੀ ਸੀ ਜਿਹੜੀ ਗੱਲ ਉਹਨਾਂ ਦੇ ਮਨ ਦੀ ਗੱਲ ਹੁੰਦੀ ਸੀ, ਜਿਹੜੀ ਗੱਲ ਨਾਲ ਉਹਨਾਂ ਦਾ ਹਾਉਕਾ ਰਲ਼ਿਆ ਹੁੰਦਾ ਸੀ ।ਬਈ ਉਹ ਵਿਆਹ ਕਿਉਂ ਨਹੀਂ ਕਰਾਉਂਦਾ ?ਉਸਦੀ ਵਿਆਹ ਦੀ ਉਮਰ ਹੈ ਉਸਦੇ ਹਾਣ-ਪ੍ਰਵਾਣ ਦੀਆਂ ਬਹੁਤ ਕੁੜੀਆਂ ਹਨ ।ਤੇ ਉਸਦੀ ਉਮਰ ਵੀ ਤਾਂ ਵਿਆਹ ਕਰਵਾਉਣ ਦੀ ਹੈ ? ਬੱਸ ਇਸ ਲੰਮੇ ਸਿਲਸਿਲੇ ਦਾ ਇੱਕੋ ਹੀ ਸੰਖੇਪ ਜਿਹਾ ਉੱਤਰ ਹੁੰਦਾ । ‘ਦਰ ਅਸਲ ਤਹਾਨੂੰ ਰਿਸ਼ਤਿਆਂ ਦੀ ਸਮਝ ਨ੍ਹੀਂ ।’ ਰਿਸ਼ਤਿਆਂ ਦਾ ਇੱਕ ਲੰਬਾ ਤੇ ਗੁੰਝਲਦਾਰ ਜੰਗਲ ਹੁੰਦਾ ਹੈ ।ਜਿਸ ਵਿੱਚੋਂ ਹਰ ਕੋਈ ਆਪਣੇ ਢੰਗ ਨਾਲ ਗੁਜ਼ਰਦਾ ਹੈ ।ਤੇ ਮੈਂ ਵੀ ਆਪਣੇ ਢੰਗ ਨਾਲ ਗੁਜ਼ਰ ਰਿਹਾ ਹਾਂ ।

-‘ਫਿਰ ਅਸੀਂ ਕਿਉਂ ਨਹੀਂ ਆਪਣੇ ਢੰਗ ਨਾਲ ਗੁਜ਼ਰ ਸਕਦੀਆਂ ।ਤੇ ਨਾਲੇ ਪਤਾ ਨਹੀਂ ਕੀ ਗੱਲ ਐ ਕਿ ਇਹ ਗੱਲਾਂ ਤੁਹਾਡੇ ਬਿਨਾਂ ਹੋਰ ਕਿਸੇ ਨਾਲ ਸਾਂਝੀਆਂ ਨੀ ਕਰ ਸਕਦੀਆਂ ।

-‘ਗੁਜ਼ਰ ਕਿਉਂ ਨੀ ਸਕਦੀਆਂ, ਬੜੀ ਚੰਗੀ ਤਰਾਂ ਗੁਜ਼ਰ ਸਕਦੀਆਂ ਹੋ । ਬੱਸ ਬਾਗੀ ਤਬੀਅਤ ਬਣਾਉਣ ਦੀ ਜ਼ਰੂਰਤ ਹੈ।ਪਰੰਪਰਾ ਨੂੰ ਤੋੜਨ ਦੀ ਜ਼ਰੂਰਤ ਹੈ ।ਜਿਸ ਨੂੰ ਤੋੜਨ ਲਈ ਸਾਨੂੰ ਪਹਿਲਾਂ ਸਾਡੇ ਪੁਰਖਿਆਂ ਦੇ ਸੰਸਕਾਰਾਂ ਤੇ ਸੱਟ ਮਾਰਨੀ ਪਵੇਗੀ ।ਤੇ ਉਹਨਾਂ ਦੇ ਬਲ ਨੂੰ ਪਰਖਣਾ ਪਵੇਗਾ । ਬਾਕੀ ਇਹ ਕੋਈ ਵੱਡੀ ਗੱਲ ਨਹੀਂ ਕਿ ਤੁਸੀਂ ਮੇਰੇ ਬਿਨਾਂ ਕਿਸੇ ਹੋਰ ਨਾਲ ਇਹ ਗੱਲ ਸਾਂਝੀ ਨਹੀਂ ਕਰ ਸਕਦੀਆਂ। ਕਿਸੇ ਨਾਲ ਵੀ ਕਰ ਸਕਦੀਆਂ ਹੋ ਹਰ ਕੋਈ ਤੁਹਾਨੂੰ ਆਪੋ ਆਪਣੇ ਢੰਗ ਦੱਸੇਗਾ ।’

----

ਕੁੜੀਆਂ ਸੁਣਕੇ ਨਿਰ-ਉੱਤਰ ਹੋ ਜਾਂਦੀਆਂ ।ਇਹ ਮੱਛੀ ਕਿਵੇਂ ਵੀ ਉਹਨਾਂ ਦੇ ਜਾਲ਼ ਵਿੱਚ ਫਸ ਨਹੀਂ ਸੀ ਰਹੀ । ਉਹ ਕੀ ਜਾਣਦੀਆਂ ਸਨ ਇਸ ਸਮੁੰਦਰ ਦੇ ਪਾਣੀ ਦਾ ਸਵਾਦ ਕਿਹੋ ਜਿਹਾ ਹੈ ?

ਬਦਲੀਆਂ ਦੇ ਸਿਲਸਿਲੇ ਵਿੱਚ ਉਹਦੀ ਇੱਕ ਦੋ ਥਾਂ ਬਦਲੀ ਵੀ ਹੋਈ ।ਹਰ ਥਾਂ ਉਹੀ ਰਾਗ ਤੇ ਉਹੀ ਬੰਸਰੀ ਹੁੰਦੀ ।ਰਤਾ ਭਰ ਵੀ ਕੁੱਝ ਤਬਦੀਲ ਨਹੀਂ ਸੀ ਹੋਇਆ। ਆਖਰ ਉਹ ਵੀ ਅਖੀਰ ਵਿੱਚ ਕਹਿਣ ਲੱਗ ਪਿਆ ਸੀ –‘ਤਹਾਨੂੰ ਮੇਰੀ ਹੀ ਕਿਉਂ ਪਈ ਹੈ।ਹੋਰ ਕਿਸੇ ਬਾਰੇ ਵੀ ਤਾਂ ਸੋਚਿਆ ਕਰੋ ।ਠੀਕ ਹੈ ਮੈਂ ਬੀਤ ਰਿਹਾ ਹਾਂ।ਤੇ ਇਹ ਮੈਨੂੰ ਵੀ ਪਤਾ ਹੈ ਕਿ ਉਵੇਂ ਨਹੀਂ ਜਿਵੇਂ ਮੈਨੂੰ ਬੀਤਣਾ ਚਾਹੀਦੈ।’

ਸਭ ਚੁੱਪ ਹੋ ਜਾਂਦੀਆਂ ।

ਉਂਝ ਨੌਕਰੀ ਨੇ ਉਸਨੂੰ ਵਧੀਆ ਦੋਸਤ ਦਿੱਤੇ ਸਨ ।ਬਿਰਖਾਂ ਵਰਗੇ ਹਰੇ ਭਰੇ ਪੱਤਿਆਂ ਨਾਲ ਭਰਪੂਰ ਦੋਸਤ ।ਹਰ ਬ੍ਰਿਖ ਦੀ ਟਹਿਣੀਆਂ ਉਸ ਲਈ ਵਧੀਆ ਗਲਵੱਕੜੀ ਸਾਬਤ ਹੋ ਰਹੀ ਸੀ।

ਹੁਣ ਤਕਰੀਬਨ ਉਹ ਗੱਲ ਖ਼ਤਮ ਹੋ ਚੁੱਕੀ ਸੀ । ਆਪਣੀ ਗੰਭੀਰਤਾ ਸਦਕਾ ਹੀ ਉਹ ਵਧੀਆ ਦਾਇਰਿਆਂ ‘ਚੋਂ ਗੁਜ਼ਰ ਰਿਹਾ ਸੀ।ਕਿਤੇ ਉਸਦੇ ਵਧੀਆ ਵਧੀਆ ਸ਼ਿਅਰ ਮਹਿਫਲਾਂ ਦੀ ਪਹਿਲ ਕਦਮੀ ਕਰ ਰਹੇ ਕਰ ਰਹੇ ਹੁੰਦੇ ।ਤੇ ਕਿਤੇ ਉਸਦੀ ਕਵਿਤਾ ਸਭ ਦੀਆਂ ਅੱਖਾਂ ‘ਚ ਨਮੀ ਉਤਾਰ ਰਹੀ ਹੁੰਦੀ ।

----

ਪੁਰਾਣੀਆਂ ਗੱਲਾਂ ਪੁਰਾਣੀਆਂ ਹੀ ਰਹੀਆਂ ਅਤੇ ਉਹ ਆਪਣੀ ਤੋਰੇ ਤੁਰਦਾ ਰਿਹਾ।

ਫਿਰ ਉਸਦੇ ਦਫਤਰ ਵਿੱਚ ਲਾਲੀ ਦਾ ਆਗਮਨ ਹੋਇਆ।ਸਾਢੇ ਪੰਜ ਫੁੱਟ ਲੰਮੀ, ਗੋਰੀ, ਨਾਇਕਾਵਾਂ ਵਰਗੀ ਕੁੜੀ ਉਸਦੇ ਦਫਤਰ ਵਿੱਚ ਸਟੈਨੋ ਬਣ ਕੇ ਆਈ ।ਕੁੜੀ ਕਾਹਦੀ ਸੀ ਬੱਸ ਸਾਰਾ ਦਫਤਰ ਹੀ ਹੈਰਾਨ ਹੋ ਗਿਆ ।ਪਟੱਕ ਪਟੱਕ ਗੱਲਾਂ ਮਾਰਦੀ ਉਸਦੀ ਪਤਲੀ ਜ਼ੁਬਾਨ ਜਦੋਂ ਵਰ੍ਹਦੀ ਤਾਂ ਹਰ ਇੱਕ ਦੇ ਦਿਲ ਨੂੰ ਭਿਉਂ ਜਾਂਦੀ ।

ਦਫਤਰ ਦਾ ਮਾਹੌਲ ਬਦਲ ਗਿਆ ਸੀ ਜਿਸ ਦਫਤਰ ਵਿੱਚ ਦਿਨੇ ਉਜਾੜ ਰਹਿੰਦੀ ਹੁਣ ਉਸ ਦਫਤਰ ਵਿੱਚ ਸਾਰਾ ਦਿਨ ਰੌਣਕ ਰਹਿੰਦੀ ।ਉਦਾਸੀ ਦਾ ਮਾਹੌਲ ਹੀ ਕਿਸੇ ਪਾਸੇ ਨਹੀਂ ਸੀ ।ਚਾਹ ਵਾਲੇ ਨੂੰ ਬਹੁਤ ਫਾਇਦਾ ਹੋ ਗਿਆ।ਜਿਹੜਾ ਵੀ ਦੋ ਘੜੀ ਉਸ ਕੋਲ ਟਾਈਪ ਕਰਵਾਉਣ ਜਾਂਦਾ ਉਹੋ ਹੀ ਕੋਲ ਬੈਠਾ, ਗੱਲਾਂ ਮਾਰਦਾ ਟਾਈਪ ਕਰਵਾਉਣ ਦੇ ਬਹਾਨੇ ਚਾਹ ਮੰਗਵਾ ਲੈਂਦਾ ।ਬਹੁਤ ਸਾਰੀਆਂ ਗੱਲਾਂ ਨਾਲ ਕਾਵਾਂ ਰੌਲੀ ਮੱਚੀ ਰਹਿੰਦੀ ।ਤੇ ਉਹ ਲੰਮੀ ਕੁੜੀ ਵੀ ਸਭਦੀਆਂ ਗੱਲਾਂ ਦਾ ਪਟੱਕ ਪਟੱਕ ਜੁਆਬ ਦਿੰਦੀ ।ਪਰ ਇੱਕ ਉਹ ਵੀ ਸੀ ਜੋ ਇਸ ਸਾਰੇ ਰੌਲੇ ਵਿੱਚ ਖ਼ਾਮੋਸ਼ ਸੀ ।ਸਭ ਦੀ ਗੱਲਾਂ ਸੁਣਦਾ ਉਹ ਚੁਪਕੇ ਹੀ ਆਪਣੀ ਕੋਈ ਕਿਤਾਬ ਪੜ੍ਹਦਾ ਰਹਿੰਦਾ ਤੇ ਜਾਂ ਕਿਸੇ ਦੋਸਤ ਨੂੰ ਖ਼ਤ ਲਿਖਦਾ ਰਹਿੰਦਾ। ਆਪਣੇ ਵਰਤਮਾਨ ਪਲਾਂ ਦਾ ਖ਼ਤ ।

----

ਵਰਤਮਾਨ ਪਲ, ਜੋ ਉਸ ਕੋਲੋਂ ਉਲਾਂਭੇ ਵਾਂਗ ਹੀ ਗੁਜ਼ਰ ਰਹੇ ਸਨ ।ਤੇ ਉਹ ਇਨ੍ਹਾਂ ਉਲਾਂਭਿਆਂ ਭਰੇ ਪਲਾਂ ਦੀ ਇਬਾਰਤ ਦੋਸਤਾਂ ਨੂੰ ਆਪਣੇ ਖ਼ਤਾਂ ਵਿੱਚ ਲਿਖਦਾ । ਦੋਸਤਾਂ ਦੇ ਲੰਬੇ ਲੰਬੇ ਖ਼ਤ ਆਉਂਦੇ ।ਤਾਂ ਸੁੱਖੀ ਦੇ ਦਫਤਰ ਦੇ ਬੰਦੇ ਉਸ ਤੋਂ ਮੱਲੋ ਜ਼ੋਰੀ ਉਹ ਖ਼ਤ ਲੈ ਕੇ ਪੜ੍ਹ ਲੈਂਦੇ ।ਤੇ ਖ਼ਤਾਂ ਦੀ ਤਾਰੀਫ਼ ਕਰਦੇ।ਵੈਸੇ ਉਹਨਾਂ ਫਾਈਲ਼ਾਂ ਵਿੱਚ ਨੱਥੀ ਹੋਏ ਬੰਦਿਆਂ ਕੋਲ ਤਾਰੀਫ਼ਾਂ ਤੋਂ ਬਿਨਾਂ ਸੀ ਵੀ ਕੀ ?

ਉਸਦੀ ਗੰਭੀਰਤਾ ਨੇ ਲਾਲੀ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਦਫਤਰ ਦੇ ਬੰਦਿਆਂ ਤੋਂ ਪੁੱਛਦੀ, ਬਈ ਇਹ ਇੰਨੇ ਉਦਾਸ ਕਿਉਂ ਰਹਿੰਦੇ ਨੇ ।ਹਰ ਵਕਤ ਕਿਤਾਬਾਂ ਜਿਹੀਆਂ ਕਿਉਂ ਪੜ੍ਹਦੇ ਨੇ ।ਤਾਂ ਉਹਨਾਂ ਕੋਲ ਇੱਕੋ ਇੱਕ ਘੜਿਆ-ਘੜਾਇਆ ਜੁਆਬ ਹੁੰਦਾ, ਬਈ ਏਹਨੂੰ ਨੌਕਰੀ ਕਰਦੇ ਨੂੰ ਐਨੇ ਸਾਲ ਹੋ ਗਏ ਨੇ । ਇਹ ਜਿਵੇਂ ਆਇਆ ਸੀ ਉਵੇਂ ਦਾ ਉਵੇਂ ਈ ਐ ।ਊਂ ਇੱਕ ਗੱਲ ਇਹਦੇ ਨਾਲ ਦਾ ਵਧੀਆਂ ਬੰਦਾ ਅਜੇ ਤੀਕ ਸਾਡੇ ਦਫ਼ਤਰ 'ਚ ਨੀਂ ਆਇਆ ।

ਲਾਲੀ ਸੋਚਣ ਤੇ ਮਜਬੂਰ ਹੋ ਜਾਂਦੀ ।ਕਿ ਨਾਂ ਕਿਸੇ ਨਾਲ ਖੁੱਲ ਕੇ ਬੋਲਣਾ ਨਾ ਹੀ ਖੁੱਲ੍ਹਕੇ ਹੱਸਣਾ ।ਸਵਾਹ ਹੋਊ ਇਹ ਵਧੀਆ ਬੰਦਾ।

ਫਾਈਲਾਂ ਵਿੱਚ ਨੱਥੀ ਮਨੁੱਖਾਂ ਨੇ ਫਿਰ ਪਹਿਲਾਂ ਵਾਲੀਆਂ ਪਰਤਾਂ ਉਧੇੜ ਲਈਆਂ ।ਉਹੀ ਗੱਲਾਂ ਉਹੀ ਸਿਲਸਿਲੇ ।ਬਈ ਲਾਲੀ ਵਾਰ ਵਾਰ ਉਹਨਾਂ ਕੋਲੋਂ ਉਹਦੇ ਬਾਰੇ ਪੁੱਛਦੀ ਰਹਿੰਦੀ ਹੈ ਉਸਦੀ ਗੰਭੀਰਤਾ ਬਾਰੇ ਪੁੱਛਦੀ ਹੈ ।

----

ਹੁਣ ਲਾਲੀ ਨੇ ਉਸ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ।

ਹੁਣ ਲਾਲੀ ਨੇ ਆਪਣੇ ਵਰਤਮਾਨ ਪਲਾਂ ਵਿੱਚ ਉਹਦਾ ਨਾਮ ਵੀ ਲਿਖਣਾ ਸ਼ੁਰੂ ਕਰ ਦਿੱਤਾ ।

ਹੁਣ ਲਾਲੀ ਨੇ ਆਪਣੇ ਸੁਪਨਿਆਂ ਦੀ ਹੱਦ ਨੂੰ ਸੁੱਖੀ ਦੀ ਹੱਦ ਨਾਲ ਜੋੜਨਾ ਸ਼ੁਰੂ ਕਰ ਦਿੱਤਾ ।

ਤੇ ਜਦੋਂ ਲਾਲੀ ਨੇ ਉਸਦੀ ਚੁੱਪ ਦੀ ਬਾਤ ਦਾ ਸਿਰਲੇਖ ਉਣ ਲਿਆ ਤਾਂ ਉਹ ਵੀ ਵੇਲ ਬਣਕੇ ਉਹਦੇ ਮੋਢੇ ਲੱਗ ਗਿਆ ।

ਇਹ ਲਾਲੀ ਹੀ ਸੀ ਜਿਸਨੇ ਉਸਦੀ ਚੁੱਪ ਦੀ ਬਾਤ ਦਾ ਸਿਰਲੇਖ ਲਿਖਕੇ ਉਸਦੇ ਮਨ ਦੇ ਹਨੇਰੇ ‘ਚ ਦੀਵਾ ਬਾਲਿਆ ਸੀ।

ਲਾਲੀ ਦੀ ਸਾਧਨਾ ਪ੍ਰਾਪਤੀ ਬਣ ਗਈ ।

ਸੁੱਖੀ ਨੇ ਸ਼ਿਵਜੀ ਮਹਾਰਾਜ ਨਾਲ ਅੱਖਾਂ ਮਿਲਾਈਆਂ ।

ਸੁੱਖੀ ਦੇ ਪਤਝੜਾਂ ਵਿੱਚ ਵਗੀ ਪੌਣ ਦਾ ਚਿਹਰਾ ਜਿਸਨੇ ਵੀ ਵੇਖਿਆ ਉਸਨੇ ਹੀ ਉਸ ਨੂੰ ਮੁਬਾਰਕਾਂ ਦਿੱਤੀਆਂ, ਆਪਣੀ ਗਲਵੱਕੜੀ ਵਿੱਚ ਲਿਆ ।

----

ਸਾਰੀ ਕਾਇਨਾਤ ਹੈਰਾਨ ਸੀ। ਉਸਦੇ ਸਾਰੇ ਦੋਸਤਾਂ ਨੇ ਆਪੋ-ਆਪਣੇ ਚਿਹਰੇ ਇੱਕ ਵਾਰੀ ਜਲਾਵਤਨ ਹੋਏ ਰੰਗਾਂ ਦੇ ਹਵਾਲੇ ਕਰ ਦਿੱਤੇ ।ਇਹ ਕੀ ਹੋ ਗਿਆ ਸੀ । ਲਾਲੀ ਨੇ ਅਜਿਹੇ ਕਿੰਨਾਂ ਯੋਗੀਆਂ ਦੇ ਪੈਰ ਫੜੇ ਸਨ ।ਕਿ ਉਹ ਆਪਣੇ ਬੋਧੀ ਨੂੰ ਬੀਆਬਾਨਾਂ ‘ਚੋਂ ਵਾਪਸ ਮੋੜ ਲਿਆਈ ਸੀ

ਉਹ ਹਰ ਦਿਨ ਹਰ ਪਲ ਨੇੜੇ ਹੋ ਰਹੇ ਸਨ ।

ਇੱਕ ਦੂਜੇ ਦੇ ਪਾਣੀਆਂ ਤੇ ਆਪਣਾ ਨਾਮ ਲਿਖਦੇ ਸਨ ।

ਇੱਕ ਦੂਜੇ ਦੇ ਸੰਗੀਤ ਨੂੰ ਅਰਥ ਦਿੰਦੇ ਸਨ ।

ਇੱਕ ਦੂਜੇ ਦੀ ਛਾਂ ‘ਚ ਹਥੇਲੀਆਂ ਵਿਛਾਉਂਦੇ ਸਨ ।

ਤੇ ਇੱਕ ਦੂਜੇ ਦੇ ਅੰਬਰ ‘ਚੋਂ ਤਾਰੇ ਤੋੜ ਕੇ ਲਿਆਉਂਦੇ ਸਨ ।

ਹੁਣ ਸੁੱਖੀ ਦਾ ਕਮਰਾ ਵੀ ਉਸਨੂੰ ਧਾਅ ਕੇ ਮਿਲਦਾ, ਉਸਦੇ ਬੀਤੇ ਦਿਨਾਂ ਦੀ ਦਾਸਤਾਨ ਸੁਣਦਾ ।ਤੇ ਫਿਰ ਚੁੱਪ-ਚਾਪ ਆਪਣੀ ਹੀ ਔਕਾਤ ਵਿੱਚ ਦੁੱਬਕ ਜਾਂਦਾ ।

-‘ਉਹ ਤਾਂ ਤਿੰਨ ਕੁ ਮਹੀਨਿਆਂ ਲਈ ਹੀ ਆਈ ਹੈ ।’

-‘ਫਿਰ ਵਗਦੇ ਵਰੋਲਿਆਂ ਨਾਲ ਇਹਨਾਂ ਪਾਣੀਆਂ ਦਾ ਕੀ ਰਿਸ਼ਤਾ ?’ ਸੁੱਖੀ ਦੇ ਕਮਰੇ ਨੇ ਉਸਨੂੰ ਬਹੁਤ ਨੇੜੇ ਹੋ ਕੇ ਕਿਹਾ ।

ਸੱਚ ਮੁੱਚ ਹੀ ਕੋਈ ਰਿਸ਼ਤਾ ਨਹੀਂ ਸੀ ।

-‘ਚੰਦਰਿਆ ਕਾਹਦੇ ਲਈ ਤੂੰ ਆਪਣੀ ਉਦਾਸੀ ਨੂੰ ਭੰਗ ਕੀਤਾ ।ਆਪਣੀ ਉਦਾਸੀ ਦੇ ਵਿਰਲਾਪ ਦਾ ਆਪ ਹੀ ਕਾਤਲ ਬਣ ਗਿਆ। ਨਹੀਂ ਸੁੱਖੀ ਤੂੰ ਕਿਸੇ ਦੀ ਵਫਾ ਨੂੰ ਬੇਵਫਾ ਦੇ ਅਰਥ ਨਾਂ ਦੇਹ ।’ ਆਪਣੇ ਹੀ ਕਮਰੇ ਚੋਂ ਆਈ ਆਵਾਜ਼ ਨਾਲ ਉਹ ਝੰਜੋੜਿਆ ਗਿਆ ।ਪਰ ਹੁਣ ਸ਼ਾਇਦ ਸੁੱਖੀ ਉਥੋਂ ਪਰਤ ਨਹੀਂ ਸੀ ਸਕਦਾ ।ਜਿੱਥੇ ਤੀਕ ਉਹ ਪੁੱਜ ਚੁੱਕਿਆ ਸੀ।

----

ਚਰਚਾ ਵਿੱਚ ਤੁਰਦੇ ਉਸਦੇ ਨਾਮ ਨਾਲ ਇੱਕ ਨਾਮ ਹੋਰ ਜੁੜ ਗਿਆ ਸੀ ।

ਉਹ ਨਹੀਂ ਸੀ ਚਾਹੁੰਦਾ ਕਿ ਹੁਣ ਉਹ ਆਪਣੇ ਵਿਰਲਾਪ ਨੂੰ ਕੋਈ ਹੋਰ ਰੂਪ ਦੇ ਕੇ, ਉਹਨੂੰ ਨੀਲਾਮ ਹੋਣ ਲਈ ਛੱਡ ਦੇਵੇ ।

ਤੁਰਦੀਆਂ ਪੈੜਾਂ ਨੂੰ ਹੁਣ ਉਹ ਵਰਜਿਤ ਨਹੀਂ ਸਨ ਕਰਨਾ ਚਾਹੁੰਦੇ ।

ਲਾਲੀ ਦੀ ਥਾਂ ਤੇ ਕੋਈ ਹੋਰ ਪੱਕਾ ਕਰਮਚਾਰੀ ਆ ਗਿਆ ।ਤੇ ਉਹ ਇਸ ਟੁੱਟਦੇ ਬੰਨ੍ਹ ਨੂੰ ਰੋਕਣ ਲਈ ਸੂਬੇ ਦੀ ਰਾਜਧਾਨੀ ਜਾ ਬੈਠਾ।ਰਾਜਧਾਨੀ ਦੀਆਂ ਸੜਕਾਂ ਅਤੇ ਦਫਤਰਾਂ ਵਿੱਚ ਹੁਣ ਉਸਦੀ ਅਵਾਰਗੀ ਦਾ ਦੌਰ ਸੀ ।ਤੇ ਉਹ ਆਪਣੇ ਇਸ ਦੌਰ ਨਾਲ ਬੁਰੀ ਤਰਾਂ ਜੁੜਿਆ ਹੋਇਆ ਸੀ ।ਆਪਣੇ ਦੋਸਤ ਦੇ ਘਰੋਂ ਉਹ ਸਵੇਰੇ ਹੀ ਦਫਤਰ ਚਲਿਆ ਜਾਂਦਾ ਅਤੇ ਸਾਰੇ ਦਿਨ ਦੀ ਭਟਕਣਾ, ਮੱਥੇ ਵਿੱਚ ਜਮ੍ਹਾਂ ਕਰਕੇ ਵਾਪਸ ਪਰਤ ਆਉਂਦਾ।ਨਹਾਉਂਦਾ, ਤੌਲੀਏ ਨਾਲ ਜਿਸਮ ਪੂੰਝਦਾ ।ਪਰ ਭਟਕਣਾ, ਉਹ ਵੀ ਭਲਾ ਕਦੀ ਤੌਲੀਏ ਨਾਲ ਪੂੰਝੀ ਗਈ ਐ ।

-----

ਦੋ ਮਹੀਨਿਆਂ ਬਾਅਦ ਰਾਜਧਾਨੀ ਦਾ ਰਾਹਗੀਰ ਵਾਪਸ ਪਰਤ ਆਇਆ ਹੱਥ ਵਿੱਚ ਨਿਰਾਸ਼ਾ ਦੀਆਂ ਫਾਈਲ਼ਾਂ ਫੜੀ ।ਉਸਦੇ ਕੁੱਝ ਵੀ ਪੱਲੇ ਨਾ ਪਿਆ ।ਉਸਨੇ ਇੱਕ ਵਾਰ ਫਿਰ ਉਨ੍ਹਾਂ ਕੁੱਝ ਗਵਾਇਆ ਜਿੰਨਾਂ ਕੁੱਝ ਉਸਦੇ ਪੱਲੇ ਨਹੀਂ ਸੀ ।ਕਮਰੇ ‘ਚ ਵੜਦੇ ਦਾ ਚਿਹਰਾ ਤੱਕਕੇ ਉਸਦੇ ਕਮਰੇ ਦੀ ਗਲਵੱਕੜੀ ਤ੍ਰਹਿ ਗਈ ।

ਦਫਤਰ ਵਿੱਚ ਗੈਰ ਹਾਜ਼ਰੀਆਂ ਦਾ ਸਿਲਸਿਲਾ ਜਾਰੀ ਸੀ ।ਤਨਖਾਹ ਦੇ ਸਾਰੇ ਰਸਤੇ ਬੰਦ ਸਨ ।ਅਤੇ ਦਫਤਰ ਵੜਦਿਆਂ ਹੀ ਐਕਸ ਪਲੇਨੇਸ਼ਨ ਕਾਲ ਦਾ ਥੱਬਾ ਉਸ ਅੱਗੇ ਆ ਖੜ੍ਹਿਆ ।ਉਸਦੇ ਲਈ ਇਹ ਸਭ ਕੁੱਝ ਫਾਲਤੂ ਸੀ ਬਕਵਾਸ ਸੀ ਤੇ ਉਹ ਇਹ ਕੁੱਝ ਵੀ ਨਹੀਂ ਸੀ ਕਰਨਾ ਚਾਹੁੰਦਾ ।ਉਸਨੂੰ ਤਾਂ ਬੱਸ ਵਕਤ ਚਾਹੀਦਾ ਸੀ ਕਿ ਉਹ ਇਕੱਲਾ ਬੈਠਕੇ ਕੁੱਝ ਸੋਚ ਸਕੇ ।

ਦੋਸਤਾਂ ਨੇ ਉਸਨੂੰ ਹੌਂਸਲਾ ਦਿੱਤਾ ਉਠਾਇਆ ਅਤੇ ਆਪਣੇ ਨਾਲ ਤੋਰ ਲਿਆ । ਪਹਿਲਾਂ ਵਾਂਗ ਹੀ ਫਿਰ ਦਫ਼ਤਰਾਂ ਦੀਆਂ ਫੇਰੀਆਂ ਸ਼ੁਰੂ ਹੋ ਗਈਆਂ ਤੇ ਅਖੀਰ ਉਹਨਾਂ ਨੇ ਲਾਲੀ ਨੂੰ ਵੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਭਰਤੀ ਕਰਵਾ ਦਿੱਤਾ ।

----

ਸਭ ਲਈ ਖੁਸ਼ੀ ਦਾ ਦਿਨ ਸੀ ।ਸੋ ਪੀਤੀ ਗਈ ।ਜੋ ਉਂਝ ਵੀ ਤਾਂ ਪੀਤੀ ਹੀ ਜਾਣੀ ਸੀ ।

ਲਾਲੀ ਵਧੀਆ ਅਡਜਸਟ ਹੋ ਗਈ ।

ਤੇ ਸੁੱਖੀ ਫਿਰ ਤੋਂ ਆਪਣੇ ਦਫਤਰ ਰੈਗੂਲਰ ਹੋ ਗਿਆ ।

ਜ਼ਿੰਦਗੀ ਪਹਿਲਾਂ ਵਾਂਗ ਹੀ ਸਾਵੀਂ ਤੋਰ ਤੁਰਨ ਲੱਗੀ ।

ਉਹ ਹਰ ਸ਼ਨੀ, ਐਤਵਾਰ ਕਦੀ ਕਿਸੇ ਦੋਸਤ ਕੋਲ ਤੇ ਕਦੀ ਕਿਸੇ ਦੋਸਤ ਕੋਲ ਮਿਲਦੇ ।ਹਫਤੇ ਭਰ ਦੀਆਂ ਇਕੱਠੀਆਂ ਹੋਈਆਂ ਗੱਲਾਂ ਕਰਦੇ ਅਤੇ ਇੱਕ ਦੂਜੇ ਦੀਆਂ ਖੁਸ਼ੀਆਂ ਵਿੱਚ ਚਾਨਣ ਭਰਦੇ ।

ਲਾਲੀ ਹੁਣ ਇੱਕ ਛੱਤ ਦਾ ਸੁਪਨਾ ਵੀ ਲੈਣ ਲੱਗ ਪਈ ਕਿ ਉਹਨਾਂ ਦਾ ਆਪਣਾ ਇੱਕ ਸੰਯੁਕਤ ਘਰ ਹੋਵੇ ਜਿਸ ਵਿੱਚ ਸਾਰਾ ਕੁੱਝ ਹੀ ਉਹਨਾਂ ਦਾ ਹੋਵੇ ।ਉਹ ਦੋਵੇਂ ਹੋਣ ਤੇ ਜਾਂ ਉਹਨਾਂ ਦੇ ਦੋਸਤਾਂ ਦੀ ਆਮਦ ਹੋਵੇ ।ਪਰ ਲਾਲੀ ਦੇ ਇਸ ਸੁਪਨੇ ਨੂੰ ਸੁੱਖੀ ਨੇ ਠੁਕਰਾ ਦਿੱਤਾ।

ਉਸ ਵੇਲੇ ਉਦਾਸ ਲਾਲੀ ਵੀ ਸੀ ਤੇ ਸੁੱਖੀ ਵੀ ।

ਬੇ ਸ਼ੱਕ ਲਾਲੀ ਵੀ ਸਮਝਦੀ ਸੀ ਕਿ ਉਹ ਜੱਟਾਂ ਦੀ ਕੁੜੀ ਹੈ ਤੇ ਸੁੱਖੀ ਮਿਸਤਰੀਆਂ ਦਾ ਮੁੰਡਾ ।ਇੱਕ ਛੱਤ ਦਾ ਸੁਪਨਾ ਲੈਣਾ ਉਹਨਾਂ ਲਈ ਵਰਜਿਤ ਹੈ ।ਦੋਨਾਂ ਅੰਦਰ ਇਹ ਖ਼ਿਆਲ ਵਾਰੋ ਵਾਰੀ ਆਉਂਦਾ ਕਿ ਆਖਰ ਅਜਿਹਾ ਕਿਉਂ ਹੈ ।ਕਿਉਂ ਨਹੀਂ ਅਸੀਂ ਇਕੱਠੇ ਹੋ ਸਕਦੇ ।

----

ਲਾਲੀ ਨੇ ਘਰ ਮਾਂ ਨਾਲ ਗੱਲ ਕੀਤੀ ।ਤਾਂ ਭਰਾਵਾਂ ਨੇ ਆਪਣੇ ਅੰਗੂਠਿਆਂ ਦਾ ਤਲ ਗੰਡਾਸਿਆਂ ਤੋਂ ਦੀ ਫੇਰਕੇ ਵਿਖਾ ਦਿੱਤਾ ।

ਸੁੱਖੀ ਨੇ ਮਾਂ ਕੋਲ ਗੱਲ ਕੀਤੀ ਤਾਂ ਮਾਂ ਨੇ ਆਪਣੇਂ ਚੀਰ ਵਿੱਚ ਹੱਥ ਫੇਰਿਆ ਅਤੇ ਆਪਣੇ ਧੌਲੀ ਉਮਰ ਦਾ ਵਾਸਤਾ ਪਾਇਆ ।

ਉਹ ਮਿਲਦੇ ਤਾਂ ਉਦਾਸ ਉਦਾਸ, ਵਿਛੜਦੇ ਤਾਂ ਉਦਾਸ-ਉਦਾਸ ।

ਅੱਖਾਂ ਵਿਚਲਾ ਚਾਨਣ ਹੁਣ ਹਰ ਪਲ ਗਿੱਲਾ-ਗਿੱਲਾ ਰਹਿਣ ਲੱਗ ਪਿਆ ਸੀ ।

**************

ਨੌਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ।

Sunday, April 19, 2009

ਆਖ਼ਰੀ ਪਹਿਰ – ਕਾਂਡ - 8

ਬਚਪਨ ਦੇ ਬੋਲ ਆਉਣ ਵਾਲੇ ਵਰ੍ਹਿਆਂ ਦੇ ਬੀਆਬਾਨਾਂ ਵਿੱਚ ਗੁੰਮ ਗਏ ।

ਹੁਣ ਤਾਂ ਸਿਰਫ਼ ਉਹ ਸੀ ।ਦਫ਼ਤਰ ਦੇ ਸਾਥੀ ਸਨ ਤੇ ਜਾਂ ਫਿਰ ਕਿਤਾਬਾਂ ਦਾ ਸਾਥ ਸੀ ਜਿਹੜੀਆਂ ਉਹ ਦਫਤਰ ਦੀ ਲਾਇਬ੍ਰੇਰੀ ਵਿੱਚੋਂ ਹੀ ਕਢਵਾਉਂਦਾ ਅਤੇ ਪੜ੍ਹ ਪੜ੍ਹ ਉਥੇ ਹੀ ਵਾਪਸ ਕਰਦਾ ਰਹਿੰਦਾ ।ਦਫ਼ਤਰ ਕਈ ਸਾਥੀ ਪੁੱਛਦੇ ਵੀ ਕਿ ਉਸਨੂੰ ਕਿਤਾਬਾਂ ਪੜ੍ਹਕੇ ਕੀ ਮਿਲਦਾ ਹੈ ।ਪਰ ਉਹ ਜਾਂ ਤਾਂ ਹੱਸ ਛੱਡਦਾ ਅਤੇ ਜਾਂ ਏਨਾਂ ਕਹਿ ਦਿੰਦਾ ਬਈ ਥੋਨੂੰ ਦਾਰੂ ਪੀ ਕੇ ਕੀ ਮਿਲਦਾ ਹੈ ।

ਹੱਸਦਿਆਂ ਖੇਡਦਿਆਂ ਦਫ਼ਤਰ ਵਿੱਚ ਦਿਨ ਬੀਤ ਜਾਂਦਾ ਅਤੇ ਉਹ ਦਫ਼ਤਰੋਂ ਬਾਅਦ ਸਿੱਧਾ ਆਪਣੇ ਕਮਰੇ ਵਿੱਚ ਆ ਜਾਂਦਾ।ਸ਼ਰਬਤੀ ਦੀ ਯਾਦ ਉਸਨੂੰ ਆ ਘੇਰਦੀ ਇੱਕ ਵਾਰ ਉਸਦਾ ਮਨ ਕਰਦਾ ਕਿ ਉਹ ਹੁਣੇ ਹੀ ਪਿੰਡ ਪਹੁੰਚ ਜਾਵੇ ਅਤੇ ਰੱਜ ਕੇ ਸ਼ਰਬਤੀ ਨਾਲ ਗੱਲਾਂ ਕਰੇ ।ਉਹ ਤੜਫ ਉੱਠਦਾ ਸ਼ਰਬਤੀ ਨੂੰ ਇੱਕ ਨਜ਼ਰ ਵੇਖਣ ਲਈ ਹੀ ।ਉਸਨੂੰ ਇਹ ਵੀ ਪਤਾ ਹੁੰਦਾ ਕਿ ਉਹ ਉਸ ਵਕਤ ਪਿੰਡ ਨਹੀਂ ਸੀ ਜਾ ਸਕਦਾ ।ਪਰ ਫਿਰ ਵੀ ਇੱਕ ਤੜਫਣਾ ਸੀ ਕਿ ਉਹ ਪਰਛਾਵੇਂ ਨੂੰ ਤਾਂ ਪਕੜਨਾ ਚਾਹੁੰਦਾ ਸੀ,ਪਰ ਆਪਣੇ ਹੀ ਹੱਥ ਹਨੇਰੇ ‘ਚੋਂ ਨਹੀਂ ਸੀ ਕੱਢ ਸਕਦਾ ।

----

ਐਵੇਂ ਐਵੇਂ ਵਿੱਚ ਹੀ ਉਹ ਸ਼ਰਬਤੀ ਨਾਲ ਕਿੰਨਾ ਜੁੜ ਗਿਆ ਸੀ। ਬਚਪਨ ਦੀਆਂ ਕੁੱਝ ਕੁ ਖੇਡਾਂ ਜਾਂ ਸ਼ਰਾਰਤਾਂ ਹੀ ਤਾਂ ਸਨ, ਜੋ ਹੁਣ ਕੀ ਦਾ ਕੀ ਬਣ ਗਈਆਂ ਸਨ ।ਉਂਝ ਇਹਨਾਂ ਨੂੰ ਵਿਸਾਰਿਆ ਵੀ ਤਾਂ ਜਾ ਸਕਦਾ ਸੀ ਪਰ ਉਹ ਵਿਸਾਰ ਨਹੀਂ ਸਨ ਸਕੇ। ਇਸ ਸ਼ਹਿਰ ਦੇ ਨਕਸ਼ੇ ਵਿੱਚ ਹੁਣ ਉਸਦੀਆਂ ਪੈੜਾਂ ਵੀ ਬਣ ਚੁੱਕੀਆਂ ਸਨ ।

ਇੱਕ ਦਿਨ ਦੇਵ ਆਇਆ ਉਹ ਦਫਤਰ ਹੀ ਬੈਠਾ ਸੀ ।ਚਾਹ ਪਾਣੀ ਪੀਤਾ ਤੇ ਰਸਮੀ ਗੱਲਾਂ ਕਰਦੇ ਰਹੇ।ਦੇਵ ਉਦਾਸ ਸੀ ਕਾਫੀ ਉਦਾਸ ।ਸੁੱਖੀ ਉਸਨੂੰ ਤਾੜਦਾ ਰਿਹਾ ਪਰ ਉਸਦੀ ਉਦਾਸੀ ਦਾ ਕਾਰਣ ਨਾ ਪੁੱਛ ਸਕਿਆ।ਅੱਖਾਂ ਹੀ ਅੱਖਾਂ ਨਾਲ ਉਸਦੇ ਚਿਹਰੇ ਨੂੰ ਪੜ੍ਹਦਾ ਰਿਹਾ ਤੇ ਉਸ ਨਾਲ ਗੱਲਾਂ ਕਰਦਾ ਰਿਹਾ ।

-‘ਕੀ ਗੱਲ ਅੱਜ ਬਾਹਲਾਂ ਈ ਚੁੱਪ ਜਾ ਲੱਗਦੈ।’ ਕਮਰੇ ‘ਚ ਆ ਕੇ ਸੁੱਖੀ ਨੇ ਦੁਪਹਿਰ ਦੀ ਬਣੀ ਅੱਖਾਂ ਦੀ ਖਾਮੋਸ਼ੀ ਭੰਗ ਕੀਤੀ।

-‘ ਨਹੀਂ-ਅਹੀ ਜੀ ਤਾਂ ਕੋਈ ਗੱਲ ਨੀ ।’ ਦੇਵ ਨੇ ਉਵੇਂ ਹੀ ਨੀਵੀਂ ਪਾ ਰੱਖੀ ਪਰ ਹਉਕਾ ਜਿਹਾ ਲੈ ਕੇ ਉਸਦੀ ਗੱਲ ਦਾ ਜੁਆਬ ਦਿੱਤਾ ।

-‘ਤੇਰੀ ਮਰਜ਼ੀ ਐ ਗੱਲ ਤਾਂ ਜਰੂਰ ਐ, ਊਂ ਤੂੰ ਮੈਥੋਂ ਲਕੋਣੀ ਐ ਲਕੋ ਲੈ ।’

-‘ ਹਾਂ- ਸੁੱਖੀ ਗੱਲ ਤਾਂ ਹੈ ।’

-‘ਮੈਂ ਵੀ ਤਾਂ ਹੀ ਪੁੱਛਦਾਂ ਬਈ ਗੱਲ ਦੱਸ ਕੀ ਐ ?’

-‘ਸੁੱਖੀ ਅੱਜ ਤੇਰੀ ਸ਼ਰਬਤੀ ਦੀ ਬਰਾਤ ਆਈ ਐ ।’

-‘ਫੇਰ ਇਹਦੇ ‘ਚ ਉਦਾਸ ਹੋਣ ਵਾਲੀ ਕਿਹੜੀ ਗੱਲ ਐ ।ਇਹ ਤਾਂ ਇੱਕ ਦਿਨ ਹੋਣਾ ਹੀ ਸੀ ।’ ਸੁੱਖੀ ਨੇ ਇਹ ਗੱਲ ਸੁਭਾਵਕ ਹੀ ਆਖੀ ।

----

ਦੇਵ ਨੇ ਬੜਾ ਹੀ ਗੰਭੀਰ ਹੋ ਕੇ ਉਸ ਵੱਲ ਦੇਖਿਆ ।ਸੁੱਖੀ ਨੇ ਇਹ ਗੱਲ ਇਉਂ ਆਖੀ ਸੀ ਜਿਵੇਂ ਉਹ ਸ਼ਰਬਤੀ ਨੂੰ ਬਿਲਕੁਲ ਹੀ ਭੁੱਲ ਚੁੱਕਿਆ ਹੋਵੇ ।

ਕਹਿਣ ਨੂੰ ਤਾਂ ਸੁੱਖੀ ਕਹਿ ਗਿਆ ਸੀ ।ਪਰ ਉਸੇ ਪਲ ਹੀ ਜਿਵੇਂ ਉਸ ਅੰਦਰ ਕੋਈ ਤੀਰ ਬਹੁਤ ਡੂੰਘਾ ਲਹਿ ਗਿਆ ਸੀ ।

ਬੇਸ਼ੱਕ ਉਸਨੂੰ ਪਤਾ ਸੀ ਕਿ ਇਹ ਗੱਲ ਉਵੇਂ ਹੋਈ ਹੈ ਜਿਵੇਂ ਇਹ ਹੋਣੀ ਚਾਹੀਦੀ ਸੀ ।ਪਰ ਫਿਰ ਵੀ ਜਿਵੇਂ ਦੇਵ ਨੇ ਆ ਕੇ ਉਸਦੀਆਂ ਸਾਰੀਆਂ ਮੁਸਕਾਨਾਂ ਦੀ ਹੱਤਿਆ ਕਰ ਦਿੱਤੀ ਸੀ ।

-‘ਯਾਰ ਤੂੰ ਸ਼ਰਬਤੀ ਨੂੰ ਪਿਆਰ ਨੀ ਸੀ ਕਰਦਾ ?’

-‘ ਕਰਦਾ ਸੀ ।’

-‘ਫੇਰ ਤੂੰ ਐਂ ਬੋਲਿਆ ਜਿਵੇਂ ਤੈਨੂੰ ਕੋਈ ਪ੍ਰਵਾਹ ਨਾ ਹੋਵੇ ।’

-‘ਹੋਰ ਕਿਵੇਂ ਬੋਲਦਾ ਉਹ ਤੂੰ ਦੱਸ ਦੇ ।’

-‘ਸੁੱਖੀ . . ਯਾਰ ਆਖਰ ਉਹਨੇ ਵੀ ਤਾਂ ਤੈਨੂੰ ਪਿਆਰ ਕੀਤੈ ।’

-‘ਹਾਂ ਕੀਤੈ ।’

-‘ਤੇ ਫਿਰ ਤੈਨੂੰ ਰੱਤੀ ਭਰ ਵੀ ਅਫਸੋਸ ਨਹੀਂ ?’

-‘ਦੇਵ ਬੇਵਕੂਫ ਨਾ ਬਣ ।ਅਸੀਂ ਇੱਕ ਪਿੰਡ ਦੇ ਰਹਿਣ ਵਾਲੇ ਗੁਆਂਢੀ ਸੀ ।ਹੁਣ ਤੂੰ ਹੀ ਦੱਸ ਕਿ ਜੇ ਇੰਝ ਨਾਂ ਹੁੰਦਾ ਤਾਂ ਕਿਵੇਂ ਹੁੰਦਾ ।ਨਾਲੇ ਇਹ ਜਰੂਰੀ ਤਾਂ ਨਹੀਂ ਬਈ ਬਚਪਨ ਦੀ ਮਹਿਕ ਨੂੰ ਜੁਆਨੀ ਦਾ ਗੀਤ ਬਣਾ ਕੇ ਗਾਇਆ ਜਾਵੇ ।’

ਦੇਵ ਨਿਰ ਉੱਤਰ ਸੀ ।

ਤੇ ਸੁੱਖੀ ਨੇ ਆਪਣੀ ਗੱਲ ਕਹਿ ਕੇ ਹਥੇਲੀਆਂ ਨਾਲ ਅੱਖਾਂ ਕੱਜ ਲਈਆਂ ।

ਦੋਨੋਂ ਤਰਫ ਖ਼ਾਮੋਸ਼ੀ ਸੀ ।

ਉਂਝ ਦੇਵ ਕਮਰੇ ‘ਚ ਪਏ ਮੈਗਜ਼ੀਨ ਫਰੋਲ ਰਿਹਾ ਸੀ ।ਅਤੇ ਸੁੱਖੀ ਆਪਣੀਆਂ ਅੱਖਾਂ ਕੱਜੀ ਕਿਤੇ ਡੂੰਘਾ ਉਤਰਿਆ ਹੋਇਆ ਸੀ।

ਕਮਰੇ ਦੀ ਖ਼ਾਮੋਸ਼ੀ ਕਿਸੇ ਨੂੰ ਕੀ ਕਹਿੰਦੀ ?

----

ਬੈਠੇ ਬੈਠੇ ਸੁੱਖੀ ਦੇ ਅੱਥਰੂ ਵਗ ਪਏ ਤੇ ਦੇਵ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਸੁੱਖੀ ਅੱਖਾਂ ਤੇ ਬਾਂਹ ਧਰਕੇ ਮੰਜੇ ਤੇ ਲੰਮਾ ਪੈ ਗਿਆ । ਦੇਵ ਉੱਠ ਕੇ ਉਸਦੇ ਮੰਜੇ ਦੀ ਬਾਹੀ ਤੇ ਹੀ ਆ ਕੇ ਬੈਠ ਗਿਆ ।ਉਹ ਸੁੱਖੀ ਦੇ ਮੋਢੇ ਫੜ ਫੜ ਝੰਜੋੜ ਰਿਹਾ ਸੀ, ਪਰ ਸੁੱਖੀ ਸੀ ਕਿ ਉਸਦਾ ਰੋਣ ਹਉਕਿਆਂ ਵਿੱਚ ਬਦਲ ਗਿਆ ।

ਅੱਜ ਅੰਦਰੋਂ ਕੋਈ ਤਾਰਾ ਟੁੱਟ ਕੇ ਉਸਦੀ ਛਾਤੀ ਵਿੱਚ ਆਣ ਵੱਜਾ ਸੀ । ਤੇ ਇਸ ਛਾਤੀ ਵਿੱਚ ਵੱਜੇ ਤਾਰੇ ਨੂੰ ਨਾ ਉਹ ਤੋੜ ਸਕਦਾ ਸੀ ਤੇ ਨਾ ਛਾਤੀ ਨਾਲ ਲਾ ਸਕਦਾ ਸੀ ।

ਟੁੱਟੇ ਖੰਭ ਜਿਹੇ ਮਨ ਉੱਤੇ ਹੋਏ ਜ਼ਖਮ ਨਾਲ ਉਸਦਾ ਕਈ ਕੁੱਝ ਤਿੜਕ ਗਿਆ ਸੀ ।

ਉਹ ਉਠਿਆ ਤੌਲੀਏ ਨਾਲ ਅੱਖਾਂ ਪੂੰਝੀਆਂ ਅਤੇ ਹੌਲੇ ਦੇਣੇ ਕਮਰੇ ‘ਚੋਂ ਰਿਸਕ ਗਿਆ ।ਅਤੇ ਮਿੰਟ ਕੁ ਬਾਅਦ ਹੀ ਵਾਪਸ ਪਰਤ ਆਇਆ ।ਉਸਨੇ ਦੇਵ ਨਾਲ ਹੋਰ ਕੋਈ ਗੱਲ ਨਾ ਕੀਤੀ ।ਉਸਨੂੰ ਇਉਂ ਸੀ ਬਈ ਦੇਵ ਆਪਣੇ ਆਪ ਹੀ ਕੁੱਝ ਦੱਸੇਗਾ ।ਪਰ ਦੇਵ ਸੀ ਕਿ ਉਹ ਵੀ ਪੂਰੀ ਤਰਾਂ ਖ਼ਾਮੋਸ਼ ਸੀ ।

-‘ਖਬਰੇ ਉਹ ਚੰਦਰੀ ਵੀ ਕਿੰਨੀ ਕੁ ਰੋਈ ਹੋਊ ।ਕਿੰਨਾ ਕੁ ਯਾਦ ਕੀਤਾ ਹੋਊ ਉਹਨੇ ਮੈਨੂੰ ।ਉਹ ਤਾਂ ਮੇਰਾ ਇੱਕ ਪਲ ਦਾ ਵਸਾਹ ਨੀ ਸੀ ਖਾਂਦੀ ।ਹਰ ਪਲ ਅੱਖਾਂ ਸਾਹਵੇ ਨੱਚਦੀ ਰਹਿੰਦੀ ਸੀ ।ਖਬਰੇ ਰੋ-ਰੋ ਕਿਹੋ ਜਿਹਾ ਹਾਲ ਕਰ ਲਿਆ ਹੋਣੈ ਉਹਨੇ ।’ ਸੁੱਖੀ ਸੋਚ ਰਿਹਾ ਸੀ ।ਉਸਦੀਆਂ ਅੱਖਾਂ ਵਿੱਚ ਫਿਰ ਅੱਥਰੂ ਤੈਰ ਆਏ ।

----

ਮਕਾਨ ਮਾਲਕਾਂ ਦੇ ਮੁੰਡੇ ਨੂੰ ਉਸਨੇ ਜਿਹੜੇ ਕੰਮ ਘੱਲਿਆ ਸੀ ਉਹ ਕੰਮ ਕਰਕੇ ਪਰਤ ਆਇਆ ਸੀ ।

ਕਿੰਨੀ ਦੇਰ ਬਾਅਦ ਅੱਜ ਉਹ ਪਹਿਲਾਂ ਵਾਲੀ ਸ਼ਰਾਬ, ਉਸਦੇ ਇਸ ਸ਼ਹਿਰ ਵਾਲੇ ਕਮਰੇ ਵਿੱਚ ਪਹਿਲੀ ਵਾਰ ਆਈ ।ਬਾਹਰ ਦਿਨ ਛਿਪ ਚੱਲਿਆ ਸੀ ।ਅਤੇ ਅੰਦਰ ਹਨੇਰਾ ਵੱਧ ਚੱਲਿਆ ਸੀ ।

ਉਹ ਬੈਠੇ ਪੀਂਦੇ ਰਹੇ ਪਰ ਖ਼ਾਮੋਸ਼ੀ ਪਹਿਲਾਂ ਦੀ ਤਰਾਂ ਹੀ ਬਰਕਰਾਰ ਸੀ ।

ਉਹ ਤਿਲ ਤਿਲ ਕਰਕੇ ਭੁਰ ਰਿਹਾ ਸੀ

ਪਰਬਤ ਬਣਨ ਦਾ ਸੁਪਨਾ ਉਸਦੇ ਪੋਟਿਆਂ ਤੇ ਜ਼ਖ਼ਮ ਕੁਰੇਦ ਕੇ ਤੁਰ ਗਿਆ ਸੀ ।

-‘ਪਹਿਲਾਂ ਜਦੋਂ ਸ਼ਰਬਤੀ ਬੀਮਾਰ ਸੀ ਤਾਂ ਉਸਨੇ ਮਾਂ ਹੱਥੀ ਸੁਨੇਹੇ ਘੱਲੇ ਸਨ ।ਪਰ ਇਸ ਵਾਰ ਕੋਈ ਵੀ ਸੁਨੇਹਾ ਨਾ ਆਇਆ। ਚੰਗਾ ਹੋਇਆ ।ਨਹੀਂ ਤਾਂ ਉਸਨੇ ਆਪਣੇ ਸੁਪਨੇ ਦੀ ਪਰਵਾਜ਼ ਨੂੰ ਅੱਖਾਂ ਸਾਹਵੇਂ ਰਾਖ ਹੁੰਦਿਆਂ ਤੱਕਣਾ ਸੀ।’ ਉਹ ਵਾਰ ਵਾਰ ਸੋਚ ਰਿਹਾ ਸੀ ।

----

ਉਂਝ ਇਹ ਜੋ ਕੁੱਝ ਵੀ ਹੋਇਆ ਸੀ ਸਭ ਕੁੱਝ ਸੱਚ ਸੀ। ਸੁੱਖੀ ਨੂੰ ਇਸ ਸੱਚ ਤੋਂ ਆਖਰ ਟੁੱਟਣਾ ਹੀ ਪੈਣਾਂ ਸੀ ।ਪਰ ਇਹ ਕੇਹਾ ਸੱਚ ਸੀ ਜੋ ਉਸਦੇ ਹੋਰ ਨੇੜੇ ਆ ਰਿਹਾ ਸੀ ।ਉਸਦੀ ਚੁੱਪ ਦੇ ਸੀਨੇ ‘ਚ ਵਾਰ ਵਾਰ ਖੰਜ਼ਰ ਖੁਭੋ ਰਿਹਾ ਸੀ ।

ਸਾਰੇ ਖੂਬਸੂਰਤ ਪਲ ਹਾਦਸਾ ਬਣ ਕੇ ਉਸਦੀ ਉਮਰ ਦੇ ਮੋਢੇ ਆ ਲੱਗੇ ਤੇ ਉਹ ਇਹਨਾਂ ਮੋਢੇ ਲੱਗੇ ਪਲਾਂ ਨੂੰ ਪਲੋਸ ਕੇ ਮਾਰੂਥਲ ਪਹਿਨਣ ਲੱਗ ਪਿਆ ।

ਸਾਰੇ ਦਫ਼ਤਰ ਦੇ ਲੋਕ ਹੈਰਾਨ ਸਨ ।

ਸਾਰੀ ਕਾਇਆ ਹੈਰਾਨ ਸੀ ।

ਤੇ ਇਸ ਸਭ ਕਾਸੇ ਤੋਂ ਵਧਕੇ ਉਦਾਸ ਸੀ ਤਾਂ ਉਸਦਾ ਉਹ ਕਮਰਾ ਹੈਰਾਨ ਸੀ ਜੋ ਪਹਿਲੀ ਹੀ ਨਜ਼ਰੇ ਉਸਦਾ ਮਹਿਬੂਬ ਬਣਿਆ ਸੀ ।

ਹਰ ਰੋਜ਼ ਸ਼ਰਾਬ ਪੀਣ ਦੀ ਇਸ ਅਚਾਨਕ ਆਈ ਤਬਦੀਲੀ ਨਾਲ,ਕਮਰੇ ਦੀਆਂ ਕੰਧਾਂ ਤੇ ਉੱਗੀਆਂ ਅੱਖਾਂ ਨੇ ਆਪਣੇ ਅੱਥਰੂ ਸੁੱਖੀ ਨੂੰ ਵਿਖਾਏ ।ਪਰ ਸੁੱਖੀ ਉਸ ਸਭ ਕਾਸੇ ਤੋਂ ਬੇਖਬਰ ਸ਼ਰਾਬ ਪੀਣ ਵਿੱਚ ਰੁੱਝਿਆ ਸੀ ।

ਇਹ ਇੱਕ ਦਿਨ ਦੀ ਗੱਲ ਨਹੀਂ ਹਰ ਰੋਜ਼ ਦੀ ਗੱਲ ਹੀ ਹੋ ਗਈ ।

ਕਮਰੇ ਦੀਆਂ ਅੱਖਾਂ ਵਿੱਚ ਲੰਮਾ ਬੀਆਬਾਨ ਪਸਰ ਗਿਆ ।ਪਰ ਸੁੱਖੀ ਨੂੰ ਕੀ ਸੀ ਉਹ ਤਾਂ ਆਪਣੇ ਅੱਥਰੂਆਂ ਦੀ ਨਦੀ ਵਿੱਚ ਅੱਧ ਮੋਇਆ ਪਿਆ ਸੀ ।

ਜਿਹੜੀਆਂ ਪੁਸਤਕਾਂ ਸੁੱਖੀ ਹਰ ਪਲ ਪੜ੍ਹਦਾ ਸੀ ।ਉਹ ਉਦਾਸ ਸਨ ।ਉਹਨਾਂ ਉੱਪਰ ਵੀ ਰੇਤ ਦੀਆਂ ਪਰਤਾ ਜੰਮਣੀਆਂ ਸ਼ੁਰੂ ਹੋ ਗਈਆਂ ।ਤੇ ਉਹ ਜੋ ਜਿਉਂਦੀਆਂ ਜਾਗਦੀਆਂ ਉਸ ਕੋਲ ਹਾਜ਼ਰ ਹੁੰਦੀਆਂ ਸਨ ।ਹੁਣ ਆਪਣੇ ਕਿਸੇ ਜਿਊਂਦੇ ਹੁੰਗਾਰੇ ਨੂੰ ਉਡੀਕਦੀਆਂ ਆਪਣੀਆਂ ਤਲੀਆਂ ਤੇ ਬੰਜਰ ਉਗਾਈ ਬੈਠੀਆਂ ਸਨ ।

ਫਿਰ ਇੱਕ ਦਿਨ ਸੁੱਖੀ ਨੇ ਕਵਿਤਾ ਲਿਖੀ . . ‘ਆਪਣੇ ਜ਼ਖ਼ਮ ਦੀ ਇਬਾਰਤ’

ਬੇਸ਼ੱਕ ਪਤਾ ਸੀ ।

ਤੂੰ ਇੰਝ ਹੀ

ਚਿੜੀਆਂ ਦੀ ਡਾਰ ਸੰਗ ਤੁਰ ਜਾਣਾ ਹੈ ।

ਫਿਰ ਵੀ ਪਤਾ ਨੀ ਕਿਉਂ ।

ਹਥੇਲੀਆਂ ਦੇ ਬੰਜਰ ਮੈਦਾਨਾਂ ਵਿੱਚ

ਸੂਹੇ ਫੁੱਲ ਲਗਾਉਂਦਾ ਰਿਹਾ ।

ਉਹਨਾਂ ਲਕੀਰਾਂ ‘ਚ ਸਾਡਾ ਨਾਮ ਲਿਖਕੇ ।

ਤੀਲੇ ਤੀਲੇ ਨਾਲ

ਆਲ੍ਹਣਾਂ ਸਜਾਉਂਦਾ ਰਿਹਾ ।

ਇਹ ਮੇਰੇ ਹਾਦਸੇ ਦਾ ਨਸੀਬ ਸੀ ।

ਕਿ ਉਹ

ਆਪਣੀਆਂ ਤਲੀਆਂ ‘ਤੇ

ਆਪਣੇ ਹੀ ਅੱਥਰੂ ਰੱਖ ਰੱਖ ਵੇਂਹਦਾ ਰਵ੍ਹੇ

ਰੇਗਿਸਤਾਨ ‘ਚ ਉਕਰੀਆਂ

ਆਪਣੀਆਂ ਹੀ ਪੈੜਾਂ ਦਾ ਕਤਲ ਕਰਦਾ ਰਵ੍ਹੇ ।

-ਅਤੇ

ਆਪਣੇ ਹੀ ਆਲ੍ਹਣੇ ਦੀ ਤੁਰਦੀ ਕਬਰ ਨੂੰ

ਆਪਣੇ ਹੀ ਖੰਡਰ ਦੀ

ਮਿੱਟੀ ਨਾਲ ਭਰਦਾ ਰਵ੍ਹੇ

ਬੇ ਸ਼ੱਕ ਪਤਾ ਸੀ

ਤੂੰ ਇੰਝ ਹੀ

ਚਿੜੀਆਂ ਦੀ

ਡਾਰ ਸੰਗ ਤੁਰ ਜਾਣਾ ਹੈ ।

ਉਸਨੇ ਕਵਿਤਾ ਲਿਖੀ ਵਾਰ ਵਾਰ ਪੜ੍ਹੀ ਅਤੇ ਹੌਲੇ ਜਿਹੇ ਕਿਸੇ ਕਿਤਾਬ ਦੀ ਕਬਰ ਵਿੱਚ ਦਫਨਾ ਦਿੱਤੀ ।

ਕਿਹੋ ਜਿਹਾ ਰੋਜ਼ਨਾਮਚਾ ਬਣ ਗਿਆ ਸੀ ਉਹਦਾ ।

----

ਮਾਂ ਪਿਉ ਦਾ ਘਰ ਜਾਂ ਆਪਣਾ ਪਿੰਡ ਤਾਂ ਉਸਨੂੰ ਭੁੱਲ ਹੀ ਗਿਆ ਸੀ ।ਕਿ ਉਸਦਾ ਵੀ ਕੋਈ ਪਿੰਡ ਹੈ ਉਹ ਵੀ ਕਿਤੇ ਜੰਮਿਆ ਹੈ ਜਾਂ ਉਸਨੇ ਵੀ ਕਿਤੇ ਬਚਪਨ ਹੰਢਾਇਆ ਹੈ ।ਉਸਨੇ ਵੀ ਦਾਈ ਦੁੱਕੜੇ ਖੇਡੇ ਹਨ ।ਜਾਂ ਉਸਨੇ ਵੀ ਕਿਤੇ ਟੁੱਟੀਆਂ ਚੂੜੀਆਂ ਦੀ ਖੇਡ ‘ਚੋਂ ਆਪਣੀ ਉਮਰ ਦਾ ਨਕਸ਼ਾ ਤੱਕਿਆ ਹੈ ।

ਮਾਂ ਦੇ ਕਈ ਵਾਰ ਸੁਨੇਹੇ ਦੇਣ ਤੋਂ ਬਾਅਦ ਉਹ ਪਿੰਡ ਗਿਆ ਤਾਂ ਉਹ ਜਿਵੇਂ ਕਿਸੇ ਹੋਰ ਪਿੰਡ ਹੀ ਆ ਵੜਿਆ ਹੋਵੇ ।ਪਿੰਡ ਦੀ ਜੂਹ ਹੀ ਉਸ ਵੱਲ ਅਜਨਬੀ ਨਜ਼ਰਾਂ ਨਾਲ ਤੱਕ ਰਹੀ ਸੀ ।

ਘਰ ਕੋਲ ਆਇਆ ਤਾਂ ਸ਼ਰਬਤੀ ਕੇ ਘਰ ਅਜੇ ਵੀ ਕੋਈ ਨਾਂ ਕੋਈ ਹਰੀ ਪੀਲੀ ਝੰਡੀ ਵਕਤ ਦੀਆਂ ਪੌਣਾਂ ‘ਚ ਫਾਹੇ ਲੱਗੀ ਸਾਹ ਵਰੋਲ ਰਹੀ ਸੀ

ਮਾਂ ਨੇ ਆਪਣੀ ਬੁੱਕਲ ਵਿੱਚ ਲੈ ਕੇ ਉਸਨੂੰ ਬਹੁਤ ਪਿਆਰ ਦਿੱਤਾ ।

-‘ਵੇ ਕਾਕਾ ਘਰੋਂ ਬਾਹਰ ਰਹਿ ਕੇ ਤਾਂ ਤੂੰ ਊਂਈ ਲਿੱਸਾ ਜਾ ਹੋ ਗਿਆ ।’

ਉਹ ਸਿਰਫ ਹੱਸਿਆ ਥੋੜ੍ਹਾ ਜਿਹਾ ।

ਬੜੀ ਦੇਰ ਬਾਅਦ ਇਸ ਸਲ੍ਹਾਬੇ ਹਾਸੇ ਦੀ ਪਰਤ ਖੁੱਲ੍ਹੀ ਸੀ ।

ਉਸਦੇ ਚਿਹਰੇ ਨੂੰ ਵੇਖਕੇ ਭਾਬੀਆਂ ਦੂਰੋਂ ਕਿਤੋਂ ਹੱਸੀਆਂ ਸਨ ।

----

ਰਾਤ ਨੂੰ ਮਾਂ ਉਸ ਕੋਲ ਬੈਠੀ ਗੱਲਾਂ ਕਰਦੀ ਰਹੀ ।ਵੱਡਾ ਭਰਾ ਵੀ ਕੋਲ ਹੀ ਆ ਗਿਆ ਸੀ ।ਫਿਰ ਗੱਲਾਂ ਗੱਲਾਂ ਵਿੱਚ ਮਾਂ ਨੇ ਕਿਹਾ ਸੀ ਬਈ ਤੇਰੇ ਤਾਏ ਨਿਹਾਲੇ ਨੇ ਹਸਨਪੁਰ ਤੋਂ ਕੁੜੀ ਦੀ ਦੱਸ ਪਾਈ ਐ ।

-‘ਹਾਂ ਤਾਇਆ ਮੇਰੇ ਕੋਲ ਵੀ ਕਹਿੰਦਾ ਸੀ ।ਬਈ ਕੁੜੀ ਦਸ ਪੜੀ ਹੋਈ ਐ ।ਨਾਲੇ ਘਰ ਦਾ ਸਾਰਾ ਕੰਮ ਕਰ ਲੈਂਦੀ ਐ ।ਨਾਲੇ ਸਟੈਨੋ ਦਾ ਕੋਰਸ ਕੀਤਾ ਹੋਇਐ ?

ਉਹ ਗੱਲ ਸੁਣ ਕੇ ਹੱਸਿਆ ਸੀ ।ਸਿਰਫ ਹੱਸਿਆ ਸੀ ਉਹੀ ਆਪਣਾ ਸਿਲ੍ਹਾਬਾ ਹਾਸਾ ।ਉਹੀ ਹਾਸਾ ਜਿਸ ‘ਚੋਂ ਹੁਣ ਬੰਜਰ ਵਿਲਕਦਾ ਸੀ ।ਉਹੀ ਹਾਸਾ ਜਿਸ’ਚੋਂ ਹੁਣ ਜਖ਼ਮਾਂ ਦੇ ਹਉਕੇ ਸੁਣਾਈ ਦਿੰਦੇ ਸਨ ।ਤੇ ਉਹੀ ਹਾਸਾ ਜਿਹੜਾ ਹੁਣ ਥਲਾਂ ਦੀ ਪਗਡੰਡੀ ‘ਚੋਂ ਗੁਜ਼ਰ ਰਿਹਾ ਸੀ ।

ਭਰਾ ਨੇ ਤਾਂ ਇੱਕ ਦੋ ਥਾਂ ਤੋਂ ਹੋਰ ਵੀ ਦੱਸ ਪਾਈ ਸੀ ।ਪਰ ਉਹ,-‘ਨਹੀਂ ਵੀਰ ਅਜੇ ਨੀ’ ਕਹਿ ਕੇ ਸਾਰੀ ਗੱਲ ਟਾਲ ਗਿਆ।ਤੇ ਅਗਲੇ ਦਿਨ ਫਿਰ ਤੋਂ ਆਪਣੇ ਦਫ਼ਤਰ ਆ ਗਿਆ ।

ਫਿਰ ਇੱਕ ਸਿਲਸਿਲਾ ਸੁਰੂ ਹੋਇਆ ।

ਰਿਸ਼ਤਿਆਂ ਦਾ, ਭਵਿੱਖ ਦੀ ਉਮਰ ਦਾ ।

ਉਹ ਹਰ ਵਾਰ ਹਰ ਆਮਦ ਨੂੰ ਨਕਾਰ ਦਿੰਦਾ ।

----

ਮਾਂ ਗੁੱਸੇ ਹੁੰਦੀ ।ਪਰ ਉਸਨੂੰ ਕੀ ਸੀ ।ਗੁੱਸੇ ਹੁੰਦੀ ਐ ਤਾਂ ਗੁੱਸੇ ਹੁੰਦੀ ਰਵ੍ਹੇ ।

ਭਰਾ ਗੁੱਸੇ ਹੁੰਦੇ ।

ਪਰ ਇੱਕ ਉਹ ਸੀ ਜੋ ਕਿਸੇ ਨਾਲ ਵੀ ਗੁੱਸੇ ਨਹੀਂ ਸੀ ਹੁੰਦਾ ।

ਮਾਂ ਕਲਪਦੀ ਸੀ ।ਕਿ ਜੇ ਉਥੇ ਜਾ ਕੇ ਵੀ ਸ਼ਰਾਬਾਂ ਹੀ ਡੱਫਣੀਆਂ ਸਨ ਤਾਂ ਇਹੋ ਜਿਹੀ ਨੌਕਰੀ ਨਾਲੋਂ ਤਾਂ ਘਰੇ ਹੀ ਚੰਗਾ ਸੀ ਖੇਤੀ ਦਾ ਕੰਮ ਕਰਦਾ ਸੀ ।ਵੇਲੇ ਸਿਰ ਨਹਾਉਂਦਾ, ਧੋਂਦਾ ਤਾਂ ਸੀ ।ਚੱਜ ਦੀ ਰੋਟੀ ਤਾਂ ਖਾਂਦਾ ਸੀ ਹੁਣ ਕਿਵੇਂ ਹੜਬਾਂ ਨਿਕਲੀਆਂ ਸਨ।

ਮਾਂ ਨੂੰ ਕੀ ਪਤਾ ਸੀ ਕਿ ਨਾਂ ਤਾਂ ਉਸਨੂੰ ਉੱਥੇ ਕੋਈ ਵੇਲੇ ਸਿਰ ਨਹਾਉਣੋਂ ਧੋਣੋਂ ਰੋਕਦਾ ਹੈ ਅਤੇ ਨਾ ਹੀ ਵੇਲੇ ਸਿਰ ਚੱਜ ਦੀ ਰੋਟੀ ਖਾਣੋ ਰੋਕਦਾ ਹੈ।ਪਰ ਮਾਂ ਕੀ ਜਾਣੇ ਉਹ ਤਾਂ ਆਪਣੇਂ ਹੀ ਹੱਸਦੇ ਪਰਛਾਵਿਆਂ ਨੇ ਮਧੋਲ ਰੱਖਿਆ ਹੈ ।

ਵਿਆਹ ਕਰਾਉਣ ਤੋਂ ਉਹ ਇਨਕਾਰੀ ਸੀ ।

ਪਰ ਮਾਂ ਸੀ ਸੋਚਦੀ ਸੀ ।ਕਿ ਉਸਦੇ ਵਿਹੜੇ ਵਿੱਚ ਇੱਕ ਹੋਰ ਨੂੰਹ ਪੈਲਾਂ ਪਾਵੇ ।

ਨਵੀਂ ਬਹੂ ਦਾ ਲਿਸ਼ਕਾਰਾ ਫਿਰ ਵਿਹੜੇ ਦਾ ਚਾਨਣ ਬਣੇ ।

ਪਰ ਇੱਕ ਉਹ ਸੀ ਜੋ ਹੁਣ ਆਪਣੀਆਂ ਹੀ ਪੈੜਾਂ ਦੀ ਹੋਂਦ ਤੋਂ ਇਨਕਾਰੀ ਸੀ।ਜਿਸ ਦੇ ਸਾਰੇ ਮੌਸਮ ਰੁੱਸ ਚੁੱਕੇ ਸਨ ।

***********

ਅੱਠਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ!