Sunday, April 19, 2009

ਆਖ਼ਰੀ ਪਹਿਰ – ਕਾਂਡ - 8

ਬਚਪਨ ਦੇ ਬੋਲ ਆਉਣ ਵਾਲੇ ਵਰ੍ਹਿਆਂ ਦੇ ਬੀਆਬਾਨਾਂ ਵਿੱਚ ਗੁੰਮ ਗਏ

ਹੁਣ ਤਾਂ ਸਿਰਫ਼ ਉਹ ਸੀ ਦਫ਼ਤਰ ਦੇ ਸਾਥੀ ਸਨ ਤੇ ਜਾਂ ਫਿਰ ਕਿਤਾਬਾਂ ਦਾ ਸਾਥ ਸੀ ਜਿਹੜੀਆਂ ਉਹ ਦਫਤਰ ਦੀ ਲਾਇਬ੍ਰੇਰੀ ਵਿੱਚੋਂ ਹੀ ਕਢਵਾਉਂਦਾ ਅਤੇ ਪੜ੍ਹ ਪੜ੍ਹ ਉਥੇ ਹੀ ਵਾਪਸ ਕਰਦਾ ਰਹਿੰਦਾ ਦਫ਼ਤਰ ਕਈ ਸਾਥੀ ਪੁੱਛਦੇ ਵੀ ਕਿ ਉਸਨੂੰ ਕਿਤਾਬਾਂ ਪੜ੍ਹਕੇ ਕੀ ਮਿਲਦਾ ਹੈ ਪਰ ਉਹ ਜਾਂ ਤਾਂ ਹੱਸ ਛੱਡਦਾ ਅਤੇ ਜਾਂ ਏਨਾਂ ਕਹਿ ਦਿੰਦਾ ਬਈ ਥੋਨੂੰ ਦਾਰੂ ਪੀ ਕੇ ਕੀ ਮਿਲਦਾ ਹੈ

ਹੱਸਦਿਆਂ ਖੇਡਦਿਆਂ ਦਫ਼ਤਰ ਵਿੱਚ ਦਿਨ ਬੀਤ ਜਾਂਦਾ ਅਤੇ ਉਹ ਦਫ਼ਤਰੋਂ ਬਾਅਦ ਸਿੱਧਾ ਆਪਣੇ ਕਮਰੇ ਵਿੱਚ ਆ ਜਾਂਦਾਸ਼ਰਬਤੀ ਦੀ ਯਾਦ ਉਸਨੂੰ ਆ ਘੇਰਦੀ ਇੱਕ ਵਾਰ ਉਸਦਾ ਮਨ ਕਰਦਾ ਕਿ ਉਹ ਹੁਣੇ ਹੀ ਪਿੰਡ ਪਹੁੰਚ ਜਾਵੇ ਅਤੇ ਰੱਜ ਕੇ ਸ਼ਰਬਤੀ ਨਾਲ ਗੱਲਾਂ ਕਰੇ ਉਹ ਤੜਫ ਉੱਠਦਾ ਸ਼ਰਬਤੀ ਨੂੰ ਇੱਕ ਨਜ਼ਰ ਵੇਖਣ ਲਈ ਹੀ ਉਸਨੂੰ ਇਹ ਵੀ ਪਤਾ ਹੁੰਦਾ ਕਿ ਉਹ ਉਸ ਵਕਤ ਪਿੰਡ ਨਹੀਂ ਸੀ ਜਾ ਸਕਦਾ ਪਰ ਫਿਰ ਵੀ ਇੱਕ ਤੜਫਣਾ ਸੀ ਕਿ ਉਹ ਪਰਛਾਵੇਂ ਨੂੰ ਤਾਂ ਪਕੜਨਾ ਚਾਹੁੰਦਾ ਸੀ,ਪਰ ਆਪਣੇ ਹੀ ਹੱਥ ਹਨੇਰੇ ਚੋਂ ਨਹੀਂ ਸੀ ਕੱਢ ਸਕਦਾ

----

ਐਵੇਂ ਐਵੇਂ ਵਿੱਚ ਹੀ ਉਹ ਸ਼ਰਬਤੀ ਨਾਲ ਕਿੰਨਾ ਜੁੜ ਗਿਆ ਸੀਬਚਪਨ ਦੀਆਂ ਕੁੱਝ ਕੁ ਖੇਡਾਂ ਜਾਂ ਸ਼ਰਾਰਤਾਂ ਹੀ ਤਾਂ ਸਨ, ਜੋ ਹੁਣ ਕੀ ਦਾ ਕੀ ਬਣ ਗਈਆਂ ਸਨ ਉਂਝ ਇਹਨਾਂ ਨੂੰ ਵਿਸਾਰਿਆ ਵੀ ਤਾਂ ਜਾ ਸਕਦਾ ਸੀ ਪਰ ਉਹ ਵਿਸਾਰ ਨਹੀਂ ਸਨ ਸਕੇਇਸ ਸ਼ਹਿਰ ਦੇ ਨਕਸ਼ੇ ਵਿੱਚ ਹੁਣ ਉਸਦੀਆਂ ਪੈੜਾਂ ਵੀ ਬਣ ਚੁੱਕੀਆਂ ਸਨ

ਇੱਕ ਦਿਨ ਦੇਵ ਆਇਆ ਉਹ ਦਫਤਰ ਹੀ ਬੈਠਾ ਸੀ ਚਾਹ ਪਾਣੀ ਪੀਤਾ ਤੇ ਰਸਮੀ ਗੱਲਾਂ ਕਰਦੇ ਰਹੇਦੇਵ ਉਦਾਸ ਸੀ ਕਾਫੀ ਉਦਾਸ ਸੁੱਖੀ ਉਸਨੂੰ ਤਾੜਦਾ ਰਿਹਾ ਪਰ ਉਸਦੀ ਉਦਾਸੀ ਦਾ ਕਾਰਣ ਨਾ ਪੁੱਛ ਸਕਿਆਅੱਖਾਂ ਹੀ ਅੱਖਾਂ ਨਾਲ ਉਸਦੇ ਚਿਹਰੇ ਨੂੰ ਪੜ੍ਹਦਾ ਰਿਹਾ ਤੇ ਉਸ ਨਾਲ ਗੱਲਾਂ ਕਰਦਾ ਰਿਹਾ

-ਕੀ ਗੱਲ ਅੱਜ ਬਾਹਲਾਂ ਈ ਚੁੱਪ ਜਾ ਲੱਗਦੈਕਮਰੇ ਚ ਆ ਕੇ ਸੁੱਖੀ ਨੇ ਦੁਪਹਿਰ ਦੀ ਬਣੀ ਅੱਖਾਂ ਦੀ ਖਾਮੋਸ਼ੀ ਭੰਗ ਕੀਤੀ

-ਨਹੀਂ-ਅਹੀ ਜੀ ਤਾਂ ਕੋਈ ਗੱਲ ਨੀ ਦੇਵ ਨੇ ਉਵੇਂ ਹੀ ਨੀਵੀਂ ਪਾ ਰੱਖੀ ਪਰ ਹਉਕਾ ਜਿਹਾ ਲੈ ਕੇ ਉਸਦੀ ਗੱਲ ਦਾ ਜੁਆਬ ਦਿੱਤਾ

-ਤੇਰੀ ਮਰਜ਼ੀ ਐ ਗੱਲ ਤਾਂ ਜਰੂਰ ਐ, ਊਂ ਤੂੰ ਮੈਥੋਂ ਲਕੋਣੀ ਐ ਲਕੋ ਲੈ

-ਹਾਂ- ਸੁੱਖੀ ਗੱਲ ਤਾਂ ਹੈ

-ਮੈਂ ਵੀ ਤਾਂ ਹੀ ਪੁੱਛਦਾਂ ਬਈ ਗੱਲ ਦੱਸ ਕੀ ਐ ?’

-ਸੁੱਖੀ ਅੱਜ ਤੇਰੀ ਸ਼ਰਬਤੀ ਦੀ ਬਰਾਤ ਆਈ ਐ

-ਫੇਰ ਇਹਦੇ ਚ ਉਦਾਸ ਹੋਣ ਵਾਲੀ ਕਿਹੜੀ ਗੱਲ ਐ ਇਹ ਤਾਂ ਇੱਕ ਦਿਨ ਹੋਣਾ ਹੀ ਸੀ ਸੁੱਖੀ ਨੇ ਇਹ ਗੱਲ ਸੁਭਾਵਕ ਹੀ ਆਖੀ

----

ਦੇਵ ਨੇ ਬੜਾ ਹੀ ਗੰਭੀਰ ਹੋ ਕੇ ਉਸ ਵੱਲ ਦੇਖਿਆ ਸੁੱਖੀ ਨੇ ਇਹ ਗੱਲ ਇਉਂ ਆਖੀ ਸੀ ਜਿਵੇਂ ਉਹ ਸ਼ਰਬਤੀ ਨੂੰ ਬਿਲਕੁਲ ਹੀ ਭੁੱਲ ਚੁੱਕਿਆ ਹੋਵੇ

ਕਹਿਣ ਨੂੰ ਤਾਂ ਸੁੱਖੀ ਕਹਿ ਗਿਆ ਸੀ ਪਰ ਉਸੇ ਪਲ ਹੀ ਜਿਵੇਂ ਉਸ ਅੰਦਰ ਕੋਈ ਤੀਰ ਬਹੁਤ ਡੂੰਘਾ ਲਹਿ ਗਿਆ ਸੀ

ਬੇਸ਼ੱਕ ਉਸਨੂੰ ਪਤਾ ਸੀ ਕਿ ਇਹ ਗੱਲ ਉਵੇਂ ਹੋਈ ਹੈ ਜਿਵੇਂ ਇਹ ਹੋਣੀ ਚਾਹੀਦੀ ਸੀ ਪਰ ਫਿਰ ਵੀ ਜਿਵੇਂ ਦੇਵ ਨੇ ਆ ਕੇ ਉਸਦੀਆਂ ਸਾਰੀਆਂ ਮੁਸਕਾਨਾਂ ਦੀ ਹੱਤਿਆ ਕਰ ਦਿੱਤੀ ਸੀ

-ਯਾਰ ਤੂੰ ਸ਼ਰਬਤੀ ਨੂੰ ਪਿਆਰ ਨੀ ਸੀ ਕਰਦਾ ?’

-ਕਰਦਾ ਸੀ

-ਫੇਰ ਤੂੰ ਐਂ ਬੋਲਿਆ ਜਿਵੇਂ ਤੈਨੂੰ ਕੋਈ ਪ੍ਰਵਾਹ ਨਾ ਹੋਵੇ

-ਹੋਰ ਕਿਵੇਂ ਬੋਲਦਾ ਉਹ ਤੂੰ ਦੱਸ ਦੇ

-ਸੁੱਖੀ . . ਯਾਰ ਆਖਰ ਉਹਨੇ ਵੀ ਤਾਂ ਤੈਨੂੰ ਪਿਆਰ ਕੀਤੈ

-ਹਾਂ ਕੀਤੈ

-ਤੇ ਫਿਰ ਤੈਨੂੰ ਰੱਤੀ ਭਰ ਵੀ ਅਫਸੋਸ ਨਹੀਂ ?’

-ਦੇਵ ਬੇਵਕੂਫ ਨਾ ਬਣ ਅਸੀਂ ਇੱਕ ਪਿੰਡ ਦੇ ਰਹਿਣ ਵਾਲੇ ਗੁਆਂਢੀ ਸੀ ਹੁਣ ਤੂੰ ਹੀ ਦੱਸ ਕਿ ਜੇ ਇੰਝ ਨਾਂ ਹੁੰਦਾ ਤਾਂ ਕਿਵੇਂ ਹੁੰਦਾ ਨਾਲੇ ਇਹ ਜਰੂਰੀ ਤਾਂ ਨਹੀਂ ਬਈ ਬਚਪਨ ਦੀ ਮਹਿਕ ਨੂੰ ਜੁਆਨੀ ਦਾ ਗੀਤ ਬਣਾ ਕੇ ਗਾਇਆ ਜਾਵੇ

ਦੇਵ ਨਿਰ ਉੱਤਰ ਸੀ

ਤੇ ਸੁੱਖੀ ਨੇ ਆਪਣੀ ਗੱਲ ਕਹਿ ਕੇ ਹਥੇਲੀਆਂ ਨਾਲ ਅੱਖਾਂ ਕੱਜ ਲਈਆਂ

ਦੋਨੋਂ ਤਰਫ ਖ਼ਾਮੋਸ਼ੀ ਸੀ

ਉਂਝ ਦੇਵ ਕਮਰੇ ਚ ਪਏ ਮੈਗਜ਼ੀਨ ਫਰੋਲ ਰਿਹਾ ਸੀ ਅਤੇ ਸੁੱਖੀ ਆਪਣੀਆਂ ਅੱਖਾਂ ਕੱਜੀ ਕਿਤੇ ਡੂੰਘਾ ਉਤਰਿਆ ਹੋਇਆ ਸੀ

ਕਮਰੇ ਦੀ ਖ਼ਾਮੋਸ਼ੀ ਕਿਸੇ ਨੂੰ ਕੀ ਕਹਿੰਦੀ ?

----

ਬੈਠੇ ਬੈਠੇ ਸੁੱਖੀ ਦੇ ਅੱਥਰੂ ਵਗ ਪਏ ਤੇ ਦੇਵ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਸੁੱਖੀ ਅੱਖਾਂ ਤੇ ਬਾਂਹ ਧਰਕੇ ਮੰਜੇ ਤੇ ਲੰਮਾ ਪੈ ਗਿਆ ਦੇਵ ਉੱਠ ਕੇ ਉਸਦੇ ਮੰਜੇ ਦੀ ਬਾਹੀ ਤੇ ਹੀ ਆ ਕੇ ਬੈਠ ਗਿਆ ਉਹ ਸੁੱਖੀ ਦੇ ਮੋਢੇ ਫੜ ਫੜ ਝੰਜੋੜ ਰਿਹਾ ਸੀ, ਪਰ ਸੁੱਖੀ ਸੀ ਕਿ ਉਸਦਾ ਰੋਣ ਹਉਕਿਆਂ ਵਿੱਚ ਬਦਲ ਗਿਆ

ਅੱਜ ਅੰਦਰੋਂ ਕੋਈ ਤਾਰਾ ਟੁੱਟ ਕੇ ਉਸਦੀ ਛਾਤੀ ਵਿੱਚ ਆਣ ਵੱਜਾ ਸੀ ਤੇ ਇਸ ਛਾਤੀ ਵਿੱਚ ਵੱਜੇ ਤਾਰੇ ਨੂੰ ਨਾ ਉਹ ਤੋੜ ਸਕਦਾ ਸੀ ਤੇ ਨਾ ਛਾਤੀ ਨਾਲ ਲਾ ਸਕਦਾ ਸੀ

ਟੁੱਟੇ ਖੰਭ ਜਿਹੇ ਮਨ ਉੱਤੇ ਹੋਏ ਜ਼ਖਮ ਨਾਲ ਉਸਦਾ ਕਈ ਕੁੱਝ ਤਿੜਕ ਗਿਆ ਸੀ

ਉਹ ਉਠਿਆ ਤੌਲੀਏ ਨਾਲ ਅੱਖਾਂ ਪੂੰਝੀਆਂ ਅਤੇ ਹੌਲੇ ਦੇਣੇ ਕਮਰੇ ਚੋਂ ਰਿਸਕ ਗਿਆ ਅਤੇ ਮਿੰਟ ਕੁ ਬਾਅਦ ਹੀ ਵਾਪਸ ਪਰਤ ਆਇਆ ਉਸਨੇ ਦੇਵ ਨਾਲ ਹੋਰ ਕੋਈ ਗੱਲ ਨਾ ਕੀਤੀ ਉਸਨੂੰ ਇਉਂ ਸੀ ਬਈ ਦੇਵ ਆਪਣੇ ਆਪ ਹੀ ਕੁੱਝ ਦੱਸੇਗਾ ਪਰ ਦੇਵ ਸੀ ਕਿ ਉਹ ਵੀ ਪੂਰੀ ਤਰਾਂ ਖ਼ਾਮੋਸ਼ ਸੀ

-ਖਬਰੇ ਉਹ ਚੰਦਰੀ ਵੀ ਕਿੰਨੀ ਕੁ ਰੋਈ ਹੋਊ ਕਿੰਨਾ ਕੁ ਯਾਦ ਕੀਤਾ ਹੋਊ ਉਹਨੇ ਮੈਨੂੰ ਉਹ ਤਾਂ ਮੇਰਾ ਇੱਕ ਪਲ ਦਾ ਵਸਾਹ ਨੀ ਸੀ ਖਾਂਦੀ ਹਰ ਪਲ ਅੱਖਾਂ ਸਾਹਵੇ ਨੱਚਦੀ ਰਹਿੰਦੀ ਸੀ ਖਬਰੇ ਰੋ-ਰੋ ਕਿਹੋ ਜਿਹਾ ਹਾਲ ਕਰ ਲਿਆ ਹੋਣੈ ਉਹਨੇ ਸੁੱਖੀ ਸੋਚ ਰਿਹਾ ਸੀ ਉਸਦੀਆਂ ਅੱਖਾਂ ਵਿੱਚ ਫਿਰ ਅੱਥਰੂ ਤੈਰ ਆਏ

----

ਮਕਾਨ ਮਾਲਕਾਂ ਦੇ ਮੁੰਡੇ ਨੂੰ ਉਸਨੇ ਜਿਹੜੇ ਕੰਮ ਘੱਲਿਆ ਸੀ ਉਹ ਕੰਮ ਕਰਕੇ ਪਰਤ ਆਇਆ ਸੀ

ਕਿੰਨੀ ਦੇਰ ਬਾਅਦ ਅੱਜ ਉਹ ਪਹਿਲਾਂ ਵਾਲੀ ਸ਼ਰਾਬ, ਉਸਦੇ ਇਸ ਸ਼ਹਿਰ ਵਾਲੇ ਕਮਰੇ ਵਿੱਚ ਪਹਿਲੀ ਵਾਰ ਆਈ ਬਾਹਰ ਦਿਨ ਛਿਪ ਚੱਲਿਆ ਸੀ ਅਤੇ ਅੰਦਰ ਹਨੇਰਾ ਵੱਧ ਚੱਲਿਆ ਸੀ

ਉਹ ਬੈਠੇ ਪੀਂਦੇ ਰਹੇ ਪਰ ਖ਼ਾਮੋਸ਼ੀ ਪਹਿਲਾਂ ਦੀ ਤਰਾਂ ਹੀ ਬਰਕਰਾਰ ਸੀ

ਉਹ ਤਿਲ ਤਿਲ ਕਰਕੇ ਭੁਰ ਰਿਹਾ ਸੀ

ਪਰਬਤ ਬਣਨ ਦਾ ਸੁਪਨਾ ਉਸਦੇ ਪੋਟਿਆਂ ਤੇ ਜ਼ਖ਼ਮ ਕੁਰੇਦ ਕੇ ਤੁਰ ਗਿਆ ਸੀ

-ਪਹਿਲਾਂ ਜਦੋਂ ਸ਼ਰਬਤੀ ਬੀਮਾਰ ਸੀ ਤਾਂ ਉਸਨੇ ਮਾਂ ਹੱਥੀ ਸੁਨੇਹੇ ਘੱਲੇ ਸਨ ਪਰ ਇਸ ਵਾਰ ਕੋਈ ਵੀ ਸੁਨੇਹਾ ਨਾ ਆਇਆਚੰਗਾ ਹੋਇਆ ਨਹੀਂ ਤਾਂ ਉਸਨੇ ਆਪਣੇ ਸੁਪਨੇ ਦੀ ਪਰਵਾਜ਼ ਨੂੰ ਅੱਖਾਂ ਸਾਹਵੇਂ ਰਾਖ ਹੁੰਦਿਆਂ ਤੱਕਣਾ ਸੀਉਹ ਵਾਰ ਵਾਰ ਸੋਚ ਰਿਹਾ ਸੀ

----

ਉਂਝ ਇਹ ਜੋ ਕੁੱਝ ਵੀ ਹੋਇਆ ਸੀ ਸਭ ਕੁੱਝ ਸੱਚ ਸੀਸੁੱਖੀ ਨੂੰ ਇਸ ਸੱਚ ਤੋਂ ਆਖਰ ਟੁੱਟਣਾ ਹੀ ਪੈਣਾਂ ਸੀ ਪਰ ਇਹ ਕੇਹਾ ਸੱਚ ਸੀ ਜੋ ਉਸਦੇ ਹੋਰ ਨੇੜੇ ਆ ਰਿਹਾ ਸੀ ਉਸਦੀ ਚੁੱਪ ਦੇ ਸੀਨੇ ਚ ਵਾਰ ਵਾਰ ਖੰਜ਼ਰ ਖੁਭੋ ਰਿਹਾ ਸੀ

ਸਾਰੇ ਖੂਬਸੂਰਤ ਪਲ ਹਾਦਸਾ ਬਣ ਕੇ ਉਸਦੀ ਉਮਰ ਦੇ ਮੋਢੇ ਆ ਲੱਗੇ ਤੇ ਉਹ ਇਹਨਾਂ ਮੋਢੇ ਲੱਗੇ ਪਲਾਂ ਨੂੰ ਪਲੋਸ ਕੇ ਮਾਰੂਥਲ ਪਹਿਨਣ ਲੱਗ ਪਿਆ

ਸਾਰੇ ਦਫ਼ਤਰ ਦੇ ਲੋਕ ਹੈਰਾਨ ਸਨ

ਸਾਰੀ ਕਾਇਆ ਹੈਰਾਨ ਸੀ

ਤੇ ਇਸ ਸਭ ਕਾਸੇ ਤੋਂ ਵਧਕੇ ਉਦਾਸ ਸੀ ਤਾਂ ਉਸਦਾ ਉਹ ਕਮਰਾ ਹੈਰਾਨ ਸੀ ਜੋ ਪਹਿਲੀ ਹੀ ਨਜ਼ਰੇ ਉਸਦਾ ਮਹਿਬੂਬ ਬਣਿਆ ਸੀ

ਹਰ ਰੋਜ਼ ਸ਼ਰਾਬ ਪੀਣ ਦੀ ਇਸ ਅਚਾਨਕ ਆਈ ਤਬਦੀਲੀ ਨਾਲ,ਕਮਰੇ ਦੀਆਂ ਕੰਧਾਂ ਤੇ ਉੱਗੀਆਂ ਅੱਖਾਂ ਨੇ ਆਪਣੇ ਅੱਥਰੂ ਸੁੱਖੀ ਨੂੰ ਵਿਖਾਏ ਪਰ ਸੁੱਖੀ ਉਸ ਸਭ ਕਾਸੇ ਤੋਂ ਬੇਖਬਰ ਸ਼ਰਾਬ ਪੀਣ ਵਿੱਚ ਰੁੱਝਿਆ ਸੀ

ਇਹ ਇੱਕ ਦਿਨ ਦੀ ਗੱਲ ਨਹੀਂ ਹਰ ਰੋਜ਼ ਦੀ ਗੱਲ ਹੀ ਹੋ ਗਈ

ਕਮਰੇ ਦੀਆਂ ਅੱਖਾਂ ਵਿੱਚ ਲੰਮਾ ਬੀਆਬਾਨ ਪਸਰ ਗਿਆ ਪਰ ਸੁੱਖੀ ਨੂੰ ਕੀ ਸੀ ਉਹ ਤਾਂ ਆਪਣੇ ਅੱਥਰੂਆਂ ਦੀ ਨਦੀ ਵਿੱਚ ਅੱਧ ਮੋਇਆ ਪਿਆ ਸੀ

ਜਿਹੜੀਆਂ ਪੁਸਤਕਾਂ ਸੁੱਖੀ ਹਰ ਪਲ ਪੜ੍ਹਦਾ ਸੀ ਉਹ ਉਦਾਸ ਸਨ ਉਹਨਾਂ ਉੱਪਰ ਵੀ ਰੇਤ ਦੀਆਂ ਪਰਤਾ ਜੰਮਣੀਆਂ ਸ਼ੁਰੂ ਹੋ ਗਈਆਂ ਤੇ ਉਹ ਜੋ ਜਿਉਂਦੀਆਂ ਜਾਗਦੀਆਂ ਉਸ ਕੋਲ ਹਾਜ਼ਰ ਹੁੰਦੀਆਂ ਸਨ ਹੁਣ ਆਪਣੇ ਕਿਸੇ ਜਿਊਂਦੇ ਹੁੰਗਾਰੇ ਨੂੰ ਉਡੀਕਦੀਆਂ ਆਪਣੀਆਂ ਤਲੀਆਂ ਤੇ ਬੰਜਰ ਉਗਾਈ ਬੈਠੀਆਂ ਸਨ

ਫਿਰ ਇੱਕ ਦਿਨ ਸੁੱਖੀ ਨੇ ਕਵਿਤਾ ਲਿਖੀ . . ਆਪਣੇ ਜ਼ਖ਼ਮ ਦੀ ਇਬਾਰਤ

ਬੇਸ਼ੱਕ ਪਤਾ ਸੀ

ਤੂੰ ਇੰਝ ਹੀ

ਚਿੜੀਆਂ ਦੀ ਡਾਰ ਸੰਗ ਤੁਰ ਜਾਣਾ ਹੈ

ਫਿਰ ਵੀ ਪਤਾ ਨੀ ਕਿਉਂ

ਹਥੇਲੀਆਂ ਦੇ ਬੰਜਰ ਮੈਦਾਨਾਂ ਵਿੱਚ

ਸੂਹੇ ਫੁੱਲ ਲਗਾਉਂਦਾ ਰਿਹਾ

ਉਹਨਾਂ ਲਕੀਰਾਂ ਚ ਸਾਡਾ ਨਾਮ ਲਿਖਕੇ

ਤੀਲੇ ਤੀਲੇ ਨਾਲ

ਆਲ੍ਹਣਾਂ ਸਜਾਉਂਦਾ ਰਿਹਾ

ਇਹ ਮੇਰੇ ਹਾਦਸੇ ਦਾ ਨਸੀਬ ਸੀ

ਕਿ ਉਹ

ਆਪਣੀਆਂ ਤਲੀਆਂ ਤੇ

ਆਪਣੇ ਹੀ ਅੱਥਰੂ ਰੱਖ ਰੱਖ ਵੇਂਹਦਾ ਰਵ੍ਹੇ

ਰੇਗਿਸਤਾਨ ਚ ਉਕਰੀਆਂ

ਆਪਣੀਆਂ ਹੀ ਪੈੜਾਂ ਦਾ ਕਤਲ ਕਰਦਾ ਰਵ੍ਹੇ

-ਅਤੇ

ਆਪਣੇ ਹੀ ਆਲ੍ਹਣੇ ਦੀ ਤੁਰਦੀ ਕਬਰ ਨੂੰ

ਆਪਣੇ ਹੀ ਖੰਡਰ ਦੀ

ਮਿੱਟੀ ਨਾਲ ਭਰਦਾ ਰਵ੍ਹੇ

ਬੇ ਸ਼ੱਕ ਪਤਾ ਸੀ

ਤੂੰ ਇੰਝ ਹੀ

ਚਿੜੀਆਂ ਦੀ

ਡਾਰ ਸੰਗ ਤੁਰ ਜਾਣਾ ਹੈ

ਉਸਨੇ ਕਵਿਤਾ ਲਿਖੀ ਵਾਰ ਵਾਰ ਪੜ੍ਹੀ ਅਤੇ ਹੌਲੇ ਜਿਹੇ ਕਿਸੇ ਕਿਤਾਬ ਦੀ ਕਬਰ ਵਿੱਚ ਦਫਨਾ ਦਿੱਤੀ

ਕਿਹੋ ਜਿਹਾ ਰੋਜ਼ਨਾਮਚਾ ਬਣ ਗਿਆ ਸੀ ਉਹਦਾ

----

ਮਾਂ ਪਿਉ ਦਾ ਘਰ ਜਾਂ ਆਪਣਾ ਪਿੰਡ ਤਾਂ ਉਸਨੂੰ ਭੁੱਲ ਹੀ ਗਿਆ ਸੀ ਕਿ ਉਸਦਾ ਵੀ ਕੋਈ ਪਿੰਡ ਹੈ ਉਹ ਵੀ ਕਿਤੇ ਜੰਮਿਆ ਹੈ ਜਾਂ ਉਸਨੇ ਵੀ ਕਿਤੇ ਬਚਪਨ ਹੰਢਾਇਆ ਹੈ ਉਸਨੇ ਵੀ ਦਾਈ ਦੁੱਕੜੇ ਖੇਡੇ ਹਨ ਜਾਂ ਉਸਨੇ ਵੀ ਕਿਤੇ ਟੁੱਟੀਆਂ ਚੂੜੀਆਂ ਦੀ ਖੇਡ ਚੋਂ ਆਪਣੀ ਉਮਰ ਦਾ ਨਕਸ਼ਾ ਤੱਕਿਆ ਹੈ

ਮਾਂ ਦੇ ਕਈ ਵਾਰ ਸੁਨੇਹੇ ਦੇਣ ਤੋਂ ਬਾਅਦ ਉਹ ਪਿੰਡ ਗਿਆ ਤਾਂ ਉਹ ਜਿਵੇਂ ਕਿਸੇ ਹੋਰ ਪਿੰਡ ਹੀ ਆ ਵੜਿਆ ਹੋਵੇ ਪਿੰਡ ਦੀ ਜੂਹ ਹੀ ਉਸ ਵੱਲ ਅਜਨਬੀ ਨਜ਼ਰਾਂ ਨਾਲ ਤੱਕ ਰਹੀ ਸੀ

ਘਰ ਕੋਲ ਆਇਆ ਤਾਂ ਸ਼ਰਬਤੀ ਕੇ ਘਰ ਅਜੇ ਵੀ ਕੋਈ ਨਾਂ ਕੋਈ ਹਰੀ ਪੀਲੀ ਝੰਡੀ ਵਕਤ ਦੀਆਂ ਪੌਣਾਂ ਚ ਫਾਹੇ ਲੱਗੀ ਸਾਹ ਵਰੋਲ ਰਹੀ ਸੀ

ਮਾਂ ਨੇ ਆਪਣੀ ਬੁੱਕਲ ਵਿੱਚ ਲੈ ਕੇ ਉਸਨੂੰ ਬਹੁਤ ਪਿਆਰ ਦਿੱਤਾ

-ਵੇ ਕਾਕਾ ਘਰੋਂ ਬਾਹਰ ਰਹਿ ਕੇ ਤਾਂ ਤੂੰ ਊਂਈ ਲਿੱਸਾ ਜਾ ਹੋ ਗਿਆ

ਉਹ ਸਿਰਫ ਹੱਸਿਆ ਥੋੜ੍ਹਾ ਜਿਹਾ

ਬੜੀ ਦੇਰ ਬਾਅਦ ਇਸ ਸਲ੍ਹਾਬੇ ਹਾਸੇ ਦੀ ਪਰਤ ਖੁੱਲ੍ਹੀ ਸੀ

ਉਸਦੇ ਚਿਹਰੇ ਨੂੰ ਵੇਖਕੇ ਭਾਬੀਆਂ ਦੂਰੋਂ ਕਿਤੋਂ ਹੱਸੀਆਂ ਸਨ

----

ਰਾਤ ਨੂੰ ਮਾਂ ਉਸ ਕੋਲ ਬੈਠੀ ਗੱਲਾਂ ਕਰਦੀ ਰਹੀ ਵੱਡਾ ਭਰਾ ਵੀ ਕੋਲ ਹੀ ਆ ਗਿਆ ਸੀ ਫਿਰ ਗੱਲਾਂ ਗੱਲਾਂ ਵਿੱਚ ਮਾਂ ਨੇ ਕਿਹਾ ਸੀ ਬਈ ਤੇਰੇ ਤਾਏ ਨਿਹਾਲੇ ਨੇ ਹਸਨਪੁਰ ਤੋਂ ਕੁੜੀ ਦੀ ਦੱਸ ਪਾਈ ਐ

-ਹਾਂ ਤਾਇਆ ਮੇਰੇ ਕੋਲ ਵੀ ਕਹਿੰਦਾ ਸੀ ਬਈ ਕੁੜੀ ਦਸ ਪੜੀ ਹੋਈ ਐ ਨਾਲੇ ਘਰ ਦਾ ਸਾਰਾ ਕੰਮ ਕਰ ਲੈਂਦੀ ਐ ਨਾਲੇ ਸਟੈਨੋ ਦਾ ਕੋਰਸ ਕੀਤਾ ਹੋਇਐ ?

ਉਹ ਗੱਲ ਸੁਣ ਕੇ ਹੱਸਿਆ ਸੀ ਸਿਰਫ ਹੱਸਿਆ ਸੀ ਉਹੀ ਆਪਣਾ ਸਿਲ੍ਹਾਬਾ ਹਾਸਾ ਉਹੀ ਹਾਸਾ ਜਿਸ ਚੋਂ ਹੁਣ ਬੰਜਰ ਵਿਲਕਦਾ ਸੀ ਉਹੀ ਹਾਸਾ ਜਿਸਚੋਂ ਹੁਣ ਜਖ਼ਮਾਂ ਦੇ ਹਉਕੇ ਸੁਣਾਈ ਦਿੰਦੇ ਸਨ ਤੇ ਉਹੀ ਹਾਸਾ ਜਿਹੜਾ ਹੁਣ ਥਲਾਂ ਦੀ ਪਗਡੰਡੀ ਚੋਂ ਗੁਜ਼ਰ ਰਿਹਾ ਸੀ

ਭਰਾ ਨੇ ਤਾਂ ਇੱਕ ਦੋ ਥਾਂ ਤੋਂ ਹੋਰ ਵੀ ਦੱਸ ਪਾਈ ਸੀ ਪਰ ਉਹ,-‘ਨਹੀਂ ਵੀਰ ਅਜੇ ਨੀਕਹਿ ਕੇ ਸਾਰੀ ਗੱਲ ਟਾਲ ਗਿਆਤੇ ਅਗਲੇ ਦਿਨ ਫਿਰ ਤੋਂ ਆਪਣੇ ਦਫ਼ਤਰ ਆ ਗਿਆ

ਫਿਰ ਇੱਕ ਸਿਲਸਿਲਾ ਸੁਰੂ ਹੋਇਆ

ਰਿਸ਼ਤਿਆਂ ਦਾ, ਭਵਿੱਖ ਦੀ ਉਮਰ ਦਾ

ਉਹ ਹਰ ਵਾਰ ਹਰ ਆਮਦ ਨੂੰ ਨਕਾਰ ਦਿੰਦਾ

----

ਮਾਂ ਗੁੱਸੇ ਹੁੰਦੀ ਪਰ ਉਸਨੂੰ ਕੀ ਸੀ ਗੁੱਸੇ ਹੁੰਦੀ ਐ ਤਾਂ ਗੁੱਸੇ ਹੁੰਦੀ ਰਵ੍ਹੇ

ਭਰਾ ਗੁੱਸੇ ਹੁੰਦੇ

ਪਰ ਇੱਕ ਉਹ ਸੀ ਜੋ ਕਿਸੇ ਨਾਲ ਵੀ ਗੁੱਸੇ ਨਹੀਂ ਸੀ ਹੁੰਦਾ

ਮਾਂ ਕਲਪਦੀ ਸੀ ਕਿ ਜੇ ਉਥੇ ਜਾ ਕੇ ਵੀ ਸ਼ਰਾਬਾਂ ਹੀ ਡੱਫਣੀਆਂ ਸਨ ਤਾਂ ਇਹੋ ਜਿਹੀ ਨੌਕਰੀ ਨਾਲੋਂ ਤਾਂ ਘਰੇ ਹੀ ਚੰਗਾ ਸੀ ਖੇਤੀ ਦਾ ਕੰਮ ਕਰਦਾ ਸੀ ਵੇਲੇ ਸਿਰ ਨਹਾਉਂਦਾ, ਧੋਂਦਾ ਤਾਂ ਸੀ ਚੱਜ ਦੀ ਰੋਟੀ ਤਾਂ ਖਾਂਦਾ ਸੀ ਹੁਣ ਕਿਵੇਂ ਹੜਬਾਂ ਨਿਕਲੀਆਂ ਸਨ

ਮਾਂ ਨੂੰ ਕੀ ਪਤਾ ਸੀ ਕਿ ਨਾਂ ਤਾਂ ਉਸਨੂੰ ਉੱਥੇ ਕੋਈ ਵੇਲੇ ਸਿਰ ਨਹਾਉਣੋਂ ਧੋਣੋਂ ਰੋਕਦਾ ਹੈ ਅਤੇ ਨਾ ਹੀ ਵੇਲੇ ਸਿਰ ਚੱਜ ਦੀ ਰੋਟੀ ਖਾਣੋ ਰੋਕਦਾ ਹੈਪਰ ਮਾਂ ਕੀ ਜਾਣੇ ਉਹ ਤਾਂ ਆਪਣੇਂ ਹੀ ਹੱਸਦੇ ਪਰਛਾਵਿਆਂ ਨੇ ਮਧੋਲ ਰੱਖਿਆ ਹੈ

ਵਿਆਹ ਕਰਾਉਣ ਤੋਂ ਉਹ ਇਨਕਾਰੀ ਸੀ

ਪਰ ਮਾਂ ਸੀ ਸੋਚਦੀ ਸੀ ਕਿ ਉਸਦੇ ਵਿਹੜੇ ਵਿੱਚ ਇੱਕ ਹੋਰ ਨੂੰਹ ਪੈਲਾਂ ਪਾਵੇ

ਨਵੀਂ ਬਹੂ ਦਾ ਲਿਸ਼ਕਾਰਾ ਫਿਰ ਵਿਹੜੇ ਦਾ ਚਾਨਣ ਬਣੇ

ਪਰ ਇੱਕ ਉਹ ਸੀ ਜੋ ਹੁਣ ਆਪਣੀਆਂ ਹੀ ਪੈੜਾਂ ਦੀ ਹੋਂਦ ਤੋਂ ਇਨਕਾਰੀ ਸੀਜਿਸ ਦੇ ਸਾਰੇ ਮੌਸਮ ਰੁੱਸ ਚੁੱਕੇ ਸਨ

***********

ਅੱਠਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ!

No comments: