Sunday, April 12, 2009

ਆਖ਼ਰੀ ਪਹਿਰ - ਕਾਂਡ - 7

ਉਸ ਦਿਨ ਉਹ ਖੇਤ ਕੰਮ ਕਰਨ ਨਹੀਂ ਸੀ ਗਿਆ ਸਵੇਰੇ ਘਰੋਂ ਚਾਹ ਪੀ ਕੇ ਸੱਥ ਵਿੱਚ ਆਕੇ ਤਾਸ਼ ਖੇਡਣ ਬੈਠ ਗਿਆ ਸੀ ਵਾਰੋ-ਵਾਰੀ ਹੋਰ ਵੀ ਬਹੁਤ ਸਾਰੇ ਜਣੇ ਆ ਗਏ ਸਨਤਾਸ਼ ਦੀਆਂ ਬਾਜੀਆਂ ਜ਼ੋਰ ਫੜ ਰਹੀਆਂ ਸਨ

ਸ਼ਰਬਤੀ ਆਪਣੀ ਇੱਕ ਸਹੇਲੀ ਨਾਲ ਆ ਰਹੀ ਸੀ ਉਹ ਕੁੜੀ ਆਪਣੇ ਛੋਟੇ ਜਿਹੇ ਭਤੀਜੇ ਨੂੰ ਸਕੂਲ ਛੱਡਣ ਜਾ ਰਹੀ ਸੀ, ਜਦੋਂ ਕਿ ਉਹ ਬਿਲਕੁਲ ਵੀ ਜਾਣ ਲਈ ਰਾਜ਼ੀ ਨਹੀਂ ਸੀਰੋ ਰਿਹਾ ਸੀਬਾਂਹ ਛੁਡਾ ਕੇ ਪਿਛਾਂਹ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ

- ਨੀ ਛੱਡ ਪਰਾਂ ਜੇ ਨਹੀਂ ਜਾਂਦਾ ਨਾ ਜਾਣਦੇ ਇਹਨੇ ਕਿਹੜਾ ਪੜ੍ਹਕੇ ਅਫਸਰ ਲੱਗ ਜਾਣੈ

----

ਸ਼ਰਬਤੀ ਦੇ ਬੋਲ ਸੁੱਖੀ ਦੇ ਕੰਨੀ ਪਏ ਉਸ ਇੱਕ ਟੱਕ ਉੱਧਰ ਵੇਖਿਆ ਤਾਂ ਬੋਲਦੀ ਸ਼ਰਬਤੀ ਵੀ ਉਸ ਵੱਲ ਤੱਕ ਰਹੀ ਸੀ

-ਜਾ ਨੀ ਜਾ ਤੂੰ ਇਹਨੂੰ ਅਫਸਰ ਬਣਿਆਂ ਨੀ ਭਾਲ਼ਦੀ

-ਲੈ ਦੱਸ ਮੈਂ ਕਿਉਂ ਨੀ ਭਾਲਦੀ ਮੈਂ ਤਾਂ ਆਹਨੀ ਆਂ, ਪੜ੍ਹਲੇ ਕੁੱਛ ਬਣਕੇ ਤਾਂ ਦਿਖਾਵੇਕਿਤੇ ਐਤੇ ਖੁੰਢਾਂ ਤੇ ਬੈਠਣ ਜੋਗਾ ਈ ਨਾ ਰਹਿ ਜੇ

ਸ਼ਰਬਤੀ ਹੁਣ ਵੀ ਸੁੱਖੀ ਵੱਲ ਤੱਕ ਰਹੀ ਸੀ

-ਕੀ ਸੋਚੀ ਜਾਨੈਂ ਚਲ ਸਿੱਟ ਯਾਰ ਹੁਣ

-ਬੱਸ ਯਾਰ ? ਉਸਨੇ ਆਪਣੇ ਪੱਤੇ ਸੁੱਟੇ ਅਤੇ ਉੱਠਕੇ ਘਰ ਵੱਲ ਤੁਰ ਪਿਆ

ਭਰਜਾਈਆਂ ਕੱਪੜੇ ਧੋ ਰਹੀਆਂ ਸਨ ਮਾਂ ਦਾਲ ਚੁਗ ਰਹੀ ਸੀ ਅਤੇ ਉਹ ਚੁੱਪ ਕਰਕੇ ਕੋਠੇ ਚੜ੍ਹਕੇ ਮੰਜੇ ਤੇ ਪੈ ਗਿਆ

ਕਿੱਡਾ ਵੱਡਾ ਸੱਚ ਸ਼ਰਬਤੀ ਬੋਲ ਕੇ ਗਈ ਸੀ

ਉਸਨੂੰ ਹੁਣ ਸ਼ਰਬਤੀ ਦੀਆਂ ਕਹੀਆਂ ਗੱਲਾਂ ਠੀਕ ਲੱਗੀਆਂ ਸਨ ਹਾਂ! ਜੇ ਉਹਨੇ ਕੁੱਝ ਬਣਨਾ ਹੀ ਨਹੀਂ ਸੀ ਤਾਂ ਫਿਰ ਪੜ੍ਹਿਆ ਕਾਹਦੇ ਲਈ ਸਿਰਫ ਸੱਥਾਂ ਚ ਬੈਠਣ ਤੇ ਨਸ਼ੇ ਕਰਨ ਲਈ ਨਹੀਂ ! ਅੱਜ ਉਸਨੂੰ ਬਹੁਤ ਵੱਡਾ ਅਹਿਸਾਸ ਹੋਇਆ ਸੀ ਕਿ ਸ਼ਰਬਤੀ ਉਸ ਨਾਲ ਅੰਦਰੋਂ ਕਿੰਨੀ ਜੁੜੀ ਹੋਈ ਹੈ ਖਬਨੀਂ ਉਸਨੂੰ ਉਹ ਅੰਦਰੋਂ ਕਿੱਡਾ ਕੁ ਵੱਡਾ ਅਫ਼ਸਰ ਬਣਿਆ ਲੋਚਦੀ ਹੈ ਕੀ ਪਤੈ ਉਹ ਘਰ ਬੈਠੀ ਚੱਤੋ ਪਹਿਰ ਇਹੋ ਸੋਚਦੀ ਹੋਵੇ ਸੁੱਖਾਂ ਸੁੱਖਦੀ ਹੋਵੇ ਕਿ ਜੇ ਸੁੱਖੀ ਕੁੱਝ ਬਣ ਜਾਵੇ , ਕੋਈ ਨੌਕਰੀ ਕਰਨ ਲੱਗ ਜਾਵੇ

ਅੱਜ ਉਹ ਅੰਦਰੋਂ ਬੁਰੀ ਤਰਾਂ ਝੰਜੋੜਿਆ ਗਿਆ ਸੀ ਉਸਨੂੰ ਆਪਨੂੰ ਆਪਣੀਆਂ ਮਾੜੀਆਂ ਆਦਤਾਂ ਦਾ ਏਨਾਂ ਦੁੱਖ ਨਹੀਂ ਸੀ ਹੋਇਆ, ਜਿੰਨਾ ਇਹ ਹੋਇਆ ਸੀ ਸ਼ਰਬਤੀ ਅੰਦਰੋਂ ਕਿੰਨੀ ਦੁਖੀ ਹੈ

ਉਹ ਤਾਂ ਬਚਪਨ ਵਿੱਚ ਕਾਰਾਂ ਉੱਤੇ ਚੜ੍ਹਨ ਦੀਆਂ ਗੱਲਾਂ ਕਰਦਾ ਹੁੰਦਾ ਸੀਵੱਡਾ ਸਾਰਾ ਘਰ ਬਣਾਉਣ ਦੀਆਂ ਸੋਚਦਾ ਹੁੰਦਾ ਸੀ ਪਰ ਹੁਣ -----

----

ਉਸਨੂੰ ਵੀ ਪਤਾ ਸੀ ਤੇ ਸ਼ਰਬਤੀ ਨੂੰ ਵੀ ਕਿ ਉਹ ਉਮਰ ਭਰ ਵੀ ਇੱਕ ਘਰ ਨਹੀਂ ਸਨ ਬਣਾ ਸਕਦੇ

ਉਹਨਾਂ ਨੂੰ ਪਤਾ ਸੀ ਕਿ ਇੱਕ ਛੱਤ ਦੀ ਛਾਂ ਦਾ ਸੁਪਨਾ ਲੈਣਾ ਹੁਣ ਉਹਨਾਂ ਲਈ ਵਰਜਿਤ ਹੋ ਗਿਆ ਹੈ ਰੇਤ ਤੇ ਲਿਖੇ ਉਹਨਾਂ ਦੇ ਸਾਂਝੇ ਨਾਮ ਉਪਰੋਂ ਵਰੋਲਾ ਗੁਜ਼ਰ ਗਿਆ ਹੈਪਰ ਫਿਰ ਵੀ ਇਹ ਤਾਂਘ ਕੇਹੀ ਸੀ ਕਿ ਉਹ ਅਜੇ ਵੀ ਇਸ ਧੁੰਦਲੇ ਰਿਸ਼ਤੇ ਲਈ ਗੂੜ੍ਹੇ ਰੰਗਾਂ ਦੀ ਤਲਾਸ਼ ਕਰ ਰਹੇ ਸਨ

ਉਸਨੇ ਸ਼ਰਬਤੀ ਦੇ ਬੋਲਾਂ ਦੇ ਹਉਕੇ ਨੂੰ ਬਹੁਤ ਹੀ ਡੂੰਘਿਆਂ ਮਹਿਸੂਸ ਕੀਤਾ

ਅਗਲੇ ਦਿਨ ਉਹ ਪਿੰਡੋਂ ਤਿਆਰ ਹੋ ਕੇ ਚਲਾ ਗਿਆ ਤੇ ਜਦ ਮਹੀਨੇ ਬਾਅਦ ਵਾਪਸ ਪਰਤਿਆ ਤਾਂ ਉਹ ਅਫਸਰ ਤਾਂ ਨਹੀਂ ਇੱਕ ਦਫ਼ਤਰ ਦਾ ਕਲਰਕ ਬਣਕੇ ਜ਼ਰੂਰ ਪਰਤਿਆ ਸੀ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ

----

ਸ਼ਰਬਤੀ ਨੂੰ ਜਦ ਪਤਾ ਲੱਗਿਆ, ਤਾਂ ਉਹਨੀਂ ਪੈਰੀਂ ਹੀ ਉਹਨਾਂ ਦੇ ਘਰ ਆਈ ਅਤੇ ਤਾਈ ਨੂੰ ਮੂੰਹ ਮਿੱਠਾ ਕਰਾਉਣ ਲਈ ਕਹਿਣ ਲੱਗੀ

-ਨੀ ਮੈਥੋਂ ਤਾਂ ਜਦੋਂ ਮਰਜ਼ੀ ਕੁੱਝ ਖਾਲੀ ਪਹਿਲਾਂ ਉਹ ਤੋਂ ਤਾਂ ਮੰਗਲੈ

-ਨਾਂ ਨੀ ਤਾਈ ਉਹਦੇ ਨੀ ਆਪਾਂ ਮੱਥੇ ਲੱਗਣਾ ਤੂੰ ਜਿਹੜਾ ਕੁੱਝ ਖੁਵਾਉਣੈਂ ਖੁਆਦੇਸ਼ਰਬਤੀ ਦੇ ਬੋਲਾਂ ਵਿੱਚ ਬਹੁਤ ਵੱਡਾ ਰੰਜ ਸੀ ਜੀਹਨੂੰ ਮਾਂ ਤਾਂ ਸਮਝ ਨਾ ਸਕੀ ਤੇ ਜੀਹਨੇ ਸਮਝਣਾ ਸੀ ਉਹ ਉਹਨਾਂ ਰੰਜ ਵਾਲੇ ਬੋਲਾਂ ਨੂੰ ਸੁਣ ਨਾ ਸਕਿਆ

----

ਖੇਤੀ ਦੇ ਮਾਹੌਲ ਨੂੰ ਛੱਡ ਕੇ ਹੁਣ ਉਸਨੂੰ ਦਫਤਰ ਦੇ ਨਵੇਂ ਮਾਹੌਲ ਨਾਲ ਜੁੜਨਾ ਪਿਆ ਰੌਲਾ ਰੱਪਾ , ਟਾਈਪ ਮਸੀਨਾਂ ਦੀ ਖੜ-ਖੜ ਲੋਕਾਂ ਦੀ ਆਵਾਜਾਈ ਡਾਕ ਦੇ ਲੈਣ ਦੇਣ ਦਾ ਕੰਮ ਹਰ ਰੋਜ਼ ਨਵੇਂ ਲੋਕਾਂ ਨਾਲ ਜਾਣ ਪਛਾਣ ਬਿੰਦੇ ਝੱਟੇ ਚਾਹ ਦਾ ਕੱਪ ਡੀ.ਏ.ਦੀਆਂ ਕਿਸ਼ਤਾਂ ਬਾਰੇ ਵਿਚਾਰਾਂ , ਪੇ ਸਕੇਲਾਂ ਦੀਆਂ ਸੋਧਾਂ ਬਾਰੇ ਗੱਲਾਂ, ਕਰਜ਼ਾ ਲੈਣ ਆਏ ਲੋਕਾਂ ਦੇ ਫਾਰਮਾਂ, ਅਫਸਰਾਂ ਦੀਆਂ ਹਿੱਸਾ ਪੱਤੀ ਦੀਆਂ ਗੱਲਾਂ ਤੇ ਹੋਰ ਬਹੁਤ ਕੁੱਝ ਸਭ ਕੁੱਝ ਉਸਦੀ ਜਿੰਦਗੀ ਦੀ ਪਹਿਲੀ ਫਿਲਮ ਸੀ ਤੇ ਉਹ ਅਜੇ ਦਰਸ਼ਕ ਬਣਿਆ ਇਹ ਸਭ ਕੁੱਝ ਵੇਖ ਰਿਹਾ ਸੀ

ਸੁੱਖੀ ਸ਼ਨੀਵਾਰ ਨੂੰ ਜਦ ਪਿੰਡ ਗਿਆ ਤਾਂ ਮਾਂ ਨੇ ਜਾਂਦੇ ਨੂੰ ਹੀ ਉਲਾਂਭਾ ਦਿੱਤਾ ਸੀ ---ਭੈੜਿਆ ,ਸ਼ਰਬਤੀ ਤਾਂ ਮੈਨੂੰ ਨਿੱਤ ਪੁੱਛਦੀ ਸੀ ਬਈ ਸੁੱਖੀ ਨੂੰ ਨੌਕਰੀ ਕਦੋਂ ਮਿਲੂ ਤੇ ਹੁਣ ਤੂੰ ਉਹਦਾ ਮੂੰਹ ਮਿੱਠਾ ਕਰਾਕੇ ਵੀ ਨੀਂ ਗਿਆ

-ਮਾਂ ਉਹਨੂੰ ਕਹੀਂ ਬਈ ਜਦੋਂ ਪਹਿਲੀ ਤਨਖਾਹ ਮਿਲਗੀ ਨਾਂ, ਸਾਰੀ ਉਹਨੂੰ ਲਿਆ ਕੇ ਫੜਾਦੂੰ ਜੋ ਕੁਝ ਮਰਜ਼ੀ ਕਰੇਕਹਿਕੇ ਉਹ ਦੇਵ ਦੇ ਘਰ ਵੱਲ ਤੁਰ ਗਿਆ

----

ਦਫਤਰ ਵਿੱਚ ਉਸਨੂੰ ਸ਼ਰਬਤੀ ਬਹੁਤ ਯਾਦ ਆਉਂਦੀ ਆਪਣੇ ਬਚਪਨ ਦੀਆਂ ਸਾਰੀਆਂ ਗੱਲਾਂ ਯਾਦ ਕਰਕੇ ਉਹ ਬਹੁਤ ਉਦਾਸ ਹੋ ਜਾਂਦਾਉਸਨੂੰ ਇਹਨਾਂ ਜ਼ਮਾਨੇ ਦੇ ਖ਼ੁਦਾਵਾਂ ਤੇ ਬਹੁਤ ਗੁੱਸਾ ਆਉਂਦਾ ਅਖਿਰ ਇਹ ਵਰਜਿਤ ਕੰਧਾਂ ਕੱਢਣ ਦਾ ਹੱਕ ਉਹਨਾਂ ਨੂੰ ਹੀ ਕਿਉਂ ਦਿੱਤਾ ਗਿਐ ?

ਸਿਰ ਤੋਂ ਗੁਜਰੀਆਂ ਰੁੱਤਾਂ ਬਾਰੇ ਵੀ ਉਹ ਇਹੋ ਹੀ ਸੋਚਦਾ ਕਿ ਇਹੋ ਰੁੱਤਾਂ ਹੁੰਦੀਆਂ ਸਨ ਜੋ ਕਿ ਹਰ ਪਲ ਹੱਸਦੀਆਂ ਨੱਚਦੀਆਂ ਉਹਨਾਂ ਦੇ ਅੰਗ ਸੰਗ ਵਿਚਰਦੀਆਂ ਸਨ ਤੇ ਇਹੋ ਹੀ ਰੁੱਤਾਂ ਹਨ ਜੋ ਹੁਣ ਹਰ ਵੇਲੇ ਮੋਨ ਧਾਰੀ ਰੱਖਦੀਆਂ ਹਨ

ਬਚਪਨ ਦੇ ਪਾਣੀਆਂ ਦਾ ਅੱਥਰਾ ਸੰਗੀਤ ਇੱਥੇ ਤੀਕ ਪਹੁੰਚ ਕੇ ਕਿਉਂ ਖ਼ਾਮੋਸ਼ੀ ਦਾ ਸੂਚਕ ਬਣ ਜਾਂਦਾ ਹੈ

----

ਦਫਤਰ ਦੇ ਲੋਕਾਂ ਵਿੱਚ ਉਸਦਾ ਮਾਣ ਸਤਿਕਾਰ ਬਹੁਤ ਵਧ ਗਿਆ ਸੀ ਕੰਮ ਦੀ ਗੱਲ ਤੋਂ ਬਿਨਾਂ ਉਹ ਹੋਰ ਵਾਧੂ ਗੱਲਾਂ ਵਿੱਚ ਆਪਣਾ ਚੁੰਝ ਪੰਜਾ ਨਹੀਂ ਸੀ ਅੜਾਉਂਦਾ ਜਦੋਂ ਵੀ ਵਿਹਲਾ ਹੁੰਦਾ ਬੱਸ ਕਿਸੇ ਨਾਂ ਕਿਸੇ ਕਿਤਾਬ ਜਾਂ ਮੈਗਜ਼ੀਨ ਤੇ ਉਹ ਆਪਣੀਆਂ ਅੱਖਾਂ ਦੇ ਚਾਨਣ ਨੂੰ ਵਿਛਾ ਰਿਹਾ ਹੁੰਦਾ

ਬੇਗਾਨੇ ਪਰਛਾਵਿਆਂ ਚੋਂ ਆਪਣੀ ਹੋਂਦ ਤੱਕਣਾ ਉਸਦੀ ਆਦਤ ਨਹੀਂ ਸੀ ਤੇ ਆਪਣੇ ਬੋਲਾਂ ਨੂੰ ਕਿਸੇ ਦੇ ਬੋਲਾਂ ਦਾ ਮਜਮਾਂ ਬਣਾਉਣ ਤੋਂ ਉਹ ਸਦਾ ਹੀ ਪਰਹੇਜ਼ ਕਰਦਾ ਆਇਆ ਸੀ

ਸ਼ਰਾਬੀ ਨਦੀਆਂ ਦੇ ਤਾਰੂਆਂ ਤੋਂ ਉਸਨੇ ਆਪਣੇ ਚੱਪੂਆਂ ਨੂੰ ਉਹਲੇ ਰੱਖਣ ਦੀ ਆਦਤ ਬਣਾ ਲਈ ਸੀ

ਬੜੀ ਹੀ ਗੰਭੀਰ ਮੁਦਰਾ ਨਾਲ ਉਸਦੀ ਆਪਣੀ ਬੀਨ ਦਾ ਸੰਗੀਤ ਉਸਦੇ ਆਪਣੇ ਅੰਦਰ ਕਿਰ ਰਿਹਾ ਸੀ

----

ਇਹ ਸਾਰਾ ਕੁੱਝ ਸ਼ਰਬਤੀ ਕਰਕੇ ਹੀ ਸੀ ਕਿ ਉਸਦੇ ਨਿਹੋਰਿਆਂ ਭਰੇ ਬੋਲਾਂ ਨੇ ਸੁੱਖੀ ਨੂੰ ਆਪਣੇ ਸੂਰਜ ਦਾ ਚਿਹਰਾ ਸਿਰਜਣ ਲਈ ਤੋਰ ਦਿੱਤਾ

ਉਹ ਹਰ ਹਫਤੇ ਪਿੰਡ ਜਾਂਦਾ ਸ਼ਰਬਤੀ ਆਉਂਦੀ ਅਤੇ ਆਪਣੀਆਂ ਅੱਖਾਂ ਦੀ ਚੁੱਪ ਦਾ ਸ਼ੋਰ ਉਸਨੂੰ ਸੁਣਾਉਂਦੀ ਹੋਈ ਪਰਤ ਜਾਂਦੀ

ਮਾਂ ਦੱਸਦੀ ਸੀ ਕਿ ਉਸਦੀਆਂ ਭਰਜਾਈਆਂ ਹੁਣ ਸ਼ਰਬਤੀ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਪਈਆਂ ਹਨਤੇ ਉਸਦੇ ਜਾਣ ਤੋਂ ਬਾਅਦ ਆਨੀਂ ਬਹਾਨੀਂ ਸੁਣਾਕੇ ਵੀ ਕਹਿੰਦੀਆਂ ਹਨ ਕਿ ਕੁੜੀ ਦੇ ਲੱਛਣ ਚੰਗੇ ਨਹੀਂ ਮਾਂ ਦੇ ਮੂੰਹੋਂ ਬੋਲ ਸੁਣਦਾ ਹੀ ਉਹ ਸਿੱਲ ਪੱਥਰ ਹੋ ਗਿਆ ਸੀ

----

ਮਾਂ ਕਿ ਜਿਸਨੇ ਇਹੋ ਜਿਹਾ ਕੁੱਝ ਸੋਚਿਆ ਵੀ ਨਹੀਂ ਸੀ ਆਪਣੇ ਪੁੱਤ ਤੇ ਲੱਗੇ ਇਲਜ਼ਾਮ ਨੂੰ ਸਹਿ ਨਾ ਸਕੀ ਤੇ ਉਸਨੇ ਸੁੱਖੀ ਕੋਲ ਰੋ-ਰੋ ਕੇ ਉਹਨਾਂ ਦੀਆਂ ਗੱਲਾਂ ਦੱਸ ਦਿੱਤੀਆਂ

ਦੋਹਾਂ ਕਿਨਾਰਿਆਂ ਵਿਚਕਾਰਲੀ ਜ਼ਾਲਮ ਰੇਤ ਨੇ ਵੀ ਉਸ ਦਿਨ ਮਾਂ ਦੇ ਅੱਥਰੂਆਂ ਜਿੰਨਾਂ ਹੀ ਵਿਰਲਾਪ ਕੀਤਾ ਸੀ ਤੇ ਉਸ ਦਿਨ ਉੱਤਰਦੇ ਪਰਛਾਵਿਆਂ ਵਰਗੇ ਘਰ ਵਿੱਚ ਉਸਨੂੰ ਆਪਣਾ ਆਪ ਹਨੇਰੇ ਚ ਖਲੋਤਾ ਪ੍ਰਤੀਤ ਹੋਇਆ ਸੀ

ਉਸਨੂੰ ਸਮਝ ਨਹੀਂ ਸੀ ਲੱਗੀ ਕਿ ਉਹਨਾਂ ਜਿਹੜਾ ਇੱਕ ਛੱਤ ਦਾ ਸੁਪਨਾ ਲਿਆ ਸੀ ਉਥੇ ਤਾਂ ਇਸ ਸਮਾਜ ਦੇ ਠੇਕੇਦਾਰਾਂ ਨੇ ਵਰਜਿਤ ਕੰਧਾਂ ਖੜ੍ਹੀਆਂ ਕਰ ਦਿੱਤੀਆਂ ਸਨ ਫਿਰ ਵੀ ਉਹ ਸ਼ੱਕ ਦੀਆਂ ਪੌਣਾਂ ਮੈਲੀ ਜ਼ੁਬਾਨ ਨੂੰ ਕਿਉਂ ਕਰੋਦ ਰਹੀਆਂ ਸਨ ?

-ਮਾਂ ਏਸ ਬਹਾਨੇ ਕਿਤੇ ਇਹ ਇਉਂ ਤਾਂ ਨਹੀਂ ਸੋਚਦੀਆਂ ਬਈ ਇਹ ਹਫਤੇ ਬਾਅਦ ਕਿਉਂ ਆ ਜਾਂਦੈਜੇ ਇਹ ਗੱਲ ਐਂ ਤਾਂ ਮੈਂ ਆਉਣਾ ਈ ਬੰਦ ਕਰ ਦਿੰਨਾਂ

-ਲੈ ਇਹ ਕੌਣ ਹੁੰਦੀਆਂ ਨੇ ਰੋਕਣ ਆਲੀਆਂ ਤੂੰ ਆਵਦੇ ਘਰੇ ਆਉਂਨੈਂ ਮਾਂ ਦੇ ਬੋਲਾਂ ਚ ਘੁਲਿਆ ਹਉਕਾ ਉਸਦਿਆਂ ਬੋਲਾਂ ਦੀ ਤਰਜ਼ਮਾਨੀ ਕਰ ਰਿਹਾ ਸੀ

ਦਫਤਰ ਦਿਆਂ ਕੰਮਾਂ ਚ ਤੁਰਦਾ ਤੁਰਦਾ ਉਹ ਆਪਣੇ ਸਫਰ ਦੀਆਂ ਪੈੜਾਂ ਤੇ ਜ਼ਖਮ ਸਜਾਉਣ ਲੱਗ ਪਿਆ

ਇਹ ਵਰਜਿਤ ਵਰ੍ਹੇ ਸਨ ਤੇ ਉਹਨਾਂ ਵਰਜਿਤ ਵਰ੍ਹਿਆਂ ਦੇ ਧੂੰਏ ਨੇ ਉਸਨੂੰ ਅੱਥਰੂਆਂ ਦੀ ਸਲਤਨਤ ਬਖਸ਼ੀ ਸਾਜ਼ਾਂ ਦੀ ਗੱਲ ਤਾਂ ਉਹ ਕਰ ਸਕਦਾ ਸੀ ਪਰ ਸਾਜ਼ਿੰਦਾ ਨਹੀਂ ਸੀ ਬਣ ਸਕਦਾ

ਆਪਣੇ ਸੂਰਜ ਦੇ ਚਿਹਰੇ ਤੇ ਜਦ ਉਸ ਆਪਾਂ ਹੀ ਵਰਤਮਾਨ ਖੁਣਿਆ ਵੇਖਿਆ

ਤਾਂ ਉਸਨੂੰ ਪਹਿਲੀ ਬਾਰ ਮਹਿਸੂਸ ਹੋਇਆ ਸੀ ਕਿ ਆਪਣਾ ਸੂਰਜ ਅਜਨਬੀ ਕਦੋਂ ਹੁੰਦੈ ਤੇ ਬਰਫ ਕਦੋਂ ਬਣਦੈ ?

ਦਫਤਰ ਦਾ ਰੋਜ਼ਨਾਮਚਾ ਉਸਦੇ ਵਰਤਮਾਨ ਦਾ ਪਟਵਾਰੀ ਬਣਿਆ ਹੋਇਆ ਸੀ ਤੇ ਉਹ ਉਸ ਪਟਵਾਰੀ ਦੀਆਂ ਫਾਈਲਾਂ ਵਿੱਚ ਆਪਣੇ ਹੀ ਚਿਹਰੇ ਦਾ ਨਕਸ਼ਾ ਬਣਾਉਣ ਲਈ ਰੁੱਝ ਗਿਆ

*****************

ਸੱਤਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।


No comments: