Sunday, April 5, 2009

ਆਖ਼ਰੀ ਪਹਿਰ - ਕਾਂਡ - 6

ਕਾਲ਼ੀ ਰਾਤ ਆਪਣੇ ਸਫ਼ਰ ਨੂੰ ਮਿਣਦੀ ਤੁਰ ਰਹੀ ਸੀ

ਉਹ ਉਵੇਂ ਹੀ ਆਪਣੇ ਅੱਥਰੂ ਝਾੜਦਾ ਹੋਇਆ ਝੜ ਰਿਹਾ ਸੀ

ਦਾਰੂ ਅਜੇ ਬਹੁਤ ਪਈ ਸੀ ਉਸਨੇ ਪੈੱਗ ਬਣਾ ਕੇ ਪੀਤਾ ਅਤੇ ਸਿਗਰਟ ਸੁਲ਼ਗਾਕੇ ਫਿਰ ਤੋਂ ਰਜਾਈ ਵਿੱਚ ਦੁਬਕ ਗਿਆ

ਕਿਸੇ ਦੀ ਉਡੀਕ ਨਹੀਂ ਸੀ ਅੱਜ ਉਸਨੂੰ ਉਹ ਤਾਂ ਇਕੱਲਾ ਹੀ ਸਾਰੀ ਰਾਤ ਨਾਲ਼ ਗੁਫ਼ਤਗੂ ਕਰਨਾ ਚਾਹੁੰਦਾ ਸੀ

ਰਾਤ ਕਾਲ਼ੀ ਸੀ ਪਰ ਕਮਰੇ ਅੰਦਰ ਚਾਨਣ ਸੀ ਤੇ ਉਸਨੂੰ ਚਾਨਣ ਵੀ ਰਾਤ ਦਾ ਇੱਕ ਹਿੱਸਾ ਜਾਪਿਆ

ਤੁਰਦੀ ਰਾਤ ਵਿੱਚ ਚਾਨਣ ਖ਼ਾਮੋਸ਼ ਖੜ੍ਹਾ ਸੀ

ਤਲੀ ਤੇ ਡਿੱਗੇ ਅੱਥਰੂਆਂ ਚੋਂ ਉਸ ਆਪਣਾ ਹੀ ਚਿਹਰਾ ਤੱਕਣਾ ਚਾਹਿਆ ਪਰ ਉਸਨੂੰ ਰੇਤ ਹੀ ਰੇਤ ਦਿਖਾਈ ਦਿੱਤੀ ਇੱਕ ਰੇਗਿਸਤਾਨ ਚਾਰੇ ਪਾਸੇ ਫੈਲਿਆ ਹੋਇਆ ਸੀ

ਤੇ ਉਹ ਇਸ ਰੇਗਿਸਤਾਨ ਚ ਆਪਣੀਆਂ ਪਿਘਲੀਆਂ ਪੈੜਾਂ ਨੂੰ ਇਕੱਤਰ ਕਰਨ ਦੇ ਯਤਨ ਵਿੱਚ ਵਗਦੀ ਵਾ ਦਾ ਚਿਹਰਾ ਪਲੋਸ ਰਿਹਾ ਸੀ

----

ਉਹ ਉਠ ਕੇ ਬੈਠਾ ਹੋਇਆ ਹੋਰ ਸਿਗਰਟ ਸੁਲਘਾਈ ਅਤੇ ਫਿਰ ਕੌਲ਼ੇ ਨਾਲ ਢੋਅ ਲਾਈ ਉਵੇਂ ਹੀ ਬੈਠਾ ਰਿਹਾ

ਆਪਣੇ ਕਮਰੇ ਦੇ ਜਿਸਮ ਦੀ ਮੀਨਾਕਾਰੀ ਤੱਕ ਕੇ ਉਸਦੀ ਹਾਸੀ ਨਿੱਕਲ ਗਈ।

ਤਿੰਨ ਮੰਜੇ ਤੇ ਮੰਜਿਆਂ ਦੇ ਵਿਚਕਾਰ ਖੜ੍ਹਾ ਮੋਟਰ ਸਾਈਕਲ ਕਿਸੇ ਪਾਸੇ ਵੀ ਤੁਰਨ ਨੂੰ ਥਾਂ ਨਹੀਂ ਸੀ ਮੰਜਿਆਂ ਹੇਠ ਖਾਲੀ ਬੋਤਲਾਂ ਦੇ ਢੇਰ ਲੱਗੇ ਹੋਏ ਸਨਤੇ ਮੰਜਿਆਂ ਤੋਂ ਬਾਹਰ ਸਿਗਰਟਾਂ ਦੀਆਂ ਖਾਲੀ ਡੱਬੀਆਂ ਦਾ ਤਮਾਸ਼ਾ ਸੀ ਕੋਈ ਪਤਾ ਨਹੀਂ ਸੀ ਕਿ ਮੈਲ਼ੇ ਕੱਪੜੇ ਕਿੱਥੇ ਹਨ ਅਤੇ ਧੋਤੇ ਹੋਏ ਕਿੱਥੇ ਗਰਮੀਆਂ ਚ ਜਿਹੜਾ ਕੋਰਾ ਘੜਾ ਉਸ ਠੰਡੇ ਪਾਣੀ ਲਈ ਲਿਆ ਕੇ ਰੱਖਿਆ ਸੀ ਉਹ ਹੁਣ ਉਸੇ ਹੀ ਥਲ ਚੋਂ ਗੁਜ਼ਰ ਰਿਹਾ ਸੀ ਜਿਸ ਥਲ ਨੇ ਉਸਨੂੰ ਜਨਮ ਦਿੱਤਾ ਸੀ ਮਣ ਮਣ ਰੇਤ ਉਸ ਦੁਆਲੇ ਚਿਪਕਿਆ ਹੋਇਆ ਸੀ ਤੇ ਵਿੱਚ ਟੁੱਟੀ ਹੋਈ ਜੁੱਤੀ ਸੁੱਟੀ ਹੋਈ ਸੀ

ਉਸਦੀਆਂ ਕਿਤਾਬਾਂ ਮੰਜੇ ਤੇ ਖਿਲਰੀਆਂ ਹੋਈਆਂ ਉਸਦੇ ਹਉਕੇ ਤੱਕਦੀਆ ਖ਼ਾਮੋਸ਼ ਸਨ ਕੋਈ ਸਮਾਂ ਸੀ ਜਦੋਂ ਸੁੱਖੀ ਉਹਨਾਂ ਨੂੰ ਆਪਣੀ ਹਿੱਕ ਤੋਂ ਪਰ੍ਹਾਂ ਨਹੀਂ ਸੀ ਕਰਦਾ ਸਵੇਰੇ ਉੱਠਕੇ ਧੂਫ਼ ਦਿੰਦਾ ਸੀ ਸਾਰੀਆਂ ਕਿਤਾਬਾਂ ਝਾੜਦਾ ਸੀ ਅਤੇ ਫਿਰ ਤਿਆਰ ਹੋ ਕੇ ਦਫਤਰ ਜਾਣ ਲੱਗਿਆ ਕਿਸੇ ਇੱਕ ਕਿਤਾਬ ਨੂੰ ਨਾਲ ਲੈ ਜਾਂਦਾ ਸੀ ਅਤੇ ਉਥੇ ਵਿਹਲੇ ਵੇਲੇ ਪੜ੍ਹਦਾ ਰਹਿੰਦਾ ਸੀ

----

ਪਰ ਹੁਣ ਸੀ ਕਿ ਉਸਨੂੰ ਇਹਨਾਂ ਆਪਣੀਆਂ ਕਿਤਾਬਾਂ ਦਾ ਕਦੀ ਚਿਹਰਾ ਤੱਕਣਾ ਨਸੀਬ ਨਹੀਂ ਸੀ ਹੋਇਆ

ਹੁਣ ਤਾਂ ਉਸਦੇ ਆਪਣੇ ਮਨ ਚ ਖਿੜੇ ਸਾਰੇ ਗੁਲਾਬ ਰੇਤ ਨੇ ਢੱਕ ਲਏ ਸਨਤੇ ਉਹ ਬੁੱਤ ਬਣਿਆ ਇਸ ਅੰਦਰ ਭਰਦੀ ਜਾਂਦੀ ਰੇਤ ਨੂੰ ਤੱਕ ਰਿਹਾ ਸੀ

ਅੱਜ ਦੀ ਰਾਤ ਤੁਰ ਰਹੀ ਸੀ ਅਤੇ ਚਾਨਣ ਉਸ ਕੋਲ ਖਲੋਤਾ ਸੀ ਹੁਣ ਉਹ ਇਸ ਰਾਤ ਨੂੰ ਮਹਿਬੂਬ ਕਹੇ ਜਾਂ ਦੁਸ਼ਮਣ ? ਉਸਦੀ ਸਮਝ ਤੋਂ ਬਾਹਰ ਸੀ

ਸ਼ਰਬਤੀ ਤਾਂ ਨਦੀ ਬਣੀ ਉਸ ਵੱਲ ਵਧਦੀ ਰਹੀ ਸੀ ਪਰ ਉਹ ਉਸਨੂੰ ਕਲਾਵੇ ਚ ਸਮੋਣ ਦੀ ਤਾਂ ਪਤਾ ਨਹੀਂ ਕਿਉਂ ਦੂਰ ਦੂਰ ਹੱਟਦਾ ਰਿਹਾ ਸੀ

ਇਸ ਬਿਗਾਨੇ ਸ਼ਹਿਰ ਚ ਜੇ ਕੋਈ ਉਸਦਾ ਆਪਣਾ ਸੀ ਤਾਂ ਹਉਕੇ ਹਨ ਬਾਕੀ ਸਭ ਉਸ ਲਈ ਅਜਨਬੀ ਸੀ

ਬੀਤੇ ਦੇ ਬੰਜਰ ਬੋਲਾਂ ਨੂੰ ਯਾਦ ਕਰਦਾ ਉਹ ਤਲਖ਼ ਹੋ ਗਿਆ

ਸ਼ਰਬਤੀ ਦੀ ਧੁੱਪ ਨੇ ਤਾਂ ਉਸ ਕੋਲ ਨਿਲਾਮ ਹੋਣ ਲਈ ਕੋਈ ਕਸਰ ਨਹੀਂ ਸੀ ਛੱਡੀ ਪਰ ਉਹ ਫਿਰ ਵੀ ਆਪਣੇ ਵਿਹੜੇ ਦੀ ਛਾਂ ਚੋਂ ਬਾਹਰ ਨਹੀਂ ਸੀ ਆ ਸਕਿਆ

-----

ਖੁੱਲੀਆਂ ਅੱਖਾਂ ਸਾਹਵੇ ਸਿਰਫ ਕਮਰੇ ਦਾ ਖਿਲਾਅ ਸੀ ਤੇ ਉਹ ਉਸ ਖਿਲ਼ਾਅ ਤੇ ਆਪਣੀਆਂ ਅੱਖਾਂ ਨੂੰ ਤੋਰੀ ਜਾ ਰਿਹਾ ਸੀ

ਮੁਹੱਬਤ ਮਨ ਤੇ ਸ਼ਹਿਤੂਤ ਬਣਕੇ ਫੈਲੀ ਤਾਂ ਸੀ ਪਰ ਉਹ ਛਾਂ ਨਾ ਲੈ ਸਕਿਆ

ਆਪਣੇ ਰੇਗਿਸਤਾਨ ਦੀ ਕਿਸਮਤ ਤਾਂ ਉਸਨੇ ਆਪ ਲਿਖੀ ਸੀ ਫਿਰ ਆਪਣੇ ਚਿਹਰੇ ਨੂੰ ਇਹਨਾਂ ਵਰੋਲਿਆ ਤੋਂ ਬਚਣ ਲਈ ਇਹ ਜੱਦੋ-ਜਹਿਦ ਕਿਉਂ ?

ਮਨ ਦੇ ਪਾਣੀ ਦੇ ਰਾਹ ਹਉਕੇ ਅੱਥਰੂ ਬਣ ਕੇ ਕਿਰ ਰਹੇ ਸਨ ਤੇ ਉਹ ਆਪਣੀ ਗਿੱਲੀ ਚੁੱਪ ਦੇ ਵਿਰਲਾਪ ਨੂੰ ਬੁੱਲ੍ਹਾਂ ਤੇ ਹੱਥ ਰੱਖਕੇ ਸਮੇਟ ਰਿਹਾ ਸੀ

ਜਿੰਨਾਂ ਕੁੱਝ ਉਸ ਕੋਲ਼ ਨਹੀਂ ਸੀ ਉਹ ਉਸਤੋਂ ਬਹੁਤਾ ਕੁੱਝ ਗੁਆ ਚੁੱਕਿਆ ਸੀ ਤੇ ਜਿੰਨਾਂ ਕੁੱਝ ਉਸ ਕੋਲ਼ ਸੀ ਉਸਦੀ ਰਾਖ ਉਹ ਆਪਣੀ ਹੀ ਰੂਹ ਤੇ ਛਿੜਕੀ ਫਿਰਦਾ ਸੀ

ਸਮਸ਼ਾਨ ਦਾ ਜੰਡ ਹੁਣ ਇਕੱਲਾ ਸੀ।

ਤੇ -----ਉਸ ਕੋਲ਼ ਬਲ਼ਦੇ ਅਤੀਤ ਦੇ ਸਿਵੇ ਬਹੁਤ ਸਾਰੇ ਸਨ

ਦਾਰੂ ਦਾ ਪੈੱਗ ਪੀ ਕੇ ਉਹ ਫਿਰ ਰਜਾਈ ਵਿੱਚ ਦੁਬਕ ਕੇ ਆਪਣੇ ਮਾਰੂਥਲ ਦੇ ਸਾਹਾਂ ਨੂੰ ਗਿਣਨ ਲੱਗ ਪਿਆ

****************

ਛੇਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ!

No comments: