ਆਖ਼ਰੀ ਪਹਿਰ ਤੱਕ ਉਸਨੇ ਬੀਤੇ ਵਰ੍ਹਿਆਂ ਦੇ ਜਾਲਿਆਂ ਨੂੰ ਵਰਤਮਾਨ ਦੀ ਰੇਤ ਤੇ ਵਿਛਾ ਦਿੱਤਾ ।
ਵਰਤਮਾਨ ਦੀ ਰੇਤ ਬਹੁਤ ਤਪਦੀ ਸੀ ਪਰ ਏਨੀ ਤਪਦੀ ਨਹੀਂ ਸੀ ਕਿ ਬੀਤੇ ਦੇ ਨਕਸ਼ ਮਿਟਾ ਦਿੰਦੀ ।
ਇਹਨਾਂ ਡਿੱਗੇ ਪਏ ਜਾਲਿਆਂ ਵੱਲ ਤੱਕ ਕੇ ਉਹ ਬਹੁਤ ਉਦਾਸ ਹੋ ਗਿਆ।ਕਿਹੋ ਜਿਹੇ ਲਵਾਰਸ ਪਲਾਂ ‘ਚੋਂ ਗੁਜ਼ਰੇ ਸਨ ਉਹ ।
ਮੰਜੇ ਤੇ ਲੰਮਾ ਪਿਆ ਉਹ ਇੱਕ ਟੱਕ ਛੱਤ ਵੱਲ ਹੀ ਤੱਕ ਰਿਹਾ ਸੀ ।
----
ਇਸੇ ਕੜੀਆਂ ਬਾਲਿਆਂ ਦੀ ਛੱਤ ਦਾ ਹੀ ਤਾਂ ਸਾਰਾ ਰੌਲਾ ਸੀ ।ਬਚਪਨ ਤੋਂ ਹੀ ਇਹ ਛੱਤ ਉਸਦੇ ਮਗਰ ਪਈ ਹੋਈ ਸੀ ।
ਬਚਪਨ ਤੋਂ ਹੀ ਉਹ ਇਹਨਾਂ ਕੰਧਾਂ ਤੇ ਹੱਸਦਾ ਆਇਆ ਸੀ ।
ਤੇ ਅੱਜ ਉਸਨੇ ਆਪਣੇ ਵਰਤਮਾਨ ਦੀਆਂ ਤਲੀਆਂ ਤੇ ਭਵਿੱਖ ਦੀ ਇੱਕ ਲੀਕ ਵੀ ਵਾਹੁਣੀ ਸੀ ।ਦਰਿਆ ਵਰਗੀ ਲੀਕ ।ਇੱਕ ਟੁੱਟੇ ਤਾਰੇ ਦੀ ਲੀਕ ਵਰਗੀ ਲੀਕ ।
ਦਾਰੂ ਦਾ ਆਖਰੀ ਪੈੱਗ ਖ਼ਤਮ ਹੋ ਚੁੱਕਾ ਸੀ ।ਤੇ ਉਸਦੇ ਹੱਥ ਵਿੱਚੋਂ ਬੱਸ ਸਿਗਰਟ ਹੀ ਬਾਕੀ ਸੀ ।ਜਿਸ ਨਾਲੋਂ ਉਹ ਸਾਰੀ ਰਾਤ ਵਰ੍ਹਿਆਂ ਦੀ ਰਾਖ ਝਾੜਦਾ ਰਿਹਾ ਸੀ ।
----
ਸਾਰੀ ਰਾਤ ਸਰਾਪ ਬਣਕੇ ਉਸਦੇ ਦੁਆਲੇ ਚਿੰਬੜੀ ਰਹੀ ਸੀ ਤੇ ਉਹ ਇਸ ਸਰਾਪ ਦੀ ਪੈੜ ਬਣਿਆ ਆਪਣੇ ਹੀ ਜਿਸਮ ਦੇ ਸੇਕ ਨੂੰ ਮਿਣਦਾ ਰਿਹਾ ਸੀ ।
ਸਾਰੀ ਜਲੀ ਸਿਗਰਟ ਦਾ ਸੇਕ ਜਦ ਉਸਦੇ ਪੋਟੇ ਨੂੰ ਛੂਹਿਆ ਤਾਂ ਉਸਨੇ ਸਿਗਰਟ ਹੇਠਾਂ ਸੁੱਟ ਦਿੱਤੀ ਅਤੇ ਪੈੱਨ ਤੇ ਕਾਗਜ਼ ਲੈ ਕੇ ਬੈਠਾ ਗਿਆ ।
ਅੱਜ ਉਸਨੇ ਮਾਂ ਨੂੰ ਇੱਕ ਖ਼ਤ ਲਿਖਣਾ ਸੀ ।
ਆਪਣੇ ਚਿਹਰੇ ਤੇ ਜੰਮੀਆਂ ਉਦਾਸੀਆਂ ਦਾ ਇੱਕ ਨਕਸ਼ਾ ਭੇਜਣਾ ਸੀ ।
ਆਪਣੀਆਂ ਤਲੀਆਂ ‘ਚ ਉੱਗੇ ਜ਼ਖਮ ਦੀ ਆਤਮ ਕਥਾ ਲਿਖਣੀ ਸੀ ।
ਆਪਣੇ ਸਿਲਾਬੇ ਹਾਸਿਆਂ ਦਾ ਹਿਸਾਬ ਕਿਤਾਬ ਕਰਨਾ ਸੀ ।
----
ਮਹੀਨਾਂ ਪਹਿਲਾਂ ਵੀ ਇਹੋ ਜਿਹੀ ਇੱਕ ਰਾਤ ਇਸ ਕਮਰੇ ਤੇ ਬੀਤੀ ਸੀ ।ਉਸ ਰਾਤ ਵੀ ਉਹ ਆਪਣੇ ਕਮਰੇ ਦੇ ਕਲਾਵੇ ‘ਚ ਸਿਮਟਿਆ ਸੀ ।
ਤੇ ਮਹੀਨੇ ਬਾਅਦ ਅੱਜ ਸੀ ਕਿ ਉਹ ਮਾਂ ਨੂੰ ਆਪਣੀ ਉਮਰ ਦਾ ਹੀ ਇੱਕ ਖ਼ਤ ਲਿਖ ਰਿਹਾ ਸੀ ।
ਇਹ ਕਿਹੋ ਜਿਹੀ ਉਮਰ ਸੀ ਜੋ ਉਸਨੂੰ ਸਿਉਂਕ ਵਾਂਗ ਲੱਗੀ ਹੋਈ ਸੀ ।
ਇਹ ਕਿਹੋ ਜਿਹੀ ਉਮਰ ਸੀ ਜੋ ਉਸਦੀ ਰੋਜ਼ ਦੀ ਮਹਿਬੂਬ ਸੀ ।
ਉਹ ਸੋਚ ਰਿਹਾ ਸੀ ।
ਆਪਣੇ ਆਪ ਵਿੱਚ ਨਿਰ ਉੱਤਰ ਸੀ ਉਦਾਸ ਸੀ ।
----
ਮਾਂ ਜਦ ਖ਼ਤ ਪੜ੍ਹੇਗੀ ਪਤਾ ਨਹੀਂ ਉਸਦੇ ਵਰਤਮਾਨ ਤੇ ਕਿਹੋ ਜਿਹੀ ਬੀਤੇਗੀ । ਉਦੋਂ ਤਾਂ ਉਹ ਮਾਂ ਦੀ ਭਰਾਵਾਂ ਦੀ ਹਰ ਗੱਲ ਨੂੰ ਇਨਕਾਰਦਾ ਰਿਹਾ ਸੀ ਜਦੋਂ ਉਹ ਤਰ੍ਹਾਂ ਤਰ੍ਹਾਂ ਦੇ ਵਧੀਆ ਘਰਾਂ ਦੇ ਰਿਸ਼ਤਿਆਂ ਬਾਰੇ ਉਸਨੂੰ ਦੱਸ ਪਾਉਂਦੇ ਹੁੰਦੇ ਸਨ।ਸਾਰੇ ਆਖਦੇ ਸਨ ਮੁੰਡੇ ਦਾ ਨਖਰਾ ਵੱਡਾ ਹੈ, ਤਾਂ ਹੀ ਤਾਂ ਕੋਈ ਰਿਸ਼ਤਾ ਉਸਦੀ ਨੱਕ ਹੇਠ ਨੀਂ ਆਉਂਦਾ ।ਮਾਂ ਉਸ ਨਾਲ ਲੜ ਵੀ ਪੈਂਦੀ।
ਭਰਾ ਤਾਂ ਆਖ ਆਖ ਥੱਕ ਗਏ।ਪਰ ਮਾਂ ਸੀ ਕਿ ਉਹ ਕਿੱਥੇ ਥੱਕਦੀ ।ਉਸਦਾ ਤਾਂ ਪੁੱਤ ਸੀ ਉਹ ਤਾਂ ਹੋਰਾਂ ਪੁੱਤਰਾਂ ਵਾਂਗ ਆਪਣੇ ਇਸ ਪੁੱਤਰ ਦਾ ਵੀ ਘਰ ਵਸਿਆ ਵੇਖਣਾ ਚਾਹੁੰਦੀ ਸੀ ।ਆਪਣੇ ਇਸ ਪੁੱਤਰ ਦੇ ਘਰ ਵੀ ਪੋਤਰੇ ਖੇਡਦੇ ਵੇਖਣਾ ਚਾਹੁੰਦੀ ਸੀ ।ਪਰ ਇੱਕ ਉਹ ਸੀ ਜਿਸ ਹਰ ਰੋਜ਼ ਦੀ ਜਊਂ ਜਊਂ ਮੁਕਾਉਣ ਲਈ ਇੱਕ ਦਿਨ ਮਾਂ ਨੂੰ ਕਹਿ ਹੀ ਦਿੱਤਾ ਸੀ ‘-ਮਾਂ ਕਿਉਂ ਮੇਰੇ ਨਾਲ ਮੱਥਾ ਮਾਰਦੀ ਐਂ , ਮੈਂ ਜਦੋਂ ਵਿਆਹ ਈ ਨੀ ਕਰਾਉਣਾ।’ ਤੇ ਉਹ ਮਾਂ ਦੇ ਅੱਗ ਦੇ ਅੱਥਰੂ ਵੇਖੇ ਬਿਨਾਂ ਹੀ ਸ਼ਹਿਰ ਪਰਤ ਆਇਆ ਸੀ ।
----
ਫਿਰ ਕਿੰਨੀ ਹੀ ਦੇਰ ਘਰ ਵਿੱਚ ਖ਼ਾਮੋਸ਼ੀ ਦੀ ਸਲਤਨਤ ਰਹੀ ਸੀ ।ਪਰ ਮਾਂ ਸੀ , ਉਹ ਆਪਣੇਂ ਬੈਠੇ ਬੈਠੇ ਆਪਣੇ ਪੁੱਤ ਨੂੰ ਕੁਆਰਾ ਬੈਠਾ ਕਿਵੇਂ ਦੇਖਦੀ।
-‘ਊਂ ਯਾਰ ਉਹ ਵਿਆਹ ਕਰਾਉਂਦਾ ਕਿਉਂ ਨੀਂ ?’
-‘ਉਇ ਉਹਦੇ ‘ਚ ਊਈਂ ਤੰਤ ਨੀਂ ਹੈਗਾ’ । ਪਿੰਡ ਦਿਆਂ ਖੁੰਢਾਂ ਉੱਤੇ ਉਸ ਬਾਰੇ ਹੋਈਆਂ ਇਹ ਗੱਲਾਂ ਉਸਨੇ ਵੀ ਸੁਣੀਆਂ ਸਨ।ਭਰਾਵਾਂ ਨੇ ਵੀ ਅਤੇ ਮਾਂ ਨੇ ਵੀ ,ਪਰ ਉਹ ਫਿਰ ਵੀ ਚੁੱਪ ਸੀ ।
ਤੇ ਹੁਣ ਉਸ ਵਿੱਚ ਅਚਾਨਕ ਹੀ ਇਹ ਤਬਦੀਲੀ ਆਈ ਸੀ।
ਮਾਂ ਦੇ ਜਿਗਰ ਦੀ ਸੱਟ ਨੂੰ ਉਹ ਏਥੇ ਬੈਠਾ ਕਿਵੇਂ ਮਹਿਸੂਸ ਕਰਦਾ।
ਉਹ ਦੁਬਿਧਾ ਵਿੱਚ ਸੀ।
ਉਹ ਕੱਲ੍ਹ ਨੂੰ ਵਿਆਹ ਕਰਵਾਉਣ ਜਾ ਰਿਹਾ ਸੀ।
----
ਮਹੀਨਾਂ ਪਹਿਲਾਂ ਉਸਨੇ ਵਕੀਲ ਨਾਲ ਸਾਰੀ ਗੱਲਬਾਤ ਮੁਕਾ ਲਈ ਸੀ।ਤੇ ਕੱਲ੍ਹ ਨੂੰ ਅਦਾਲਤ ਨੇ ਇਹ ਸਾਰਾ ਫੈਸਲਾ ਕਰਨਾਂ ਸੀ।
ਕੱਲ੍ਹ ਨੂੰ ਉਸਦਾ ਸ਼ਗਨਾਂ ਦਾ ਦਿਨ ਸੀ।ਕੱਲ੍ਹ ਨੂੰ ਹੀ ਨਹੀਂ ਉਹ ਹੋਰ ਦੋ-ਚਹੁੰ ਘੰਟਿਆਂ ਤੱਕ ਅਗਲੀ ਪੌੜੀ ਉੱਪਰ ਪੈਰ ਧਰਨ ਜਾ ਰਿਹਾ ਸੀ ।
ਤੇ ਹੁਣ ਉਹ ਤਿਲ ਤਿਲ ਕਰਕੇ ਭੁਰ ਰਿਹਾ ਸੀ । ਆਪਣੇ ਝੜ ਰਹੇ ਖੂਨ ਦਾ ਤੁਪਕਾ ਤੁਪਕਾ ਵੇਖ ਰਿਹਾ ਸੀ।
ਖਤ ਸ਼ੁਰੂ ਕਰਨ ਤੋਂ ਪਹਿਲਾਂ ਉਸਦਾ ਮਨ ਕੀਤਾ ਕਿ ਉਹ ਸਵੇਰੇ ਲਾਲੀ ਨੂੰ ਕਹਿ ਦੇਵੇਗਾ. . ਨਹੀਂ ਲਾਲੀ , ਮੈਂ ਤੇਰੇ ਨਾਲ. . . ਨਹੀਂ ।ਸੋਚਦਿਆਂ ਹੀ ਉਸਦੀਆਂ ਅੱਖਾਂ ਭਰ ਆਈਆਂ ।
----
ਤੇ ਦੂਜੇ ਪਾਸੇ ਮਾਂ ਸੀ।ਜਿਸਨੇ ਸੁੱਖਾਂ ਸੁਖੀਆਂ ਸਨ ਆਹ ਦਿਨ ਵੇਖਣ ਲਈ।ਪਰ ਇਸੇ ਦਿਨ ਹੀ ਮਾਂ ਦੀ ਗੈਰਹਾਜ਼ਰੀ..ਇਹ ਵੀ ਅਜੀਬ ਹੀ ਦਸ਼ਾ ਸੀ ਉਸਦੀ।ਉਂਝ ਵੀ ਲਾਲੀ ਨਾਲ ਜ਼ਿੰਦਗੀ ਤਾਂ ਉਸ ਨੇ ਹੀ ਬਿਤਾਉਣੀਂ ਹੈ ਮਾਂ ਨੇ ਨਹੀਂ।. . .ਫੇਰ ਉਹ ਸੋਚਦਾ ਉਹ ਵੀ ਤਾਂ ਮਾਂ ਹੈ ਜਿਸ ਸਾਹਮਣੇਂ ਹੁਣ ਤੱਕ ਉਹ ਮਨਆਈਆਂ ਕਰਦਾ ਰਿਹੈ।
ਓ ਡਾਢਿਆ ਰੱਬਾ! ਮੈਂ ਕਿਹੋ ਜਿਹੇ ਇਮਤਿਹਾਨ ਵਿੱਚ ਬੈਠ ਗਿਆ ਹਾਂ ?
ਉਸ ਨੇ ਮੂੰਹ ਉੱਪਰ ਰਜਾਈ ਲਈ ਅਤੇ ਫੇਰ ਥੋੜ੍ਹੀ ਦੇਰ ਬਾਦ ਇੱਕੋ ਝਟਕੇ ਨਾਲ ਉੱਠਿਆ ਅਤੇ ਪਹਿਲਾਂ ਵਾਂਗ ਹੀ ਕਾਗਜ਼ ਪੈੱਨ ਲੈਕੇ ਬੈਠ ਗਿਆ।
............................
ਮਾਂ,
ਅੱਜ ਮੈਂ ਤੁਹਾਡੀ ਉਸੇ ਗੱਲ ਨੂੰ ਪਾਣੀ ਦੇਕੇ ਹਰਾ ਕਰਨ ਜਾ ਰਿਹਾ ਹਾਂ। ਪਿਛਲੇ ਪਹਿਰ ਤੱਕ ਇਹੋ ਸੋਚਦਾ ਰਿਹਾਂ ਕਿ ਤੈਨੂੰ ਖ਼ਤ ਲਿਖਾਂ ਜਾਂ ਨਾ ?ਹਾਂ ਮਾਂ! ਮੈਂ ਮਜ਼ਬੂਰ ਹਾਂ। ਜਿਹੋ ਜਿਹੀਆਂ ਕੁੜੀਆਂ ਦੇ ਰਿਸ਼ਤਿਆਂ ਦੀ ਗੱਲ ਤੁਸੀਂ ਕਰਦੇ ਸੀ, ਇਹ ਵੀ ਉਹੋ ਜਿਹੀ ਹੀ ਸੋਹਣੀ ਕੁੜੀ ਹੈ।ਤੇ ਇਸ ਨਾਲ ਮੈਂ ਕੱਲ੍ਹ ਨੂੰ ਇੱਕ ਘਰ ਵਸਾਉਣ ਜਾ ਰਿਹਾ ਹਾਂ। ਕਿੰਨਾਂ ਚੰਗਾ ਹੁੰਦਾ ਜੇ ਕੱਲ੍ਹ ਨੂੰ ਤੂੰ ਮੇਰੇ ਕੋਲ ਹੁੰਦੀ, ਪਰ ਤੂੰ ਵੀ ਮਜ਼ਬੂਰ ਹੈਂ. . ਸੋ ਆਪਣੇ ਪੁੱਤ ਨੂੰ ਮੁਆਫ ਕਰ ਦੇਈਂ ਮਾਂ ।
ਤੇਰਾ ਪੁੱਤ
ਸੁੱਖੀ
ਜਿੰਨਾਂ ਲੰਬਾ ਉਹ ਸੋਚਦਾ ਸੀ ਉਸਤੋਂ ਓਨਾਂ ਲੰਬਾ ਖ਼ਤ ਨਾ ਲਿਖਿਆ ਗਿਆ ਤੇ ਉਸਨੇ ਕਾਹਲੀ ਕਾਹਲੀ ਉਹ ਖ਼ਤ ਲਿਫ਼ਾਫ਼ੇ ਵਿੱਚ ਬੰਦ ਕਰਕੇ ਕੋਲ ਪਈ ਕੁਰਸੀ ਉੱਪਰ ਰੱਖ ਦਿੱਤਾ। ਅਤੇ ਲਾਈਟ ਆੱਫ ਕਰਕੇ ਰਜਾਈ ਵਿੱਚ ਮੂੰਹ ਦੇਕੇ ਲੰਮਾ ਪੈ ਗਿਆ। ਪਰ. . . ਉਸ ਨੂੰ ਲੱਗਿਆ ਕਿ ਹੁਣੇ ਗੁਰਦੁਆਰੇ ਵਿੱਚ ਲੱਗੇ ਕੀਰਤਨ ਦੇ ਰਿਕਾਰਡ ਉਸਨੂੰ ਸੌਣ ਨਹੀਂ ਦੇਣਗੇ ।
**********
ਨਾਵਲ ਸਮਾਪਤ – ਅਗਲੇ ਹਫ਼ਤੇ ਪੜ੍ਹੋ – ਇਸ ਨਾਵਲ ਦੇ ਲੇਖਕ ਦਰਵੇਸ਼ ਜੀ ਦਾ ਪਾਠਕਾਂ ਦੇ ਨਾਮ ਖ਼ਾਸ ਖ਼ਤ