Sunday, May 3, 2009

ਆਖ਼ਰੀ ਪਹਿਰ - ਕਾਂਡ - 10

ਦਫ਼ਤਰ ਟਾਈਮ ਤੋਂ ਬਾਅਦ ਸੁੱਖੀ ਸਿੱਧਾ ਪਿੰਡ ਨੂੰ ਜਾਣ ਲਈ ਬੱਸ ਚੜ੍ਹ ਗਿਆ ਉਂਝ ਵੀ ਉਹ ਕਿੰਨੀ ਹੀ ਦੇਰ ਬਾਅਦ ਘਰ ਜਾ ਰਿਹਾ ਸੀ

ਅੱਜ ਰਹਿ ਰਹਿ ਕੇ ਸ਼ਰਬਤੀ ਦੀ ਯਾਦ ਉਸਦੇ ਮਨ ਨੂੰ ਉਦਾਸ ਕਰ ਰਹੀ ਸੀ

ਕਿੰਨਾ ਕੁੱਝ ਉਸਦਾ ਸ਼ਰਬਤੀ ਨਾਲ ਸਾਂਝਾ ਸੀ ਕਿੰਨਾ ਹੀ ਕੁਝ ਸੀ ਤੇ ਕਿੰਨੀਆਂ ਹੀ ਯਾਦਾਂ ਸਨ ਜੋ ਉਹਨਾਂ ਕੋਲ ਇਕੱਠੀਆਂ ਕੀਤੀਆਂ ਪਈਆਂ ਸਨ ਤੇ ਉਂਝ ਵੀ ਤਾਂ ਕਿੰਨੇ ਹੀ ਵਰ੍ਹੇ ਬੀਤ ਗਏ ਸਨਉਸਨੇ ਸ਼ਰਬਤੀ ਦਾ ਕਦੀ ਕਿਤੇ ਅਕਸ ਵੀ ਨਹੀਂ ਸੀ ਤੱਕਿਆ ਜਦ ਕਦੀ ਪਿੰਡ ਵੀ ਗਿਆ ਸੀਨਾ ਮਾਂ ਨੇ ਸ਼ਰਬਤੀ ਦੀ ਕੋਈ ਗੱਲ ਦੱਸੀ ਸੀ ਅਤੇ ਨਾ ਹੀ ਉਸਨੇ ਮਾਂ ਕੋਲ ਕਦੀ ਕੋਈ ਗੱਲ ਛੇੜੀ ਸੀ ਉਂਝ ਉਹ ਮਾਂ ਕੋਲ ਗੱਲ ਛੇੜਦਾ ਵੀ ਕਿਵੇਂ ? ਮਾਂ ਵੀ ਕੀ ਸੋਚੂਗੀ ਕਿ ਉਹ ਅਜੇ ਤੀਕ ਵੀ ਉਹਨੂੰ ਨਹੀਂ ਭੁੱਲਿਆ ਅਜੇ ਤੀਕ ਵੀ ਉਹਨੂੰ ਯਾਦ ਕਰਦਾ ਰਹਿੰਦਾ ਸ਼ਰਬਤੀ ਦੇ ਘਰ ਤਾਂ ਉਹ, ਉਸਦੇ ਵਿਆਹ ਤੋਂ ਪਹਿਲਾਂ ਦਾ ਗਿਆ ਸੀਪਿੰਡ ਜਾਂਦਾ ਤਾਂ ਉਸਦੇ ਮਾਂ-ਬਾਪ ਨੂੰ ਤਾਂ ਉਹ ਕਦੇ ਮਿਲਣ ਹੀ ਨਹੀਂ ਸੀ ਗਿਆ ਉਂਝ ਇੱਕ ਦਿਨ ਮਾਂ ਨੇ ਹੀ ਦੱਸਿਆ ਸੀ ਕਿ ਸ਼ਰਬਤੀ ਦਾ ਬਾਪ ਆਪਣੀ ਭੈਣ ਦੇ ਛੋਟੇ ਮੁੰਡੇ ਨੂੰ ਆਪਣੇ ਕੋਲ ਲੈ ਆਇਆ ਹੈਬਈ ਉਸਨੂੰ ਪੜ੍ਹਾਊ ਲਿਖਾਊਗਾ ਅਤੇ ਉਸਦਾ ਵਿਆਹ ਕਰੂਗਾ

----

ਸ਼ਰਬਤੀ ਵੀ ਤਾਂ ਪਤਾ ਨਹੀਂ ਹੁਣ ਕਿਹੋ ਜਿਹੀ ਹੋਣੀ ਐ ਕਿਵੇਂ ਉਸਦੀ ਜਿੰਦਗੀ ਬੀਤਦੀ ਹੋਊ ਕਿ ਉਂਝ ਉਹ ਆਪ ਵੀ ਤਾਂ ਦਾਰੂ ਪੀ ਪੀ ਕੇ ਅੱਧਾ ਰਹਿ ਗਿਆ ਸੀਦਾੜ੍ਹੀ ਨਾਲ ਮੂੰਹ ਭਰ ਆਇਆ ਸੀ ਅਤੇ ਉਸਨੇ ਕੇਸ ਵੀ ਕਟਾ ਦਿੱਤੇ ਸਨ

ਬੱਸ ਦੇ ਸਫਰ ਦੌਰਾਨ ਇਹੋ ਸੋਚ ਉਸਤੇ ਭਾਰੂ ਰਹੀ ਫਿਰ ਵੀ ਬਚਪਨ ਦਾ ਮੋਹ ਸੀ ,ਚੜ੍ਹਦੀ ਜੁਆਨੀ ਦਾ ਪਿਆਰ ਸੀ, ਸ਼ਰਬਤੀ ਉਸ ਬਿਨਾਂ ਇੱਕ ਪਲ ਵੀ ਨਹੀਂ ਸੀ ਸਾਰਦੀ ਸੋਚਦੇ ਦੀਆਂ ਉਸਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ‘-ਜਾਹ ਚੰਦਰੀਏ ਅਜੇ ਵੀ ਤੇਰੀ ਯਾਦ ਮਨ ਦੇ ਕਿਸੇ ਕੋਨੇ ਦਾ ਸਰਮਾਇਆ ਬਣੀ ਹੋਈ ਐ

ਬੱਸ ਅੱਡੇ ਤੇ ਰੁਕੀ ਤੇ ਉਹ ਉੱਤਰ ਗਿਆ ਉਸਨੇ ਆਸੇ ਪਾਸੇ ਦੇਖਿਆ, ਆਪਣੇ ਪਿੰਡ ਨੂੰ ਜਾਣ ਵਾਲੀ ਲੋਕਲ ਬੱਸ ਅਜੇ ਆਈ ਨਹੀਂ ਸੀ ਤੇ ਉਹ ਤੁਰਦਾ ਤੁਰਦਾ ਇੱਕ ਚਾਹ ਵਾਲੀ ਦੁਕਾਨ ਵਿੱਚ ਵੜ ਗਿਆ ਚਾਹ ਲਈ ਕਿਹਾ ਅਤੇ ਅੰਦਰ ਸਿਗਰਟ ਲਾ ਕੇ ਬੈਠ ਗਿਆ

ਕਿੰਨੇ ਛੋਟੇ ਛੋਟੇ ਹੁੰਦੇ ਸੀ ਉਹ ਕਿੰਨਾ ਖੇਡਦੇ ਸੀ ਤੇ ਆਪਸ ਵਿੱਚ ਕਿੰਨਾ ਹੀ ਲੜਦੇ ਹੁੰਦੇ ਸੀ, ਪਰ ਫੇਰ ਦੋ ਘੰਟਿਆਂ ਬਾਅਦ ਉਹੋ ਜੇ ਦੇ ਉਹੋ ਜੇਫਿਰ ਇਕੱਠਿਆਂ ਹੀ ਸਕੂਲ ਪੜ੍ਹੇ ਸੀ, ਪੰਜਵੀਂ ਚੋਂ ਵਿਛੜਨ ਵੇਲੇ ਕਿੰਨਾਂ ਰੋਏ ਸੀ ਤੇ ਫਿਰ ਅੱਠਵੀਂ ਤੋਂ ਬਾਅਦ. . .

----

ਚਾਹ ਨੇ ਉਸਦੀ ਸੋਚ ਉਖਾੜ ਦਿੱਤੀ ਤੇ ਉਹ ਬਚਦੀ ਸਿਗਰਟ ਬੁਝਾ ਕੇ ਚਾਹ ਪੀਣ ਲੱਗ ਪਿਆ ਅੱਡੇ ਚ ਅਜੇ ਵੀ ਕਾਫੀ ਭੀੜ ਸੀ ਲੋਕ ਮੂੰਗਫਲੀਆਂ ਚੱਬਦੇ, ਸਿਗਰਟਾਂ ਪੀਂਦੇ, ਇਸ਼ਤਿਹਾਰ ਪੜ੍ਹਦੇ ਇਧਰ ਉਧਰ ਤੁਰਦੇ ਫਿਰਦੇ ਸਨ ਬੱਸਾਂ ਇੱਕ ਦੂਜੇ ਪਾਸਿਓਂ ਆ ਜਾ ਰਹੀਆਂ ਸਨ

ਤੇ ……ਸਫ਼ਰ ਜਾਰੀ ਸੀ

ਉਹ ਉਠਿਆ ਪੈਸੇ ਦਿੱਤੇ ਅੱਡੇ ਵਿੱਚ ਆ ਕੇ ਘੁੰਮਣ ਫਿਰਨ ਲੱਗ ਪਿਆ

ਅਚਾਨਕ ਤੁਰਦੇ ਫਿਰਦੇ ਦੀ ਉਸਦੀ ਨਿਗਾਹ ਇੱਕ ਥਾਂ ਤੇ ਆ ਕੇ ਜੰਮ ਗਈ

----

ਸ਼ਰਬਤੀ ਖੜ੍ਹੀ ਸੀ ਕੋਲ ਕੱਪੜਿਆਂ ਵਾਲੇ ਝੋਲੇ ਪਏ ਸਨ ਇੱਕ ਜੁਆਕ ਗੋਦੀ ਚੁੱਕਿਆ ਹੋਇਆ ਸੀ ਅਤੇ ਦੋ ਕੋਲ ਖੜੇ ਸਨ

ਉਹ ਹੈਰਾਨ ਜਿਹਾ ਹੋ ਗਿਆ ਕਿੰਨੀ ਹੀ ਦੇਰ ਬਾਅਦ ਉਸਨੇ ਸ਼ਰਬਤੀ ਨੂੰ ਤੱਕਿਆ ਸੀ ਉਸਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਉਹੋ ਹੀ ਸ਼ਰਬਤੀ ਹੈ, ਜਿਸਦੀ ਯਾਦ ਨੇ ਅੱਜ ਵੀ ਉਸਨੂੰ ਬੁਰੀ ਤਰਾਂ ਘੇਰਿਆ ਹੋਇਆ ਸੀ ਜਿਸਦੀ ਯਾਦ ਨੇ ਅੱਜ ਵੀ ਉਸਨੂੰ ਸਾਰਾ ਅਤੀਤ ਯਾਦ ਕਰਵਾ ਦਿੱਤਾ ਸੀ

ਉਸਦਾ ਮਨ ਸ਼ਰਬਤੀ ਨੂੰ ਮਿਲਣ ਲਈ ਕਾਹਲਾ ਪੈ ਉਠਿੱਆ

ਅੱਜ ਉਸ ਵਿੱਚ ਕੋਈ ਝਿਜਕ ਨਹੀਂ ਸੀ ਜਿਵੇਂ ਕਿ ਪਹਿਲਾਂ ਸ਼ਰਬਤੀ ਨੂੰ ਮਿਲਣ ਵੇਲੇ ਹੁੰਦੀ ਸੀ ਉਹ ਚਾਹੁੰਦਾ ਸੀ ਕਿ ਅੱਜ ਉਹ ਸ਼ਰਬਤੀ ਨੂੰ ਹੱਸ ਹੱਸ ਦੱਸੇਗਾ ਬਈ ਮੈਂ ਤੇਰੇ ਕਹਿਣ ਤੇ ਨੌਕਰੀ ਕੀਤੀ ਸੀ

ਉਹ ਪੈਰ ਜਿਹਾ ਮਲਦਾ ਸ਼ਰਬਤੀ ਵਲੋਂ ਤੁਰ ਪਿਆ

----

ਜਿਉਂ ਉਹ ਨੇੜੇ ਜਾ ਰਿਹਾ ਸੀ ਸ਼ਰਬਤੀ ਦੇ ਨਕਸ਼ ਹੋਰ ਸਾਫ਼ ਹੁੰਦੇ ਜਾ ਰਹੇ ਸਨ

ਉਹ ਅੱਗੇ ਨਾਲੇ ਬਹੁਤ ਹੀ ਕਮਜ਼ੋਰ ਹੋ ਗਈ ਸੀ ਜਿਵੇਂ ਪਹਿਲਾਂ ਵਾਂਗ ਹੀ ਬਹੁਤ ਸਾਰੀ ਬੀਮਾਰ ਰਹੀ ਹੋਵੇਆਮ ਬੰਦੇ ਨੇ ਪਛਾਨਣੀ ਹੁੰਦੀ ਤਾਂ ਸ਼ਾਇਦ ਸ਼ਰਬਤੀ ਪਛਾਣ ਵਿੱਚ ਨਾਂ ਆਉਂਦੀਪਰ ਇਹ ਸੁੱਖੀ ਹੀ ਸੀ ਜੋ ਉਸਨੂੰ ਬਹੁਤ ਦੂਰ ਤੋਂ ਵੀ, ਕਿਸੇ ਉਹਲੇ ਤੋਂ ਵੀ ਪਛਾਣ ਸਕਦਾ ਸੀ

-ਤਕੜੀ ਐਂ ਸ਼ਰਬਤੀ , ਠੀਕ ਰਹਿਨੀ ਐਂ ਨਾਂ ਹੁਣ ਤਾਂ ?’ ਉਸਨੇ ਇੱਕੋ ਸਾਹੇ ਦੋ ਗੱਲਾਂ ਕਹੀਆਂ ਅਤੇ ਉਸਦੇ ਗੋਦੀ ਚੁੱਕੇ ਬਾਲ ਦੀਆਂ ਗੱਲਾਂ ਪਲੋਸਣ ਲੱਗ ਪਿਆ

-ਹਾਂ ਤਕੜੀ ਆਂ ਭਾਈ ਤੁੰ ਕੌਣ ਐਂ ਵੇ ਵੀਰਾ ਮੈਂ ਤਾਂ ਤੈਨੂੰ ਪਛਾਣਿਆਂ ਨੀਸ਼ਰਬਤੀ ਕੋਲ ਖੜੇ ਜਵਾਕਾਂ ਨੂੰ ਬਿਸਕੁਟ ਦਿੰਦੀ ਹੋਈ ਬੋਲੀ

-ਕੋਨੀ ਭਾਈ -------ਉਸਦੇ ਮੂੰਹੋਂ ਏਨੇ ਕੁ ਬੋਲ ਹੀ ਮਸਾਂ ਨਿਕਲੇ ਅਤੇ ਉਹ ਉਥੇ ਖੜ੍ਹਾ ਖੜ੍ਹਾ ਉਵੇਂ ਹੀ ਵਾਪਸ ਮੁੜ ਪਿਆ

ਜਿਵੇਂ ਕੋਈ ਰੇਤ ਦੀ ਭਰੀ ਬੋਰੀ ਘੜੀਸਕੇ ਲਿਜਾ ਰਿਹਾ ਹੋਵੇ, ਉਸਦੀਆਂ ਲੱਤਾਂ ਵਿੱਚ ਰਤਾ ਵੀ ਹਿੰਮਤ ਨਾ ਰਹੀਹੁਣ ਤਾਂ ਬੱਸ ਉਹ ਇੱਕ ਲਾਸ਼ ਬਣਿਆ ਤੁਰ ਰਿਹਾ ਸੀ

----

ਅਚਾਨਕ ਹੀ ਇਹ ਸਭ ਕੁੱਝ ਕੀ ਹੋ ਗਿਆ ਸੀ ਉਹ ਤਾਂ ਸ਼ਰਬਤੀ ਨੂੰ ਕਿਸੇ ਵੀ ਉਹਲੇ ਤੋਂ ਪਛਾਣ ਸਕਦਾ ਸੀ ਪਰ ਸ਼ਰਬਤੀ ਨੇ ਇਹ ਕੀ ਕੀਤਾ ਸ਼ਰਬਤੀ ਨੂੰ ਉਸਦੀ ਪਛਾਣ ਕਿਉਂ ਨਹੀਂ ਆਈ

ਬੀਤੇ ਵਰ੍ਹੇ ਚਿਹਰੇ ਤੇ ਹੋਰ ਗੂੜ੍ਹੇ ਹੋ ਕੇ ਉੱਘੜ ਆਏ

ਮਨ ਚ ਵਗਦਾ ਪਾਣੀ ਤੁਰੰਤ ਉੱਠੇ ਤੂਫ਼ਾਨ ਵਿੱਚ ਗੁੰਮ ਗਿਆ

ਉਹ ਤਿਣਕਾ ਤਿਣਕਾ ਬਿਖ਼ਰ ਗਿਆ

ਅੱਖਾਂ ਵਿੱਚ ਸਾਂਭ ਸਾਂਭ ਰੱਖੇ ਅਕਸ ਅੱਖਾਂ ਦੀਆਂ ਕਿਰਚਾਂ ਬਣ ਗਏ

ਬੀਤੇ ਵਿੱਚ ਲਿਖਿਆਂ ਸ਼ਿਲਾਲੇਖ ਪਲ ਵਿੱਚ ਤਿੜਕ ਗਿਆ

ਪਿੰਡ ਵਿੱਚ ਜਾਣ ਦੀ ਉਸ ਵਿੱਚ ਹਿੰਮਤ ਨਹੀਂ ਸੀ ਰਹੀ

ਜੇ ਪਲ ਭਰ ਬੱਸ ਹੋਰ ਨਾਂ ਆਉਂਦੀ ਤਾਂ ਉਹ ਸ਼ਾਇਦ ਉਥੇ ਹੀ ਖੜ੍ਹਾ ਖੜੋਤਾ ਥੇਹ ਹੋ ਜਾਂਦਾ

ਬੱਸ ਚੜ੍ਹਿਆ ਤੇ ਜਾ ਕੇ ਸੀਟ ਤੇ ਡਿੱਗ ਪਿਆ

ਆਪਣੇ ਲੇਖਾਂ ਦਾ ਮਰਸੀਆ ਲਿਖਣ ਦੀ ਵੀ ਉਸ ਵਿੱਚ ਹਿੰਮਤ ਨਹੀਂ ਸੀ

ਪੱਤਝੜ ਦੀ ਨੀਵੀਂ ਬਰਫ਼ਬਾਰੀ ਸਾਰੀ ਦੀ ਸਾਰੀ ਹੀ ਉਸ ਉਪਰ ਵਰ੍ਹ ਗਈ ਸੀ

ਤੇ ਉਹ ਆਪਣੇ ਉਸੇ ਹੀ ਸ਼ਹਿਰ ਪਰਤ ਆਇਆ ਸੀ ਜਿਥੇ ਉਸਦੀਆਂ ਪੈੜਾਂ ਨਾਲ ਇੱਕ ਹੋਰ ਨਾਮ ਜੁੜਿਆ ਹੋਇਆ ਸੀ

ਸਾਰੀ ਰਾਤ ਅੱਥਰੂਆਂ ਦੀ ਨਦੀ ਵਿੱਚ ਡੁੱਬਦਿਆਂ ਤਰਦਿਆਂ ਹੀ ਬਤੀਤ ਹੋਈ ਤੇ ਅਗਲੀਆਂ ਕੁੱਝ ਰਾਤਾਂ ਦਾ ਸ਼ਫਰ ਵੀ ਇਵੇਂ ਹੀ ਬੀਤਿਆ ਕੁੱਝ ਦਿਨਾਂ ਬਾਅਦ ਉਹ ਲਾਲੀ ਦੀ ਨੌਕਰੀ ਵਾਲੇ ਸ਼ਹਿਰ ਨੂੰ ਜਾਣ ਵਾਲੀ ਬੱਸ ਵਿੱਚ ਬੈਠਾ ਸੀ ।

*************

ਦਸਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ!


No comments: