ਸਿਆਲਾਂ ਦੀਆਂ ਠੰਡੀਆਂ ਰਾਤਾਂ ਕਾਰਨ ਲੋਕੀ ਜਲਦੀ ਹੀ ਆਪੋ ਆਪਣੇ ਘੁਰਨਿਆਂ ਅੰਦਰ ਜਾ ਵੜੇ ਹਨ।
ਕਿੱਧਰੋਂ ਵੀ ਕੋਈ ਆਵਾਜ਼ ਨਹੀਂ ਆ ਰਹੀ ।
ਗਲੀ ਵਿੱਚ ਤੁਰੇ ਆਉਂਦੇ ਨੇ ਉਸਨੇ ਕੋਟ ਦੀ ਜੇਬ ਵਿਚਲੇ ਅਧੀਏ ਨੂੰ ਪਲ਼ੋਸਿਆ ਤੇ ਚੁੱਪ ਕਰਕੇ ਤੁਰਦਾ ਰਿਹਾ।
ਉਸਦੀਆਂ ਅੱਖਾਂ ਵਿੱਚ ਨਮੀ ਹੈ ਤੇ ਪੈਰਾਂ ਵਿੱਚ ਥਕਾਵਟ ।
ਹੱਥਾਂ ਵਿੱਚ ਉਦਾਸੀ ਹੈ ਤੇ ਜਿਸਮ ਬੇ-ਹਰਕਤ।
----
ਸ਼ਹਿਰ ਦੇ ਬੱਸ ਅੱਡੇ ਤੇ ਉਤਰਦਾ ਉਹ ਸਿੱਧਾ ਹੀ ਠੇਕੇ ਵਲ ਹੋ ਤੁਰਿਆ ਸੀ ਜਦੋਂ ਕਿ ਬੱਸੋਂ ਉਤਰਦੀਆਂ ਕਿੰਨੀਆਂ ਹੀ ਸਵਾਰੀਆਂ ਕੁੱਝ ਤਾਂ ਰਿਕਸ਼ਿਆਂ ਵੱਲ ਆ ਰੁਕੀਆਂ ਸਨ ਤੇ ਕੁੱਝ ਦੇ ਉਡੀਕਣ ਵਾਲੇ ਅੱਗੋਂ ਸਕੂਟਰ, ਮੋਟਰ ਸਾਈਕਲ ਲਈ ਖਲੋਤੇ ਸਨ ਤੇ ਕੁਝ ਵਿਚਾਰੇ ਉਂਝ ਬੁੱਕਲਾਂ ਮਾਰੀ ਬਾਹਾਂ ਕੱਠੀਆਂ ਕਰੀ ਕਾਹਲ਼ੇ-ਕਾਹਲ਼ੇ ਸੜਕ ਪੈ ਤੁਰੇ ਸਨ । ਖਾਲੀ ਰਿਕਸ਼ਿਆਂ ਵਾਲੇ ਅੱਗੋਂ ਆਉਣ ਵਾਲੀ ਇੱਕ-ਅੱਧ ਹੋਰ ਆਖ਼ਰੀ ਬੱਸ ਦੀ ਉਡੀਕ ਵਿੱਚ ਉਬਾਸੀਆਂ ਵਰਗਾ ਕੁੱਝ ਤੋੜ ਰਹੇ ਸਨ ।
ਆਉਂਣ ਵਾਲੀ ਬੱਸ ਚਲੀ ਗਈ ਸੀ ਤੇ ਅੱਡੇ ਵਿੱਚ ਫੇਰ ਪਹਿਲਾਂ ਵਾਂਗ ਕਬਰਸਤਾਨ ਵਰਗੀ ਚੁੱਪ ਫੈਲ ਗਈ ਸੀ ।
ਬੱਸ ਇੱਕ ਉਹ ਸੀ ਜੋ ਇਸ ਚੁੱਪ ਨੂੰ ਤੋੜਦਾ ਹੋਇਆ ਅਧੀਏ ਚੋਂ ਤਕੜਾ ਪੈੱਗ ਲਾ ਕਾਹਲੇ ਕਦਮੀਂ ਆਪਣੇ ਕਮਰੇ ਨੂੰ ਹੋ ਤੁਰਿਆ ਸੀ। ਰਿਕਸ਼ੇ ਵਾਲਿਆ ਦੀਆਂ ਅਵਾਜ਼ਾਂ ਪਹਿਲਾਂ ਵਾਲੀਆਂ ਸਵਾਰੀਆਂ ਵਾਂਗ ਦੋ ਕੁ ਵਾਰੀ ਉਹਦੇ ਕੰਨੀਂ ਪਈਆਂ ਪਰ ਉਹ ਉਵੇਂ ਹੀ ਤੁਰਿਆ ਗਿਆ, ਆਪਣੀਆਂ ਅੱਖਾਂ ਦੀ ਨਮੀਂ ਨੂੰ ਬਚਾਉਂਦਾ ਹੋਇਆ ਅਤੇ ਪੈਰਾਂ ਵਿਚਲੀ ਥਕਾਵਟ ਨੂੰ ਧਰੂੰਹਦਾ ਹੋਇਆ ।
----
ਅੱਜ ਦੀ ਰਾਤ ਉਸਨੂੰ ਬਹੁਤ ਹੀ ਬੁੱਢੀ ਲੱਗੀ ।ਬਹੁਤ ਹੀ ਝੁਰੜੀਆਂ ਭਰੇ ਚਿਹਰੇ ਵਾਲੀ।ਜਿਵੇਂ ਲੰਬੇ ਲੰਬੇ ਹਉਕੇ ਲੈ ਰਹੀ ਹੋਵੇ। ਅੱਥਰੂ-ਅੱਥਰੂ ਹੋਈ ਹੋਵੇ ।ਪਰ ਅੱਜ ਦੀ ਰਾਤ ਹੀ ਸੀ ਜਿਸ ਦੀ ਹਿੱਕ ਤੇ ਸਿਰ ਧਰਕੇ ਉਸਨੇ ਹੁਬਕੀਂ-ਹੁਬਕੀਂ ਰੋਣਾ ਸੀ ।ਇਹ ਅੱਜ ਦੀ ਰਾਤ ਹੀ ਸੀ ਜਿਸ ਵਿੱਚ ਉਸਨੇ ਆਪਣੇ ਮੋਏ ਵਰ੍ਹਿਆਂ ‘ਚ ਥੇਹ ਹੋਏ ਪਲਾਂ ਦੀ ਮਿੱਟੀ ਹਥੇਲੀਆਂ ‘ਚ ਭਰਨੀ ਸੀ।
ਉਹ ਨੀਵੀਂ ਪਾਈ ਤੁਰਿਆ ਗਿਆ ।
ਉਸ ਨੂੰ ਰੱਤੀ ਭਰ ਵੀ ਯਾਦ ਨਹੀਂ ਸੀ ਕਿ ਉਹ ਇਸ ਵੇਲੇ ਕਦੀ ਰੋਟੀ ਖਾਂਦਾ ਵੀ ਹੁੰਦਾ ਹੈ ਜਾਂ ਨਹੀਂ । ਬੱਸ ਉਹ ਤਾਂ ਉਤਾਵਲਾ ਸੀ ਆਪਣੇ ਕਮਰੇ ਵਿੱਚ ਬਹੁਤ ਹੀ ਜਲਦੀ ਪਹੁੰਚਣ ਲਈ ...ਤਾਂ ਕਿ ਕਮਰੇ ਦੀਆਂ ਕੰਧਾਂ ਉੱਤੇ ਆਪਣੇ ਅੱਥਰੂਆਂ ਦੀ ਨਿਸ਼ਾਨਦੇਹੀ ਕਰ ਸਕੇ । ਕਮਰੇ ‘ਚ ਖਿੱਲਰੇ ਪਏ ਕਾਗਜ਼ਾਂ ਉੱਤੇ ਆਪਣੇ ਆਪ ਨੂੰ ਖਿਲਾਰ ਸਕੇ, ਆਪਣੀ ਹੋਂਦ ਦਾ ਅਹਿਸਾਸ ਕਰਵਾ ਸਕੇ ।
----
ਇੱਕ ਮਹੀਨਾ ਪਹਿਲਾਂ ----ਉਦੋਂ ਵੀ ਅਜਿਹੀ ਇੱਕ ਰਾਤ ਆਈ ਸੀ ਉਹ ਕਮਰੇ ਦੀਆਂ ਕੰਧਾਂ ਦੇ ਗਲ ਲੱਗ ਰੋਇਆ ਸੀ। ਉਦੋਂ ਉਹ ਆਪਣੇ ਆਪ ਤੋਂ ਮੁਨਕਰ ਹੋ ਗਿਆ ਸੀ।ਉਸਦਾ ਜੀਅ ਕੀਤਾ ਸੀ ਕਿ ਉਹ ਨੌਕਰੀ ਛੱਡ ਦੇਵੇ ਅਤੇ ਦੂਰ ਕਿਧਰੇ ਜਾ ਵੜੇ ।ਕੋਈ ਵੀ ਉਸਨੂੰ ਲੱਭਣ ਵਾਲਾ ਨਾ ਹੋਵੇ ।ਪਿਛਾਂਹ ਬੇਸ਼ੱਕ ਕੋਈ ਰੋਂਦਾ ਰਹੇ ਕੋਈ ਪਿਟਦਾ ਰਹੇ । ਉਸਨੂੰ ਲੱਭਦਾ ਰਹੇ, ਪਰ ਇਸ ਸਭ ਕਾਸੇ ਦੀ ੳਸਨੂੰ ਕੋਈ ਪ੍ਰਵਾਹ ਨਹੀਂ ਸੀ ਪਾਗਲਾਂ ਵਾਲੀ ਦਸ਼ਾ ਸੀ ਉਸ ਵੇਲੇ ਉਸਦੀ । ਸਵੇਰੇ ਹੀ ਗੁਆਢੀਆਂ ਦੇ ਮੁੰਡੇ ਤੋਂ ਸ਼ਰਾਬ ਮੰਗਵਾ ਲੈਂਦਾ ਅਤੇ ਸਾਰਾ ਦਿਨ ਆਪਣੇ ਹੀ ਖੰਡਰਾਂ ਉੱਤੇ ਸਿਜਦਾ ਕਰਦਾ ਰਹਿੰਦਾ।
----
ਦਫ਼ਤਰ ਜਾਣ ਦੀ ਕੋਈ ਸੁੱਧ ਨਹੀਂ ਸੀ ਉਸਨੂੰ, ਸਵੇਰੇ ਹੀ ਕਮਰੇ ਵਿੱਚ ਬੰਦ ਹੋ ਜਾਣਾ, ਦਾਰੂ ਪੀਣੀ ਅਤੇ ਕੰਧਾਂ ਨੂੰ ਮੁਖ਼ਾਤਿਬ ਹੁੰਦੇ ਰਹਿਣਾ। ਜੀਣ ਦੇ ਸਾਰੇ ਚਾਅ ਮੁਰਝਾ ਗਏ ..ਤੇ ਉਹ ਹਰ ਪਲ ਕਮਰੇ ਅੰਦਰਲੀ ਖ਼ਾਮੋਸ਼ੀ ਨੂੰ ਹਿੱਕ ਨਾਲ ਲਾ ਰੱਖਦਾ ਸੀ ।ਆਪਣੇ ਜਿਸਮ ਤੇ ਤਾਂ ਉਸਨੂੰ ਜਿਵੇਂ ਇਤਬਾਰ ਹੀ ਨਾ ਆਉਂਦਾ ।ਇਹ ਤਾਂ ਕੋਈ ਹੋਰ ਹੀ ਸੀ ਜੋ ਕਮਰੇ ਵਿੱਚ ਪਿਆ ਸੀ ।ਉਹ ਤਾਂ ਕਦੋਂ ਦਾ ਇਸ ਕਮਰੇ ਨੂੰ ਅਲਵਿਦਾ ਕਹਿ ਚੁੱਕਾ ਸੀ ।ਉਸਦੇ ਕਦਮ ਤਾਂ ਕਦੋਂ ਦੇ ਇਸਤੋਂ ਦੂਰ ਚਲੇ ਗਏ ਸਨ । ਫਿਰ ਦਫਤਰੋਂ ਮਾਲੀ ਨੇ ਉਸਦੇ ਕਮਰੇ ਵਿੱਚ ਆਉਣ ਦੀ ਜੁੱਅਰਤ ਕੀਤੀ ਸੀ, ਮਾਲੀ ਜੋ ਉਸਦੇ ਕਾਫ਼ੀ ਨੇੜੇ ਸੀ। ਜਦੋਂ ਉਸਦੇ ਕਮਰੇ ਵਿੱਚ ਪਹੁੰਚਿਆ ਤਾਂ ਉਹ ਬੇਸੁੱਧ ਹੋਇਆ ਪਿਆ ਸੀ । ‘ਜੀ ਆਇਆ ਨੂੰ ’ ਸ਼ਬਦ ਤਾਂ ਉਸਦੀ ਜ਼ੁਬਾਨ ਤੇ ਆਉਣਾ ਹੀ ਕਿੱਥੋਂ ਸੀ ਉਸਨੇ ਉਸਨੂੰ ਗੌਲ਼ਿਆ ਤੱਕ ਨਾ, ਕਿ ਕੋਈ ਕਮਰੇ ਵਿੱਚ ਆਇਆ ਵੀ ਹੈ ਜਾਂ ਨਹੀਂ ।
----
ਮਾਲੀ ਦੀ ਆਮਦ ਤਾਂ ਉਸ ਲਈ ਜਿਵੇਂ ਰਸਮੀਂ ਹੀ ਸੀ । ਸ਼ਰਾਬ ਦੀਆ ਬੋਤਲਾਂ ਅਤੇ ਫੂਕੀਆਂ ਹੋਈਆਂ ਸਿਗਰਟਾਂ ਦੇ ਢੇਰ ਵੇਖਕੇ ਉਸਨੂੰ ਗਲਿਆਣੀ ਜਿਹੀ ਵੀ ਆਈ ਅਤੇ ਗੁੱਸਾ ਵੀ। ਪਰ ਉਹ ਹੈਰਾਨ ਸੀ, ਪਰੇਸ਼ਾਨ ਸੀ ਕਿ ਆਖਿਰ ਕੀ ਹੋ ਗਿਆ ਹੈ? ਕਿਸੇ ਨਾਲ ਕੋਈ ਤਲਖ਼ੀ ਨਹੀਂ ਸੀ ਹੋਈ, ਸਗੋਂ ਹੱਸਦਾ-ਖੇਡਦਾ ਆਪਣੇ ਪਿੰਡ ਨੂੰ ਗਿਆ ਸੀ।ਬੱਸ ਉਸਦੇ ਤਾਂ ਦਿਮਾਗ ਵਿੱਚ ਬਾਰ ਬਾਰ ਇੱਕੋ ਗੱਲ ਆਉਂਦੀ ਸੀ ਕਿ ਪਿੰਡ ਹੀ ਕਿਸੇ ਨਾਲ ਕੋਈ ਗੱਲ ਹੋ ਗਈ ਹੈ ਜੋ ਇਸਨੇ ਆਪਣੀ ਇਹ ਹਾਲਤ ਬਣਾਈ ਹੈ।.. .. ਪਰ ਉਹ ਕੀ ਜਾਣਦਾ ਸੀ ਉਸਨੇ ਵੀ ਕਿਸੇ ਦੀ ਉਡੀਕ ਦੇ ਨਾਂ ਆਪਣੇ ਵਰ੍ਹੇ ਗਿਰਵੀ ਕਰਵਾਏ ਹੋਏ ਸਨ।ਮਾਲੀ ਨੂੰ ਕੀ ਪਤਾ ਸੀ ਕਿ ਜਿਨ੍ਹਾਂ ਪੱਤਣਾਂ ਉੱਤੇ ਖੜ੍ਹਕੇ ਉਸਨੇ ਪਾਣੀਆਂ ਦਾ ਸੰਗੀਤ ਸੁਣਨਾ ਸੀ ਉਹ ਪੱਤਣ ਹੀ ਚੋਰੀ ਹੋ ਚੁੱਕੇ ਸਨ । ਮਾਲੀ ਉਸ ਕੋਲ ਬੈਠਾ ਕਲਪਦਾ ਰਿਹਾ ਰੋਂਦਾ ਰਿਹਾ ।ਪਰ ਇੱਕ ਉਹ ਸੀ ਕਿ ਟੱਸ ਤੋਂ ਮੱਸ ਵੀ ਨਾ ਹੋਇਆ ।
‘-ਸਾਹਬ ਆਖਰ ਕੋਈ ਗੱਲ ਤਾਂ ਹੋਏਗੀ ਹੀ?’
‘-ਹਾਂ ਮਾਲੀ ਜੇ ਕੋਈ ਗੱਲਾਂ ਹੁੰਦੀਆਂ ਨੇ ਪਲ ਵੀ ਤਾਂ ਤਾਹੀਓਂ ਅਗਾਂਹ ਤੁਰਦੇ ਨੇ।’
‘-ਪਰ ਤੂੰ ਮੇਰੇ ਨਾਲ ਵੀ ਸਾਂਝੀ ਨੀ ਕਰੇਂਗਾ ?’
‘-ਕਿਸੇ ਨਾਲ ਕੁੱਝ ਸਾਂਝਾ ਕਰਨ ਜੋਗਾ ਰਹਿ ਈ ਨੀ ਗਿਆ ਮਾਲੀ।’
‘-ਪਰ ਫਿਰ ਵੀ ਦੱਸੋ ਤਾਂ ਸਹੀ ਇਹੋ ਜਿਹੀ ਕੋਈ ਗੱਲ ਨਹੀਂ ਜਿਸਦਾ ਇਲਾਜ ਨਾ ਹੋਵੇ।’
‘-ਤੇ ਇਹੋ ਜੀ ਵੀ ਕੋਈ ਗੱਲ ਨੀ ਜਿਸਦਾ ਇਲਾਜ ਹੋਵੇ।’
‘-ਸਾਹਬ ਸਿੱਧੀ ਜੀ ਗੱਲ ਕਰੋ ਕੋਈ’।
‘-ਹਾਂ ਮਾਲੀ ਹਰ ਗੱਲ ਦੀ ਹੋਂਦ ਹੁੰਦੀ ਐ, ਪੜਾਅ ਹੁੰਦੇ ਨੇ ।ਪਰ ਕੋਈ ਵੀ ਗੱਲ ਸਿਰੇ ਲੱਗਣ ਨੂੰ ਅਸੀਂ ਉਹਦਾ ਇਲਾਜ ਨਹੀਂ ਨਾ ਮੰਨ ਸਕਦੇ ।’ ਉਹ ਸਮਝਦਾ ਸੀ, ਉਹ ਇਹ ਸਾਰਾ ਕੁੱਝ ਸ਼ਰਾਬੀ ਹਾਲਤ ਵਿੱਚ ਬੋਲ ਰਿਹੈ।ਨਾਲੇ ਉਸਦੀਆਂ ਇਹਨਾਂ ਗੱਲਾਂ ਨੂੰ ਉਹ ਸਮਝੇ ਕਿਵੇਂ ਨਾ? ਸਾਰਾ ਦਿਨ ਤਾਂ ਉਹ ਦਫਤਰ ਵਿੱਚ ਕਿਤਾਬਾਂ ਪੜ੍ਹਦਾ ਰਹਿੰਦਾ ਸੀ ਤੇ ਦਫਤਰ ਵਿਚਲੀ ਇੱਕ ਕੁੜੀ ਜਦੋਂ ਵੀ ਬੁਲਾਉਂਦੀ ਬੱਸ ਇੱਕ ਅੱਧ-ਫਿਕਰੇ ਨਾਲ ਹੀ ਜੁਆਬ ਦੇ ਛੱਡਦਾ । ਲਾਲੀ ਨੇ ਮਨ ਹੀ ਮਨ ਉਸਨੂੰ ਆਪਣਾ ਬਣਾ ਲਿਆ ਸੀ ਤੇ ਉਹ ਕਾਫੀ ਹੱਦ ਤੀਕ ਸਫ਼ਲ ਹੋ ਚੁੱਕੀ ਸੀ, ਸੁੱਖੀ ਨੂੰ ਆਪਣੇ ਨੇੜੇ ਲਿਆਉਣ ਦੇ ਪਰ, ਹੁਣ ਤਾਂ ਲਾਲੀ ਇਸ ਦਫਤਰ ਵਿੱਚ ਹੈ ਹੀ ਨਹੀਂ ਸੀ।ਮਾਲੀ ਨੇ ਸੋਚਿਆ । ਪਰ ਉਹ ਕੁੱਝ ਗੱਲਾਂ ਕਰਨ ਤੋਂ ਬਾਅਦ ਫਿਰ ਖ਼ਾਮੋਸ਼ ਸੀ।ਉਸਨੇ ਅਗਲੇ ਦਿਨ ਦਫਤਰ ਆਉਣ ਦੀ ਉਸਨੂੰ ਕਸਮ ਪੁਆਈ ਸੀ, ਪਰ ਉਹ ਫਿਰ ਵੀ ਚੁੱਪ ਰਿਹਾ ਸੀ।ਤੇ ਉਦਾਸੀ ਉਵੇਂ ਹੀ ਉਸ ਦੁਆਲੇ ਗਾੜੀ ਧੁੰਦ ਵਾਂਗ ਲਿਪਟੀ ਹੋਈ ਸੀ । ਥੱਕ ਹਾਰ ਕੇ ਮਾਲੀ ਵਾਪਸ ਪਰਤ ਗਿਆ ।ਉਸਦੀ ਕੋਈ ਵਾਹ ਨਹੀਂ ਸੀ ਗਈ ਕਿ ਉਹ ਕਿਵੇਂ ਵੀ ਸੁੱਖੀ ਨੂੰ ਦਫਤਰ ਜਾਣ ਲਈ ਮਨਾ ਲੈਂਦਾ।ਉਹ ਲੋਹੇ ਤੇ ਲਕੀਰ ਬਣਿਆ ਬੈਠਾ ਰਿਹਾ ਸੀ ।
----
ਅਗਲੀ ਸਵੇਰ ਉਸਨੇ ਸੁੱਖੀ ਦੇ ਦੋ ਤਿੰਨ ਨਜ਼ਦੀਕੀ ਅਤੇ ਨੇੜੇ ਰਹਿਣ ਵਾਲੇ ਮਿੱਤਰਾਂ ਨੂੰ ਸੁਨੇਹੇ ਭੇਜ ਦਿੱਤੇ ਅਤੇ ਆਪਣੇ ਕੋਲ ਬੁਲਾਕੇ ਸਾਰੀ ਬੀਤੀ ਦੱਸ ਦਿੱਤੀ ।ਸਭ ਦੇ ਸਾਹਮਣੇ ਹੀ ਮਾਲੀ ਦੀਆਂ ਅੱਖਾਂ ਵਿੱਚੋਂ ਅੱਥਰੂ ਕਿਰਨ ਲੱਗੇ ਪਰ ਉਹ ਫਿਰ ਵੀ ਵਾਸਤਾ ਪਾ ਰਿਹਾ ਸੀ ਕਿ ਉਹ ਕਿਵੇਂ ਨਾ ਕਿਵੇਂ ਸੁੱਖੀ ਨੂੰ ਦਫਤਰ ਲੈ ਆਉਣ। ਇੱਕ ਸੁੱਖੀ ਹੀ ਸੀ ਜਿਸ ਦੇ ਇੱਕ ਇੱਕ ਬੋਲ ਹੇਠ ਵਿਛਣ ਲਈ ਮਾਲੀ ਤਿਆਰ ਰਹਿੰਦਾ । ਉਸ ਰਾਤ ਸੁੱਖੀ ਦੇ ਦੋਸਤ ਸੁੱਖੀ ਦੇ ਕੋਲ ਹੀ ਰਹੇ ਸਨ । ਸਾਰੀ ਰਾਤ ਸੁੱਖੀ ਅੱਥਰੂ ਰੋਂਦਾ ਰਿਹਾ ਸੀ ਤੇ ਦੋਸਤ ਆਪਣੀਆਂ ਤਲੀਆਂ ਨਾਲ ਉਹਦਾ ਚਿਹਰਾ ਕੱਜਦੇ ਰਹੇ ਸਨ ।ਉਹਦੇ ਬੋਲਾਂ ਨੂੰ ਧਰਵਾਸ ਦਿੰਦੇ ਰਹੇ ਸਨ । ਫਿਰ ਅਗਲੇ ਦਿਨ ਸੁੱਖੀ ਦੋਸਤਾਂ ਨਾਲ ਦਫਤਰ ਆਇਆ ਸੀ । ਉਦਾਸ ਉਦਾਸ, ਥੱਕਿਆ ਥੱਕਿਆ, ਪਰ ਫਿਰ ਵੀ ਉਸਨੇ ਜੋ ਕੁੱਝ ਲਾਲੀ ਨੂੰ ਲਿਖਣਾ ਸਭ ਕੁੱਝ ਲਿਖ ਦਿੱਤਾ। ਲਾਲੀ ਦੀ ਮਹੁੱਬਤ ਉਸਨੇ ਪ੍ਰਵਾਨ ਕਰ ਲਈ ਸੀ । ਉਹ ਜੋ ਸੁੱਖੀ ਦੀ ਉਮਰ ਦਾ ਪੰਧ ਬਣਦੀ ਬਣਦੀ ਹਰ ਬਾਰ ਆਪਣੇ ਮਾਪਿਆਂ ਤੋਂ ਹਾਰ ਖਾ ਕੇ ਪਰਤਦੀ ਰਹੀ ਸੀ ।ਉਸ ਦਿਨ ਜੇਤੂ ਹੋਣ ਦਾ ਮਾਣ ਉਸਦੀਆ ਅੱਖਾਂ ਵਿੱਚ ਤੈਰਨਾ ਲਾਜ਼ਮੀ ਸੀ । . .ਤੇ ਫਿਰ ਮਾਪਿਆਂ ਦੀ ਉਸਨੂੰ ਉੱਕਾ ਹੀ ਪ੍ਰਵਾਹ ਨਹੀਂ ਸੀ ਰਹੀ।
-----
ਸੁੱਖੀ ਨੇ ਲਾਲੀ ਨੂੰ ਖਤ ਲਿਖਕੇ ਦੂਜੇ ਦੋਸਤਾਂ ਦੀਆਂ ਅੱਖਾਂ ਵਿੱਚ ਤੱਕਿਆ ਤਾਂ ਦੋਸਤਾਂ ਨੇ ਹੱਥ ਮਿਲਾਕੇ ਖ਼ੁਸ਼ ਚਿਹਰਿਆਂ ਨਾਲ ਉਸ ਤੋਂ ਵਿਦਾ ਲੈ ਲਈ । ਮਹੀਨੇ ਬਾਅਦ ਅੱਜ ਫਿਰ ਉਹ ਆਪਣੇ ਉਸ ਕਮਰੇ ਦੇ ਗਲ਼ ਲੱਗ ਕੇ ਰੋਣ ਜਾ ਰਿਹਾ ਸੀ । ਉਸੇ ਕਮਰੇ ਨੂੰ ਕਲਾਵੇ ਵਿੱਚ ਭਰ ਕੇ ਉਸਨੂੰ ਅਲਵਿਦਾ ਆਖਣ ਜਾ ਰਿਹਾ ਸੀ....ਉਸਨੇ ਕਮਰੇ ਦਾ ਜਿੰਦਰਾ ਖੋਲ੍ਹਿਆ ।ਲਾਈਟ ਆਨ ਕੀਤੀ ਤਾਂ ਜਿਵੇਂ ਕਮਰਾ ਉਸਨੂੰ ਧਾਹ ਕੇ ਮਿਲਿਆ –‘ਮੈਂ ਅੱਜ ਫੇਰ ਵਕੀਲ ਕੋਲੋਂ ਆਇਆ ’ ।ਉਸਨੇ ਕਹਿੰਦਿਆ ਬੂਹੇ ਨੂੰ ਅੱਡੀ ਮਾਰੀ ਅਤੇ ਢੋਅ ਦਿੱਤਾ । ਅੱਖਾਂ ‘ਚ ਅੱਥਰੂ ਸਿੰਮ ਆਏ । ਬਿਨ ਧੋਤੇ ਗਿਲਾਸ ‘ਚ ਸ਼ਰਾਬ ਉਲਟਾਈ । ਜੱਗ ‘ਚ ਪਿਆ ਪਹਿਲਾਂ ਦਾ ਪਾਣੀ ਵਿੱਚ ਪਾਇਆ ਅਤੇ ਇੱਕੋ ਸਾਹੇ ਅੰਦਰ ਚੜ੍ਹਾਕੇ ਉਸਨੇ ਸਿਗਰਟ ਬਾਲ ਲਈ । ਉਸਦੇ ਹਉਕੇ ਬਾਹਰ ਨਿਕਲਣੇ ਸ਼ੁਰੂ ਹੋ ਗਏ । ਸਿਗਰਟ ਦੇ ਕਸ਼ ਲਾਉਂਦਾ ਉਹ ਹੁਬਕੀ-ਹੁਬਕੀ ਰੋ ਪਿਆ । ਪਰ ਇਹ ਅੱਜ ਦੀ ਰਾਤ ਹੀ ਸੀ ਜੋ ਉਹ ਇਸ ਆਪਣੇ ਕਮਰੇ ਦੇ ਗਲ਼ ਲੱਗਕੇ ਬਿਤਾ ਰਿਹਾ ਸੀ ।ਹਉਕੇ ਲੈਂਦਾ ਉਹ ਬੂਟ ਲਾਹ ਕੇ ਰਜਾਈ ਵਿੱਚ ਬੈਠਣ ਲੱਗਿਆ ।ਤਾਂ ਉਸਨੂੰ ਹੇਠਾਂ ਤੋਂ ਇੱਕ ਅੱਧਾ ਅਧੀਆ ਹੋਰ ਮਿਲ ਗਿਆ....ਅਤੇ ਉਹ ਸੰਤੁਸ਼ਟ ਜਿਹਾ ਹੋ ਗਿਆ ।
----
.....ਅੱਜ ਉਸਨੇ ਆਪਣੀ ਮਾਂ ਨੂੰ ਇੱਕ ਖ਼ਤ ਲਿਖਣਾ ਸੀ ਬਹੁਤ ਹੀ ਲੰਬਾ ਖ਼ਤ। ਅੱਜ ਉਸਨੇ ਆਪਣੇ ਪਿੰਡ ਦੇ ਸਿਵੇ ਨੂੰ ਅੱਗ ਦੇਣੀ ਸੀ ਆਪਣੀ ਵਿਰਾਸਤ ਨੂੰ ਕਬਰੀਂ ਪਾਉਣਾ ਸੀ । ਇਸ ਖਤ ਵਿੱਚ ਉਸਨੇ ਆਪਣੀ ਮਾਂ ਦੀ ਉਸੇ ਪੁਰਾਣੀ ਗੱਲ ਨੂੰ ਸਮੀਖਿਆ ਦੇਣੀ ਸੀ। ਉਸ ਗੱਲ ਦੀ ਅਉਧ ਦੱਸਣੀ ਸੀ ।ਪਰ ਉਹ ਉਸ ਗੱਲ ਦਾ ਇਲਾਜ ਨਹੀਂ ਸੀ ਕਰ ਰਿਹਾ। ਕੱਲ੍ਹ ਨੂੰ ਉਸਦਾ ਵਿਆਹ ਸੀ । ਆਪਣੇ ਭਵਿੱਖ ਦਾ ਹਨੇਰਾ ਵੀ ਤੇ ਚਾਨਣ ਵੀ ਉਸਨੇ ਤਲੀਆਂ ਤੇ ਵਿਛਾਉਣਾ ਸੀ ....ਤੇ ਅੱਜ ----ਅੱਜ ਉਹ ਆਪਣੇ ਬਾਪ ਨੂੰ, ਮਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਖ਼ਤ ਲਿਖ ਰਿਹਾ ਸੀ । ਬਹੁਤ ਹੀ ਲੰਬਾ ਖ਼ਤ।ਉਹਨਾਂ ਦੀ ਉਸੇ ਪੁਰਾਣੀ ਗੱਲ ਦਾ ਜੁਆਬ । ਉਸਨੇ ਪੈੱਗ ਬਣਾਇਆ । ਬਲਬ ਦੀ ਲਾਈਟ ਨਾਲ ਆਪਣੀ ਪਿੱਠ ਪਿੱਛੇ ਪੈਂਦਾ ਪਰਛਾਵਾਂ ਹੀ ਉਸਨੂੰ ਆਪਣੇ ਵਹਿ ਚੁੱਕੇ ਵਰ੍ਹਿਆਂ ਦਾ ਕੋਈ ਅਹਿਲਕਾਰ ਲੱਗਿਆ । ਲੰਬੀ ਰਾਤ ਦੇ ਚਿਹਰੇ ਦੀਆਂ ਝੁਰੜੀਆਂ ਹੋਰ ਸੰਘਣੀਆਂ ਹੋ ਰਹੀਆਂ ਸਨ । ਤੇ ਉਹ ਸਿਗਰਟ ਦਾ ਕਸ਼ ਲਾਉਂਦਾ ਆਪਣੇ ਹੀ ਪਰਛਾਵੇਂ ਦੀਆਂ ਪੈੜਾਂ ਵਿੱਚ ਗੁਆਚ ਗਿਆ । ਮੋਏ ਵਰ੍ਹਿਆਂ ਦਾ ਜਿਊਂਦਾ ਰਿਸ਼ਤਾ ਅੱਜ ਦੀ ਰਾਤ ਦੀਆਂ ਬੇ-ਆਬਾਦ ਤਲੀਆਂ ‘ਚ ਸਿਸਕ ਰਿਹਾ ਸੀ ।
*************************
ਕਾਂਡ ਪਹਿਲਾ ਸਮਾਪਤ – ਦੂਸਰੇ ਦੀ ਉਡੀਕ ਕਰੋ।
1 comment:
ਨਾਵਲ ਦਾ ਪਹਿਲਾ ਕਾਂਡ ਪਾਣੀ ਦੀ ਘੁੱਟ ਵਾਂਗ ਉੱਤਰ ਗਿਆ,ਦੂਜੇ ਦੀ ਉਡੀਕ ਰਹੇਗੀ...
Post a Comment