ਬੜੀ ਕੋਸ਼ਿਸ਼ ਕੀਤੀ ਸੀ ਉਸਨੇ ਕਿ ਬਚਪਨ ਦੇ ਉਹ ਵਰ੍ਹੇ ਆਪਣੇ ਜਿਸਮ ਨਾਲੋਂ ਪੂੰਝ ਸੁੱਟੇਗਾ ।ਜਦੋਂ ਉਹ ਸਾਧਾਂ ਦੀ ਸ਼ਰਬਤੀ ਨਾਲ ਸਾਰਾ ਦਿਨ ਖੇਡਦਾ ਨਹੀਂ ਸੀ ਥੱਕਦਾ ਹੁੰਦਾ। ਕੋਈ ਵੀ ਖੇਡ ਖੇਡਣੀ ਹੁੰਦੀ ਬੱਸ ਸ਼ਰਬਤੀ ਹੀ ਉਸਦੀ ਮੁਲਾਹਜ਼ੇਦਾਰ ਹੁੰਦੀ ਸੀ । ਪਿੰਡ ਦੇ ਕਿਸੇ ਵੀ ਮੁੰਡੇ ਨਾਲ ਉਸਦੀ ਐਨੀ ਆੜੀ ਨਹੀਂ ਸੀ ਜਿੰਨੀ ਸਾਧਾਂ ਦੀ ਸ਼ਰਬਤੀ ਨਾਲ।
ਉਸਨੇ ਤੇੜ ਵੱਡਾ ਸਾਰਾ ਖੱਦਰ ਦਾ ਡੋਕਲ ਜਿਹਾ ਕੱਛਾ ਹੁੰਦਾ ਸੀ ਤੇ ਗਲ਼ ਗੋਡਿਆਂ ਤੱਕ ਖੱਦਰ ਦਾ ਹੀ ਕੁੜਤਾ...ਤੇ ਉਦੋਂ ਸ਼ਰਬਤੀ ਦੇ ਤੇੜ ਛੋਟੀ ਜੀ ਕੱਛ ਤੇ ਗਲ਼ ਮੈਲ਼ਾ ਕੁਚੈਲ਼ਾ ਜਿਹਾ ਪਾਪਲੀਨ ਦਾ ਝੱਗਾ ਹੁੰਦਾ ਸੀ।
----
ਸਾਧਾਂ ਦੀ ਸ਼ਰਬਤੀ ਨੂੰ ਤਾਂ ਉਹ ਜਿਵੇਂ ਕਿਸੇ ਦੇ ਨੇੜੇ ਵੀ ਨਾ ਖੰਘਣ ਦਿੰਦਾ। ਉਂਝ ਵੀ ਉਹਨਾਂ ਦੇ ਘਰ ਦੀ ਪਿੱਠ ਸਾਧਾਂ ਦੇ ਘਰ ਨਾਲ ਲੱਗਦੀ ਹੀ ਹੁੰਦੀ ਸੀ ।
ਕੱਠੇ ਹੀ ਉਹ ਸੁੱਕੀ ਨਹਿਰ ‘ਚ ਸਿੱਪੀਆਂ ਚੁੱਕਣ ਜਾਂਦੇ, ਤੇ ਫਿਰ ਦੋਵੇਂ ਹੀ ਉਹਨਾਂ ਸਿੱਪੀਆਂ ਨਾਲ ਕਲੀ-ਜੁੱਟ ਖੇਡਦੇ । ਦੋਵੇਂ ਹੀ ਟੋਭੇ ‘ਚ ਡੀਟੀਆਂ ਚਲਾ ਚਲਾ ਖੇਡਦੇ, ਤੇ ਦੋਵੇਂ ਹੀ ਤਾਜੀ ਸੁੱਕੀ ਨਹਿਰ ‘ਚ ਆਪੋ-ਆਪਣੇ ਪੈਰਾਂ ਤੇ ਮਿੱਟੀ ਚੜ੍ਹਾਕੇ ਘਰ ਬਣਾਉਂਦੇ ।
‘-ਮੇਰਾ ਘਰ ਸੋਹਣਾ ਹੈ।’ ਉਹ ਕਹਿੰਦਾ
-‘ਮੇਰਾ ਘਰ ਵੱਡਾ ਹੈ।’ ਸ਼ਰਬਤੀ ਬੋਲਦੀ
-‘ਮੈਂ ਤੇਰਾ ਵੱਡਾ ਘਰ ਢਾਹ ਦੂੰਗਾ ।’
-‘ਮੈਂ ਤੇਰੇ ਘਰ ਆ ਵੜੂੰਗੀ ।’
-‘ਤੇ ਜੇ ਮੈਂ ਨਾਂ ਵੜਨ ਦੇਵਾਂ ਫੇਰ ?’
-‘ਲੈ ਐ ਕਿਉਂ ਕਰੇਂਗਾ ਬੀ ਫੇਰ ਆਪਣੀ ਲਿਹਾਜ ਕਾਹਦੀ ਹੋਈ ।’
ਫਿਰ ਉਹਨਾਂ ਦੋਵਾਂ ਦਾ ਸਮਝੌਤਾ ਹੋ ਜਾਂਦਾ ਤੇ ਉਹ ਇੱਕ ਦੂਜੇ ਦੇ ਮੋਢੇ ਬਾਹਾਂ ਪਾਈ ਟਪੂਸੀਆਂ ਮਾਰਦੇ ਘਰ ਆ ਜਾਂਦੇ ।
ਉਸਨੂੰ ਯਾਦ ਸੀ ਉਸਨੇ ਇੱਕ ਦਿਨ ਐਵੀਂ ਐਵੀਂ ਆਪਣੇ ਬਾਪੂ ਤੋਂ ਪੁੱਛ ਲਿਆ ਸੀ ਬਈ ਸਾਧ ਕੌਣ ਹੁੰਦੇ ਨੇ ?ਤਾਂ ਬਾਪੂ ਅੱਗੋਂ ਕੁਦਾੜ ਕੇ ਪੈ ਗਿਆ ਸੀ –‘ਸਾਲ਼ਾ ਸਾਧਾਂ ਦਾ ਕੱਲ ਨੂੰ ਕਹੇਂਗਾ ਛੀਂਬੇ ਕੌਣ ਹੁੰਦੇ ਨੇ ,ਝਿਊਰ ਕੌਣ ਹੁੰਦੇ ਨੇ । ਆਵਦੀ ਮਾਂ ਪੁੱਛ ਨਾਂ ਜਾ ਕੇ ਪਤੰਦਰਨੀ ਤੋਂ ਬਈ ਮਾਂ ਆਪਾਂ ਨੂੰ ਆਹਦੇ ਨੇ ਬਈ ਦਖਾਣ ਕੌਣ ਹੁੰਦੇ ਨੇ ?
ਉਹ ਕੰਨ ਖੁਰਕਦਾ ਫਿੱਡੇ ਛਿੱਤਰ ਘੜੀਸਦਾ ਬਾਪ ਕੋਲੋਂ ਤੁਰਦਾ ਬਣਿਆ ਸੀ।ਤੇ ਫਿਰ ਉਸਦੀ ਬਾਪ ਕੋਲੋਂ ਕੋਈ ਗੱਲ ਪੁੱਛਣ ਦੀ ਕਦੀ ਜੁੱਅਰਤ ਹੀ ਨਹੀਂ ਸੀ ਪਈ ।
----
ਸਾਧਾਂ ਦੀ ਸ਼ਰਬਤੀ ਜਦੋਂ ਕਦੀ ਵੀ ਟੁੱਟੀਆਂ ਚੂੜੀਆਂ ਇਕੱਠੀਆਂ ਕਰ ਲੈਂਦੀ ਤਾਂ ਸਭ ਤੋਂ ਪਹਿਲਾਂ ਉਸੇ ਨਾਲ ਹੀ ਆ ਕੇ ਖੇਡਦੀ ਤੇ ਫਿਰ ਦੋਵੇਂ ਸਲਾਹ ਕਰਕੇ ਹੋਰਨਾਂ ਆੜੀਆਂ ਨਾਲ ਖੇਡਣ ਤੁਰ ਪੈਂਦੇ । ਰਾਹ ਵਿੱਚ ਖੇਡਦਿਆਂ ਦੇ ਜਦੋਂ ਹੀ ਸਕੂਲ ਦੇ ਜੁਆਕ ਛੁੱਟੀ ਤੋਂ ਬਾਅਦ ਘਰੀਂ ਆਉਂਦੇ ਉਹਨਾਂ ਦੇ ਨਜ਼ਰੀਂ ਪੈਂਦੇ, ਤਾਂ ਉਹ ਹੋਰਨਾਂ ਨੂੰ ਦੱਸੇ ਬਿਨਾਂ ਚੁੱਪ-ਚਾਪ ਸਕੂਲ ਵਿੱਚ ਜਾ ਵੜ੍ਹਦੇ ਅਤੇ ਕਲੀ ਜੁੱਟ ਖੇਡਣ ਲਈ ਸਰੀਂਹ ਦੇ ਬੀਅ ਇਕੱਠੇ ਕਰਦੇ ਰਹਿੰਦੇ। ਸਕੂਲੋਂ ਆਪਣੇ ਘਰਾਂ ਕੋਲ ਆਉਂਦੇ ਅਤੇ ਕਿੰਨੀ ਕਿੰਨੀ ਹੀ ਦੇਰ ਬੀਆਂ ਨਾਲ ਖੇਡਦੇ ਰਹਿੰਦੇ ।
ਸ਼ਰਬਤੀ ਬਿੱਲਕੁਲ ਉਹਦੇ ਹਾਣ ਦੀ ਸੀ।
ਇੱਕੋ ਜਿੰਨਾਂ ਕੱਦ...ਇੱਕੋ ਜਿੰਨੇ ਉਲਝੇ ਵਾਲ ਅਤੇ ਇੱਕੋ ਜਿੰਨੇ ਹੀ ਕੱਪੜੇ
ਦਿਨ ਵਿੱਚ ਕਿੰਨੀ ਹੀ ਵਾਰੀ ਉਹ ਲੜਦੇ ਤੇ ਕਿੰਨੀ ਹੀ ਵਾਰੀ ਸਮਝੌਤਾ ਕਰਦੇ ।
-‘ਹੈਂ ਏ –ਹੈਂ ਆਪਾਂ ਵੱਡੇ ਹੋ ਕੇ ਵੀ ਕੱਠੇ ਰਿਹਾ ਕਰਾਂਗੇ ।’
-‘ਟਿੱਚ –ਟਿੱਚ –ਮੈਂ ਨੀ ਤੈਨੂੰ ਝਾਟੋ ਜੀ ਨੂੰ ਆਪਣੇ ਘਰੇ ਵੜਨ ਦਿੰਦਾ ।’
-‘ਲੈ ਐਂ ਕਿਉਂ ਕਰਦੈਂ ਭਲਾਂ ਆਪਣੀ ਆੜੀ ਨੀਂ।’
-‘ਮੈਂ ਨਾ ਆਪਣੇ ਮਾਮੇ ਵਰਗਾ ਸੋਹਣਾ ਘਰ ਪਾਊਂਗਾ ਤੇ ਨਾਲੇ ਉਹਦੇ ਵਰਗੀ ਪੀਂਅ ਲਿਆਊਂਗਾ ।’
-‘ਫੇਰ ਆਪਾਂ ਦੋਵੇਂ ਪੀਂਅ ਤੇ ਬਹਿ ਕੇ ਝੂਟੇ ਲਿਆ ਕਰਾਗੇਂ।’
-‘ਪਹਿਲਾਂ ਆਪਣੀ ਬੇਬੇ ਨੂੰ ਤਾਂ ਪੁੱਛਲੈ ਬੀ ਮੇਰੀ ਪੀਂਘ ‘ਚ ਬੈਠਣ ਵੀ ਦੇਊਂ ਤੈਨੂੰ।’
-ਉਹ ਚੁੱਪ ਹੋ ਜਾਂਦੀ ।ਅਣਜਾਣੀ ਹੀ ਚੁੱਪ ।ਪਤਾ ਦੋਹਾਂ ਨੂੰ ਹੀ ਨਹੀਂ ਸੀ ਹੁੰਦਾ ਕਿ ਉਹ ਕਿਉਂ ਚੁੱਪ ਹੋ ਜਾਂਦੀ ਹੈ?
----
ਉਹਨਾਂ ਤੇ ਵੀ ਪੜ੍ਹਨ ਦੇ ਵਰ੍ਹੇ ਆ ਗਏ ।
ਦੋਵਾਂ ਨੂੰ ਪਹਿਲੀ ਕਲਾਸ ਵਿੱਚ ਦਾਖਲ ਕਰਵਾ ਦਿੱਤਾ ।
ਦੋਵੇਂ ਕੋਲ਼ੋ-ਕੋਲ਼ ਬਹਿੰਦੇ ਤੇ ਆਪੋ ਆਪਣੇ ਝੋਲੇ ਵੀ ਨਾਲ ਨਾਲ ਹੀ ਜੋੜਕੇ ਰੱਖਦੇ । ਇੱਕੋ ਇੱਕ ਕੈਦਾ ਹੁੰਦਾ ਸੀ ਸਭਨਾਂ ਕੋਲ਼ ਜੋ ਪਹਿਲੇ ਦਿਨ ਝੋਲ਼ੇ ਵਿੱਚ ਪੈ ਗਿਆ ਸੀ ਤੇ ਫਿਰ ਕਦੇ ਕਦਾਈ ਮੂਰਤਾਂ ਵੇਖਣ ਤੋਂ ਬਿਨਾਂ ਕਦੇ ਬਾਹਰ ਨਹੀਂ ਸੀ ਨਿਕਲਿਆ ।
-‘ਆਹ ਉੱਠ ਮੇਰਾ,’ਉਹ ਪਹਿਲਾਂ ਬੋਲਦਾ ।
-‘ਤੇ ਆਹ ਬੱਕਰੀ ਮੇਰੀ,’ ਸ਼ਰਬਤੀ ਵੀ ਬਰਾਬਰ ਕੇ ਬੋਲਦੀ ।
-‘ਹਲੋ ਤੇਰੀ ਬੱਕਰੀ ਛੋਟੀ ।’
-‘ਲੈ ਫਿਰ ਕੀ ਹੋ ਗਿਆ ਜੇ ਛੋਟੀ ਐ ਹੈਗੀ ਤਾਂ ਬੱਕਰੀ ,’ ਸ਼ਰਬਤੀ ਦੀ ਆਵਾਜ਼ ਵਿੱਚ ਥੋੜਾ ਸ਼ਿਕਵਾ ਹੁੰਦਾ ।
-‘ਜੇ ਛੋਟੀ ਐਂ ਨਾਂ ਤਾਂ ਹੀ ਤਾਂ ਮੇਰੇ ਉੱਠ ਨੇ ਬਿੰਦ ‘ਚੀ ਜਾੜਾਂ ਨਾਲ ਚੱਬ ਦੇਣੀ ਐ,’ਉਹ ਦੱਸਦਾ ਤੇ ਹੱਸ ਪੈਂਦਾ ।
ਸ਼ਰਬਤੀ ਉਸ ਨਾਲ ਲੜ ਪੈਂਦੀ ।
ਉਹ ਹੱਸਦਾ ਰਹਿੰਦਾ ।
ਤੇ ਸ਼ਰਬਤੀ ਉੱਠ ਮੰਗਣ ਦੀ ਜਿੱਦ ਕਰਦੀ ਕਰਦੀ ਰੋ ਪੈਂਦੀ ।
-‘ਆਹ ਜੀ ਦੋਨੇਂ ਲੜੀ ਜਾਂਦੇ ਐ ।’ ਜਦੋਂ ਕੋਈ ਹੋਰ ਜੁਆਕ ਨੱਕ ਦੀ ਨਲੀ ਪੂੰਝਦਾ ਬਾਬੂ ਰਾਮ ਮਾਸਟਰ ਕੋਲ ਸ਼ਿਕਾਇਤ ਲਾਉਂਦਾ।ਤਾਂ ਬਾਬੂ ਰਾਮ –‘ਹਟੋ ਉਏ! ਸਾਲੇ ਲੰਡੇ ਨਾ ਹੋਣ ਤਾਂ,’ ਕਹਿ ਕੇ ਫਿਰ ਉਂਗਲਾਂ ਦੇ ਪਟਾਕੇ ਪਾਉਣ ਲੱਗ ਪੈਂਦਾ।
----
ਫਿਰ ਦਿਨ ਬੀਤਦੇ ਗਏ ।
ਉਹ ਵੀ ਬਿਨਾਂ ਪੜ੍ਹਨ ਦੇ ਹੀ ਅਗਲੀ ਕਲਾਸ ਵਿੱਚ ਹੁੰਦੇ ਗਏ । ਉਂਝ ਬਾਬੂ ਰਾਮ ਨੇ ਆਪਣੀ ਮਿਹਨਤ ਨਾਲ ਉਹਨਾਂ ਨੂੰ ਪੈਂਤੀ ਤਾਂ ਜ਼ਰੂਰ ਯਾਦ ਕਰਵਾ ਦਿੱਤੀ ਸੀ ।
ਫਿਰ ਅੱਗੇ ਤੇ ਹੋਰ ਅੱਗੇ –
ਉਹ ਪੰਜਵੀਂ ਵਿੱਚ ਹੋ ਗਏ ।
ਸ਼ਰਬਤੀ ਕੱਛੇ ਦੀ ਜਗ੍ਹਾ ਪਜਾਮੀ ਪਾਉਣ ਲੱਗੀ ਸੀ ਪਰ ਉਸਦੇ ਅਜੇ ਵੀ ਉਹੀ ਡੋਕਲ ਜਿਹਾ ਹੀ ਕੱਛਾ ਹੁੰਦਾ ।
-‘ਸਾਲਿਆ ਟਿੱਟਣਾ ਜਿਆ । ਇਹ ਬਾਬੂ ਰਾਮ ਆਲੀ ਪਹਿਲੀ ਨੀ ਪੁੱਤ ਪੰਜਵੀਂ ਐ ਪੰਜਵੀਂ, ਜੇ ਇਹੀ ਹਾਲ ਰੱਖਣਾ ਤਾਂ ਕੱਲ੍ਹ ਨੂੰ ਕਹਿ ਦੇਈ ਮਾਂ ਨੂੰ ਚੂਰੀ ਘਰ ਈ ਖਵਾ ਦਿਆ ਕਰੇ ।’ ਕਿਸੇ ਕੰਮ ਨਾ ਕਰਨ ਤੋਂ ਹੇਮਰਾਜ ਸੁੱਖੀ ਨੂੰ ਗਾਲਾਂ ਦਿੰਦਾ ।
ਸ਼ਰਬਤੀ ਹੱਸਦੀ ਤੇ ਖ਼ੂਬ ਹੱਸਦੀ ।
ਪਿੱਛੇ ਆਪਣੀ ਥਾਂ ਤੇ ਬੈਠਾਂ ਸੁੱਖੀ ਉਸਨੂੰ ਕਚੀਚੀਆਂ ਚੱਬਦਾ ।
-‘ਭੇਡੇ ਜੀਏ ਤੂੰ ਵੀ ਆ ‘ਗੀ ਇਹਦੇ ਆਲੇ ਲੱਛਣਾਂ ‘ਤੇ, ਕੋਈ ਨ੍ਹੀਂ ਕੱਲ੍ਹ ਨੂੰ ਸੱਦੂੰ ਤੇਰੀ ਮਾਂ ਨੂੰ ।’ ਜਦੋਂ ਸ਼ਰਬਤੀ ਨੂੰ ਝਿੜਕਾਂ ਪੈਂਦੀਆਂ ਤਾਂ ਸੁੱਖੀ ਦੀ ਖ਼ੁਸ਼ੀ ਦਾ ਵੀ ਕੋਈ ਟਿਕਾਣਾ ਨਾ ਰਹਿੰਦਾ । ਮਗਰ ਬੈਠਾ ਬੋਲੀ ਜਾਂਦਾ ਉਂਗਲ ਨੂੰ ਥੁੱਕ ਲਾ ਲਾ ਦਿਖਾਉਂਦਾ, ਡੋ-ਡੋ ਕਰਦਾ ਤੇ ਸ਼ਰਬਤੀ ਨੂੰ ਪੂਰੀ ਮਚਾ ਕੇ ਚੁੱਪ ਕਰਕੇ ਬਹਿ ਜਾਂਦਾ ।
ਛੁੱਟੀ ਹੁੰਦੀ ਉਹ ਚੁੱਪ-ਚਾਪ ਉਵੇਂ ਲੜੇ-ਭਿੜੇ ਆਪੋ-ਆਪਣੇ ਘਰੀਂ ਚਲੇ ਜਾਂਦੇ ਪਰ ਜਦੋਂ ਸੁੱਖੀ ਘਰੋਂ ਗੁੱਲੀ ਡੰਡਾ ਲੈ ਕੇ ਘਰੋਂ ਬਾਹਰ ਆਉਂਦਾ ਤਾਂ ਜਿਵੇਂ ਤਖਤਿਆਂ ਉਹਲੇ ਖੜ੍ਹੀ ਸ਼ਰਬਤੀ ਉਸ ਦੀ ਉਡੀਕ ਕਰਦੀ ਇੱਕੇ ਦਮ ਉਸ ਦੇ ਕੋਲ ਆ ਜਾਂਦੀ ।
-‘ਮੈਨੂੰ ਖਡਾ ਲੇਂਗਾ?’ ਉਹ ਹੋਲੀ ਜਿਹੀ ਬੋਲਦੀ ।
-‘-------।’
-ਲੈ ਵੀ ਹੁਣ ਨੀ ਤੈਨੂੰ ਚਿੜਾਉਂਦੀ ਹੈਗੀ ਬੱਸ ਹੁਣ ਤਾਂ ਖਡਾ ਲੈ ।’
ਉਹ ਉਵੇਂ ਜਿਵੇਂ ਚੁੱਪ-ਚਾਪ ਦਣ ਪੁੱਟਦਾ ਰਹਿੰਦਾ ।
-‘ਮੱਚੜਾ ਜਾ ਨਾ ਹੋਵੇ ਤਾਂ ……।’ਉਹ ਕਲਪਦੀ
-‘ਤੂੰ ਭੇਡ……।’ ਉਹ ਤਿੜਕਦਾ
-‘ਚੰਗਾ ਨਾ ਖਡਾ ਮੈਂ ਵੀ ਪੀਚੋ ਖੇਡਦੀਆਂ ਤੂੰ ਆਕੇ ਨੇੜੇ ਵੀ ਲੱਗ ਜੀ ।’
-‘ਚੰਗਾ ਮੈਂ ਵੀ ਖਡਾ ਲੈਨਾਂ । ਅਖੇ ਦੀ ਤੂੰ ਵੀ ਮੈਨੂੰ ਪੀਚੋ ਖਿਡਾਈਂ ।’ ਉਹ ਇੱਕੇ ਦਮ ਗੁੱਲੀ ਡੰਡਾ ਥਾਂ ਤੇ ਹੀ ਸੁੱਟ ਕੇ ਖੜ੍ਹਾ ਹੋ ਜਾਂਦਾ।
ਫਿਰ ਦੋਵਾਂ ਵਿਚਕਾਰ ਸਮਝੌਤਾ।
ਗੁੱਲੀ ਡੰਡਾ ਖੇਡਣਾ ਵੀ ਤਾਂ ਇਕੱਠਿਆਂ ਤੇ ਜੇ ਪੀਚੋ ਬੱਕਰੀ ਤਾਂ ਵੀ।
ਹਰ ਰੋਜ਼ ਇਵੇਂ ਹੀ ਹੁੰਦਾ ਸੀ ।
ਰੋਜ਼ ਰੋਸੇ ਤੇ ਰੋਜ਼ ਹੀ ਸਮਝੌਤੇ ।
----------------------------
ਦੂਜਾ ਕਾਂਡ ਸਮਾਪਤ – ਤੀਜੇ ਦੀ ਉਡੀਕ ਕਰੋ!
No comments:
Post a Comment