ਉਸਦੀ ਦੋਸਤੀ ਦਾ ਘੇਰਾ ਕਾਫੀ ਵਧ ਚੁਕਿਆ ਸੀ ।ਦੋਸਤ ਮਿਲਣ ਆਉਂਦੇ ਤਾਂ ਦਫ਼ਤਰ ਵਾਲੇ ਉਸਦੇ ਦੋਸਤਾਂ ਨੂੰ ਹੱਥਾਂ ਤੇ ਚੁੱਕ ਲੈਂਦੇ ਅਤੇ ਪੂਰਾ ਮਾਣ ਕਰਦੇ ।
ਦਫ਼ਤਰ ਵਾਲੇ ਉਸਨੂੰ ਟੋਕਦੇ ਕਿ ਇੰਨੀਆਂ ਵਧੀਆ ਵਧੀਆ ਤੇ ਸਾਫ਼ ਪਾਣੀਆਂ ਵਾਲੀਆਂ ਨਦੀਆਂ ਉਸਦੇ ਦੁਆਲੇ ਵਗਦੀਆਂ ਹਨ, ਫਿਰ ਉਹ ਸਾਰੀਆਂ ‘ਚੋਂ ਹੀ ਚੂਲੀ ਚੂਲੀ ਪਾਣੀ ਦੀ ਭਰਕੇ ਕਿਉਂ ਨਹੀਂ ਪੀ ਲੈਂਦਾ? ਕਿਉਂ ਨਹੀਂ ਇੱਕੋ ਸਾਹੇ ਡੀਕ ਲਾ ਕੇ ਉਹਨਾਂ ਨੂੰ ਖ਼ਤਮ ਕਰ ਦਿੰਦਾ? ਉਸਨੇ ਤਾਂ ਸ਼ਿਵਜੀ ਦੀ ਰਵਾਇਤ ਵੀ ਭੰਗ ਕਰਕੇ ਹੱਦ ਕਰ ਦਿੱਤੀ ਸੀ ।ਉਸਨੂੰ ਉਹ ਬਾਰ ਬਾਰ ਕਹਿੰਦੇ ਕਿ ਜੇ ਉਹਦੀ ਥਾਂ ਤੇ ਉਹ ਹੁੰਦੇ ਤਾਂ ਹੁਣ ਨੂੰ ਨਦੀਆਂ ਦੀ ਰੇਤ ਹੀ ਬਾਕੀ ਦਿਸਣੀ ਸੀ ਤੇ ਜਾਂ ਕਿਨਾਰਿਆਂ ਦੇ ਹਾਉਕੇ ਦਿਖਾਈ ਦੇਣੇ ਸਨ ।
ਪਰ ਇੱਕ ਉਹ ਸੀ ਜਿਸ ਤੇ ਇਹਨਾਂ ਸਾਰੀਆਂ ਗੱਲਾਂ ਦਾ ਕੋਈ ਅਸਰ ਨਹੀਂ ਸੀ ।ਉਹ ਤਾਂ ਆਪ ਹੀ ਸ਼ਾਂਤ ਪਾਣੀ ਸੀ ।ਬੱਸ ਹੌਲੇ ਹੌਲੇ ਆਪਣੀ ਹੀ ਰੇਤ ਦੇ ਨਿੱਘ ਵਿੱਚ ਵਗ ਰਿਹਾ ਸੀ ਉਹ ਕਿਸੇ ਦੀ ਜ਼ੁਬਾਨ ਵੀ ਤਾਂ ਨਹੀਂ ਸੀ ਫੜ ਸਕਦਾ ਕੋਈ ਕੁੱਝ ਵੀ ਤਾਂ ਕਹਿੰਦਾ ਰਵ੍ਹੇ ।ਉਹ ਸਭ ਦੀਆਂ ਸੁਣਦਾ ਤੇ ਹੱਸ ਛੱਡਦਾ ।ਨਾਲ਼ੇ ਉਹ ਮੂਹਰੋਂ ਬੋਲ ਕੇ ਕਿਸੇ ਨਾਲ ਕਿਉਂ ਮੈਲਾ ਪਵੇ । ਕਹਿਣ ਵਾਲੇ ਉਂਝ ਤਾਂ ਠੀਕ ਹੀ ਕਹਿੰਦੇ ਹਨ ।ਕਿ ਉਹ ਜੁਆਨ ਹੈ ਹਰ ਪਾਸੇ ਤੋਂ ਪੂਰਾ ਹੈ ।ਫਿਰ ਇਹ ਪਾਸਾ ਵੱਟਣ ਵਾਲੀ ਗੱਲ ਕਿਉਂ ?
----
ਦਫ਼ਤਰ ਦੀਆਂ ਜਾਂ ਫੀਲਡ ‘ਚ ਕੰਮ ਕਰਨ ਵਾਲੀਆ ਕੁੜੀਆਂ ਕਈ ਵਾਰ ਉਸਨੂੰ ਇਕੱਲਿਆਂ ਬੈਠਿਆਂ ਵੇਖਕੇ ਉਸ ਕੋਲ ਆ ਕੇ ਬੈਠੀਆਂ ਰਹਿੰਦੀਆਂ । ਅਤੇ ਕਿੰਨੀ ਕਿੰਨੀ ਦੇਰ ਹੀ ਗੱਲਾਂ ਕਰਦੀਆਂ ਰਹਿੰਦੀਆਂ । ਉਹ ਕਿਤਾਬਾਂ ਕਿਉਂ ਪੜ੍ਹਦਾ ਹੈ ? ਉਹ ਦਫ਼ਤਰੀ ਕਰਮਚਾਰੀਆਂ ਦੇ ਵੱਡੇ ਵੱਡੇ ਕਹਿਕਹਿਆਂ ਵਿੱਚ ਸ਼ਾਮਿਲ ਕਿਉਂ ਨਹੀਂ ਹੁੰਦਾ ।ਅਤੇ ਫਿਰ ਗੱਲਾਂ ਤੋਰ ਕੇ, ਬਹਾਨੇ ਸਿਰ ਉਹ ਉਸੇ ਗੱਲ ਤੇ ਆ ਖੜ੍ਹਦੀਆਂ, ਜੋ ਅਸਲ ਵਿੱਚ ਕਰਨੀ ਹੁੰਦੀ ਸੀ ਜਿਹੜੀ ਗੱਲ ਉਹਨਾਂ ਦੇ ਮਨ ਦੀ ਗੱਲ ਹੁੰਦੀ ਸੀ, ਜਿਹੜੀ ਗੱਲ ਨਾਲ ਉਹਨਾਂ ਦਾ ਹਾਉਕਾ ਰਲ਼ਿਆ ਹੁੰਦਾ ਸੀ ।ਬਈ ਉਹ ਵਿਆਹ ਕਿਉਂ ਨਹੀਂ ਕਰਾਉਂਦਾ ?ਉਸਦੀ ਵਿਆਹ ਦੀ ਉਮਰ ਹੈ ਉਸਦੇ ਹਾਣ-ਪ੍ਰਵਾਣ ਦੀਆਂ ਬਹੁਤ ਕੁੜੀਆਂ ਹਨ ।ਤੇ ਉਸਦੀ ਉਮਰ ਵੀ ਤਾਂ ਵਿਆਹ ਕਰਵਾਉਣ ਦੀ ਹੈ ? ਬੱਸ ਇਸ ਲੰਮੇ ਸਿਲਸਿਲੇ ਦਾ ਇੱਕੋ ਹੀ ਸੰਖੇਪ ਜਿਹਾ ਉੱਤਰ ਹੁੰਦਾ । ‘ਦਰ ਅਸਲ ਤਹਾਨੂੰ ਰਿਸ਼ਤਿਆਂ ਦੀ ਸਮਝ ਨ੍ਹੀਂ ।’ ਰਿਸ਼ਤਿਆਂ ਦਾ ਇੱਕ ਲੰਬਾ ਤੇ ਗੁੰਝਲਦਾਰ ਜੰਗਲ ਹੁੰਦਾ ਹੈ ।ਜਿਸ ਵਿੱਚੋਂ ਹਰ ਕੋਈ ਆਪਣੇ ਢੰਗ ਨਾਲ ਗੁਜ਼ਰਦਾ ਹੈ ।ਤੇ ਮੈਂ ਵੀ ਆਪਣੇ ਢੰਗ ਨਾਲ ਗੁਜ਼ਰ ਰਿਹਾ ਹਾਂ ।
-‘ਫਿਰ ਅਸੀਂ ਕਿਉਂ ਨਹੀਂ ਆਪਣੇ ਢੰਗ ਨਾਲ ਗੁਜ਼ਰ ਸਕਦੀਆਂ ।ਤੇ ਨਾਲੇ ਪਤਾ ਨਹੀਂ ਕੀ ਗੱਲ ਐ ਕਿ ਇਹ ਗੱਲਾਂ ਤੁਹਾਡੇ ਬਿਨਾਂ ਹੋਰ ਕਿਸੇ ਨਾਲ ਸਾਂਝੀਆਂ ਨੀ ਕਰ ਸਕਦੀਆਂ ।
-‘ਗੁਜ਼ਰ ਕਿਉਂ ਨੀ ਸਕਦੀਆਂ, ਬੜੀ ਚੰਗੀ ਤਰਾਂ ਗੁਜ਼ਰ ਸਕਦੀਆਂ ਹੋ । ਬੱਸ ਬਾਗੀ ਤਬੀਅਤ ਬਣਾਉਣ ਦੀ ਜ਼ਰੂਰਤ ਹੈ।ਪਰੰਪਰਾ ਨੂੰ ਤੋੜਨ ਦੀ ਜ਼ਰੂਰਤ ਹੈ ।ਜਿਸ ਨੂੰ ਤੋੜਨ ਲਈ ਸਾਨੂੰ ਪਹਿਲਾਂ ਸਾਡੇ ਪੁਰਖਿਆਂ ਦੇ ਸੰਸਕਾਰਾਂ ਤੇ ਸੱਟ ਮਾਰਨੀ ਪਵੇਗੀ ।ਤੇ ਉਹਨਾਂ ਦੇ ਬਲ ਨੂੰ ਪਰਖਣਾ ਪਵੇਗਾ । ਬਾਕੀ ਇਹ ਕੋਈ ਵੱਡੀ ਗੱਲ ਨਹੀਂ ਕਿ ਤੁਸੀਂ ਮੇਰੇ ਬਿਨਾਂ ਕਿਸੇ ਹੋਰ ਨਾਲ ਇਹ ਗੱਲ ਸਾਂਝੀ ਨਹੀਂ ਕਰ ਸਕਦੀਆਂ। ਕਿਸੇ ਨਾਲ ਵੀ ਕਰ ਸਕਦੀਆਂ ਹੋ ਹਰ ਕੋਈ ਤੁਹਾਨੂੰ ਆਪੋ ਆਪਣੇ ਢੰਗ ਦੱਸੇਗਾ ।’
----
ਕੁੜੀਆਂ ਸੁਣਕੇ ਨਿਰ-ਉੱਤਰ ਹੋ ਜਾਂਦੀਆਂ ।ਇਹ ਮੱਛੀ ਕਿਵੇਂ ਵੀ ਉਹਨਾਂ ਦੇ ਜਾਲ਼ ਵਿੱਚ ਫਸ ਨਹੀਂ ਸੀ ਰਹੀ । ਉਹ ਕੀ ਜਾਣਦੀਆਂ ਸਨ ਇਸ ਸਮੁੰਦਰ ਦੇ ਪਾਣੀ ਦਾ ਸਵਾਦ ਕਿਹੋ ਜਿਹਾ ਹੈ ?
ਬਦਲੀਆਂ ਦੇ ਸਿਲਸਿਲੇ ਵਿੱਚ ਉਹਦੀ ਇੱਕ ਦੋ ਥਾਂ ਬਦਲੀ ਵੀ ਹੋਈ ।ਹਰ ਥਾਂ ਉਹੀ ਰਾਗ ਤੇ ਉਹੀ ਬੰਸਰੀ ਹੁੰਦੀ ।ਰਤਾ ਭਰ ਵੀ ਕੁੱਝ ਤਬਦੀਲ ਨਹੀਂ ਸੀ ਹੋਇਆ। ਆਖਰ ਉਹ ਵੀ ਅਖੀਰ ਵਿੱਚ ਕਹਿਣ ਲੱਗ ਪਿਆ ਸੀ –‘ਤਹਾਨੂੰ ਮੇਰੀ ਹੀ ਕਿਉਂ ਪਈ ਹੈ।ਹੋਰ ਕਿਸੇ ਬਾਰੇ ਵੀ ਤਾਂ ਸੋਚਿਆ ਕਰੋ ।ਠੀਕ ਹੈ ਮੈਂ ਬੀਤ ਰਿਹਾ ਹਾਂ।ਤੇ ਇਹ ਮੈਨੂੰ ਵੀ ਪਤਾ ਹੈ ਕਿ ਉਵੇਂ ਨਹੀਂ ਜਿਵੇਂ ਮੈਨੂੰ ਬੀਤਣਾ ਚਾਹੀਦੈ।’
ਸਭ ਚੁੱਪ ਹੋ ਜਾਂਦੀਆਂ ।
ਉਂਝ ਨੌਕਰੀ ਨੇ ਉਸਨੂੰ ਵਧੀਆ ਦੋਸਤ ਦਿੱਤੇ ਸਨ ।ਬਿਰਖਾਂ ਵਰਗੇ ਹਰੇ ਭਰੇ ਪੱਤਿਆਂ ਨਾਲ ਭਰਪੂਰ ਦੋਸਤ ।ਹਰ ਬ੍ਰਿਖ ਦੀ ਟਹਿਣੀਆਂ ਉਸ ਲਈ ਵਧੀਆ ਗਲਵੱਕੜੀ ਸਾਬਤ ਹੋ ਰਹੀ ਸੀ।
ਹੁਣ ਤਕਰੀਬਨ ਉਹ ਗੱਲ ਖ਼ਤਮ ਹੋ ਚੁੱਕੀ ਸੀ । ਆਪਣੀ ਗੰਭੀਰਤਾ ਸਦਕਾ ਹੀ ਉਹ ਵਧੀਆ ਦਾਇਰਿਆਂ ‘ਚੋਂ ਗੁਜ਼ਰ ਰਿਹਾ ਸੀ।ਕਿਤੇ ਉਸਦੇ ਵਧੀਆ ਵਧੀਆ ਸ਼ਿਅਰ ਮਹਿਫਲਾਂ ਦੀ ਪਹਿਲ ਕਦਮੀ ਕਰ ਰਹੇ ਕਰ ਰਹੇ ਹੁੰਦੇ ।ਤੇ ਕਿਤੇ ਉਸਦੀ ਕਵਿਤਾ ਸਭ ਦੀਆਂ ਅੱਖਾਂ ‘ਚ ਨਮੀ ਉਤਾਰ ਰਹੀ ਹੁੰਦੀ ।
----
ਪੁਰਾਣੀਆਂ ਗੱਲਾਂ ਪੁਰਾਣੀਆਂ ਹੀ ਰਹੀਆਂ ਅਤੇ ਉਹ ਆਪਣੀ ਤੋਰੇ ਤੁਰਦਾ ਰਿਹਾ।
ਫਿਰ ਉਸਦੇ ਦਫਤਰ ਵਿੱਚ ਲਾਲੀ ਦਾ ਆਗਮਨ ਹੋਇਆ।ਸਾਢੇ ਪੰਜ ਫੁੱਟ ਲੰਮੀ, ਗੋਰੀ, ਨਾਇਕਾਵਾਂ ਵਰਗੀ ਕੁੜੀ ਉਸਦੇ ਦਫਤਰ ਵਿੱਚ ਸਟੈਨੋ ਬਣ ਕੇ ਆਈ ।ਕੁੜੀ ਕਾਹਦੀ ਸੀ ਬੱਸ ਸਾਰਾ ਦਫਤਰ ਹੀ ਹੈਰਾਨ ਹੋ ਗਿਆ ।ਪਟੱਕ ਪਟੱਕ ਗੱਲਾਂ ਮਾਰਦੀ ਉਸਦੀ ਪਤਲੀ ਜ਼ੁਬਾਨ ਜਦੋਂ ਵਰ੍ਹਦੀ ਤਾਂ ਹਰ ਇੱਕ ਦੇ ਦਿਲ ਨੂੰ ਭਿਉਂ ਜਾਂਦੀ ।
ਦਫਤਰ ਦਾ ਮਾਹੌਲ ਬਦਲ ਗਿਆ ਸੀ ਜਿਸ ਦਫਤਰ ਵਿੱਚ ਦਿਨੇ ਉਜਾੜ ਰਹਿੰਦੀ ਹੁਣ ਉਸ ਦਫਤਰ ਵਿੱਚ ਸਾਰਾ ਦਿਨ ਰੌਣਕ ਰਹਿੰਦੀ ।ਉਦਾਸੀ ਦਾ ਮਾਹੌਲ ਹੀ ਕਿਸੇ ਪਾਸੇ ਨਹੀਂ ਸੀ ।ਚਾਹ ਵਾਲੇ ਨੂੰ ਬਹੁਤ ਫਾਇਦਾ ਹੋ ਗਿਆ।ਜਿਹੜਾ ਵੀ ਦੋ ਘੜੀ ਉਸ ਕੋਲ ਟਾਈਪ ਕਰਵਾਉਣ ਜਾਂਦਾ ਉਹੋ ਹੀ ਕੋਲ ਬੈਠਾ, ਗੱਲਾਂ ਮਾਰਦਾ ਟਾਈਪ ਕਰਵਾਉਣ ਦੇ ਬਹਾਨੇ ਚਾਹ ਮੰਗਵਾ ਲੈਂਦਾ ।ਬਹੁਤ ਸਾਰੀਆਂ ਗੱਲਾਂ ਨਾਲ ਕਾਵਾਂ ਰੌਲੀ ਮੱਚੀ ਰਹਿੰਦੀ ।ਤੇ ਉਹ ਲੰਮੀ ਕੁੜੀ ਵੀ ਸਭਦੀਆਂ ਗੱਲਾਂ ਦਾ ਪਟੱਕ ਪਟੱਕ ਜੁਆਬ ਦਿੰਦੀ ।ਪਰ ਇੱਕ ਉਹ ਵੀ ਸੀ ਜੋ ਇਸ ਸਾਰੇ ਰੌਲੇ ਵਿੱਚ ਖ਼ਾਮੋਸ਼ ਸੀ ।ਸਭ ਦੀ ਗੱਲਾਂ ਸੁਣਦਾ ਉਹ ਚੁਪਕੇ ਹੀ ਆਪਣੀ ਕੋਈ ਕਿਤਾਬ ਪੜ੍ਹਦਾ ਰਹਿੰਦਾ ਤੇ ਜਾਂ ਕਿਸੇ ਦੋਸਤ ਨੂੰ ਖ਼ਤ ਲਿਖਦਾ ਰਹਿੰਦਾ। ਆਪਣੇ ਵਰਤਮਾਨ ਪਲਾਂ ਦਾ ਖ਼ਤ ।
----
ਵਰਤਮਾਨ ਪਲ, ਜੋ ਉਸ ਕੋਲੋਂ ਉਲਾਂਭੇ ਵਾਂਗ ਹੀ ਗੁਜ਼ਰ ਰਹੇ ਸਨ ।ਤੇ ਉਹ ਇਨ੍ਹਾਂ ਉਲਾਂਭਿਆਂ ਭਰੇ ਪਲਾਂ ਦੀ ਇਬਾਰਤ ਦੋਸਤਾਂ ਨੂੰ ਆਪਣੇ ਖ਼ਤਾਂ ਵਿੱਚ ਲਿਖਦਾ । ਦੋਸਤਾਂ ਦੇ ਲੰਬੇ ਲੰਬੇ ਖ਼ਤ ਆਉਂਦੇ ।ਤਾਂ ਸੁੱਖੀ ਦੇ ਦਫਤਰ ਦੇ ਬੰਦੇ ਉਸ ਤੋਂ ਮੱਲੋ ਜ਼ੋਰੀ ਉਹ ਖ਼ਤ ਲੈ ਕੇ ਪੜ੍ਹ ਲੈਂਦੇ ।ਤੇ ਖ਼ਤਾਂ ਦੀ ਤਾਰੀਫ਼ ਕਰਦੇ।ਵੈਸੇ ਉਹਨਾਂ ਫਾਈਲ਼ਾਂ ਵਿੱਚ ਨੱਥੀ ਹੋਏ ਬੰਦਿਆਂ ਕੋਲ ਤਾਰੀਫ਼ਾਂ ਤੋਂ ਬਿਨਾਂ ਸੀ ਵੀ ਕੀ ?
ਉਸਦੀ ਗੰਭੀਰਤਾ ਨੇ ਲਾਲੀ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਦਫਤਰ ਦੇ ਬੰਦਿਆਂ ਤੋਂ ਪੁੱਛਦੀ, ਬਈ ਇਹ ਇੰਨੇ ਉਦਾਸ ਕਿਉਂ ਰਹਿੰਦੇ ਨੇ ।ਹਰ ਵਕਤ ਕਿਤਾਬਾਂ ਜਿਹੀਆਂ ਕਿਉਂ ਪੜ੍ਹਦੇ ਨੇ ।ਤਾਂ ਉਹਨਾਂ ਕੋਲ ਇੱਕੋ ਇੱਕ ਘੜਿਆ-ਘੜਾਇਆ ਜੁਆਬ ਹੁੰਦਾ, ਬਈ ਏਹਨੂੰ ਨੌਕਰੀ ਕਰਦੇ ਨੂੰ ਐਨੇ ਸਾਲ ਹੋ ਗਏ ਨੇ । ਇਹ ਜਿਵੇਂ ਆਇਆ ਸੀ ਉਵੇਂ ਦਾ ਉਵੇਂ ਈ ਐ ।ਊਂ ਇੱਕ ਗੱਲ ਇਹਦੇ ਨਾਲ ਦਾ ਵਧੀਆਂ ਬੰਦਾ ਅਜੇ ਤੀਕ ਸਾਡੇ ਦਫ਼ਤਰ 'ਚ ਨੀਂ ਆਇਆ ।
ਲਾਲੀ ਸੋਚਣ ਤੇ ਮਜਬੂਰ ਹੋ ਜਾਂਦੀ ।ਕਿ ਨਾਂ ਕਿਸੇ ਨਾਲ ਖੁੱਲ ਕੇ ਬੋਲਣਾ ਨਾ ਹੀ ਖੁੱਲ੍ਹਕੇ ਹੱਸਣਾ ।ਸਵਾਹ ਹੋਊ ਇਹ ਵਧੀਆ ਬੰਦਾ।
ਫਾਈਲਾਂ ਵਿੱਚ ਨੱਥੀ ਮਨੁੱਖਾਂ ਨੇ ਫਿਰ ਪਹਿਲਾਂ ਵਾਲੀਆਂ ਪਰਤਾਂ ਉਧੇੜ ਲਈਆਂ ।ਉਹੀ ਗੱਲਾਂ ਉਹੀ ਸਿਲਸਿਲੇ ।ਬਈ ਲਾਲੀ ਵਾਰ ਵਾਰ ਉਹਨਾਂ ਕੋਲੋਂ ਉਹਦੇ ਬਾਰੇ ਪੁੱਛਦੀ ਰਹਿੰਦੀ ਹੈ ਉਸਦੀ ਗੰਭੀਰਤਾ ਬਾਰੇ ਪੁੱਛਦੀ ਹੈ ।
----
ਹੁਣ ਲਾਲੀ ਨੇ ਉਸ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ।
ਹੁਣ ਲਾਲੀ ਨੇ ਆਪਣੇ ਵਰਤਮਾਨ ਪਲਾਂ ਵਿੱਚ ਉਹਦਾ ਨਾਮ ਵੀ ਲਿਖਣਾ ਸ਼ੁਰੂ ਕਰ ਦਿੱਤਾ ।
ਹੁਣ ਲਾਲੀ ਨੇ ਆਪਣੇ ਸੁਪਨਿਆਂ ਦੀ ਹੱਦ ਨੂੰ ਸੁੱਖੀ ਦੀ ਹੱਦ ਨਾਲ ਜੋੜਨਾ ਸ਼ੁਰੂ ਕਰ ਦਿੱਤਾ ।
ਤੇ ਜਦੋਂ ਲਾਲੀ ਨੇ ਉਸਦੀ ਚੁੱਪ ਦੀ ਬਾਤ ਦਾ ਸਿਰਲੇਖ ਉਣ ਲਿਆ ਤਾਂ ਉਹ ਵੀ ਵੇਲ ਬਣਕੇ ਉਹਦੇ ਮੋਢੇ ਲੱਗ ਗਿਆ ।
ਇਹ ਲਾਲੀ ਹੀ ਸੀ ਜਿਸਨੇ ਉਸਦੀ ਚੁੱਪ ਦੀ ਬਾਤ ਦਾ ਸਿਰਲੇਖ ਲਿਖਕੇ ਉਸਦੇ ਮਨ ਦੇ ਹਨੇਰੇ ‘ਚ ਦੀਵਾ ਬਾਲਿਆ ਸੀ।
ਲਾਲੀ ਦੀ ਸਾਧਨਾ ਪ੍ਰਾਪਤੀ ਬਣ ਗਈ ।
ਸੁੱਖੀ ਨੇ ਸ਼ਿਵਜੀ ਮਹਾਰਾਜ ਨਾਲ ਅੱਖਾਂ ਮਿਲਾਈਆਂ ।
ਸੁੱਖੀ ਦੇ ਪਤਝੜਾਂ ਵਿੱਚ ਵਗੀ ਪੌਣ ਦਾ ਚਿਹਰਾ ਜਿਸਨੇ ਵੀ ਵੇਖਿਆ ਉਸਨੇ ਹੀ ਉਸ ਨੂੰ ਮੁਬਾਰਕਾਂ ਦਿੱਤੀਆਂ, ਆਪਣੀ ਗਲਵੱਕੜੀ ਵਿੱਚ ਲਿਆ ।
----
ਸਾਰੀ ਕਾਇਨਾਤ ਹੈਰਾਨ ਸੀ। ਉਸਦੇ ਸਾਰੇ ਦੋਸਤਾਂ ਨੇ ਆਪੋ-ਆਪਣੇ ਚਿਹਰੇ ਇੱਕ ਵਾਰੀ ਜਲਾਵਤਨ ਹੋਏ ਰੰਗਾਂ ਦੇ ਹਵਾਲੇ ਕਰ ਦਿੱਤੇ ।ਇਹ ਕੀ ਹੋ ਗਿਆ ਸੀ । ਲਾਲੀ ਨੇ ਅਜਿਹੇ ਕਿੰਨਾਂ ਯੋਗੀਆਂ ਦੇ ਪੈਰ ਫੜੇ ਸਨ ।ਕਿ ਉਹ ਆਪਣੇ ਬੋਧੀ ਨੂੰ ਬੀਆਬਾਨਾਂ ‘ਚੋਂ ਵਾਪਸ ਮੋੜ ਲਿਆਈ ਸੀ
ਉਹ ਹਰ ਦਿਨ ਹਰ ਪਲ ਨੇੜੇ ਹੋ ਰਹੇ ਸਨ ।
ਇੱਕ ਦੂਜੇ ਦੇ ਪਾਣੀਆਂ ਤੇ ਆਪਣਾ ਨਾਮ ਲਿਖਦੇ ਸਨ ।
ਇੱਕ ਦੂਜੇ ਦੇ ਸੰਗੀਤ ਨੂੰ ਅਰਥ ਦਿੰਦੇ ਸਨ ।
ਇੱਕ ਦੂਜੇ ਦੀ ਛਾਂ ‘ਚ ਹਥੇਲੀਆਂ ਵਿਛਾਉਂਦੇ ਸਨ ।
ਤੇ ਇੱਕ ਦੂਜੇ ਦੇ ਅੰਬਰ ‘ਚੋਂ ਤਾਰੇ ਤੋੜ ਕੇ ਲਿਆਉਂਦੇ ਸਨ ।
ਹੁਣ ਸੁੱਖੀ ਦਾ ਕਮਰਾ ਵੀ ਉਸਨੂੰ ਧਾਅ ਕੇ ਮਿਲਦਾ, ਉਸਦੇ ਬੀਤੇ ਦਿਨਾਂ ਦੀ ਦਾਸਤਾਨ ਸੁਣਦਾ ।ਤੇ ਫਿਰ ਚੁੱਪ-ਚਾਪ ਆਪਣੀ ਹੀ ਔਕਾਤ ਵਿੱਚ ਦੁੱਬਕ ਜਾਂਦਾ ।
-‘ਉਹ ਤਾਂ ਤਿੰਨ ਕੁ ਮਹੀਨਿਆਂ ਲਈ ਹੀ ਆਈ ਹੈ ।’
-‘ਫਿਰ ਵਗਦੇ ਵਰੋਲਿਆਂ ਨਾਲ ਇਹਨਾਂ ਪਾਣੀਆਂ ਦਾ ਕੀ ਰਿਸ਼ਤਾ ?’ ਸੁੱਖੀ ਦੇ ਕਮਰੇ ਨੇ ਉਸਨੂੰ ਬਹੁਤ ਨੇੜੇ ਹੋ ਕੇ ਕਿਹਾ ।
ਸੱਚ ਮੁੱਚ ਹੀ ਕੋਈ ਰਿਸ਼ਤਾ ਨਹੀਂ ਸੀ ।
-‘ਚੰਦਰਿਆ ਕਾਹਦੇ ਲਈ ਤੂੰ ਆਪਣੀ ਉਦਾਸੀ ਨੂੰ ਭੰਗ ਕੀਤਾ ।ਆਪਣੀ ਉਦਾਸੀ ਦੇ ਵਿਰਲਾਪ ਦਾ ਆਪ ਹੀ ਕਾਤਲ ਬਣ ਗਿਆ। ਨਹੀਂ ਸੁੱਖੀ ਤੂੰ ਕਿਸੇ ਦੀ ਵਫਾ ਨੂੰ ਬੇਵਫਾ ਦੇ ਅਰਥ ਨਾਂ ਦੇਹ ।’ ਆਪਣੇ ਹੀ ਕਮਰੇ ਚੋਂ ਆਈ ਆਵਾਜ਼ ਨਾਲ ਉਹ ਝੰਜੋੜਿਆ ਗਿਆ ।ਪਰ ਹੁਣ ਸ਼ਾਇਦ ਸੁੱਖੀ ਉਥੋਂ ਪਰਤ ਨਹੀਂ ਸੀ ਸਕਦਾ ।ਜਿੱਥੇ ਤੀਕ ਉਹ ਪੁੱਜ ਚੁੱਕਿਆ ਸੀ।
----
ਚਰਚਾ ਵਿੱਚ ਤੁਰਦੇ ਉਸਦੇ ਨਾਮ ਨਾਲ ਇੱਕ ਨਾਮ ਹੋਰ ਜੁੜ ਗਿਆ ਸੀ ।
ਉਹ ਨਹੀਂ ਸੀ ਚਾਹੁੰਦਾ ਕਿ ਹੁਣ ਉਹ ਆਪਣੇ ਵਿਰਲਾਪ ਨੂੰ ਕੋਈ ਹੋਰ ਰੂਪ ਦੇ ਕੇ, ਉਹਨੂੰ ਨੀਲਾਮ ਹੋਣ ਲਈ ਛੱਡ ਦੇਵੇ ।
ਤੁਰਦੀਆਂ ਪੈੜਾਂ ਨੂੰ ਹੁਣ ਉਹ ਵਰਜਿਤ ਨਹੀਂ ਸਨ ਕਰਨਾ ਚਾਹੁੰਦੇ ।
ਲਾਲੀ ਦੀ ਥਾਂ ਤੇ ਕੋਈ ਹੋਰ ਪੱਕਾ ਕਰਮਚਾਰੀ ਆ ਗਿਆ ।ਤੇ ਉਹ ਇਸ ਟੁੱਟਦੇ ਬੰਨ੍ਹ ਨੂੰ ਰੋਕਣ ਲਈ ਸੂਬੇ ਦੀ ਰਾਜਧਾਨੀ ਜਾ ਬੈਠਾ।ਰਾਜਧਾਨੀ ਦੀਆਂ ਸੜਕਾਂ ਅਤੇ ਦਫਤਰਾਂ ਵਿੱਚ ਹੁਣ ਉਸਦੀ ਅਵਾਰਗੀ ਦਾ ਦੌਰ ਸੀ ।ਤੇ ਉਹ ਆਪਣੇ ਇਸ ਦੌਰ ਨਾਲ ਬੁਰੀ ਤਰਾਂ ਜੁੜਿਆ ਹੋਇਆ ਸੀ ।ਆਪਣੇ ਦੋਸਤ ਦੇ ਘਰੋਂ ਉਹ ਸਵੇਰੇ ਹੀ ਦਫਤਰ ਚਲਿਆ ਜਾਂਦਾ ਅਤੇ ਸਾਰੇ ਦਿਨ ਦੀ ਭਟਕਣਾ, ਮੱਥੇ ਵਿੱਚ ਜਮ੍ਹਾਂ ਕਰਕੇ ਵਾਪਸ ਪਰਤ ਆਉਂਦਾ।ਨਹਾਉਂਦਾ, ਤੌਲੀਏ ਨਾਲ ਜਿਸਮ ਪੂੰਝਦਾ ।ਪਰ ਭਟਕਣਾ, ਉਹ ਵੀ ਭਲਾ ਕਦੀ ਤੌਲੀਏ ਨਾਲ ਪੂੰਝੀ ਗਈ ਐ ।
-----
ਦੋ ਮਹੀਨਿਆਂ ਬਾਅਦ ਰਾਜਧਾਨੀ ਦਾ ਰਾਹਗੀਰ ਵਾਪਸ ਪਰਤ ਆਇਆ ਹੱਥ ਵਿੱਚ ਨਿਰਾਸ਼ਾ ਦੀਆਂ ਫਾਈਲ਼ਾਂ ਫੜੀ ।ਉਸਦੇ ਕੁੱਝ ਵੀ ਪੱਲੇ ਨਾ ਪਿਆ ।ਉਸਨੇ ਇੱਕ ਵਾਰ ਫਿਰ ਉਨ੍ਹਾਂ ਕੁੱਝ ਗਵਾਇਆ ਜਿੰਨਾਂ ਕੁੱਝ ਉਸਦੇ ਪੱਲੇ ਨਹੀਂ ਸੀ ।ਕਮਰੇ ‘ਚ ਵੜਦੇ ਦਾ ਚਿਹਰਾ ਤੱਕਕੇ ਉਸਦੇ ਕਮਰੇ ਦੀ ਗਲਵੱਕੜੀ ਤ੍ਰਹਿ ਗਈ ।
ਦਫਤਰ ਵਿੱਚ ਗੈਰ ਹਾਜ਼ਰੀਆਂ ਦਾ ਸਿਲਸਿਲਾ ਜਾਰੀ ਸੀ ।ਤਨਖਾਹ ਦੇ ਸਾਰੇ ਰਸਤੇ ਬੰਦ ਸਨ ।ਅਤੇ ਦਫਤਰ ਵੜਦਿਆਂ ਹੀ ਐਕਸ ਪਲੇਨੇਸ਼ਨ ਕਾਲ ਦਾ ਥੱਬਾ ਉਸ ਅੱਗੇ ਆ ਖੜ੍ਹਿਆ ।ਉਸਦੇ ਲਈ ਇਹ ਸਭ ਕੁੱਝ ਫਾਲਤੂ ਸੀ ਬਕਵਾਸ ਸੀ ਤੇ ਉਹ ਇਹ ਕੁੱਝ ਵੀ ਨਹੀਂ ਸੀ ਕਰਨਾ ਚਾਹੁੰਦਾ ।ਉਸਨੂੰ ਤਾਂ ਬੱਸ ਵਕਤ ਚਾਹੀਦਾ ਸੀ ਕਿ ਉਹ ਇਕੱਲਾ ਬੈਠਕੇ ਕੁੱਝ ਸੋਚ ਸਕੇ ।
ਦੋਸਤਾਂ ਨੇ ਉਸਨੂੰ ਹੌਂਸਲਾ ਦਿੱਤਾ ਉਠਾਇਆ ਅਤੇ ਆਪਣੇ ਨਾਲ ਤੋਰ ਲਿਆ । ਪਹਿਲਾਂ ਵਾਂਗ ਹੀ ਫਿਰ ਦਫ਼ਤਰਾਂ ਦੀਆਂ ਫੇਰੀਆਂ ਸ਼ੁਰੂ ਹੋ ਗਈਆਂ ਤੇ ਅਖੀਰ ਉਹਨਾਂ ਨੇ ਲਾਲੀ ਨੂੰ ਵੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਭਰਤੀ ਕਰਵਾ ਦਿੱਤਾ ।
----
ਸਭ ਲਈ ਖੁਸ਼ੀ ਦਾ ਦਿਨ ਸੀ ।ਸੋ ਪੀਤੀ ਗਈ ।ਜੋ ਉਂਝ ਵੀ ਤਾਂ ਪੀਤੀ ਹੀ ਜਾਣੀ ਸੀ ।
ਲਾਲੀ ਵਧੀਆ ਅਡਜਸਟ ਹੋ ਗਈ ।
ਤੇ ਸੁੱਖੀ ਫਿਰ ਤੋਂ ਆਪਣੇ ਦਫਤਰ ਰੈਗੂਲਰ ਹੋ ਗਿਆ ।
ਜ਼ਿੰਦਗੀ ਪਹਿਲਾਂ ਵਾਂਗ ਹੀ ਸਾਵੀਂ ਤੋਰ ਤੁਰਨ ਲੱਗੀ ।
ਉਹ ਹਰ ਸ਼ਨੀ, ਐਤਵਾਰ ਕਦੀ ਕਿਸੇ ਦੋਸਤ ਕੋਲ ਤੇ ਕਦੀ ਕਿਸੇ ਦੋਸਤ ਕੋਲ ਮਿਲਦੇ ।ਹਫਤੇ ਭਰ ਦੀਆਂ ਇਕੱਠੀਆਂ ਹੋਈਆਂ ਗੱਲਾਂ ਕਰਦੇ ਅਤੇ ਇੱਕ ਦੂਜੇ ਦੀਆਂ ਖੁਸ਼ੀਆਂ ਵਿੱਚ ਚਾਨਣ ਭਰਦੇ ।
ਲਾਲੀ ਹੁਣ ਇੱਕ ਛੱਤ ਦਾ ਸੁਪਨਾ ਵੀ ਲੈਣ ਲੱਗ ਪਈ ਕਿ ਉਹਨਾਂ ਦਾ ਆਪਣਾ ਇੱਕ ਸੰਯੁਕਤ ਘਰ ਹੋਵੇ ਜਿਸ ਵਿੱਚ ਸਾਰਾ ਕੁੱਝ ਹੀ ਉਹਨਾਂ ਦਾ ਹੋਵੇ ।ਉਹ ਦੋਵੇਂ ਹੋਣ ਤੇ ਜਾਂ ਉਹਨਾਂ ਦੇ ਦੋਸਤਾਂ ਦੀ ਆਮਦ ਹੋਵੇ ।ਪਰ ਲਾਲੀ ਦੇ ਇਸ ਸੁਪਨੇ ਨੂੰ ਸੁੱਖੀ ਨੇ ਠੁਕਰਾ ਦਿੱਤਾ।
ਉਸ ਵੇਲੇ ਉਦਾਸ ਲਾਲੀ ਵੀ ਸੀ ਤੇ ਸੁੱਖੀ ਵੀ ।
ਬੇ ਸ਼ੱਕ ਲਾਲੀ ਵੀ ਸਮਝਦੀ ਸੀ ਕਿ ਉਹ ਜੱਟਾਂ ਦੀ ਕੁੜੀ ਹੈ ਤੇ ਸੁੱਖੀ ਮਿਸਤਰੀਆਂ ਦਾ ਮੁੰਡਾ ।ਇੱਕ ਛੱਤ ਦਾ ਸੁਪਨਾ ਲੈਣਾ ਉਹਨਾਂ ਲਈ ਵਰਜਿਤ ਹੈ ।ਦੋਨਾਂ ਅੰਦਰ ਇਹ ਖ਼ਿਆਲ ਵਾਰੋ ਵਾਰੀ ਆਉਂਦਾ ਕਿ ਆਖਰ ਅਜਿਹਾ ਕਿਉਂ ਹੈ ।ਕਿਉਂ ਨਹੀਂ ਅਸੀਂ ਇਕੱਠੇ ਹੋ ਸਕਦੇ ।
----
ਲਾਲੀ ਨੇ ਘਰ ਮਾਂ ਨਾਲ ਗੱਲ ਕੀਤੀ ।ਤਾਂ ਭਰਾਵਾਂ ਨੇ ਆਪਣੇ ਅੰਗੂਠਿਆਂ ਦਾ ਤਲ ਗੰਡਾਸਿਆਂ ਤੋਂ ਦੀ ਫੇਰਕੇ ਵਿਖਾ ਦਿੱਤਾ ।
ਸੁੱਖੀ ਨੇ ਮਾਂ ਕੋਲ ਗੱਲ ਕੀਤੀ ਤਾਂ ਮਾਂ ਨੇ ਆਪਣੇਂ ਚੀਰ ਵਿੱਚ ਹੱਥ ਫੇਰਿਆ ਅਤੇ ਆਪਣੇ ਧੌਲੀ ਉਮਰ ਦਾ ਵਾਸਤਾ ਪਾਇਆ ।
ਉਹ ਮਿਲਦੇ ਤਾਂ ਉਦਾਸ ਉਦਾਸ, ਵਿਛੜਦੇ ਤਾਂ ਉਦਾਸ-ਉਦਾਸ ।
ਅੱਖਾਂ ਵਿਚਲਾ ਚਾਨਣ ਹੁਣ ਹਰ ਪਲ ਗਿੱਲਾ-ਗਿੱਲਾ ਰਹਿਣ ਲੱਗ ਪਿਆ ਸੀ ।
**************
ਨੌਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ।