Sunday, March 8, 2009

ਆਖ਼ਰੀ ਪਹਿਰ - ਕਾਂਡ - 2

ਬਚਪਨੀ ਉਮਰ ਚ ਕੀਤਾ ਖਰੂਦ ਅੱਜ ਉਸਦੇ ਮੱਥੇ ਚ ਕਿੱਲਾਂ ਬਣਕੇ ਫੁੱਲ ਗਿਆ ਸੀ

ਬੜੀ ਕੋਸ਼ਿਸ਼ ਕੀਤੀ ਸੀ ਉਸਨੇ ਕਿ ਬਚਪਨ ਦੇ ਉਹ ਵਰ੍ਹੇ ਆਪਣੇ ਜਿਸਮ ਨਾਲੋਂ ਪੂੰਝ ਸੁੱਟੇਗਾ ਜਦੋਂ ਉਹ ਸਾਧਾਂ ਦੀ ਸ਼ਰਬਤੀ ਨਾਲ ਸਾਰਾ ਦਿਨ ਖੇਡਦਾ ਨਹੀਂ ਸੀ ਥੱਕਦਾ ਹੁੰਦਾ ਕੋਈ ਵੀ ਖੇਡ ਖੇਡਣੀ ਹੁੰਦੀ ਬੱਸ ਸ਼ਰਬਤੀ ਹੀ ਉਸਦੀ ਮੁਲਾਹਜ਼ੇਦਾਰ ਹੁੰਦੀ ਸੀ ਪਿੰਡ ਦੇ ਕਿਸੇ ਵੀ ਮੁੰਡੇ ਨਾਲ ਉਸਦੀ ਐਨੀ ਆੜੀ ਨਹੀਂ ਸੀ ਜਿੰਨੀ ਸਾਧਾਂ ਦੀ ਸ਼ਰਬਤੀ ਨਾਲ

ਉਸਨੇ ਤੇੜ ਵੱਡਾ ਸਾਰਾ ਖੱਦਰ ਦਾ ਡੋਕਲ ਜਿਹਾ ਕੱਛਾ ਹੁੰਦਾ ਸੀ ਤੇ ਗਲ਼ ਗੋਡਿਆਂ ਤੱਕ ਖੱਦਰ ਦਾ ਹੀ ਕੁੜਤਾ...ਤੇ ਉਦੋਂ ਸ਼ਰਬਤੀ ਦੇ ਤੇੜ ਛੋਟੀ ਜੀ ਕੱਛ ਤੇ ਗਲ਼ ਮੈਲ਼ਾ ਕੁਚੈਲ਼ਾ ਜਿਹਾ ਪਾਪਲੀਨ ਦਾ ਝੱਗਾ ਹੁੰਦਾ ਸੀ

----

ਸਾਧਾਂ ਦੀ ਸ਼ਰਬਤੀ ਨੂੰ ਤਾਂ ਉਹ ਜਿਵੇਂ ਕਿਸੇ ਦੇ ਨੇੜੇ ਵੀ ਨਾ ਖੰਘਣ ਦਿੰਦਾ ਉਂਝ ਵੀ ਉਹਨਾਂ ਦੇ ਘਰ ਦੀ ਪਿੱਠ ਸਾਧਾਂ ਦੇ ਘਰ ਨਾਲ ਲੱਗਦੀ ਹੀ ਹੁੰਦੀ ਸੀ

ਕੱਠੇ ਹੀ ਉਹ ਸੁੱਕੀ ਨਹਿਰ ਚ ਸਿੱਪੀਆਂ ਚੁੱਕਣ ਜਾਂਦੇ, ਤੇ ਫਿਰ ਦੋਵੇਂ ਹੀ ਉਹਨਾਂ ਸਿੱਪੀਆਂ ਨਾਲ ਕਲੀ-ਜੁੱਟ ਖੇਡਦੇ ਦੋਵੇਂ ਹੀ ਟੋਭੇ ਚ ਡੀਟੀਆਂ ਚਲਾ ਚਲਾ ਖੇਡਦੇ, ਤੇ ਦੋਵੇਂ ਹੀ ਤਾਜੀ ਸੁੱਕੀ ਨਹਿਰ ਚ ਆਪੋ-ਆਪਣੇ ਪੈਰਾਂ ਤੇ ਮਿੱਟੀ ਚੜ੍ਹਾਕੇ ਘਰ ਬਣਾਉਂਦੇ

‘-ਮੇਰਾ ਘਰ ਸੋਹਣਾ ਹੈਉਹ ਕਹਿੰਦਾ

-ਮੇਰਾ ਘਰ ਵੱਡਾ ਹੈਸ਼ਰਬਤੀ ਬੋਲਦੀ

-ਮੈਂ ਤੇਰਾ ਵੱਡਾ ਘਰ ਢਾਹ ਦੂੰਗਾ

-ਮੈਂ ਤੇਰੇ ਘਰ ਆ ਵੜੂੰਗੀ

-ਤੇ ਜੇ ਮੈਂ ਨਾਂ ਵੜਨ ਦੇਵਾਂ ਫੇਰ ?’

-ਲੈ ਐ ਕਿਉਂ ਕਰੇਂਗਾ ਬੀ ਫੇਰ ਆਪਣੀ ਲਿਹਾਜ ਕਾਹਦੀ ਹੋਈ

ਫਿਰ ਉਹਨਾਂ ਦੋਵਾਂ ਦਾ ਸਮਝੌਤਾ ਹੋ ਜਾਂਦਾ ਤੇ ਉਹ ਇੱਕ ਦੂਜੇ ਦੇ ਮੋਢੇ ਬਾਹਾਂ ਪਾਈ ਟਪੂਸੀਆਂ ਮਾਰਦੇ ਘਰ ਆ ਜਾਂਦੇ

ਉਸਨੂੰ ਯਾਦ ਸੀ ਉਸਨੇ ਇੱਕ ਦਿਨ ਐਵੀਂ ਐਵੀਂ ਆਪਣੇ ਬਾਪੂ ਤੋਂ ਪੁੱਛ ਲਿਆ ਸੀ ਬਈ ਸਾਧ ਕੌਣ ਹੁੰਦੇ ਨੇ ?ਤਾਂ ਬਾਪੂ ਅੱਗੋਂ ਕੁਦਾੜ ਕੇ ਪੈ ਗਿਆ ਸੀ –‘ਸਾਲ਼ਾ ਸਾਧਾਂ ਦਾ ਕੱਲ ਨੂੰ ਕਹੇਂਗਾ ਛੀਂਬੇ ਕੌਣ ਹੁੰਦੇ ਨੇ ,ਝਿਊਰ ਕੌਣ ਹੁੰਦੇ ਨੇ ਆਵਦੀ ਮਾਂ ਪੁੱਛ ਨਾਂ ਜਾ ਕੇ ਪਤੰਦਰਨੀ ਤੋਂ ਬਈ ਮਾਂ ਆਪਾਂ ਨੂੰ ਆਹਦੇ ਨੇ ਬਈ ਦਖਾਣ ਕੌਣ ਹੁੰਦੇ ਨੇ ?

ਉਹ ਕੰਨ ਖੁਰਕਦਾ ਫਿੱਡੇ ਛਿੱਤਰ ਘੜੀਸਦਾ ਬਾਪ ਕੋਲੋਂ ਤੁਰਦਾ ਬਣਿਆ ਸੀਤੇ ਫਿਰ ਉਸਦੀ ਬਾਪ ਕੋਲੋਂ ਕੋਈ ਗੱਲ ਪੁੱਛਣ ਦੀ ਕਦੀ ਜੁੱਅਰਤ ਹੀ ਨਹੀਂ ਸੀ ਪਈ

----

ਸਾਧਾਂ ਦੀ ਸ਼ਰਬਤੀ ਜਦੋਂ ਕਦੀ ਵੀ ਟੁੱਟੀਆਂ ਚੂੜੀਆਂ ਇਕੱਠੀਆਂ ਕਰ ਲੈਂਦੀ ਤਾਂ ਸਭ ਤੋਂ ਪਹਿਲਾਂ ਉਸੇ ਨਾਲ ਹੀ ਆ ਕੇ ਖੇਡਦੀ ਤੇ ਫਿਰ ਦੋਵੇਂ ਸਲਾਹ ਕਰਕੇ ਹੋਰਨਾਂ ਆੜੀਆਂ ਨਾਲ ਖੇਡਣ ਤੁਰ ਪੈਂਦੇ ਰਾਹ ਵਿੱਚ ਖੇਡਦਿਆਂ ਦੇ ਜਦੋਂ ਹੀ ਸਕੂਲ ਦੇ ਜੁਆਕ ਛੁੱਟੀ ਤੋਂ ਬਾਅਦ ਘਰੀਂ ਆਉਂਦੇ ਉਹਨਾਂ ਦੇ ਨਜ਼ਰੀਂ ਪੈਂਦੇ, ਤਾਂ ਉਹ ਹੋਰਨਾਂ ਨੂੰ ਦੱਸੇ ਬਿਨਾਂ ਚੁੱਪ-ਚਾਪ ਸਕੂਲ ਵਿੱਚ ਜਾ ਵੜ੍ਹਦੇ ਅਤੇ ਕਲੀ ਜੁੱਟ ਖੇਡਣ ਲਈ ਸਰੀਂਹ ਦੇ ਬੀਅ ਇਕੱਠੇ ਕਰਦੇ ਰਹਿੰਦੇਸਕੂਲੋਂ ਆਪਣੇ ਘਰਾਂ ਕੋਲ ਆਉਂਦੇ ਅਤੇ ਕਿੰਨੀ ਕਿੰਨੀ ਹੀ ਦੇਰ ਬੀਆਂ ਨਾਲ ਖੇਡਦੇ ਰਹਿੰਦੇ

ਸ਼ਰਬਤੀ ਬਿੱਲਕੁਲ ਉਹਦੇ ਹਾਣ ਦੀ ਸੀ

ਇੱਕੋ ਜਿੰਨਾਂ ਕੱਦ...ਇੱਕੋ ਜਿੰਨੇ ਉਲਝੇ ਵਾਲ ਅਤੇ ਇੱਕੋ ਜਿੰਨੇ ਹੀ ਕੱਪੜੇ

ਦਿਨ ਵਿੱਚ ਕਿੰਨੀ ਹੀ ਵਾਰੀ ਉਹ ਲੜਦੇ ਤੇ ਕਿੰਨੀ ਹੀ ਵਾਰੀ ਸਮਝੌਤਾ ਕਰਦੇ

-ਹੈਂ ਏ ਹੈਂ ਆਪਾਂ ਵੱਡੇ ਹੋ ਕੇ ਵੀ ਕੱਠੇ ਰਿਹਾ ਕਰਾਂਗੇ

-ਟਿੱਚ ਟਿੱਚ ਮੈਂ ਨੀ ਤੈਨੂੰ ਝਾਟੋ ਜੀ ਨੂੰ ਆਪਣੇ ਘਰੇ ਵੜਨ ਦਿੰਦਾ

-ਲੈ ਐਂ ਕਿਉਂ ਕਰਦੈਂ ਭਲਾਂ ਆਪਣੀ ਆੜੀ ਨੀਂ

-ਮੈਂ ਨਾ ਆਪਣੇ ਮਾਮੇ ਵਰਗਾ ਸੋਹਣਾ ਘਰ ਪਾਊਂਗਾ ਤੇ ਨਾਲੇ ਉਹਦੇ ਵਰਗੀ ਪੀਂਅ ਲਿਆਊਂਗਾ

-ਫੇਰ ਆਪਾਂ ਦੋਵੇਂ ਪੀਂਅ ਤੇ ਬਹਿ ਕੇ ਝੂਟੇ ਲਿਆ ਕਰਾਗੇਂ

-ਪਹਿਲਾਂ ਆਪਣੀ ਬੇਬੇ ਨੂੰ ਤਾਂ ਪੁੱਛਲੈ ਬੀ ਮੇਰੀ ਪੀਂਘ ਚ ਬੈਠਣ ਵੀ ਦੇਊਂ ਤੈਨੂੰ

-ਉਹ ਚੁੱਪ ਹੋ ਜਾਂਦੀ ਅਣਜਾਣੀ ਹੀ ਚੁੱਪ ਪਤਾ ਦੋਹਾਂ ਨੂੰ ਹੀ ਨਹੀਂ ਸੀ ਹੁੰਦਾ ਕਿ ਉਹ ਕਿਉਂ ਚੁੱਪ ਹੋ ਜਾਂਦੀ ਹੈ?

----

ਉਹਨਾਂ ਤੇ ਵੀ ਪੜ੍ਹਨ ਦੇ ਵਰ੍ਹੇ ਆ ਗਏ

ਦੋਵਾਂ ਨੂੰ ਪਹਿਲੀ ਕਲਾਸ ਵਿੱਚ ਦਾਖਲ ਕਰਵਾ ਦਿੱਤਾ

ਦੋਵੇਂ ਕੋਲ਼ੋ-ਕੋਲ਼ ਬਹਿੰਦੇ ਤੇ ਆਪੋ ਆਪਣੇ ਝੋਲੇ ਵੀ ਨਾਲ ਨਾਲ ਹੀ ਜੋੜਕੇ ਰੱਖਦੇ ਇੱਕੋ ਇੱਕ ਕੈਦਾ ਹੁੰਦਾ ਸੀ ਸਭਨਾਂ ਕੋਲ਼ ਜੋ ਪਹਿਲੇ ਦਿਨ ਝੋਲ਼ੇ ਵਿੱਚ ਪੈ ਗਿਆ ਸੀ ਤੇ ਫਿਰ ਕਦੇ ਕਦਾਈ ਮੂਰਤਾਂ ਵੇਖਣ ਤੋਂ ਬਿਨਾਂ ਕਦੇ ਬਾਹਰ ਨਹੀਂ ਸੀ ਨਿਕਲਿਆ

-ਆਹ ਉੱਠ ਮੇਰਾ,ਉਹ ਪਹਿਲਾਂ ਬੋਲਦਾ

-ਤੇ ਆਹ ਬੱਕਰੀ ਮੇਰੀ,ਸ਼ਰਬਤੀ ਵੀ ਬਰਾਬਰ ਕੇ ਬੋਲਦੀ

-ਹਲੋ ਤੇਰੀ ਬੱਕਰੀ ਛੋਟੀ

-ਲੈ ਫਿਰ ਕੀ ਹੋ ਗਿਆ ਜੇ ਛੋਟੀ ਐ ਹੈਗੀ ਤਾਂ ਬੱਕਰੀ ,ਸ਼ਰਬਤੀ ਦੀ ਆਵਾਜ਼ ਵਿੱਚ ਥੋੜਾ ਸ਼ਿਕਵਾ ਹੁੰਦਾ

-ਜੇ ਛੋਟੀ ਐਂ ਨਾਂ ਤਾਂ ਹੀ ਤਾਂ ਮੇਰੇ ਉੱਠ ਨੇ ਬਿੰਦ ਚੀ ਜਾੜਾਂ ਨਾਲ ਚੱਬ ਦੇਣੀ ਐ,ਉਹ ਦੱਸਦਾ ਤੇ ਹੱਸ ਪੈਂਦਾ

ਸ਼ਰਬਤੀ ਉਸ ਨਾਲ ਲੜ ਪੈਂਦੀ

ਉਹ ਹੱਸਦਾ ਰਹਿੰਦਾ

ਤੇ ਸ਼ਰਬਤੀ ਉੱਠ ਮੰਗਣ ਦੀ ਜਿੱਦ ਕਰਦੀ ਕਰਦੀ ਰੋ ਪੈਂਦੀ

-ਆਹ ਜੀ ਦੋਨੇਂ ਲੜੀ ਜਾਂਦੇ ਐ ਜਦੋਂ ਕੋਈ ਹੋਰ ਜੁਆਕ ਨੱਕ ਦੀ ਨਲੀ ਪੂੰਝਦਾ ਬਾਬੂ ਰਾਮ ਮਾਸਟਰ ਕੋਲ ਸ਼ਿਕਾਇਤ ਲਾਉਂਦਾਤਾਂ ਬਾਬੂ ਰਾਮ –‘ਹਟੋ ਉਏ! ਸਾਲੇ ਲੰਡੇ ਨਾ ਹੋਣ ਤਾਂ,ਕਹਿ ਕੇ ਫਿਰ ਉਂਗਲਾਂ ਦੇ ਪਟਾਕੇ ਪਾਉਣ ਲੱਗ ਪੈਂਦਾ

----

ਫਿਰ ਦਿਨ ਬੀਤਦੇ ਗਏ

ਉਹ ਵੀ ਬਿਨਾਂ ਪੜ੍ਹਨ ਦੇ ਹੀ ਅਗਲੀ ਕਲਾਸ ਵਿੱਚ ਹੁੰਦੇ ਗਏ ਉਂਝ ਬਾਬੂ ਰਾਮ ਨੇ ਆਪਣੀ ਮਿਹਨਤ ਨਾਲ ਉਹਨਾਂ ਨੂੰ ਪੈਂਤੀ ਤਾਂ ਜ਼ਰੂਰ ਯਾਦ ਕਰਵਾ ਦਿੱਤੀ ਸੀ

ਫਿਰ ਅੱਗੇ ਤੇ ਹੋਰ ਅੱਗੇ

ਉਹ ਪੰਜਵੀਂ ਵਿੱਚ ਹੋ ਗਏ

ਸ਼ਰਬਤੀ ਕੱਛੇ ਦੀ ਜਗ੍ਹਾ ਪਜਾਮੀ ਪਾਉਣ ਲੱਗੀ ਸੀ ਪਰ ਉਸਦੇ ਅਜੇ ਵੀ ਉਹੀ ਡੋਕਲ ਜਿਹਾ ਹੀ ਕੱਛਾ ਹੁੰਦਾ

-ਸਾਲਿਆ ਟਿੱਟਣਾ ਜਿਆ ਇਹ ਬਾਬੂ ਰਾਮ ਆਲੀ ਪਹਿਲੀ ਨੀ ਪੁੱਤ ਪੰਜਵੀਂ ਐ ਪੰਜਵੀਂ, ਜੇ ਇਹੀ ਹਾਲ ਰੱਖਣਾ ਤਾਂ ਕੱਲ੍ਹ ਨੂੰ ਕਹਿ ਦੇਈ ਮਾਂ ਨੂੰ ਚੂਰੀ ਘਰ ਈ ਖਵਾ ਦਿਆ ਕਰੇ ਕਿਸੇ ਕੰਮ ਨਾ ਕਰਨ ਤੋਂ ਹੇਮਰਾਜ ਸੁੱਖੀ ਨੂੰ ਗਾਲਾਂ ਦਿੰਦਾ

ਸ਼ਰਬਤੀ ਹੱਸਦੀ ਤੇ ਖ਼ੂਬ ਹੱਸਦੀ

ਪਿੱਛੇ ਆਪਣੀ ਥਾਂ ਤੇ ਬੈਠਾਂ ਸੁੱਖੀ ਉਸਨੂੰ ਕਚੀਚੀਆਂ ਚੱਬਦਾ

-ਭੇਡੇ ਜੀਏ ਤੂੰ ਵੀ ਆ ਗੀ ਇਹਦੇ ਆਲੇ ਲੱਛਣਾਂ ਤੇ, ਕੋਈ ਨ੍ਹੀਂ ਕੱਲ੍ਹ ਨੂੰ ਸੱਦੂੰ ਤੇਰੀ ਮਾਂ ਨੂੰ ਜਦੋਂ ਸ਼ਰਬਤੀ ਨੂੰ ਝਿੜਕਾਂ ਪੈਂਦੀਆਂ ਤਾਂ ਸੁੱਖੀ ਦੀ ਖ਼ੁਸ਼ੀ ਦਾ ਵੀ ਕੋਈ ਟਿਕਾਣਾ ਨਾ ਰਹਿੰਦਾ ਮਗਰ ਬੈਠਾ ਬੋਲੀ ਜਾਂਦਾ ਉਂਗਲ ਨੂੰ ਥੁੱਕ ਲਾ ਲਾ ਦਿਖਾਉਂਦਾ, ਡੋ-ਡੋ ਕਰਦਾ ਤੇ ਸ਼ਰਬਤੀ ਨੂੰ ਪੂਰੀ ਮਚਾ ਕੇ ਚੁੱਪ ਕਰਕੇ ਬਹਿ ਜਾਂਦਾ

ਛੁੱਟੀ ਹੁੰਦੀ ਉਹ ਚੁੱਪ-ਚਾਪ ਉਵੇਂ ਲੜੇ-ਭਿੜੇ ਆਪੋ-ਆਪਣੇ ਘਰੀਂ ਚਲੇ ਜਾਂਦੇ ਪਰ ਜਦੋਂ ਸੁੱਖੀ ਘਰੋਂ ਗੁੱਲੀ ਡੰਡਾ ਲੈ ਕੇ ਘਰੋਂ ਬਾਹਰ ਆਉਂਦਾ ਤਾਂ ਜਿਵੇਂ ਤਖਤਿਆਂ ਉਹਲੇ ਖੜ੍ਹੀ ਸ਼ਰਬਤੀ ਉਸ ਦੀ ਉਡੀਕ ਕਰਦੀ ਇੱਕੇ ਦਮ ਉਸ ਦੇ ਕੋਲ ਆ ਜਾਂਦੀ

-ਮੈਨੂੰ ਖਡਾ ਲੇਂਗਾ?’ ਉਹ ਹੋਲੀ ਜਿਹੀ ਬੋਲਦੀ

-‘-------

-ਲੈ ਵੀ ਹੁਣ ਨੀ ਤੈਨੂੰ ਚਿੜਾਉਂਦੀ ਹੈਗੀ ਬੱਸ ਹੁਣ ਤਾਂ ਖਡਾ ਲੈ

ਉਹ ਉਵੇਂ ਜਿਵੇਂ ਚੁੱਪ-ਚਾਪ ਦਣ ਪੁੱਟਦਾ ਰਹਿੰਦਾ

-ਮੱਚੜਾ ਜਾ ਨਾ ਹੋਵੇ ਤਾਂ ……ਉਹ ਕਲਪਦੀ

-ਤੂੰ ਭੇਡ……ਉਹ ਤਿੜਕਦਾ

-ਚੰਗਾ ਨਾ ਖਡਾ ਮੈਂ ਵੀ ਪੀਚੋ ਖੇਡਦੀਆਂ ਤੂੰ ਆਕੇ ਨੇੜੇ ਵੀ ਲੱਗ ਜੀ

-ਚੰਗਾ ਮੈਂ ਵੀ ਖਡਾ ਲੈਨਾਂ ਅਖੇ ਦੀ ਤੂੰ ਵੀ ਮੈਨੂੰ ਪੀਚੋ ਖਿਡਾਈਂ ਉਹ ਇੱਕੇ ਦਮ ਗੁੱਲੀ ਡੰਡਾ ਥਾਂ ਤੇ ਹੀ ਸੁੱਟ ਕੇ ਖੜ੍ਹਾ ਹੋ ਜਾਂਦਾ

ਫਿਰ ਦੋਵਾਂ ਵਿਚਕਾਰ ਸਮਝੌਤਾ

ਗੁੱਲੀ ਡੰਡਾ ਖੇਡਣਾ ਵੀ ਤਾਂ ਇਕੱਠਿਆਂ ਤੇ ਜੇ ਪੀਚੋ ਬੱਕਰੀ ਤਾਂ ਵੀ

ਹਰ ਰੋਜ਼ ਇਵੇਂ ਹੀ ਹੁੰਦਾ ਸੀ

ਰੋਜ਼ ਰੋਸੇ ਤੇ ਰੋਜ਼ ਹੀ ਸਮਝੌਤੇ

----------------------------

ਦੂਜਾ ਕਾਂਡ ਸਮਾਪਤ ਤੀਜੇ ਦੀ ਉਡੀਕ ਕਰੋ!


Sunday, March 1, 2009

ਆਖ਼ਰੀ ਪਹਿਰ - ਕਾਂਡ - 1

ਗਲੀਆਂ ਦੀਆ ਬੱਤੀਆਂ ਜਗ ਰਹੀਆਂ ਹਨ ਪਰ ਗਲ਼ੀਆਂ ਵਿੱਚੋਂ ਆਵਾਜਾਈ ਬੰਦ ਹੈ

ਸਿਆਲਾਂ ਦੀਆਂ ਠੰਡੀਆਂ ਰਾਤਾਂ ਕਾਰਨ ਲੋਕੀ ਜਲਦੀ ਹੀ ਆਪੋ ਆਪਣੇ ਘੁਰਨਿਆਂ ਅੰਦਰ ਜਾ ਵੜੇ ਹਨ

ਕਿੱਧਰੋਂ ਵੀ ਕੋਈ ਆਵਾਜ਼ ਨਹੀਂ ਰਹੀ


ਗਲੀ ਵਿੱਚ ਤੁਰੇ ਆਉਂਦੇ ਨੇ ਉਸਨੇ ਕੋਟ ਦੀ ਜੇਬ ਵਿਚਲੇ ਅਧੀਏ ਨੂੰ ਪਲ਼ੋਸਿਆ ਤੇ ਚੁੱਪ ਕਰਕੇ ਤੁਰਦਾ ਰਿਹਾ


ਉਸਦੀਆਂ ਅੱਖਾਂ ਵਿੱਚ ਨਮੀ ਹੈ ਤੇ ਪੈਰਾਂ ਵਿੱਚ ਥਕਾਵਟ


ਹੱਥਾਂ ਵਿੱਚ ਉਦਾਸੀ ਹੈ ਤੇ ਜਿਸਮ ਬੇ-ਹਰਕਤ

----

ਸ਼ਹਿਰ ਦੇ ਬੱਸ ਅੱਡੇ ਤੇ ਉਤਰਦਾ ਉਹ ਸਿੱਧਾ ਹੀ ਠੇਕੇ ਵਲ ਹੋ ਤੁਰਿਆ ਸੀ ਜਦੋਂ ਕਿ ਬੱਸੋਂ ਉਤਰਦੀਆਂ ਕਿੰਨੀਆਂ ਹੀ ਸਵਾਰੀਆਂ ਕੁੱਝ ਤਾਂ ਰਿਕਸ਼ਿਆਂ ਵੱਲ ਰੁਕੀਆਂ ਸਨ ਤੇ ਕੁੱਝ ਦੇ ਉਡੀਕਣ ਵਾਲੇ ਅੱਗੋਂ ਸਕੂਟਰ, ਮੋਟਰ ਸਾਈਕਲ ਲਈ ਖਲੋਤੇ ਸਨ ਤੇ ਕੁਝ ਵਿਚਾਰੇ ਉਂਝ ਬੁੱਕਲਾਂ ਮਾਰੀ ਬਾਹਾਂ ਕੱਠੀਆਂ ਕਰੀ ਕਾਹਲ਼ੇ-ਕਾਹਲ਼ੇ ਸੜਕ ਪੈ ਤੁਰੇ ਸਨ ਖਾਲੀ ਰਿਕਸ਼ਿਆਂ ਵਾਲੇ ਅੱਗੋਂ ਆਉਣ ਵਾਲੀ ਇੱਕ-ਅੱਧ ਹੋਰ ਆਖ਼ਰੀ ਬੱਸ ਦੀ ਉਡੀਕ ਵਿੱਚ ਉਬਾਸੀਆਂ ਵਰਗਾ ਕੁੱਝ ਤੋੜ ਰਹੇ ਸਨ


ਆਉਂਣ ਵਾਲੀ ਬੱਸ ਚਲੀ ਗਈ ਸੀ ਤੇ ਅੱਡੇ ਵਿੱਚ ਫੇਰ ਪਹਿਲਾਂ ਵਾਂਗ ਕਬਰਸਤਾਨ ਵਰਗੀ ਚੁੱਪ ਫੈਲ ਗਈ ਸੀ


ਬੱਸ ਇੱਕ ਉਹ ਸੀ ਜੋ ਇਸ ਚੁੱਪ ਨੂੰ ਤੋੜਦਾ ਹੋਇਆ ਅਧੀਏ ਚੋਂ ਤਕੜਾ ਪੈੱਗ ਲਾ ਕਾਹਲੇ ਕਦਮੀਂ ਆਪਣੇ ਕਮਰੇ ਨੂੰ ਹੋ ਤੁਰਿਆ ਸੀ ਰਿਕਸ਼ੇ ਵਾਲਿਆ ਦੀਆਂ ਅਵਾਜ਼ਾਂ ਪਹਿਲਾਂ ਵਾਲੀਆਂ ਸਵਾਰੀਆਂ ਵਾਂਗ ਦੋ ਕੁ ਵਾਰੀ ਉਹਦੇ ਕੰਨੀਂ ਪਈਆਂ ਪਰ ਉਹ ਉਵੇਂ ਹੀ ਤੁਰਿਆ ਗਿਆ, ਆਪਣੀਆਂ ਅੱਖਾਂ ਦੀ ਨਮੀਂ ਨੂੰ ਬਚਾਉਂਦਾ ਹੋਇਆ ਅਤੇ ਪੈਰਾਂ ਵਿਚਲੀ ਥਕਾਵਟ ਨੂੰ ਧਰੂੰਹਦਾ ਹੋਇਆ

----

ਅੱਜ ਦੀ ਰਾਤ ਉਸਨੂੰ ਬਹੁਤ ਹੀ ਬੁੱਢੀ ਲੱਗੀ ਬਹੁਤ ਹੀ ਝੁਰੜੀਆਂ ਭਰੇ ਚਿਹਰੇ ਵਾਲੀਜਿਵੇਂ ਲੰਬੇ ਲੰਬੇ ਹਉਕੇ ਲੈ ਰਹੀ ਹੋਵੇਅੱਥਰੂ-ਅੱਥਰੂ ਹੋਈ ਹੋਵੇ ਪਰ ਅੱਜ ਦੀ ਰਾਤ ਹੀ ਸੀ ਜਿਸ ਦੀ ਹਿੱਕ ਤੇ ਸਿਰ ਧਰਕੇ ਉਸਨੇ ਹੁਬਕੀਂ-ਹੁਬਕੀਂ ਰੋਣਾ ਸੀ ਇਹ ਅੱਜ ਦੀ ਰਾਤ ਹੀ ਸੀ ਜਿਸ ਵਿੱਚ ਉਸਨੇ ਆਪਣੇ ਮੋਏ ਵਰ੍ਹਿਆਂ ਥੇਹ ਹੋਏ ਪਲਾਂ ਦੀ ਮਿੱਟੀ ਹਥੇਲੀਆਂ ਭਰਨੀ ਸੀ

ਉਹ ਨੀਵੀਂ ਪਾਈ ਤੁਰਿਆ ਗਿਆ

ਉਸ ਨੂੰ ਰੱਤੀ ਭਰ ਵੀ ਯਾਦ ਨਹੀਂ ਸੀ ਕਿ ਉਹ ਇਸ ਵੇਲੇ ਕਦੀ ਰੋਟੀ ਖਾਂਦਾ ਵੀ ਹੁੰਦਾ ਹੈ ਜਾਂ ਨਹੀਂ ਬੱਸ ਉਹ ਤਾਂ ਉਤਾਵਲਾ ਸੀ ਆਪਣੇ ਕਮਰੇ ਵਿੱਚ ਬਹੁਤ ਹੀ ਜਲਦੀ ਪਹੁੰਚਣ ਲਈ ...ਤਾਂ ਕਿ ਕਮਰੇ ਦੀਆਂ ਕੰਧਾਂ ਉੱਤੇ ਆਪਣੇ ਅੱਥਰੂਆਂ ਦੀ ਨਿਸ਼ਾਨਦੇਹੀ ਕਰ ਸਕੇ ਕਮਰੇ ਖਿੱਲਰੇ ਪਏ ਕਾਗਜ਼ਾਂ ਉੱਤੇ ਆਪਣੇ ਆਪ ਨੂੰ ਖਿਲਾਰ ਸਕੇ, ਆਪਣੀ ਹੋਂਦ ਦਾ ਅਹਿਸਾਸ ਕਰਵਾ ਸਕੇ

----

ਇੱਕ ਮਹੀਨਾ ਪਹਿਲਾਂ ----ਉਦੋਂ ਵੀ ਅਜਿਹੀ ਇੱਕ ਰਾਤ ਆਈ ਸੀ ਉਹ ਕਮਰੇ ਦੀਆਂ ਕੰਧਾਂ ਦੇ ਗਲ ਲੱਗ ਰੋਇਆ ਸੀ। ਉਦੋਂ ਉਹ ਆਪਣੇ ਆਪ ਤੋਂ ਮੁਨਕਰ ਹੋ ਗਿਆ ਸੀ।ਉਸਦਾ ਜੀਅ ਕੀਤਾ ਸੀ ਕਿ ਉਹ ਨੌਕਰੀ ਛੱਡ ਦੇਵੇ ਅਤੇ ਦੂਰ ਕਿਧਰੇ ਜਾ ਵੜੇ ।ਕੋਈ ਵੀ ਉਸਨੂੰ ਲੱਭਣ ਵਾਲਾ ਨਾ ਹੋਵੇ ।ਪਿਛਾਂਹ ਬੇਸ਼ੱਕ ਕੋਈ ਰੋਂਦਾ ਰਹੇ ਕੋਈ ਪਿਟਦਾ ਰਹੇ । ਉਸਨੂੰ ਲੱਭਦਾ ਰਹੇ, ਪਰ ਇਸ ਸਭ ਕਾਸੇ ਦੀ ੳਸਨੂੰ ਕੋਈ ਪ੍ਰਵਾਹ ਨਹੀਂ ਸੀ ਪਾਗਲਾਂ ਵਾਲੀ ਦਸ਼ਾ ਸੀ ਉਸ ਵੇਲੇ ਉਸਦੀ । ਸਵੇਰੇ ਹੀ ਗੁਆਢੀਆਂ ਦੇ ਮੁੰਡੇ ਤੋਂ ਸ਼ਰਾਬ ਮੰਗਵਾ ਲੈਂਦਾ ਅਤੇ ਸਾਰਾ ਦਿਨ ਆਪਣੇ ਹੀ ਖੰਡਰਾਂ ਉੱਤੇ ਸਿਜਦਾ ਕਰਦਾ ਰਹਿੰਦਾ।

----

ਦਫ਼ਤਰ ਜਾਣ ਦੀ ਕੋਈ ਸੁੱਧ ਨਹੀਂ ਸੀ ਉਸਨੂੰ, ਸਵੇਰੇ ਹੀ ਕਮਰੇ ਵਿੱਚ ਬੰਦ ਹੋ ਜਾਣਾ, ਦਾਰੂ ਪੀਣੀ ਅਤੇ ਕੰਧਾਂ ਨੂੰ ਮੁਖ਼ਾਤਿਬ ਹੁੰਦੇ ਰਹਿਣਾ। ਜੀਣ ਦੇ ਸਾਰੇ ਚਾਅ ਮੁਰਝਾ ਗਏ ..ਤੇ ਉਹ ਹਰ ਪਲ ਕਮਰੇ ਅੰਦਰਲੀ ਖ਼ਾਮੋਸ਼ੀ ਨੂੰ ਹਿੱਕ ਨਾਲ ਲਾ ਰੱਖਦਾ ਸੀ ।ਆਪਣੇ ਜਿਸਮ ਤੇ ਤਾਂ ਉਸਨੂੰ ਜਿਵੇਂ ਇਤਬਾਰ ਹੀ ਨਾ ਆਉਂਦਾ ।ਇਹ ਤਾਂ ਕੋਈ ਹੋਰ ਹੀ ਸੀ ਜੋ ਕਮਰੇ ਵਿੱਚ ਪਿਆ ਸੀ ।ਉਹ ਤਾਂ ਕਦੋਂ ਦਾ ਇਸ ਕਮਰੇ ਨੂੰ ਅਲਵਿਦਾ ਕਹਿ ਚੁੱਕਾ ਸੀ ।ਉਸਦੇ ਕਦਮ ਤਾਂ ਕਦੋਂ ਦੇ ਇਸਤੋਂ ਦੂਰ ਚਲੇ ਗਏ ਸਨ । ਫਿਰ ਦਫਤਰੋਂ ਮਾਲੀ ਨੇ ਉਸਦੇ ਕਮਰੇ ਵਿੱਚ ਆਉਣ ਦੀ ਜੁੱਅਰਤ ਕੀਤੀ ਸੀ, ਮਾਲੀ ਜੋ ਉਸਦੇ ਕਾਫ਼ੀ ਨੇੜੇ ਸੀ। ਜਦੋਂ ਉਸਦੇ ਕਮਰੇ ਵਿੱਚ ਪਹੁੰਚਿਆ ਤਾਂ ਉਹ ਬੇਸੁੱਧ ਹੋਇਆ ਪਿਆ ਸੀ । ‘ਜੀ ਆਇਆ ਨੂੰ ’ ਸ਼ਬਦ ਤਾਂ ਉਸਦੀ ਜ਼ੁਬਾਨ ਤੇ ਆਉਣਾ ਹੀ ਕਿੱਥੋਂ ਸੀ ਉਸਨੇ ਉਸਨੂੰ ਗੌਲ਼ਿਆ ਤੱਕ ਨਾ, ਕਿ ਕੋਈ ਕਮਰੇ ਵਿੱਚ ਆਇਆ ਵੀ ਹੈ ਜਾਂ ਨਹੀਂ ।

----

ਮਾਲੀ ਦੀ ਆਮਦ ਤਾਂ ਉਸ ਲਈ ਜਿਵੇਂ ਰਸਮੀਂ ਹੀ ਸੀ । ਸ਼ਰਾਬ ਦੀਆ ਬੋਤਲਾਂ ਅਤੇ ਫੂਕੀਆਂ ਹੋਈਆਂ ਸਿਗਰਟਾਂ ਦੇ ਢੇਰ ਵੇਖਕੇ ਉਸਨੂੰ ਗਲਿਆਣੀ ਜਿਹੀ ਵੀ ਆਈ ਅਤੇ ਗੁੱਸਾ ਵੀ। ਪਰ ਉਹ ਹੈਰਾਨ ਸੀ, ਪਰੇਸ਼ਾਨ ਸੀ ਕਿ ਆਖਿਰ ਕੀ ਹੋ ਗਿਆ ਹੈ? ਕਿਸੇ ਨਾਲ ਕੋਈ ਤਲਖ਼ੀ ਨਹੀਂ ਸੀ ਹੋਈ, ਸਗੋਂ ਹੱਸਦਾ-ਖੇਡਦਾ ਆਪਣੇ ਪਿੰਡ ਨੂੰ ਗਿਆ ਸੀ।ਬੱਸ ਉਸਦੇ ਤਾਂ ਦਿਮਾਗ ਵਿੱਚ ਬਾਰ ਬਾਰ ਇੱਕੋ ਗੱਲ ਆਉਂਦੀ ਸੀ ਕਿ ਪਿੰਡ ਹੀ ਕਿਸੇ ਨਾਲ ਕੋਈ ਗੱਲ ਹੋ ਗਈ ਹੈ ਜੋ ਇਸਨੇ ਆਪਣੀ ਇਹ ਹਾਲਤ ਬਣਾਈ ਹੈ।.. .. ਪਰ ਉਹ ਕੀ ਜਾਣਦਾ ਸੀ ਉਸਨੇ ਵੀ ਕਿਸੇ ਦੀ ਉਡੀਕ ਦੇ ਨਾਂ ਆਪਣੇ ਵਰ੍ਹੇ ਗਿਰਵੀ ਕਰਵਾਏ ਹੋਏ ਸਨ।ਮਾਲੀ ਨੂੰ ਕੀ ਪਤਾ ਸੀ ਕਿ ਜਿਨ੍ਹਾਂ ਪੱਤਣਾਂ ਉੱਤੇ ਖੜ੍ਹਕੇ ਉਸਨੇ ਪਾਣੀਆਂ ਦਾ ਸੰਗੀਤ ਸੁਣਨਾ ਸੀ ਉਹ ਪੱਤਣ ਹੀ ਚੋਰੀ ਹੋ ਚੁੱਕੇ ਸਨ । ਮਾਲੀ ਉਸ ਕੋਲ ਬੈਠਾ ਕਲਪਦਾ ਰਿਹਾ ਰੋਂਦਾ ਰਿਹਾ ।ਪਰ ਇੱਕ ਉਹ ਸੀ ਕਿ ਟੱਸ ਤੋਂ ਮੱਸ ਵੀ ਨਾ ਹੋਇਆ ।


‘-ਸਾਹਬ ਆਖਰ ਕੋਈ ਗੱਲ ਤਾਂ ਹੋਏਗੀ ਹੀ?’


‘-ਹਾਂ ਮਾਲੀ ਜੇ ਕੋਈ ਗੱਲਾਂ ਹੁੰਦੀਆਂ ਨੇ ਪਲ ਵੀ ਤਾਂ ਤਾਹੀਓਂ ਅਗਾਂਹ ਤੁਰਦੇ ਨੇ।’


‘-ਪਰ ਤੂੰ ਮੇਰੇ ਨਾਲ ਵੀ ਸਾਂਝੀ ਨੀ ਕਰੇਂਗਾ ?’


‘-ਕਿਸੇ ਨਾਲ ਕੁੱਝ ਸਾਂਝਾ ਕਰਨ ਜੋਗਾ ਰਹਿ ਈ ਨੀ ਗਿਆ ਮਾਲੀ।’


‘-ਪਰ ਫਿਰ ਵੀ ਦੱਸੋ ਤਾਂ ਸਹੀ ਇਹੋ ਜਿਹੀ ਕੋਈ ਗੱਲ ਨਹੀਂ ਜਿਸਦਾ ਇਲਾਜ ਨਾ ਹੋਵੇ।’


‘-ਤੇ ਇਹੋ ਜੀ ਵੀ ਕੋਈ ਗੱਲ ਨੀ ਜਿਸਦਾ ਇਲਾਜ ਹੋਵੇ।’

‘-ਸਾਹਬ ਸਿੱਧੀ ਜੀ ਗੱਲ ਕਰੋ ਕੋਈ’।

‘-ਹਾਂ ਮਾਲੀ ਹਰ ਗੱਲ ਦੀ ਹੋਂਦ ਹੁੰਦੀ ਐ, ਪੜਾਅ ਹੁੰਦੇ ਨੇ ।ਪਰ ਕੋਈ ਵੀ ਗੱਲ ਸਿਰੇ ਲੱਗਣ ਨੂੰ ਅਸੀਂ ਉਹਦਾ ਇਲਾਜ ਨਹੀਂ ਨਾ ਮੰਨ ਸਕਦੇ ।’ ਉਹ ਸਮਝਦਾ ਸੀ, ਉਹ ਇਹ ਸਾਰਾ ਕੁੱਝ ਸ਼ਰਾਬੀ ਹਾਲਤ ਵਿੱਚ ਬੋਲ ਰਿਹੈ।ਨਾਲੇ ਉਸਦੀਆਂ ਇਹਨਾਂ ਗੱਲਾਂ ਨੂੰ ਉਹ ਸਮਝੇ ਕਿਵੇਂ ਨਾ? ਸਾਰਾ ਦਿਨ ਤਾਂ ਉਹ ਦਫਤਰ ਵਿੱਚ ਕਿਤਾਬਾਂ ਪੜ੍ਹਦਾ ਰਹਿੰਦਾ ਸੀ ਤੇ ਦਫਤਰ ਵਿਚਲੀ ਇੱਕ ਕੁੜੀ ਜਦੋਂ ਵੀ ਬੁਲਾਉਂਦੀ ਬੱਸ ਇੱਕ ਅੱਧ-ਫਿਕਰੇ ਨਾਲ ਹੀ ਜੁਆਬ ਦੇ ਛੱਡਦਾ । ਲਾਲੀ ਨੇ ਮਨ ਹੀ ਮਨ ਉਸਨੂੰ ਆਪਣਾ ਬਣਾ ਲਿਆ ਸੀ ਤੇ ਉਹ ਕਾਫੀ ਹੱਦ ਤੀਕ ਸਫ਼ਲ ਹੋ ਚੁੱਕੀ ਸੀ, ਸੁੱਖੀ ਨੂੰ ਆਪਣੇ ਨੇੜੇ ਲਿਆਉਣ ਦੇ ਪਰ, ਹੁਣ ਤਾਂ ਲਾਲੀ ਇਸ ਦਫਤਰ ਵਿੱਚ ਹੈ ਹੀ ਨਹੀਂ ਸੀ।ਮਾਲੀ ਨੇ ਸੋਚਿਆ । ਪਰ ਉਹ ਕੁੱਝ ਗੱਲਾਂ ਕਰਨ ਤੋਂ ਬਾਅਦ ਫਿਰ ਖ਼ਾਮੋਸ਼ ਸੀ।ਉਸਨੇ ਅਗਲੇ ਦਿਨ ਦਫਤਰ ਆਉਣ ਦੀ ਉਸਨੂੰ ਕਸਮ ਪੁਆਈ ਸੀ, ਪਰ ਉਹ ਫਿਰ ਵੀ ਚੁੱਪ ਰਿਹਾ ਸੀ।ਤੇ ਉਦਾਸੀ ਉਵੇਂ ਹੀ ਉਸ ਦੁਆਲੇ ਗਾੜੀ ਧੁੰਦ ਵਾਂਗ ਲਿਪਟੀ ਹੋਈ ਸੀ । ਥੱਕ ਹਾਰ ਕੇ ਮਾਲੀ ਵਾਪਸ ਪਰਤ ਗਿਆ ।ਉਸਦੀ ਕੋਈ ਵਾਹ ਨਹੀਂ ਸੀ ਗਈ ਕਿ ਉਹ ਕਿਵੇਂ ਵੀ ਸੁੱਖੀ ਨੂੰ ਦਫਤਰ ਜਾਣ ਲਈ ਮਨਾ ਲੈਂਦਾ।ਉਹ ਲੋਹੇ ਤੇ ਲਕੀਰ ਬਣਿਆ ਬੈਠਾ ਰਿਹਾ ਸੀ ।

----

ਅਗਲੀ ਸਵੇਰ ਉਸਨੇ ਸੁੱਖੀ ਦੇ ਦੋ ਤਿੰਨ ਨਜ਼ਦੀਕੀ ਅਤੇ ਨੇੜੇ ਰਹਿਣ ਵਾਲੇ ਮਿੱਤਰਾਂ ਨੂੰ ਸੁਨੇਹੇ ਭੇਜ ਦਿੱਤੇ ਅਤੇ ਆਪਣੇ ਕੋਲ ਬੁਲਾਕੇ ਸਾਰੀ ਬੀਤੀ ਦੱਸ ਦਿੱਤੀ ।ਸਭ ਦੇ ਸਾਹਮਣੇ ਹੀ ਮਾਲੀ ਦੀਆਂ ਅੱਖਾਂ ਵਿੱਚੋਂ ਅੱਥਰੂ ਕਿਰਨ ਲੱਗੇ ਪਰ ਉਹ ਫਿਰ ਵੀ ਵਾਸਤਾ ਪਾ ਰਿਹਾ ਸੀ ਕਿ ਉਹ ਕਿਵੇਂ ਨਾ ਕਿਵੇਂ ਸੁੱਖੀ ਨੂੰ ਦਫਤਰ ਲੈ ਆਉਣ। ਇੱਕ ਸੁੱਖੀ ਹੀ ਸੀ ਜਿਸ ਦੇ ਇੱਕ ਇੱਕ ਬੋਲ ਹੇਠ ਵਿਛਣ ਲਈ ਮਾਲੀ ਤਿਆਰ ਰਹਿੰਦਾ । ਉਸ ਰਾਤ ਸੁੱਖੀ ਦੇ ਦੋਸਤ ਸੁੱਖੀ ਦੇ ਕੋਲ ਹੀ ਰਹੇ ਸਨ । ਸਾਰੀ ਰਾਤ ਸੁੱਖੀ ਅੱਥਰੂ ਰੋਂਦਾ ਰਿਹਾ ਸੀ ਤੇ ਦੋਸਤ ਆਪਣੀਆਂ ਤਲੀਆਂ ਨਾਲ ਉਹਦਾ ਚਿਹਰਾ ਕੱਜਦੇ ਰਹੇ ਸਨ ।ਉਹਦੇ ਬੋਲਾਂ ਨੂੰ ਧਰਵਾਸ ਦਿੰਦੇ ਰਹੇ ਸਨ । ਫਿਰ ਅਗਲੇ ਦਿਨ ਸੁੱਖੀ ਦੋਸਤਾਂ ਨਾਲ ਦਫਤਰ ਆਇਆ ਸੀ । ਉਦਾਸ ਉਦਾਸ, ਥੱਕਿਆ ਥੱਕਿਆ, ਪਰ ਫਿਰ ਵੀ ਉਸਨੇ ਜੋ ਕੁੱਝ ਲਾਲੀ ਨੂੰ ਲਿਖਣਾ ਸਭ ਕੁੱਝ ਲਿਖ ਦਿੱਤਾ। ਲਾਲੀ ਦੀ ਮਹੁੱਬਤ ਉਸਨੇ ਪ੍ਰਵਾਨ ਕਰ ਲਈ ਸੀ । ਉਹ ਜੋ ਸੁੱਖੀ ਦੀ ਉਮਰ ਦਾ ਪੰਧ ਬਣਦੀ ਬਣਦੀ ਹਰ ਬਾਰ ਆਪਣੇ ਮਾਪਿਆਂ ਤੋਂ ਹਾਰ ਖਾ ਕੇ ਪਰਤਦੀ ਰਹੀ ਸੀ ।ਉਸ ਦਿਨ ਜੇਤੂ ਹੋਣ ਦਾ ਮਾਣ ਉਸਦੀਆ ਅੱਖਾਂ ਵਿੱਚ ਤੈਰਨਾ ਲਾਜ਼ਮੀ ਸੀ । . .ਤੇ ਫਿਰ ਮਾਪਿਆਂ ਦੀ ਉਸਨੂੰ ਉੱਕਾ ਹੀ ਪ੍ਰਵਾਹ ਨਹੀਂ ਸੀ ਰਹੀ।

-----

ਸੁੱਖੀ ਨੇ ਲਾਲੀ ਨੂੰ ਖਤ ਲਿਖਕੇ ਦੂਜੇ ਦੋਸਤਾਂ ਦੀਆਂ ਅੱਖਾਂ ਵਿੱਚ ਤੱਕਿਆ ਤਾਂ ਦੋਸਤਾਂ ਨੇ ਹੱਥ ਮਿਲਾਕੇ ਖ਼ੁਸ਼ ਚਿਹਰਿਆਂ ਨਾਲ ਉਸ ਤੋਂ ਵਿਦਾ ਲੈ ਲਈ । ਮਹੀਨੇ ਬਾਅਦ ਅੱਜ ਫਿਰ ਉਹ ਆਪਣੇ ਉਸ ਕਮਰੇ ਦੇ ਗਲ਼ ਲੱਗ ਕੇ ਰੋਣ ਜਾ ਰਿਹਾ ਸੀ । ਉਸੇ ਕਮਰੇ ਨੂੰ ਕਲਾਵੇ ਵਿੱਚ ਭਰ ਕੇ ਉਸਨੂੰ ਅਲਵਿਦਾ ਆਖਣ ਜਾ ਰਿਹਾ ਸੀ....ਉਸਨੇ ਕਮਰੇ ਦਾ ਜਿੰਦਰਾ ਖੋਲ੍ਹਿਆ ।ਲਾਈਟ ਆਨ ਕੀਤੀ ਤਾਂ ਜਿਵੇਂ ਕਮਰਾ ਉਸਨੂੰ ਧਾਹ ਕੇ ਮਿਲਿਆ –‘ਮੈਂ ਅੱਜ ਫੇਰ ਵਕੀਲ ਕੋਲੋਂ ਆਇਆ ’ ।ਉਸਨੇ ਕਹਿੰਦਿਆ ਬੂਹੇ ਨੂੰ ਅੱਡੀ ਮਾਰੀ ਅਤੇ ਢੋਅ ਦਿੱਤਾ । ਅੱਖਾਂ ‘ਚ ਅੱਥਰੂ ਸਿੰਮ ਆਏ । ਬਿਨ ਧੋਤੇ ਗਿਲਾਸ ‘ਚ ਸ਼ਰਾਬ ਉਲਟਾਈ । ਜੱਗ ‘ਚ ਪਿਆ ਪਹਿਲਾਂ ਦਾ ਪਾਣੀ ਵਿੱਚ ਪਾਇਆ ਅਤੇ ਇੱਕੋ ਸਾਹੇ ਅੰਦਰ ਚੜ੍ਹਾਕੇ ਉਸਨੇ ਸਿਗਰਟ ਬਾਲ ਲਈ । ਉਸਦੇ ਹਉਕੇ ਬਾਹਰ ਨਿਕਲਣੇ ਸ਼ੁਰੂ ਹੋ ਗਏ । ਸਿਗਰਟ ਦੇ ਕਸ਼ ਲਾਉਂਦਾ ਉਹ ਹੁਬਕੀ-ਹੁਬਕੀ ਰੋ ਪਿਆ । ਪਰ ਇਹ ਅੱਜ ਦੀ ਰਾਤ ਹੀ ਸੀ ਜੋ ਉਹ ਇਸ ਆਪਣੇ ਕਮਰੇ ਦੇ ਗਲ਼ ਲੱਗਕੇ ਬਿਤਾ ਰਿਹਾ ਸੀ ।ਹਉਕੇ ਲੈਂਦਾ ਉਹ ਬੂਟ ਲਾਹ ਕੇ ਰਜਾਈ ਵਿੱਚ ਬੈਠਣ ਲੱਗਿਆ ।ਤਾਂ ਉਸਨੂੰ ਹੇਠਾਂ ਤੋਂ ਇੱਕ ਅੱਧਾ ਅਧੀਆ ਹੋਰ ਮਿਲ ਗਿਆ....ਅਤੇ ਉਹ ਸੰਤੁਸ਼ਟ ਜਿਹਾ ਹੋ ਗਿਆ ।

----

.....ਅੱਜ ਉਸਨੇ ਆਪਣੀ ਮਾਂ ਨੂੰ ਇੱਕ ਖ਼ਤ ਲਿਖਣਾ ਸੀ ਬਹੁਤ ਹੀ ਲੰਬਾ ਖ਼ਤ। ਅੱਜ ਉਸਨੇ ਆਪਣੇ ਪਿੰਡ ਦੇ ਸਿਵੇ ਨੂੰ ਅੱਗ ਦੇਣੀ ਸੀ ਆਪਣੀ ਵਿਰਾਸਤ ਨੂੰ ਕਬਰੀਂ ਪਾਉਣਾ ਸੀ । ਇਸ ਖਤ ਵਿੱਚ ਉਸਨੇ ਆਪਣੀ ਮਾਂ ਦੀ ਉਸੇ ਪੁਰਾਣੀ ਗੱਲ ਨੂੰ ਸਮੀਖਿਆ ਦੇਣੀ ਸੀ। ਉਸ ਗੱਲ ਦੀ ਅਉਧ ਦੱਸਣੀ ਸੀ ।ਪਰ ਉਹ ਉਸ ਗੱਲ ਦਾ ਇਲਾਜ ਨਹੀਂ ਸੀ ਕਰ ਰਿਹਾ। ਕੱਲ੍ਹ ਨੂੰ ਉਸਦਾ ਵਿਆਹ ਸੀ । ਆਪਣੇ ਭਵਿੱਖ ਦਾ ਹਨੇਰਾ ਵੀ ਤੇ ਚਾਨਣ ਵੀ ਉਸਨੇ ਤਲੀਆਂ ਤੇ ਵਿਛਾਉਣਾ ਸੀ ....ਤੇ ਅੱਜ ----ਅੱਜ ਉਹ ਆਪਣੇ ਬਾਪ ਨੂੰ, ਮਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਖ਼ਤ ਲਿਖ ਰਿਹਾ ਸੀ । ਬਹੁਤ ਹੀ ਲੰਬਾ ਖ਼ਤ।ਉਹਨਾਂ ਦੀ ਉਸੇ ਪੁਰਾਣੀ ਗੱਲ ਦਾ ਜੁਆਬ । ਉਸਨੇ ਪੈੱਗ ਬਣਾਇਆ । ਬਲਬ ਦੀ ਲਾਈਟ ਨਾਲ ਆਪਣੀ ਪਿੱਠ ਪਿੱਛੇ ਪੈਂਦਾ ਪਰਛਾਵਾਂ ਹੀ ਉਸਨੂੰ ਆਪਣੇ ਵਹਿ ਚੁੱਕੇ ਵਰ੍ਹਿਆਂ ਦਾ ਕੋਈ ਅਹਿਲਕਾਰ ਲੱਗਿਆ । ਲੰਬੀ ਰਾਤ ਦੇ ਚਿਹਰੇ ਦੀਆਂ ਝੁਰੜੀਆਂ ਹੋਰ ਸੰਘਣੀਆਂ ਹੋ ਰਹੀਆਂ ਸਨ । ਤੇ ਉਹ ਸਿਗਰਟ ਦਾ ਕਸ਼ ਲਾਉਂਦਾ ਆਪਣੇ ਹੀ ਪਰਛਾਵੇਂ ਦੀਆਂ ਪੈੜਾਂ ਵਿੱਚ ਗੁਆਚ ਗਿਆ । ਮੋਏ ਵਰ੍ਹਿਆਂ ਦਾ ਜਿਊਂਦਾ ਰਿਸ਼ਤਾ ਅੱਜ ਦੀ ਰਾਤ ਦੀਆਂ ਬੇ-ਆਬਾਦ ਤਲੀਆਂ ‘ਚ ਸਿਸਕ ਰਿਹਾ ਸੀ ।

*************************

ਕਾਂਡ ਪਹਿਲਾ ਸਮਾਪਤ ਦੂਸਰੇ ਦੀ ਉਡੀਕ ਕਰੋ।