Sunday, March 15, 2009

ਆਖਰੀ ਪਹਿਰ - ਕਾਂਡ - 3

ਪੰਜਵੀਂ ਪਾਸ ਹੋਈ ਤੇ ਉਹ .. .. ਵਿੱਛੜ ਗਏ

ਖੇਡਾਂ ਖੇਡਣ ਵੇਲੇ ਬੋਲੇ ਬੋਲ ਹੁਣੇ ਹੀ ਝੂਠੇ ਹੋ ਗਏ ਸਨ ਪਰ ਉਹ ਤਾਂ ਸਾਰੀ ਉਮਰ ਇਕੱਠਿਆਂ ਰਹਿਣ ਦੀਆਂ ਗੱਲਾਂ ਕਰਦੇ ਹੁੰਦੇ ਸਨ

ਆਪਣੇ ਹੀ ਬੋਲਾਂ ਦੀ ਲਾਸ਼ ਉਹਨਾਂ ਦੇ ਸਾਹਵੇਂ ਅਡੋਲ ਪਈ ਸੀ

ਸ਼ਰਬਤੀ ਆਪਣੇ ਨਾਨਕੀ ਪੜ੍ਹਨ ਚਲੀ ਗਈ ਅਤੇ ਉਹ ਆਪਣੇ ਨਾਨਕੀ ਵਿਛੜਨ ਵੇਲੇ ਉਹ ਦੋਵੇਂ ਬੜੇ ਰੋਏ ਸਨ

ਸ਼ਰਬਤੀ ਨੇ ਆਪਣੀ ਮਾਂ ਨੂੰ ਬਥੇਰਾ ਕਿਹਾ ਸੀ ਕਿ ਉਹ ਤਾਂ ਸੁੱਖੀ ਕੋਲ ਹੀ ਪੜ੍ਹੇਗੀ ਤੇ ਸੁੱਖੀ ਨੇ ਆਪਣੀ ਮਾਂ ਨੂੰ ਬਹੁਤ ਕਿਹਾ ਸੀ ਕਿ ਸ਼ਰਬਤੀ ਤੇ ਉਹਨੂੰ ਕੱਠਿਆਂ ਪੜ੍ਹਨ ਲਾ ਦੇਵੋ

ਪਰ ਮਾਪੇ ਸਨ ਕਿ ਦੋਵਾਂ ਨੂੰ ਵਿਰਾਉਂਦੇ ਤਾਂ ਰਹੇ ਸਨ.. ਦੋਹਾਂ ਦੀ ਉਦਾਸੀ ਨਹੀਂ ਸਨ ਸਮਝ ਸਕਦੇ

ਬੱਚੇ ਕੀ ਸਮਝ ਸਕਦੇ ਸਨ, ਕਿ ਬੱਦਲਾਂ ਦੇ ਅੱਥਰੂ ਵੀ ਪੌਣ ਦੇ ਰੁਕੇ ਰਹਿਣ ਤੀਕ ਹੀ ਵਗ ਸਕਦੇ ਹਨ

----

ਘਰੋਂ ਜਾਣ ਤੋਂ ਇੱਕ ਦਿਨ ਪਹਿਲਾਂ ਸ਼ਰਬਤੀ ਨੇ ਟੁੱਟੀਆਂ ਚੂੜੀਆਂ ਦੇ ਟੋਟੇ ਤੇ ਰੇਤ ਚੋਂ ਇਕੱਠੀਆਂ ਕੀਤੀਆਂ ਸਿੱਪੀਆਂ ਆਪਣੀ ਮਾਂ ਦੀ ਪੇਟੀ ਹੇਠ ਵੜਕੇ ਲੁਕਾ ਦਿੱਤੀਆਂ

ਤੇ ਆਪਣੀ ਮਾਂ ਤੇ ਬਾਪ ਦੀ ਅੱਖ ਚੁਰਾ ਕੇ ਸੁੱਖੀ ਨੇ ਵੀ ਸ਼ਰੀਂਹ ਦੇ ਬੀਅ ਅਤੇ ਇਮਲੀ ਦੇ ਬੀਅ ਵਿਹੜੇ ਵਿਚਲੀ ਨਿੰਮ ਦੀ ਜੜ੍ਹ ਕੋਲ ਦੱਬ ਦਿੱਤੇ

ਅਜੇ ਵੀ ਉਹਨਾਂ ਕੋਲ ਆਸ ਬਾਕੀ ਸੀ ਕਿ ਉਹ ਜਲਦੀ ਹੀ ਵਾਪਸ ਪਰਤਕੇ ਇਹਨਾਂ ਬੀਆਂ ਅਤੇ ਚੂੜੀਆਂ ਨਾਲ ਖੇਡਣਗੇ

ਪਰ ਕੀ ਪਤਾ ਸੀ ਕਿ ਇਹੋ ਬੀਅ ਥੋਹਰ ਹੋ ਜਾਣਗੇ ਤੇ ਇਹੋ ਟੁੱਟੀਆਂ ਚੂੜੀਆਂ ਉਹਨਾਂ ਦੇ ਵਸਲ ਦੀ ਉਡੀਕ ਵਿੱਚ ਮੱਚਕੇ ਰੰਗ ਵਿਹੂਣੀਆਂ ਹੋ ਜਾਣਗੀਆਂ

ਤੁਰਨ ਤੋਂ ਪਹਿਲਾਂ ਸੁੱਖੀ, ਸ਼ਰਬਤੀ ਨੂੰ ਉਡੀਕਦਾ ਰਿਹਾ

ਤੇ ……ਸ਼ਰਬਤੀ, ਸੁੱਖੀ ਦਾ ਰਾਹ ਤੱਕਦੀ ਰਹੀ

ਪਰ ਦੋਵੇਂ ਹੀ ਸੁੱਤੇ ਬੋਲਾਂ ਨਾਲ ਘਰ ਦੀਆਂ ਬਰੂਹਾਂ ਉੱਤੇ ਬੀਤੇ ਵਰ੍ਹੇ ਝਾੜਦੇ ਹੋਏ ਆਪੋ ਆਪਣੇ ਰਾਹ ਤੁਰ ਗਏ

ਕੋਲੋਂ ਕੋਲ ਵਹਿੰਦੀਆਂ ਛੋਟੀਆਂ ਛੋਟੀਆਂ ਨਦੀਆਂ ਦਾ ਰੁੱਖ ਮੌਕੇ ਦੀ ਧਰਤੀ ਨੇ ਮੋੜ ਲਿਆ ਸੀ

ਸਕੂਲ ਜਾਣਾ ਤੇ ਘਰ ਆ ਕੇ ਪੜ੍ਹਦੇ ਰਹਿਣਾਸੁੱਖੀ ਦਾ ਬੱਸ ਇਹੋ ਇੱਕ ਕੰਮ ਸੀ।

ਉਸ ਨਾਲ ਪੜ੍ਹਦੇ ਗਲੀ ਦੇ ਬੱਚੇ ਬੁਲਾਉਣ ਆਉਂਦੇ ਪਰ ਉਹ ਕਿਸੇ ਨਾਲ ਵੀ ਉੱਠਕੇ ਨਹੀਂ ਤੁਰਦਾ ਸੀ

ਮਾਮਾ, ਮਾਮੀ, ਨਾਨੀ ਉਸਨੂੰ ਖੇਡਣ ਲਈ ਕਹਿੰਦੇ ਪਰ ਉਹ ਜਾਨਾਂ-ਜਾਨਾਂ ਕਹਿਕੇ ਫਿਰ ਥਾਂ ਤੇ ਹੀ ਬੈਠਾ ਰਹਿੰਦਾ

----

ਸਕੂਲ ਦੀਆਂ ਬੜੀਆਂ ਕੁੜੀਆਂ ਨੂੰ ਉਸਨੇ ਗੌਰ ਨਾਲ ਤੱਕਿਆਪਰ ਕੋਈ ਨਹੀਂ ਸੀ ਜੋ ਉਸ ਲਈ ਸ਼ਰਬਤੀ ਬਣ ਸਕਦੀ ਕੋਈ ਨਹੀਂ ਸੀ ਉਸ ਨਾਲ ਪੀਚੋ ਬੱਕਰੀ ਖੇਡ ਸਕਦੀ ਤੇ ਕੋਈ ਨਹੀਂ ਸੀ ਜੋ ਉਸ ਨਾਲ ਨਹਿਰ ਤੇ ਸਿੱਪੀਆਂ ਚੁਗਣ ਨੂੰ ਜਾਣ ਲਈ ਕਹਿੰਦੀ ਸਾਰੀ ਉਮਰ ਇਕੱਠੇ ਰਹਿਣ ਦੇ ਬੋਲ ਬੋਲਦੀ

ਇਹੋ ਤੋਤਲੀਆਂ ਸੋਚਾਂ ਸੋਚਦਾ ਉਹ ਕਿੰਨੀ ਹੀ ਦੇਰ ਕੋਠੇ ਨੂੰ ਚੜਦੀਆਂ ਪੌੜੀਆਂ ਵਿੱਚ ਬੈਠਾ ਰਹਿੰਦਾ ਨਾਨੀ ਮਾਂ ਬੀਹੀ ਵਿੱਚ ਹਾਕਾਂ ਮਾਰ ਮਾਰ ਥੱਕ ਜਾਂਦੀ ਪਰ ਉਸਨੂੰ ਤਾਂ ਰੱਤੀ ਭਰ ਵੀ ਪਤਾ ਨਹੀਂ ਸੀ ਲੱਗਦਾ ਕਿ ਉਹ ਆਪ ਕੀ ਕਰਦਾ ਹੈ ਕਿੱਥੇ ਬੈਠਾ ਹੈ ? ਤੇ ਕੌਣ ਉਸਨੂੰ ਹਾਕਾਂ ਮਾਰ ਰਿਹਾ ਹੈ ?

-ਮੁੰਡੇ ਦਾ ਜੀਅ ਨੀ ਲੱਗਦਾ ਇਹਨੂੰ ਜਾਕੇ ਅਜੇ ਮਿਲਾ ਲਿਆਇਆ ਕਰੋ ਉਸਨੇ ਕਈ ਵਾਰ ਮਾਮੀ ਨੂੰ ਇਹ ਕਹਿੰਦਿਆ ਸੁਣਿਆ ਸੀ ਤੇ ਜਦੋਂ ਵੀ ਮਾਮੇ ਕੇ ਉਸਨੂੰ ਪਿੰਡ ਜਾਣ ਲਈ ਕਿਹਾ ਤਾਂ ਉਸਨੇ ਸਾਫ ਨਾਂਹ ਕਰ ਦਿੱਤੀ ਹੁਣ ਪਿੰਡ ਕੌਣ ਸੀ ਮਾਂ ਬਾਪ ਤੇ ਭਰਾਉਹਨਾਂ ਕੋਲ ਤਾਂ ਉਹ ਪਹਿਲਾਂ ਵੀ ਕਿੰਨਾ ਕੁ ਰਹਿੰਦਾ ਸੀ, ਸ਼ਾਮੀ ਸੌਣ ਵੇਲੇ ਘਰ ਤੇ ਸਵੇਰ ਸਾਰ ਹੀ ਉੱਠਕੇ ਫਿਰ ਸਾਰਾ ਦਿਨ ਸ਼ਰਬਤੀ ਨਾਲ ਖੇਡਦਾ ਫਿਰਦਾ ਰਹਿੰਦਾ।

----

ਜਦੋਂ ਵੀ ਮਾਮਾ, ਮਾਮੀ ਜਾਂ ਨਾਨੀ ਉਸਨੂੰ ਮਿਲਕੇ ਆਉਣ ਲਈ ਕਹਿੰਦੇ ਤਾਂ ਉਹ ਬੱਸ ਇਹੋ ਸੋਚਦਾ ਕਿ ਜਿਵੇਂ ਉਹ ਹੋਰ ਕਿਸੇ ਦੇ ਘਰੇ ਜਾ ਰਿਹਾ ਹੋਵੇ ਕੀਹਦੇ ਨਾਲ ਜਾਕੇ ਉਹ ਗੱਲ ਕਰੇਗਾ ਤੇ ਕੀਹਨੂੰ ਗੁੱਲੀ ਡੰਡਾ ਖੇਡਣ ਲਈ ਹੋਕਰਾ ਮਾਰੇਗਾ

ਪਿੰਡ ਵਾਂਗ ਹੀ ਇਥੇ ਵੀ ਵਰ੍ਹੇ ਸਨ ਤੇ ਉਹ ਵਰ੍ਹੇ ਨਿਗਲ ਰਿਹਾ ਸੀ

ਪੜ੍ਹਦਾ ਸੀ, ਖਾਂਦਾ ਸੀ ਤੇ ਸੌਂਦਾ ਸੀ

ਉਹ ਅੱਠਵੀਂ ਕਰ ਗਿਆ

ਮਾਮੇ ਮਾਮੀ ਨੇ ਨਵੇਂ ਕੱਪੜੇ ਸੁਆ ਦਿੱਤੇ ਤੇ ਮੱਲੋ ਜ਼ੋਰੀ ਤਿਆਰ ਕਰਕੇ ਉਸਨੂੰ ਪਿੰਡ ਮਿਲਾਉਣ ਤੁਰ ਪਏ

ਉਹ ਉਪਰਿਆ ਵਾਂਗ ਆਪਣੇ ਘਰੇ ਦਾਖਲ ਹੋਇਆ

ਉਸ ਦੀਆਂ ਅੱਖਾਂ ਸਿੱਲੀਆਂ ਸਨ

ਮਾਂ ਨੇ ਉਸਨੂੰ ਬੁੱਕਲ ਵਿੱਚ ਲੈ ਲਿਆ

----

ਸ਼ਰਬਤੀ ਨੇ ਸ਼ਾਇਦ ਉਸਨੂੰ ਬਾਹਰੋਂ ਹੀ ਆਉਂਦੇ ਨੂੰ ਵੇਖ ਲਿਆ ਸੀ ਤੇ ਉਹ ਭੱਜੀ ਭੱਜੀ ਮਗਰੇ ਹੀ ਉਹਨਾਂ ਦੇ ਘਰ ਆ ਵੜੀ ਇੱਕ ਦਮ ਵਿਹੜੇ ਵਿੱਚ ਰੁਕੀ, ਸੁੱਖੀ ਵੱਲ ਝਾਕੀ ਅਤੇ ਨੀਵੀਂ ਪਾ ਲਈ ਸੁੱਖੀ ਚੁੱਪ ਚਾਪ ਆਪਣੀ ਮਾਮੀ ਕੋਲ ਹੀ ਮੰਜੀ ਤੇ ਬੈਠਾ ਸੀ, ਤੇ ਅਗੂੰਠੇ ਦੇ ਨਹੁੰ ਚੱਬ ਰਿਹਾ ਸੀ

-ਨੀ ਨਿੱਤ ਪੁੱਛਦੀ ਸੀ ਕਿ ਸੁੱਖੀ ਕਿੱਦੇਂ ਆਊਗਾ ਆ ਗਿਆ, ਇਹ ਤੋਂ ਪੁੱਛ ਲੈ ਜਿਹੜੀ ਗੱਲ ਪੁੱਛਣੀ ਐ ਸੁੱਖੀ ਦੀ ਮਾਂ ਸੁੱਖੀ ਨੂੰ ਦੁੱਧ ਫੜਾਉਂਦੀ ਬੋਲੀ

-ਲੈ ਫੜ ਤੂੰ ਵੀ ਪੀ ਲੈ ਸੁੱਖੀ ਦੀ ਮਾਂ ਨੇ ਸ਼ਰਬਤੀ ਨੂੰ ਵੀ ਗਿਲਾਸ ਲਿਆ ਫੜਾਇਆ ਤੇ ਉਹ ਚੁੱਪ ਕਰਕੇ ਸੁੱਖੀ ਹੁਰਾਂ ਆਲੇ ਮੰਜੇ ਤੇ ਹੀ ਪੈਂਦਾਂ ਆਲੇ ਪਾਸੇ ਬਹਿ ਗਈ ਦੋਵੇਂ ਇੱਕ ਦੂਜੇ ਵੱਲ ਝਾਕੇ ਤਾਂ ਇਉਂ ਲੱਗਦਾ ਸੀ ਜਿਵੇਂ ਇੱਕ ਦੂਜੇ ਨੂੰ ਕਹਿ ਰਹੇ ਹੋਣ- ਆਪਾਂ ਅੱਧਾ ਅੱਧਾ ਕਰਕੇ ਪੀਵਾਂਗੇ

ਸ਼ਰਬਤੀ ਵੀ ਖ਼ਾਮੋਸ਼ ਸੀ ਤੇ ਸੁੱਖੀ ਵੀ

ਸੁੱਖੀ ਦੀ ਮਾਂ ਮਾਮੇ, ਮਾਮੀ ਮੂਹਰੇ ਪੀਹੜੀ ਡਾਹੀ ਗੱਲਾਂ ਮਾਰ ਰਹੀ ਸੀ।

----

ਸ਼ਰਬਤੀ ਨੇ ਦੁੱਧ ਪੀਤਾ ਤੇ ਹੇਠਾਂ ਗਿਲਾਸ ਧਰਕੇ ਚੁੱਪ ਕਰਕੇ ਬਾਹਰ ਨੂੰ ਤੁਰ ਪਈ।

ਸੁੱਖੀ ਵੀ ਉਠਿਆ ਤੇ ਉਸ ਦੇ ਮਗਰ ਹੀ ਬਾਹਰ ਆ ਗਿਆ

-ਤੂੰ ਪਾਸ ਹੋਗੀ ਸੁੱਖੀ ਸਿੱਲ੍ਹੇ ਬੋਲਾਂ ਨਾਲ ਬੋਲਿਆ ਉਸਦੇ ਤੇੜ ਨਿੱਕਰ ਦੇ ਵਿੱਚ ਬੁਰਸ਼ਟ ਦਿੱਤੀ ਅਤੇ ਪੈਂਰੀ ਸੈਂਡਲ ਪਾਏ ਹੋਏ ਸਨ

-ਹਾਂ .. ਤੂੰ ਵੀ ਹੋ ਗਿਆ ਹੁਣ ਸ਼ਰਬਤੀ ਦਾ ਮੂੰਹ ਸੁੱਖੀ ਵੱਲ ਸੀ ਉਸਦੇ ਪਾਪਲੀਨ ਦੀ ਛੋਟੀਆਂ ਬੂਟੀਆਂ ਵਾਲੀ ਕੁੜਤੀ ਤੇ ਸਲਵਾਰ ਪਾਈ ਹੋਈ ਸੀ ਪੈਰੀਂ ਉਹਦੇ ਨਾਈਲਾਨ ਦੀਆਂ ਚੱਪਲਾਂ ਸਨ ਤੇ ਸਿਰ ਤੇ ਛੋਟੀ ਜਿਹੀ ਚੁੰਨੀ

-ਤੇਰੇ ਕਿੰਨੇ ਨੰਬਰ ਨੇ ?’

-ਪਹਿਲਾਂ ਦੱਸ ਸਾਡੇ ਘਰੇ ਜਾਮੇਂਗਾ ਕਿ ਨਾਂ, ਫੇਰ ਦੱਸੂ?’ ਬੀਤੇ ਦੀ ਜ਼ਿੱਦ ਉਸਦੇ ਵਰਤਮਾਨ ਨਾਲ ਖਹਿ ਕੇ ਲੰਘੀ

-ਲੈ ਘਰੇ ਜਾਣ ਨੂੰ ਮੈਨੂੰ ਕੀ ਹੁੰਦਾ ਹੁਣੀਂ ਵਗ ਚਲਦੇ ਆਂ ਸੁੱਖੀ ਉਧਰ ਵੱਲ ਤੁਰ ਪਿਆ ਸ਼ਰਬਤੀ ਦੇ ਘਰ ਵੱਲ ਉਸਦੇ ਪਿੱਛੇ ਪਿੱਛੇ

-ਨੀ ਬੇਬੇ ਸੁੱਖੀ ਆ ਗਿਆ, ਇਹ ਵੀ ਪਾਸ ਹੋ ਗਿਆ ਉਹ ਘਰ ਵੜਦਿਆਂ ਹੀ ਉੱਛਲ ਪਈ ਅਤੇ ਭੱਜੀ ਭੱਜੀ ਜਾ ਕੇ ਆਪਣੀ ਮਾਂ ਦੇ ਕੋਲ ਜਾ ਖੜੀ

----

ਸ਼ਰਬਤੀ ਦੀ ਮਾਂ ਨੇ ਸੁੱਖੀ ਦਾ ਸਿਰ ਪਲੋਸਿਆ, ਬੁੱਕਲਚ ਲਿਆ ਅਤੇ ਵੱਡੀ ਸਾਰੀ ਅਸੀਸ ਦੇ ਕੇ ਰਸੋਈ ਵਿੱਚੋਂ ਦੋਵਾਂ ਲਈ ਦੁੱਧ ਲੈਣ ਲਈ ਚਲੀ ਗਈ

ਸ਼ਰਬਤੀ ਕਾ ਘਰ ਪਹਿਲਾਂ ਵਰਗਾ ਹੀ ਸੀ ਪਰ ਸੁੱਖੀ ਕਿਆਂ ਨੇ ਦੋ ਹੋਰ ਬੈਠਕਾਂ ਪਾ ਲਈਆਂ ਸਨ ਸ਼ਰਬਤੀ ਮਾਪਿਆਂ ਦੀ ਇੱਕੋ ਇੱਕ ਧੀ ਸੀ ਤੇ ਉਸ ਦੇ ਬਾਪ ਦੀ ਪਿੰਡ

ਵਿੱਚ ਛੋਟੀ ਜੀ ਦੁਕਾਨ ਸੀ ਬਾਪ ਨੇ ਘਰ ਗਾਈਂ ਰੱਖੀ ਹੋਈ ਸੀ ਤੇ ਦੁਕਾਨ ਤੋਂ ਦੋਵਾਂ ਜੀਆਂ ਦਾ ਵਧੀਆ ਸਰੀ ਜਾਂਦਾ ਸੀ

ਪਰ ਸੁੱਖੀ ਕਿਆਂ ਕੋਲ ਤਾਂ ਜ਼ਮੀਨ ਵੀ ਚੋਖੀ ਸੀ ਤੇ ਉਹਨਾਂ ਦਾ ਗੁਜ਼ਾਰਾ ਤਾਂ ਹੋਰ ਵੀ ਵਧੀਆ ਹੋ ਰਿਹਾ ਸੀ

ਪਰ ਇਹਨਾਂ ਦੋਵਾਂ ਨੂੰ ,ਕੀ ਤਾਂ ਜ਼ਮੀਨ ਦੀ ਸਮਝ ਸੀ ਤੇ ਕੀ ਦੁਕਾਨ ਦੀ ਇਹਨਾਂ ਦੀ ਤਾਂ ਆਪਣੀ ਹੀ ਵੱਖਰੀ ਛੋਟੀ ਜਿਹੀ ਦੁਨੀਆਂ ਸੀ ਛੋਟਾ ਜਿਹਾ ਸੰਸਾਰ ਸੀ ਜਿਸ ਵਿੱਚ ਹੁਣ ਇਹਨਾਂ ਦੀਆਂ ਉਦਾਸ ਸੁਰਾਂ ਦੀ ਰੇਤ ਖਿੱਲਰੀ ਹੋਈ ਸੀ

-ਤੂੰ ਨੌਮੀਂ ਚ ਲੱਗੇਂਗਾ ?’ਸ਼ਰਬਤੀ ਬੋਲੀ

-ਹਾਂ ---ਤੂੰ ----?’ ਸੁੱਖੀ ਨੇ ਸੰਖੇਪ ਬੋਲੀ ਬੋਲੀ

-ਮੈਂ ਵੀ ਲਗੂੰਗੀ

ਤੋਤਲੀਆਂ ਗੱਲਾਂ ਭੁੱਲ ਚੁੱਕੀਆਂ ਸਨ ਕਿ ਉਹਨਾਂ ਨੇ ਚੂੜੀਆਂ ਤੇ ਸਿੱਪੀਆਂ ਕਿੱਥੇ ਲੁਕੋਈਆਂ ਸਨ ਅਤੇ ਸਰੀਂਹ ਤੇ ਇਮਲੀ ਦੇ ਬੀਅ ਕਿੱਥੇ ਦੱਬੇ ਪਏ ਸਨ ਨਾਲੇ ਹੁਣ ਉਹਨਾਂ ਦੇ ਅਰਥ ਵੀ ਤਾਂ ਕੋਈ ਨਹੀਂ ਸਨ ਰਹਿਗੇ

ਕੁਝ ਦਿਨ ਰਹਿ ਕੇ ਸੁੱਖੀ ਆਪਣੀ ਮਾਮੀ ਨਾਲ ਪਰਤ ਗਿਆ ਤੇ ਹੋਰ ਕੁਝ ਦਿਨ ਰਹਿ ਕੇ ਸ਼ਰਬਤੀ ਆਪਣੇ ਨਾਨਕੇ ਪਰਤ ਗਈ

ਇਹ ਥੋੜ੍ਹੇ ਦਿਨਾਂ ਦਾ ਮਿਲਨ ਜੋ ਸਭ ਕਾਸੇ ਦੀ ਯਾਦ ਕਰਵਾ ਗਿਆ ਸੀ ਫਿਰ ਉਹਨਾਂ ਦੇ ਅੱਥਰੂਆਂ ਦਾ ਸ਼ਰੀਕ ਬਣ ਬੈਠਾ

**********************

ਤੀਜਾ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ!


No comments: